You’re viewing a text-only version of this website that uses less data. View the main version of the website including all images and videos.
ਦਾਰਾ ਸਿੰਘ - ਤਾਕਤ ਅਤੇ ਜੁੱਸੇ ਦਾ ਚਿੰਨ੍ਹ
19 ਨਵੰਬਰ 1928 ਨੂੰ ਪੰਜਾਬ ਦੇ ਪਿੰਡ ਧਰਮੂਚਕ 'ਚ ਜੰਮੇ ਦਾਰਾ ਸਿੰਘ ਨੇ ਅਪਣੇ ਸਮੇਂ ਦੇ ਵੱਡੇ-ਵੱਡੇ ਭਲਵਾਨਾਂ ਨੂੰ ਅਖਾੜੇ ਵਿੱਚ ਮਾਤ ਦੇ ਕੇ ਆਪਣੇ ਜੁੱਸੇ ਦਾ ਲੋਹਾ ਮੰਨਵਾਇਆ।
ਦਾਰਾ ਸਿੰਘ ਦਾ ਪੂਰਾ ਨਾਮ ਦਾਰਾ ਸਿੰਘ ਰੰਧਾਵਾ ਸੀ। 12 ਜੁਲਾਈ 2012 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਮਜਬੂਤ ਸਰੀਰ ਤੇ ਉੱਚੇ ਕੱਦੇ ਵਾਲੇ ਦਾਰਾ ਸਿੰਘ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਬਹੁਤ ਸ਼ੌਕ ਸੀ। ਕੁਸ਼ਤੀ ਵਿੱਚ ਦਾਰਾ ਸਿੰਘ ਨੇ ਉਹ ਮੁਕਾਮ ਹਾਸਲ ਕੀਤਾ ਕਿ ਉਨ੍ਹਾਂ ਦੇ ਨਾਮ ਨੂੰ ਤਾਕਤ ਦੇ ਚਿੰਨ੍ਹ ਵਜੋਂ ਜਾਣਿਆ ਜਾਣ ਲੱਗਾ।
ਲੋਕ ਅਕਸਰ ਕਿਸੇ ਨੂੰ ਅਪਣੀ ਤਾਕਤ ਦੀ ਵਰਤੋਂ ਕਰਦੇ ਦੇਖਦੇ ਤਾਂ ਕਹਿੰਦੇ, 'ਦੇਖੋ, ਖ਼ੁਦ ਨੂੰ ਦਾਰਾ ਸਿੰਘ ਸਮਝ ਰਿਹਾ ਹੈ ਜਾਂ ਕਹਿੰਦੇ ਭਈ ਤੂੰ ਦਾਰਾ ਸਿੰਘ ਹੈ?'
ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਦਾਰਾ ਸਿੰਘ ਦੀ ਮੌਤ ਤੋਂ ਬਾਅਦ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਅੱਜ ਦੇ ਦੌਰ ਦੇ ਨੌਜਵਾਨਾਂ ਨੇ ਭਾਵੇਂ ਦਾਰਾ ਸਿੰਘ ਦਾ ਨਾਮ ਨਾ ਸੁਣਿਆ ਹੋਵੇ, ਪਰ ਉਹ ਸਾਡੇ ਸਮੇਂ ਦੇ 'ਆਈਕਨ' ਸੀ।
ਬੀਬੀਸੀ ਨਾਲ ਇੱਕ ਖਾਸ ਮੁਲਾਕਾਤ ਵਿੱਚ ਦਾਰਾ ਸਿੰਘ ਨੇ ਕਿਹਾ ਸੀ ਕਿ ਕੁਸ਼ਤੀ ਨੇ ਉਨ੍ਹਾਂ ਨੂੰ ਪਛਾਣ ਦਿੱਤੀ। ਇਹ ਇੰਟਰਵਿਊ ਉਨ੍ਹਾਂ ਨੇ ਉਸ ਵੇਲੇ ਦਿੱਤਾ ਸੀ ਜਦੋਂ ਉਹ 41 ਸਾਲ ਦੇ ਸੀ ਅਤੇ ਇੱਕ ਮੁਕਾਬਲੇ ਦੇ ਸਿਲਸਿਲੇ 'ਚ ਲੰਡਨ ਗਏ ਸੀ।
ਦਾਰਾ ਸਿੰਘ ਨੇ ਕਿਹਾ ਸੀ ਕਿ ਦੌਲਤ ਉਨ੍ਹਾਂ ਨੂੰ ਫਿਲਮਾਂ ਤੋਂ ਮਿਲੀ।
ਦਾਰਾ ਸਿੰਘ ਨੇ ਬਾਅਦ ਵਿੱਚ ਸਮਾਜਕ ਕੰਮਾਂ ਵਿੱਚ ਵੀ ਯੋਗਦਾਨ ਦਿੱਤਾ ਤੇ ਸਿਆਸਤ ਵਿੱਚ ਵੀ ਕਿਸਮਤ ਅਜਮਾਈ।
ਇਹ ਵੀ ਪੜ੍ਹੋ
ਕੁਸ਼ਤੀ
ਉਨ੍ਹਾਂ ਦੇ ਅਖਾੜੇ ਦੇ ਮੁਕਾਬਲਿਆਂ ਦੀ ਗੂੰਜ ਬਾਹਰ ਵੀ ਗੁੰਜਣ ਲੱਗੀ।
ਸ਼ੁਰੂਆਤੀ ਦੌਰ ਵਿੱਚ ਕਸਬਿਆਂ ਅਤੇ ਸ਼ਹਿਰਾਂ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਲੇ ਦਾਰਾ ਸਿੰਘ ਨੇ ਬਾਅਦ ਵਿੱਚ ਕੌਮਾਂਤਰੀ ਪੱਧਰ ਦੇ ਪਹਿਲਾਵਨਾਂ ਨਾਲ ਮੁਕਾਬਲਾ ਕੀਤਾ।
ਰੁਸਤਮ-ਏ-ਪੰਜਾਬ ਅਤੇ ਰੁਸਤਮ-ਏ-ਹਿੰਦ ਨਾਲ ਜਾਣੇ ਜਾਂਦੇ ਦਾਰਾ ਸਿੰਘ ਰਾਸ਼ਟਰੀ ਮੰਡਲ ਖੇਡਾਂ ਵਿੱਚ ਵੀ ਕੁਸ਼ਤੀ ਚੈਂਪਿਅਨ ਰਹੇ।
ਇਸ ਵਿੱਚ ਉਨ੍ਹਾਂ ਨੇ ਕੈਨੇਡਾ ਦੇ ਚੈਂਪਿਅਨ ਜਾਰਜ ਗੋਡਿਆਂਕੋ ਨੂੰ ਹਰਾਇਆ ਸੀ।
ਇਸ ਤੋਂ ਪਹਿਲਾ ਉਹ ਭਾਰਤੀ ਕੁਸ਼ਤੀ ਚੈਂਪੀਅਨਸ਼ਿਪ 'ਤੇ ਕਬਜ਼ਾ ਕਰ ਚੁੱਕੇ ਸੀ।
ਸਾਲ 1968 ਵਿੱਚ ਉਨ੍ਹਾਂ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵੀ ਜਿੱਤ ਲਈ।
ਕੁਸ਼ਤੀ ਦੇ ਖੇਤਰ ਦੇ ਰੁਸਤਮ ਨੇ ਬਾਅਦ ਵਿੱਚ ਕਲਮ ਵੀ ਫੜੀ ਜਿਸਦਾ ਨਤੀਜਾ ਸੀ ਸਾਲ 1989 ਵਿੱਚ ਪ੍ਰਕਾਸ਼ਿਤ ਉਨ੍ਹਾਂ ਦੀ ਆਤਮਕਥਾ, ਜਿਸਨੂੰ ਉਨ੍ਹਾਂ ਨੇ 'ਮੇਰੀ ਆਤਮਕਥਾ' ਦਾ ਨਾਂ ਦਿੱਤਾ ਸੀ।
ਫਿਲਮਾਂ
ਪਲਵਾਨੀ ਦੇ ਦਿਨਾਂ ਤੋਂ ਹੀ ਉਨ੍ਹਾਂ ਨੇ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਪਰਦੇ 'ਤੇ ਕਮੀਜ਼ ਉਤਾਰਨ ਵਾਲੇ ਉਹ ਪਹਿਲੇ ਹੀਰੋ ਸੀ।
ਸਿਕੰਦਰ-ਏ-ਆਜਮ ਅਤੇ ਡਾਕੂ ਮੰਗਲ ਸਿੰਘ ਵਰਗੀਆਂ ਫਿਲਮਾਂ ਤੋਂ ਆਪਣਾ ਕਰਿਅਰ ਸ਼ੁਰੂ ਕਰਨ ਵਾਲੇ ਦਾਰਾ ਸਿੰਘ ਆਖ਼ਰੀ ਵਾਰ ਇਮਤਿਆਜ਼ ਅਲੀ ਦੀ 2007 ਵਿੱਚ ਰਿਲੀਜ਼ ਹੋਈ ਫਿਲਮ 'ਜਬ ਵੀ ਮੇਟ' ਵਿੱਚ ਅਦਾਕਾਰਾ ਕਰੀਨਾ ਕਪੂਰ ਦੇ ਦਾਦਾ ਦੇ ਰੋਲ ਵਿੱਚ ਨਜ਼ਰ ਆਏ ਸੀ।
ਬੀਤੇ ਜ਼ਮਾਨੇ ਵਿੱਚ ਅਦਾਕਾਰਾ ਮੁਮਤਾਜ ਨਾਲ ਉਨ੍ਹਾਂ ਦੀ ਜੋੜੀ ਬਹੁਤ ਹਿੱਟ ਮੰਨੀ ਜਾਂਦੀ ਸੀ।
ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ।
ਉਹ ਹਿੰਦੀ ਫਿਲਮ 'ਮੇਰਾ ਦੇਸ, ਮੇਰਾ ਧਰਮ' ਅਤੇ ਪੰਜਾਬੀ 'ਸਵਾ ਲਾਖ ਸੇ ਏਕ ਲੜਾਊ' ਦੇ ਲੇਖਕ , ਡਾਇਰੈਕਟਰ ਤੇ ਪ੍ਰੋਡਿਊਸਰ ਵੀ ਸੀ।
ਉਨ੍ਹਾਂ ਨੇ 10 ਹੋਰ ਪੰਜਾਬੀ ਫਿਲਮਾ ਵੀ ਬਣਾਈਆ ਸੀ।
ਉਨ੍ਹਾਂ ਦੀ ਫਿਲਮ 'ਜੱਗਾ' ਲਈ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਰਵੋਤਮ ਅਦਾਕਾਰ ਦੇ ਐਵਾਰਡ ਨਾਲ ਨਵਾਜ਼ਿਆ ਸੀ।
ਬਾਅਦ ਵਿੱਚ ਉਨ੍ਹਾਂ ਨੇ ਟੀਵੀ ਨਾਟਕਾਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਨੇ ਚਰਚਿਤ ਪ੍ਰੋਗ੍ਰਾਮ ਰਾਮਾਇਣ ਵਿੱਚ ਹਨੁਮਾਨ ਦਾ ਰੋਲ ਅਦਾ ਕੀਤਾ ਸੀ।
ਸਿਆਸਤ
ਦਾਰਾ ਸਿੰਘ ਦੀ ਅਧਿਕਾਰਕ ਵੈਬਸਾਈਟ ਵਿੱਚ ਉਨ੍ਹਾਂ ਨੂੰ ਪਹਿਲਵਾਨ ਤੇ ਫਿਲਮਕਾਰ ਦੇ ਨਾਲ ਨਾਲ ਕਿਸਾਨ ਵੀ ਦੱਸਿਆ ਗਿਆ ਹੈ।
ਉਨ੍ਹਾਂ ਨੇ ਜੱਟ ਭਾਈਚਾਰੇ ਦੀ ਪ੍ਰਤੀਨੀਧਤਾ ਵੀ ਕੀਤੀ।
ਸਾਲ 2003 ਵਿੱਚ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਰਾਜਸਭਾ ਮੈਂਬਰ ਬਣਾਇਆ ਗਿਆ ਸੀ।