ਕਾਮਨਵੈਲਥ ਗੇਮਜ਼: ਕੀ ਹੈ ਡਬਲਟਰੈਪ ਨਿਸ਼ਾਨੇਬਾਜ਼ੀ ਦਾ ਸੋਨ ਤਗਮਾ ਜੇਤੂ ਸ਼੍ਰੇਅਸੀ ਦਾ ਪਿਛੋਕੜ

ਤਸਵੀਰ ਸਰੋਤ, Getty Images
ਸ਼੍ਰੇਅਸੀ ਸਿੰਘ ਨੇ ਔਰਤਾਂ ਦੀ ਡਬਲ ਟਰੈਪ ਸ਼ੂਟਿੰਗ ਵਿੱਚ ਪਹਿਲੇ ਨੰਬਰ 'ਤੇ ਆਕੇ ਭਾਰਤ ਨੂੰ 12ਵਾਂ ਗੋਲਡ ਮੈਡਲ ਦਿਵਾਇਆ ਹੈ।
ਕਾਫ਼ੀ ਲੰਬੇ ਸਮੇਂ ਤੱਕ ਚੱਲੇ ਮੁਕਾਬਲੇ ਵਿੱਚ ਉਹ ਆਸਟਰੇਲੀਆ ਦੀ ਇਮਾ ਫੌਕਸ ਨਾਲ 96 ਅੰਕਾਂ ਨਾਲ ਬਰਾਬਰੀ 'ਤੇ ਸੀ। ਫਿਰ ਦੋਹਾਂ ਵਿਚਾਲੇ 'ਸ਼ੂਟ ਆਫ਼' ਹੋਇਆ।
ਭਾਰਤੀ ਖਿਡਾਰੀ ਅਜਿਹੇ ਮੌਕਿਆਂ 'ਤੇ ਅਕਸਰ ਘਬਰਾ ਜਾਂਦੇ ਹਨ ਪਰ ਸ਼੍ਰੇਅਸੀ ਕਿਸੇ ਹੋਰ ਮਿੱਟੀ ਦੀ ਬਣੀ ਹੈ।
ਗੋਲਡ ਮੈਡਲ ਦੇ ਲਈ 'ਸ਼ੂਟ ਆਫ਼' ਵਿੱਚ 26 ਸਾਲਾ ਸ਼੍ਰੇਅਸੀ ਨੇ ਸਟੀਕ ਨਿਸ਼ਾਨਾ ਲਾਉਂਦੇ ਹੋਏ ਦੋ ਪੁਆਇੰਟਸ ਬਣਾਏ ਜਦਕਿ ਇਮਾ ਫੈਕਸ ਸਿਰਫ਼ ਇੱਕ ਹੀ ਨਿਸ਼ਾਨਾ ਸਹੀ ਲਾ ਸਕੀ। ਉਨ੍ਹਾਂ ਦਾ ਦੂਜਾ ਟਾਰਗੇਟ ਖੁੰਝ ਗਿਆ।
ਸ਼੍ਰੇਅਸੀ ਨੇ ਦਿੱਲੀ ਦੇ ਹੰਸਰਾਜ ਕਾਲਜ ਤੋਂ ਪੜ੍ਹਾਈ ਕੀਤੀ ਹੈ। ਜਦੋਂ ਉਹ ਦਸਵੀਂ ਵਿੱਚ ਪੜ੍ਹ ਰਹੀ ਸੀ ਤਾਂ ਏਥੇਂਸ ਓਲੰਪਿਕ ਵਿੱਚ ਚਾਂਦੀ ਦਾ ਮੈਡਲ ਜਿੱਤਣ ਵਾਲੇ ਰਾਜਵਰਧਨ ਸਿੰਘ ਰਾਠੌਰ ਨੇ ਉਨ੍ਹਾਂ ਨੂੰ ਸ਼ੂਟਿੰਗ ਨੂੰ ਆਪਣਾ ਕਰੀਅਰ ਅਪਣਾਉਣ ਲਈ ਉਤਸ਼ਾਹਿਤ ਕੀਤਾ।
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਸ਼੍ਰੇਅਸੀ ਮਰਹੂਮ ਦਿਗਵਿਜੇ ਸਿੰਘ ਦੀ ਧੀ ਹੈ। ਦਿਗਵਿਜੇ ਸਿੰਘ ਬਾਂਕਾ ਤੋਂ ਸੰਸਦ ਮੈਂਬਰ ਸਨ ਅਤੇ ਅਟਲ ਬਿਹਾਰੀ ਵਾਜਪੇਈ ਦੀ ਐੱਨਡੀਏ ਸਰਕਾਰ ਵਿੱਚ ਵਿਦੇਸ਼ ਮੰਤਰੀ ਵੀ ਸਨ।
ਸ਼੍ਰੇਅਸੀ ਨੂੰ ਸ਼ੂਟਿੰਗ ਵਿਰਾਸਤ ਵਿੱਚ ਮਿਲੀ ਹੈ। ਉਨ੍ਹਾਂ ਦੇ ਪਿਤਾ ਅਤੇ ਦਾਦਾ ਕੁਮਾਰ ਸੁਰੇਂਦਰ ਸਿੰਘ ਦੋਹਾਂ ਨੂੰ ਸ਼ੂਟਿੰਗ ਦਾ ਕਾਫ਼ੀ ਸ਼ੌਂਕ ਸੀ। ਉਹ ਦੋਵੇਂ ਸ਼ੂਟਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਰਹਿ ਚੁੱਕੇ ਹਨ।
ਉਨ੍ਹਾਂ ਦੇ ਪਿਤਾ ਦਿਗਵਿਜੇ ਸਿੰਘ ਦਾ ਕਾਫ਼ੀ ਘੱਟ ਉਮਰ ਵਿੱਚ 2010 ਵਿੱਚ 'ਬ੍ਰੇਨ ਹੈਮਰੇਜ' ਕਾਰਨ ਦੇਹਾਂਤ ਹੋ ਗਿਆ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਦੀ ਮਾਂ ਪੁਤੁਲ ਕੁਮਾਰੀ ਵੀ ਬਿਹਾਰ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ। ਇੰਚੀਆਨ ਏਸ਼ੀਆਈ ਖੇਡਾਂ ਵਿੱਚ ਵੀ ਉਨ੍ਹਾਂ ਨੂੰ ਡਬਲ ਟਰੈਪ ਟੀਮ ਵਿੱਚ ਕਾਂਸੀ ਦਾ ਤਗਮਾ ਮਿਲਿਆ ਸੀ।
ਪਹਿਲੀ ਵਾਰੀ ਉਨ੍ਹਾਂ ਨੇ ਦਿੱਲੀ ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸ਼ੂਟਿੰਗ ਦੀ ਟਰੈਪ ਅਤੇ ਡਬਲ ਟਰੈਪ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਜਿੱਥੇ ਉਹ 6ਵੇਂ ਅਤੇ 5ਵੇਂ ਨੰਬਰ 'ਤੇ ਰਹੀ। ਸ਼੍ਰੇਅਸੀ ਨਾ ਸਿਰਫ਼ ਸ਼ੂਟਰ ਹੈ ਸਗੋਂ ਇੱਕ ਕਿਤਾਬ 'ਵੈਲਥ ਵਾਲਾਜ਼' ਦੀ ਲੇਖਿਕਾ ਵੀ ਹੈ।
ਉਹ ਇੱਕ ਕੌਮਾਂਤਰੀ ਮੈਗਜ਼ੀਨ 'ਦਿ ਡਿਪਲੋਮੈਟ' ਦੀ ਭਾਰਤ ਲਈ ਪੱਤਰਕਾਰ ਵੀ ਹੈ। ਉਸ ਨੂੰ ਸ਼ੂਟਿੰਗ ਤੋਂ ਇਲਾਵਾ ਟੈਨਿਸ ਦਾ ਵੀ ਸ਼ੌਂਕ ਹੈ।
ਜਿੱਤਣ ਤੋਂ ਬਾਅਦ ਸ਼੍ਰੇਅਸੀ ਨੇ ਦੱਸਿਆ ਕਿ ਇਸ ਜਿੱਤ ਤੋਂ ਉਸ ਨੂੰ ਇਸ ਲਈ ਵੀ ਖੁਸ਼ੀ ਹੋਈ ਕਿ ਉਸ ਦਾ ਸਾਰਾ ਪਰਿਵਾਰ ਉਸ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਖਾਸ ਤੌਰ 'ਤੇ ਗੋਲਡਕੋਸਟ ਆਇਆ ਹੋਇਆ ਸੀ।
ਕੈਮਰੂਨ ਦੇ ਅੱਠ ਐਥਲੀਟ ਖੇਡ ਪਿੰਡ ਤੋਂ ਗਾਇਬ
ਗੋਲਡਕੋਸਟ ਵਿੱਚ ਕੈਮਰੂਨ ਦੇ ਅੱਠ ਐਥਲੀਟਾਂ ਦੇ ਖੇਡ ਪਿੰਡਾਂ ਤੋਂ ਗਾਇਬ ਹੋ ਜਾਣ ਦੇ ਕਾਰਨ ਰੌਲਾ ਪਿਆ ਹੋਇਆ ਹੈ। ਕੈਮਰੂਨ ਨੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਲਈ 24 ਐਥਲੀਟਾਂ ਦੀ ਟੀਮ ਭੇਜੀ ਸੀ।

ਤਸਵੀਰ ਸਰੋਤ, Getty Images
ਇਹ ਖਿਡਾਰੀ ਇਕੱਠੇ ਗਾਇਬ ਨਹੀਂ ਹੋਏ। 8 ਅਪ੍ਰੈਲ ਨੂੰ ਤਿੰਨ ਐਥਲੀਟ ਬਿਨਾਂ ਕਿਸੇ ਨੂੰ ਕੁਝ ਦੱਸੇ ਖੇਡ ਪਿੰਡ ਤੋਂ ਚਲੇ ਗਏ। 9 ਅਪ੍ਰੈਲ ਨੂੰ 2 ਹੋਰ ਖਿਡਾਰੀ ਗੁੰਮਸ਼ੁਦਾ ਐਲਾਨੇ ਗਏ ਅਤੇ ਫਿਰ 10 ਅਪ੍ਰੈਲ ਨੂੰ ਤਿੰਨ ਹੋਰ ਐਥਲੀਟਾਂ ਨੇ ਬਿਨਾਂ ਕਿਸੇ ਪਹਿਲਾਂ ਸੂਚਨਾ ਦੇ ਆਪਣੇ ਕਮਰੇ ਛੱਡ ਦਿੱਤੇ।
ਇਨ੍ਹਾਂ ਅੱਠ ਖਿਡਾਰੀਆਂ ਵਿੱਚ ਤਿੰਨ ਮੁੱਕੇਬਾਜ਼ ਅਤੇ ਪੰਜ ਵੇਟਲਿਫ਼ਟਰ ਹਨ ਅਤੇ ਇਨ੍ਹਾਂ ਸਾਰਿਆਂ ਨੇ ਗੋਲਡਕੋਸਟ ਆਉਣ ਤੋਂ ਪਹਿਲਾਂ ਵਾਰਵਰਿਕ ਦੇ ਇੱਕ ਟਰੇਨਿੰਗ ਕੈਂਪ ਵਿੱਚ ਹਿੱਸਾ ਲਿਆ ਸੀ।
ਇਨ੍ਹਾਂ ਵਿੱਚੋਂ ਛੇ ਐਥਲੀਟਾਂ ਨੇ ਤਾਂ ਆਪਣੀ ਕਾਬਲੀਅਤ ਵਾਲੇ ਮੁਕਾਬਲੇ ਵਿੱਚ ਹਿੱਸਾ ਲਿਆ ਪਰ ਦੋ ਐਥਲੀਟ ਤਾਂ ਖੇਡਾਂ ਵਿੱਚ ਹਿੱਸਾ ਲੈਣ ਹੀ ਨਹੀਂ ਪਹੁੰਚੇ।

ਤਸਵੀਰ ਸਰੋਤ, Getty Images
ਕੈਮਰੂਨ ਟੀਮ ਦੇ ਪ੍ਰੈੱਸ ਅਧਿਕਾਰੀ ਸਾਈਮਨ ਮੋਲੋਂਬੇ ਦਾ ਕਹਿਣਾ ਹੈ ਕਿ ਉਹ ਉਮੀਦ ਕਰ ਰਹੇ ਹਨ ਕਿ ਇਹ ਖਿਡਾਰੀ ਕੈਮਰੂਨ ਵਾਪਸ ਚਲੇ ਗਏ ਹੋਣਗੇ। ਪਰ ਅਜਿਹਾ ਮੁਸ਼ਕਿਲ ਲਗ ਰਿਹਾ ਹੈ ਕਿਉਂਕਿ ਜੇ ਉਨ੍ਹਾਂ ਨੇ ਆਪਣੇ ਦੇਸ ਵਾਪਸ ਜਾਣਾ ਹੁੰਦਾ ਤਾਂ ਇਸ ਤਰ੍ਹਾਂ ਬਿਨਾਂ ਦੱਸੇ ਚੋਰੀ ਕਿਉਂ ਜਾਂਦੇ?
ਰਾਸ਼ਟਰਮੰਡਲ ਖੇਡਾਂ ਲਈ ਖਿਡਾਰੀਆਂ ਨੂੰ ਸ਼ਾਰਟ ਟਰਮ ਵੀਜ਼ਾ ਦਿੱਤਾ ਗਿਆ ਹੈ। ਆਸਟਰੇਲੀਆ ਵਿੱਚ ਸਾਲ 2000 ਵਿੱਚ ਹੋਏ ਸਿਡਨੀ ਓਲੰਪਿਕ ਵਿੱਚ ਵੀ ਤਕਰਬੀਨ 100 ਖਿਡਾਰੀ ਗੈਰ ਕਾਨੂੰਨੀ ਤਰੀਕੇ ਨਾਲ ਤੈਅ ਸਮੇਂ ਤੋਂ ਵੱਧ ਆਸਟਰੇਲੀਆ ਵਿੱਚ ਰੁਕੇ ਸਨ।
ਮੈਰੀ ਕੌਮ ਦਾ ਜਲਵਾ ਹੈ ਆਸਟਰੇਲੀਆ ਵਿੱਚ
ਜਦੋਂ ਮੈਂ ਬਾਕਸਿੰਗ ਮੁਕਾਬਲੇ ਦੇਖਣ ਲਈ ਓਕਸਫੋਰਡ ਸਟੂਡੀਓ ਵਿੱਚ ਵੜ ਰਿਹਾ ਸੀ ਕਿ ਘੱਟੋ ਘੱਟ ਤਿੰਨ ਵਿਦੇਸ਼ੀ ਪੱਤਰਕਾਰਾਂ ਨੇ ਮੇਰੇ ਤੋਂ ਮੈਰੀ ਕੌਮ ਬਾਰੇ ਜਾਣਕਾਰੀ ਲਈ। ਜਦੋਂ ਉਹ ਸ਼੍ਰੀਲੰਕਾ ਦੀ ਬਾਕਸਰ ਅਨੁਸ਼ਾ ਦਿਲਰੁਕਸ਼ੀ ਨੂੰ ਹਰਾ ਕੇ 'ਮਿਕਸਡ ਜ਼ੋਨ' ਵਿੱਚ ਆਈ ਤਾਂ ਆਸਟਰੇਲੀਆਈ ਟੈਲੀਵਿਜ਼ਨ ਨੇ ਪੂਰੇ ਪੰਜ ਮਿੰਟ ਤੱਕ ਉਨ੍ਹਾਂ ਦਾ ਇੰਟਰਵਿਊ ਲਿਆ।

ਤਸਵੀਰ ਸਰੋਤ, Getty Images
ਹਾਲਾਂਕਿ ਮਿਕਸਡ ਵਿੱਚ ਖਿਡਾਰੀਆਂ ਨਾਲ ਗੱਲਬਾਤ ਲਈ ਕੁਝ ਸਕਿੰਟ ਜਾਂ ਜ਼ਿਆਦਾ ਤੋਂ ਜ਼ਿਆਦਾ ਇੱਕ ਮਿੰਟ ਦਿੱਤਾ ਜਾਂਦਾ ਹੈ। ਸ਼੍ਰੀਲੰਕਾ ਦੀ ਬਾਕਸਰ ਨੂੰ ਸੌਖਾ ਹੀ ਹਰਾਉਣ ਦੇ ਬਾਵਜੂਦ ਮੈਰੀ ਕੌਮ ਪਸੀਨੇ ਵਿੱਚ ਨਹਾਈ ਹੋਈ ਸੀ ਅਤੇ ਬੁਰੀ ਤਰ੍ਹਾਂ ਹਫ਼ ਰਹੀ ਸੀ।
ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਸ਼੍ਰੀਲੰਕਾ ਦੀ ਬਾਕਸਰ ਤੋਂ ਪਹਿਲਾਂ ਵੀ ਸੈਫ਼ ਖੇਡਾਂ ਵਿੱਚ ਭਿੜ ਚੁੱਕੀ ਹੈ। ਮੈਨੂੰ ਉਸ ਦੀ ਤਕਨੀਕ ਪਤਾ ਹੈ। ਮੈਂ ਜਾਨਬੁੱਝ ਕੇ ਉਸ ਦੇ ਖਿਲਾਫ਼ 'ਫਲੈਸ਼ੀ ਪੰਚ' ਨਹੀਂ ਮੈਰੇ ਕਿਉਂਕਿ ਮੈਂ ਜਾਣਦੀ ਸੀ ਕਿ ਉਹ ਮੇਰੇ ਮੂੰਹ 'ਤੇ ਹਿੱਟ ਕਰਨ ਦੀ ਕੋਸ਼ਿਸ਼ ਕਰੇਗੀ।

ਤਸਵੀਰ ਸਰੋਤ, Getty Images
ਵੈਸੇ ਵੀ ਮੈਂ ਫਾਈਨਲ ਲਈ ਆਪਣੀ ਪੂਰੀ ਤਾਕਤ ਬਚਾ ਕੇ ਰੱਖਣਾ ਚਾਹੁੰਦੀ ਸੀ। ਮੈਂ ਇੱਥੋਂ ਗੋਲਡ ਮੈਡਲ ਲੈ ਕੇ ਵਾਪਸ ਜਾਣਾ ਚਾਹੁੰਦੀ ਹਾਂ ਕਿਉਂਕਿ ਆਪਣੇ ਪੂਰੇ ਕਰੀਅਰ ਵਿੱਚ ਇਹੀ ਇੱਕ ਮੈਡਲ ਹੈ ਜੋ ਮੈਂ ਹਾਲੇ ਤੱਕ ਜਿੱਤਿਆ ਹੈ।
ਇੱਕ ਦਿਲਚਸਪ ਗੱਲ ਮੈਂ ਇਹ ਦੇਖੀ ਕਿ ਮੁੱਕੇਬਾਜ਼ੀ ਦੇ ਮੁਾਕਾਬਲੇ ਤੋਂ ਬਾਅਦ ਹਰ ਖਿਡਾਰੀ ਦਾ ਹੁਲੀਆ ਵਿਗੜ ਜਾਂਦਾ ਹੈ ਪਰ ਪਸੀਨੇ ਨਾਲ ਭਿੱਜਣ ਦੇ ਬਾਵਜੂਦ ਮੈਰੀ ਕੌਮ ਦੀਆਂ ਅੱਖਾਂ ਵਿੱਚ ਲੱਗਿਆ ਕਾਜਲ ਪਹਿਲਾਂ ਵਾਂਗ ਹੀ ਬਰਕਰਾਰ ਸੀ।












