ਮੋਦੀ ਦੇ ਸੁਫਨਿਆਂ ਵਰਗੇ 'ਕੈਸ਼ਲੈੱਸ' ਸਮਾਜ ਦੀਆਂ ਕੀ ਹਨ ਮੁਸ਼ਕਿਲਾਂ?

- ਲੇਖਕ, ਮੈਡੀ ਸਵੇਜ
- ਰੋਲ, ਬਿਜ਼ਨਸ ਪੱਤਰਕਾਰ, ਸਟਾਕਹੋਮ
ਸਵੀਡਨ ਤੇਜ਼ੀ ਨਾਲ ਦੁਨੀਆਂ ਦਾ ਪਹਿਲਾ ਪੂਰਨ ਕੈਸ਼ਲੈਸ ਸਮਾਜ ਬਣਨ ਜਾ ਰਿਹਾ ਹੈ। ਇਹ ਕਈ ਵਰਗਾਂ, ਖ਼ਾਸ ਕਰਕੇ ਬਜ਼ੁਰਗਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ।
ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਵੱਡੇ ਬੈਂਕ ਹੁਣ ਨਕਦੀ ਵਿੱਚ ਲੈਣ-ਦੈਣ ਨਹੀਂ ਕਰਦੇ।
ਤੁਸੀਂ ਸਿਰਫ਼ ਆਪਣੇ ਕਾਰਡ ਨਾਲ ਜਾਂ ਸਮਾਰਟ ਫੋਨ ਰਾਹੀਂ ਆਪਣੀਆਂ ਖ਼ਰੀਦਦਾਰੀਆਂ ਦਾ ਭੁਗਤਾਨ ਕਰ ਸਕਦੇ ਹੋ। ਚਮਕੀਲੀਆਂ ਨੀਲੀਆਂ ਬੱਸਾਂ ਵਿੱਚ ਸਵਾਰੀ ਕਰਨਾ ਚਾਹੁੰਦੇ ਹੋ ਤਾਂ ਉੱਥੇ ਵੀ ਸਿੱਕੇ ਜਾਂ ਨੋਟ ਕੰਮ ਨਹੀਂ ਆ ਸਕਦੇ।
ਸਵੀਡਨ ਦੇ ਨਾਗਰਿਕਾਂ ਲਈ ਭਾਵੇਂ ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ ਕਿਉਂਕਿ ਪਿਛਲੇ ਸਮੇਂ ਦੌਰਾਨ ਉਥੋਂ ਦਾ ਸਮਾਜ ਕੈਸ਼ ਮੁਕਤ ਹੋ ਰਿਹਾ ਹੈ।
ਦੇਸ ਦੇ ਵੱਡੇ ਬੈਂਕਾਂ ਨੇ ਕਾਊਂਟਰਾਂ 'ਤੇ ਕੈਸ਼ ਦੇ ਲੈਣ - ਦੇਣ 'ਤੇ ਰੋਕ ਲਾ ਦਿੱਤੀ ਹੈ।

ਨਾਗਰਿਕਾਂ ਦਾ ਇੱਕ ਛੋਟਾ ਹਿੱਸਾ ਹੀ ਹਫਤੇ ਵਿੱਚ ਇੱਕ ਅੱਧੀ ਵਾਰ ਨਕਦੀ ਦੀ ਵਰਤੋਂ ਕਰਦੇ ਹਨ। ਮੋਬਾਈਲ, ਕਾਰਡ ਅਤੇ ਔਨਲਾਈਨ ਭੁਗਤਾਨ ਵਧਣ ਕਰਕੇ ਨਕਦੀ ਦੇ ਚਲਣ ਵਿੱਚ ਭਾਰੀ ਕਮੀ ਆਈ ਹੈ। 2010 ਵਿੱਚ ਨਕਦੀ ਲੈਣ - ਦੇਣ 40 ਫੀਸਦੀ ਸੀ ਜੋ ਹੁਣ 15 ਫੀਸਦੀ ਰਹਿ ਗਿਆ ਹੈ।
ਸਵੀਡਨ ਵਿੱਚ ਕੈਸ਼ ਮੁਕਤ ਬਣਨ ਦੀ ਦੌੜ ਨੇ ਸੰਸਾਰ ਭਰ ਵਿੱਚ ਹੰਗਾਮਾ ਕੀਤਾ। ਇਸ ਦੀ ਕੈਸ਼ ਮੁਕਤ ਬਣਨ ਦੀ ਗਤੀ ਨੂੰ ਲੈ ਕੇ ਵੀ ਸਵਾਲ ਪੈਦਾ ਹੋ ਰਹੇ ਹਨ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਮਜ਼ੋਰ ਵਰਗਾਂ ਖ਼ਾਸ ਕਰਕੇ ਬਜ਼ੁਰਗਾਂ ਲਈ ਦਿੱਕਤਾਂ ਪੈਦਾ ਕਰ ਸਕਦਾ ਹੈ।
ਸਵੀਡਨ ਦੇ ਪੈਨਸ਼ਨਰਾਂ ਦੇ ਕੌਮੀ ਸੰਗਠਨ ਦੇ ਬੁਲਾਰੇ ਓਲਾ ਨੀਲਸਨ ਨੇ ਕਿਹਾ, "ਜਿੱਥੋਂ ਤੱਕ ਸਵੀਡਨ ਵਿੱਚ ਕੈਸ਼ ਦੀ ਵਰਤੋਂ ਦੇ ਅਧਿਕਾਰ ਦੀ ਗੱਲ ਹੈ, ਸਾਡਾ ਮੰਨਣਾ ਹੈ ਕਿ ਲੋਕਾਂ ਕੋਲ ਇਸ ਨੂੰ ਵਰਤਣ ਦਾ ਅਤੇ ਬੈਂਕ ਵਿੱਚ ਜਮਾਂ ਕਰਾਉਣ ਦਾ ਵਿਕਲਪ ਹੋਣਾ ਚਾਹੀਦਾ।"

ਸੰਗਠਨ ਦੇ 350,000 ਮੈਂਬਰ ਹਨ ਜਿਨ੍ਹਾਂ ਦੇ ਆਧਾਰ 'ਤੇ ਸਰਕਾਰ ਉੱਪਰ ਕੈਸ਼ ਦੇ ਹੱਕ ਵਿੱਚ ਦਬਾਅ ਬਣਾ ਰਿਹਾ ਹੈ।
"ਅਸੀਂ ਨਕਦੀ ਮੁਕਤ ਸਮਾਜ ਦੇ ਵਿਰੋਧੀ ਨਹੀਂ ਹਾਂ ਪਰ ਇਸ ਦੀ ਤੇਜ਼ੀ ਨੂੰ ਰੋਕਣਾ ਚਾਹੁੰਦੇ ਹਾਂ।"
ਮਜਲਿਸ ਜੈਨਸਨ (73) ਪਿਛਲੇ 20 ਸਾਲਾਂ ਤੋਂ ਓਡਨਪਲੈਨਸ ਵਿੱਚ ਰਹਿ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਲੇ ਵੀ ਨਕਦ ਭੁਗਤਾਨ ਕਰਨਾ ਵਧੀਆ ਲਗਦਾ ਹੈ। ਉਨ੍ਹਾਂ ਨੂੰ ਅਜਿਹੇ ਵਕਤ ਤੋਂ ਡਰ ਲਗਦਾ ਹੈ ਜਿੱਥੇ ਉਨ੍ਹਾਂ ਕੋਲ ਇਹ ਵਿਕਲਪ ਨਹੀਂ ਹੋਵੇਗਾ।
ਇਸ ਸਾਬਕਾ ਅਧਿਆਪਕਾ ਦਾ ਕਹਿਣਾ ਹੈ "ਕਈ ਥਾਵਾਂ 'ਤੇ ਮੈਨੂੰ ਆਪਣਾ ਕਾਰਡ ਵਰਤਣਾ ਸੁਰੱਖਿਅਤ ਨਹੀਂ ਲਗਦਾ।"
ਉਨ੍ਹਾਂ ਦੇ ਘਰ ਵਿੱਤ ਕੰਪਿਊਟਰ ਨਹੀਂ ਹੈ ਤੇ ਉਹ ਇੰਟਰਨੈੱਟ ਵਰਤਣ ਤੋਂ ਝਿਜਕਦੇ ਹਨ। ਉੱਪਰੋਂ ਨਕਦੀ ਮੁਕਤ ਹੋਣ ਦਾ ਪ੍ਰਚਲਨ ਉਨ੍ਹਾਂ ਦੀ ਜ਼ਿੰਦਗੀ ਮਹਿੰਗੀ ਬਣਾ ਰਿਹਾ ਹੈ।
ਸਵੀਡਨ ਦੇ ਬਹੁਤੇ ਬੈਂਕਾਂ ਨੇ ਕਈ ਸਾਲ ਪਹਿਲਾਂ ਚੈੱਕ ਲੈਣੇ ਬੰਦ ਕਰ ਦਿੱਤੇ ਸਨ ਅਤੇ ਬੈਂਕ ਦੀ ਬ੍ਰਾਂਚ ਵਿੱਚ ਲੈਣ - ਦੇਣ ਦੀਆਂ ਦਰਾਂ ਵੀ ਵਧਾ ਦਿੱਤੀਆਂ ਸਨ।
ਪਿਛਲੇ ਸਮੇਂ ਵਿੱਚ ਉਨ੍ਹਾਂ ਨੂੰ ਇੱਕ ਦੋਸਤ ਨੂੰ ਰੇਲ ਟਿਕਟ ਬੁੱਕ ਕਰਾਉਣ ਲਈ ਪੈਸੇ ਮੋੜਨ ਵਿੱਚ ਬਹੁਤ ਦਿੱਕਤ ਆਈ ਅਤੇ ਪੈਸੇ ਵੀ ਜ਼ਿਆਦਾ ਲੱਗੇ।
"ਬੈਂਕ ਬਹੁਤ ਅਮੀਰ ਹਨ। ਉਹ ਹਮੇਸ਼ਾ ਕਹਿੰਦੇ ਹਨ ਕਿ ਇਹ ਸਭ ਕੰਮ ਤੁਸੀਂ ਇੰਟਰਨੈੱਟ 'ਤੇ ਫਰੀ ਕਰ ਸਕਦੇ ਹੋ ਪਰ ਇਹ ਦਿੱਕਤ ਹੈ—ਹਾਲੇ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਇਸਤੇਮਾਲ ਕਰਨਾ ਨਹੀਂ ਆਉਂਦਾ।"

ਯੂਰੋ ਸਟੈਟ ਦੇ ਅੰਕੜੇ ਸੁਝਾਉਂਦੇ ਹਨ ਕਿ ਮਜਲਿਸ ਜੈਨਸਨ ਸੁੰਘੜਦੀ ਘੱਟ ਗਿਣਤੀ ਦਾ ਹਿੱਸਾ ਹਨ। ਸਵੀਡਨ ਵਿੱਚ 2017 ਦੇ ਅੰਕੜਿਆਂ ਮੁਤਾਬਕ 16 ਤੋਂ 74 ਸਾਲ ਦੇ 86 ਫੀਸਦੀ ਨਾਗਰਿਕ ਔਨਲਾਈਨ ਬੈਂਕਿੰਗ ਦੀ ਵਰਤੋਂ ਕਰਦੇ ਹਨ। ਇਹੀ ਗਿਣਤੀ ਯੂਰਪੀ ਯੂਨੀਅਨ ਵਿੱਚ 51 ਫੀਸਦੀ ਹੈ ਅਤੇ ਇੰਗਲੈਂਡ ਵਿੱਚ 68 ਫੀਸਦੀ ਹੈ।
ਸਵੀਡਨ ਦੇ ਪੈਨਸ਼ਨਰਾਂ ਦੇ ਕੌਮੀ ਸੰਗਠਨ ਦਾ ਤਰਕ ਹੈ ਜਿਹੜੇ ਨਾਗਰਿਕ ਕੈਸ਼ਲੈਸ ਦੇ ਪ੍ਰਚਲਨ ਨੂੰ ਸਵੀਕਾਰ ਨਹੀਂ ਕਰ ਪਾ ਰਹੇ ਜਾਂ ਨਹੀਂ ਕਰਨਗੇ ਉਹ ਆਪਣੇ ਆਪ ਨੂੰ ਸਮਾਜ ਵਿੱਚੋ ਛੇਕੇ ਹੋਏ ਮਹਿਸੂਸ ਕਰਨਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਜ਼ੁਰਗਾਂ ਨੂੰ ਵਧੇਰੇ ਡਿਜੀਟਲ ਟਰੇਨਿੰਗ ਦੇਣੀ ਪਵੇਗੀ। ਇਹ ਕੰਮ ਬੈਂਕ ਕਰ ਸਕਦੇ ਹਨ ਜਾਂ ਸਰਕਾਰ ਇਸ ਲਈ ਫੰਡ ਦੇ ਸਕਦੀ ਹੈ ਤਾਂ ਜੋ ਬਜ਼ੁਰਗਾਂ ਦੀ ਮਦਦ ਹੋ ਸਕੇ।
ਐਸਈਬੀ ਸਵੀਡਨ ਦੇ ਕੁਝ ਵੱਡੇ ਬੈਂਕਾਂ ਵਿੱਚੋਂ ਇੱਕ ਹੈ। ਇਸ ਨੇ ਅਜਿਹੀ ਸਹਾਇਤਾ ਦੇਣੀ ਸ਼ੁਰੂ ਵੀ ਕਰ ਦਿੱਤੀ ਹੈ।

ਐਸਈਬੀ ਨੇ ਆਪਣੀਆਂ ਬ੍ਰਾਂਚਾਂ ਵਿੱਚ ਅਜਿਹੀ ਮਸ਼ੀਨਰੀ ਦੇਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਗਾਹਕ ਆਪਣੇ ਕੰਮ ਆਪਣੇ ਆਪ ਕਰ ਸਕਣ। ਇਸ ਵਿੱਚ ਸਟਾਫ ਗਾਹਕਾਂ ਦੀ ਮਦਦ ਕਰਦਾ ਹੈ।
ਵਿਕਟਰ ਸਜੋਬਰਗ ਜੋ ਕਿ ਬੈਂਕ ਦੇ ਸਲਾਹਕਾਰ ਹਨ, ਉਨ੍ਹਾਂ ਦਾ ਕਹਿਣਾ ਹੈ, "ਅਸੀਂ ਡਿਜੀਟਲ ਅਤੇ ਨਕਦੀ ਦੇ ਮਿਸ਼ਰਨ ਵਿੱਚ ਯਕੀਨ ਕਰਦੇ ਹਾਂ।" ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੈਸ਼ ਆਧਾਰਿਤ ਸੇਵਾਵਾਂ ਵਾਪਸ ਲਈਆਂ ਗਈਆਂ ਤਾਂ ਇਹ ਗਾਹਕਾਂ ਦੀ ਮੰਗ ਦੇ ਉਲਟ ਜਾਵੇਗਾ।
ਸਵੀਡਨ ਦੇ ਕੇਂਦਰੀ ਬੈਂਕ ਰਿਕਸਬੈਂਕ ਨੇ ਵਧੇਰੇ ਤਾਰਕਿਕ ਪਹੁੰਚ ਅਪਣਾਈ ਹੈ। ਬੈਂਕ ਮੁਤਾਬਕ ਨਕਦੀ ਤੋਂ ਕੈਸ਼ ਲੈਸ ਹੋਣ ਦੀ ਗਤੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਨਾਗਰਿਕਾਂ ਨੂੰ ਦਿੱਕਤ ਨਾ ਆਵੇ।
ਬੈਂਕ ਦੇ ਗਵਰਨਰ ਸਟੀਫਨ ਇਨਗੇਵਸ ਦਾ ਕਹਿਣਾ ਹੈ ਕਿ ਜੇ ਦੇਸ ਵਿੱਚੋਂ ਸਿੱਕੇ ਤੇ ਨਕਦੀ ਖਤਮ ਕਰ ਦਿੱਤੀ ਜਾਵੇ ਤਾਂ ਗੰਭੀਰ ਸੰਕਟ ਜਾਂ ਜੰਗ ਦੀ ਹਾਲਤ ਵਿੱਚ ਪੂਰਾ ਦੇਸ ਖ਼ਤਰੇ ਵਿੱਚ ਪੈ ਸਕਦਾ ਹੈ।
ਸਵੀਡਨ ਦੇ ਪਾਰਲੀਮੈਂਟ ਦੇ ਕਮਿਸ਼ਨ ਨੇ ਅਜਿਹੇ ਅਤੇ ਹੋਰ ਗੰਭੀਰ ਸਿੱਟਿਆਂ 'ਤੇ ਵਿਚਾਰ ਕਰਨੀ ਸ਼ੁਰੂ ਕੀਤੀ ਹੈ। ਜਿਸ ਦੀ ਰਿਪੋਰਟ ਇਸੇ ਸਾਲ ਦੇ ਆਖਿਰ ਤੱਕ ਆਉਣ ਦੀ ਉਮੀਦ ਹੈ।

ਡਾ਼ ਕਲੇਅਰ ਇਨਗਰਾਮ ਬੁਗਸੂਜ਼ ਦਾ ਕਹਿਣਾ ਹੈ,"ਨਕਦੀ ਮੁਕਤ ਹੋਣਾ ਤਾਂ ਟਾਲਿਆ ਨਹੀਂ ਜਾ ਸਕਦਾ ਇਸ ਲਈ ਮਸਲਾ ਤਾਂ ਗੁੰਝਲਾਂ ਘੱਟ ਕਰਨ ਦਾ ਹੈ।"
ਉਨ੍ਹਾਂ ਅੱਗੇ ਕਿਹਾ,"ਪੈਨਸ਼ਨਰ ਤਬਦੀਲੀ ਨਾਲ ਤੋਰ ਮਿਲਾ ਲੈਣਗੇ...ਰਿਸਬੈਂਕ ਅਤੇ ਸਰਕਾਰ ਦੋਵੇਂ ਹੀ ਕਮਜ਼ੋਰ ਵਰਗ ਦੀ ਮਦਦ ਕਰਨੀ ਚਾਹੁੰਦਾ ਹੈ।"
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਵੀਡਨ ਦੇ ਨਾਗਰਿਕਾਂ ਨੂੰ ਸੰਸਥਾਵਾਂ ਅਤੇ ਨਵੀਆਂ ਤਕਨੀਕਾਂ ਵਿੱਚ ਬਹੁਤ ਜ਼ਿਆਦਾ ਭਰੋਸੇ ਅਤੇ ਨਵੀਂਆਂ ਤਕਨੀਕਾਂ ਨੇ ਲੋਕਾਂ ਦੀ ਨਕਦੀ ਮੁਕਤ ਆਰਥਿਕਤਾ ਨੂੰ ਅਪਨਾਉਣ ਵਿੱਚ ਸਹਾਇਤਾ ਕੀਤੀ ਹੈ।
ਹੁਣ ਡਾਟਾ ਸੁਰੱਖਿਆ ਅਤੇ ਧੋਖਾਧੜੀ ਦੀਆਂ ਚਿੰਤਾਂਵਾਂ ਬਹਿਸ ਨੂੰ ਪ੍ਰਭਾਵਿਤ ਕਰ ਰਹੀਆਂ ਹਨ।
ਡਾ਼ ਬੁਗਸੂਜ਼ ਦਾ ਕਹਿਣਾ ਹੈ, "ਸਵੀਡਨ ਦੇ ਲੋਕ ਭਰੋਸਾ ਕਰਦੇ ਹਨ ਪਰ ਹੁਣ ਇਹ ਬਦਲ ਰਿਹਾ ਹੈ। ਮਿਸਾਲ ਵਜੋਂ ਕੈਂਬਰਿਜ ਅਨੈਲਿਟਿਕਾ ਦੇ ਹਾਲੀਆ ਘਪਲੇ ਨੇ ਲੋਕਾਂ ਨੂੰ ਆਪਣੀ ਜਾਣਕਾਰੀ ਦੀ ਵਰਤੋਂ ਬਾਰੇ ਵਧੇਰੇ ਸੁਚੇਤ ਕਰ ਦਿੱਤਾ ਹੈ।"

ਸਿੱਕਿਆਂ ਅਤੇ ਨੋਟਾਂ ਦੀ ਵਰਤੋਂ ਵਿੱਚ ਆਈ ਦੇਸ ਵਿਆਪੀ ਗਿਰਾਵਟ ਦੇ ਬਾਵਜੂਦ ਸਵੀਡਨ ਦੀ ਪੋਲਿੰਗ ਫਰਮ ਸੀਫੋ ਦੇ ਸਰਵੇ ਵਿੱਚ ਸਾਹਮਣੇ ਆਇਆ ਕਿ 10 ਵਿੱਚੋਂ 7 ਨਾਗਰਿਕ ਹਾਲੇ ਵੀ ਭਵਿੱਖ ਵਿੱਚ ਨਕਦ ਵਟਾਂਦਰੇ ਦਾ ਵਿਕਲਪ ਰੱਖਣਾ ਚਾਹੁੰਦੇ ਹਨ।
ਇਹ ਨਤੀਜੇ ਕੈਫੇ ਓਰੀਓਨ ਦੇ ਗਾਹਕਾਂ ਦੀ ਵੱਖ - ਵੱਖ ਰਾਇ ਰਾਵਾਂ ਨੂੰ ਵੀ ਦਰਸਾਉਂਦੇ ਹਨ ਜਿਸ ਨੇ ਸਵੀਡਨ ਦੇ ਬਹੁਗਿਣਤੀ ਰੈਸਟਰਾਂ ਵਾਂਗ ਨਕਦ ਲੈਣਦੇਣ ਬੰਦ ਕਰ ਦਿੱਤਾ ਸੀ।
23 ਸਾਲਾ ਵਿਦਿਆਰਥਣ, ਅਗਾਤਾ ਓਲੇਕਸਿਅਕ ਨੇ ਕਿਹਾ, "ਮੈਨੂੰ ਨਹੀਂ ਲਗਦਾ ਕਿ ਪੂਰਨ ਤੌਰ 'ਤੇ ਨਕਦੀ ਮੁਕਤ ਸਮਾਜ ਬਣਨਾ ਕੋਈ ਚੰਗੀ ਗੱਲ ਹੈ ਕਿਉਂਕਿ ਮੈਨੂੰ ਲਗਦਾ ਹੈ ਕਿ ਨਕਦੀ ਵਰਤਣ ਦਾ ਵਿਕਲਪ ਰੱਖਿਆ ਜਾਣਾ ਚਾਹੀਦਾ ਹੈ।"
ਉਨ੍ਹਾਂ ਦਾ 24 ਸਾਲਾ ਮਿੱਤਰ ਇਸ ਨਾਲ ਸਹਿਮਤ ਨਹੀਂ ਹੈ꞉" ਤੁਸੀਂ ਆਪਣਾ ਕਾਰਡ ਔਨਲਾਈਨ ਅਤੇ ਦੁਕਾਨਾਂ 'ਤੇ ਵਰਤ ਸਕਦੇ ਹੋ। ਮੈਨੂੰ ਨਕਦੀ ਵਰਤਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ। ਤੁਹਡਾ ਕਾਰਡ ਚੋਰੀ ਹੋ ਸਕਦਾ ਹੈ ਪਰ ਬੀਮੇ ਨਾਲ ਸਭ ਠੀਕ ਹੋ ਜਾਂਦਾ ਹੈ।
"ਮੈਨੂੰ ਲਗਦਾ ਹੈ ਕਿ ਨਕਦੀ ਦਾ ਰਿਵਾਜ ਪੁਰਾਣਾ ਹੋ ਗਿਆ ਹੈ ਤੇ ਕੋਈ ਜਰੂਰੀ ਨਹੀਂ"












