'ਅਮਰੀਕੀ ਔਰਤ ਨੇ ਇਸਲਾਮਿਕ ਸਟੇਟ ਨੂੰ ਪੈਸੇ ਭੇਜਣ ਲਈ ਬਿਟਕੁਆਇਨ ਵਰਤਿਆ'

ਤਸਵੀਰ ਸਰੋਤ, AFP
ਨਿਊ ਯਾਰਕ ਦੀ ਇਕ ਔਰਤ 'ਤੇ ਇਸਲਾਮਿਕ ਸਟੇਟ ਵਿੱਚ ਬਿਟਕੁਆਇਨਸ ਅਤੇ ਹੋਰ ਕ੍ਰਿਪਟੋ ਮੁਦਰਾ ਅਤੇ ਪੈਸੇ ਚੋਰੀਓਂ ਭੇਜਣ ਦੇ ਇਲਜ਼ਾਮ ਲੱਗੇ ਹਨ।
27 ਸਾਲਾ ਜ਼ੋਬਿਆ ਸ਼ਾਹਨਾਜ 'ਤੇ ਬੈਂਕ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਗੈਰ-ਜ਼ਮਾਨਤੀ ਹਿਰਾਸਤ 'ਚ ਲੈ ਲਿਆ ਗਿਆ ਹੈ।
ਸ਼ਾਹਨਾਜ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਅਮਰੀਕਾ ਵਿੱਚ ਲੈਬ ਟੈੱਕਨੀਸ਼ੀਅਨ ਵਜੋਂ ਕੰਮ ਕਰਦੀ ਸੀ।
ਮੁਲਜ਼ਮ ਨੇ ਕਬੂਲ ਕੀਤਾ ਕਿ ਬਿਟਕੁਆਇਨ ਨੂੰ ਆਨਲਾਈਨ ਖਰੀਦਣ ਲਈ ਉਸ ਨੇ 85,000 ਡਾਲਰ (54,48,500 ਰੁਪਏ) ਦਾ ਫਰਜ਼ੀ ਲੋਨ ਲਿਆ।
ਬਿਟਕੁਆਇਨ ਕੀ ਹੈ?
ਬਿਟਕੁਆਇਨ ਆਨਲਾਈਨ ਕਰੰਸੀ ਹੈ। ਕਨੂੰਨੀ ਟੈਂਡਰ ਨਾ ਹੋਣ ਦੇ ਬਾਵਜੂਦ ਇਸ ਨੂੰ ਰਵਾਇਤੀ ਵਸਤਾਂ ਅਤੇ ਸੇਵਾਵਾਂ ਲਈ ਭੁਗਤਾਨ ਕਰਨ ਲਈ ਨਹੀਂ ਵਰਤਿਆ ਜਾ ਸਕਦਾ। ਇਸ ਸਾਲ ਬਿਟਕੁਆਇਨ ਦੀ ਕੀਮਤ ਵਿੱਚ ਤੇਜ਼ੀ ਨਾਲ ਉਛਾਲ ਆਇਆ।
ਮਨੀ ਲਾਂਡਰਿੰਗ ਲਈ ਅਪਰਾਧੀ ਇਸ ਕਰੰਸੀ ਨੂੰ ਵਰਤਦੇ ਰਹੇ ਹਨ। ਅਦਾਲਤ ਦੇ ਰਿਕਾਰਡ ਮੁਤਾਬਕ, ਸ਼ਾਹਨਾਜ਼ ਬ੍ਰੈਂਟਵੁੱਡ ਵਿੱਚ ਲਾਂਗ ਆਈਲੈਂਡ ਉੱਤੇ ਰਹਿੰਦੀ ਹੈ ਅਤੇ ਮੈਨਹੈਟਨ ਹਸਪਤਾਲ ਵਿੱਚ ਜੂਨ ਤੱਕ ਇੱਕ ਲੈਬ ਟੈੱਕਨੀਸ਼ੀਅਨ ਸੀ।
'ਪਾਕਿਸਤਾਨ ਜਾ ਰਹੀ ਸੀ'
ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਸ਼ਾਹਨਾਜ ਨੇ ਜੁਲਾਈ ਵਿੱਚ ਇਕ ਪਾਕਿਸਤਾਨੀ ਪਾਸਪੋਰਟ ਹਾਸਲ ਕਰ ਲਿਆ ਸੀ ਅਤੇ ਪਾਕਿਸਤਾਨ ਦੀ ਟਿਕਟ ਲੈ ਲਈ। ਉਹ ਥੋੜੀ ਦੇਰ ਇਸਤਾਨਬੁੱਲ ਰੁੱਕ ਕੇ ਸੀਰੀਆ ਜਾਣਾ ਚਾਹੁੰਦੀ ਸੀ।

ਤਸਵੀਰ ਸਰੋਤ, Reuters
ਉਸ ਨੂੰ 9,500 ਡਾਲਰ ਨਕਦੀ ਸਣੇ ਜੌਨ ਐੱਫ ਕੈਨੇਡੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਫੰਡਾਂ ਦਾ ਐਲਾਨ ਕੀਤੇ ਬਗੈਰ ਕਨੂੰਨੀ ਤੌਰ 'ਤੇ ਅਮਰੀਕਾ ਤੋਂ ਬਾਹਰ 10,000 ਡਾਲਰ ਹੀ ਇੱਕ ਸ਼ਖ਼ਸ ਲਿਜਾ ਸਕਦਾ ਹੈ।
ਉਸ ਦੀਆਂ ਇਲੈਕਟ੍ਰਾਨਿਕ ਡਿਵਾਈਸਾਂ ਤੋਂ ਪਤਾ ਲੱਗਿਆ ਕਿ ਇਸਲਾਮਿਕ ਸਟੇਟ ਸਬੰਧੀ ਕਈ ਵਾਰੀ ਸਰਚ ਕੀਤੀ ਗਈ।
'ਸੀਰੀਆ ਸ਼ਰਨਾਰਥੀਆਂ ਦੀ ਮਦਦ ਕਰ ਰਹੀ ਸੀ'
ਸ਼ਾਹਨਾਜ਼ ਨੂੰ ਮਨੀ ਲਾਂਡਿਰੰਗ ਮਾਮਲੇ ਵਿੱਚ 20 ਸਾਲ ਦੀ ਕੈਦ ਅਤੇ ਬੈਂਕ ਧੋਖਾਧੜੀ ਮਾਮਲੇ ਵਿੱਚ 30 ਸਾਲ ਤੱਕ ਦੀ ਸਜ਼ਾ ਭੁਗਤਨੀ ਪੈ ਸਕਦੀ ਹੈ।
ਉਸ ਦੇ ਵਕੀਲ ਸਟੀਵ ਜ਼ਿਸੌ ਨੇ ਦਾਅਵਾ ਕੀਤਾ ਕਿ ਉਹ ਸੀਰੀਆ ਦੇ ਸ਼ਰਨਾਰਥੀਆਂ ਦੀ ਮਦਦ ਲਈ ਪੈਸੇ ਭੇਜ ਰਹੀ ਸੀ।
ਜ਼ਿਸੌ ਨੇ ਅਦਾਲਤ ਦੇ ਬਾਹਰ ਕਿਹਾ, "ਉਸ ਨੇ ਜੋ ਕੁਝ ਦੇਖਿਆ ਉਸੋ ਤੋਂ ਦੁਖੀ ਹੋ ਕੇ ਸੀਰੀਆ ਦੇ ਬਹੁਤ ਸਾਰੇ ਸ਼ਰਨਾਰਥੀਆਂ ਦੀ ਮੁਸ਼ਕਿਲ ਨੂੰ ਘਟਾਉਣ ਲਈ ਮਜਬੂਰ ਕਰ ਦਿੱਤਾ। ਉਹ ਜੋ ਵੀ ਕਰਦੀ ਹੈ ਉਹ ਇਸੇ ਮਕਸਦ ਲਈ ਹੀ ਕਰਦੀ ਹੈ।"












