ਕਾਮਨਵੈਲਥ ਡਾਇਰੀ: ਜਦੋਂ ਮਹਿਲਾ ਮੁੱਕੇਬਾਜ਼ ਨੂੰ ਬਿਨਾਂ ਖੇਡੇ ਹੀ ਮੈਡਲ ਮਿਲਿਆ

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਗੋਲਡ ਕੋਸਟ (ਆਸਟਰੇਲੀਆ) ਤੋਂ ਬੀਬੀਸੀ ਪੱਤਰਕਾਰ

ਮੀਰਾਬਾਈ ਚਾਨੂ ਨੇ ਆਪਣੇ ਵਜ਼ਨ ਤੋਂ ਦੁਗਣੇ ਨਾਲੋਂ ਵੀ ਵਧ ਭਾਰ ਚੁੱਕ ਕੇ ਭਾਰਤ ਨੂੰ ਸੋਨ ਤਮਗਾ ਦਿਵਾਇਆ ਹੈ। ਲਾਲ ਰੰਗ ਦੀ ਡਰੈਸ ਪਾਈ ਚਾਨੂ ਨੇ ਆਉਂਦਿਆਂ ਹੀ ਪਾਊਡਰ ਲਾ ਕੇ ਆਪਣੇ ਹੱਥਾਂ ਦੀ ਨਮੀ ਦੂਰ ਕੀਤੀ।

ਉਹ ਇਕੱਲੀ ਪ੍ਰਤੀਭਾਗੀ ਸੀ ਜਿਸ ਨੇ ਭਾਰ ਚੁੱਕਣ ਤੋਂ ਪਹਿਲਾਂ ਧਰਤੀ ਨੂੰ ਚੁੰਮਿਆ।

ਦਰਸ਼ਕਾਂ ਦਾ ਸਵਾਗਤ ਕੀਤਾ ਅਤੇ ਫੇਰ ਬਾਰ ਨੂੰ ਮੱਥੇ ਨਾਲ ਲਾਇਆ।

ਚਾਨੂ ਨੇ 6 ਵਾਰ 'ਸਨੈਚ' ਅਤੇ 'ਕਲੀਨ ਜਰਕ' 'ਚ ਭਾਰ ਚੁੱਕਿਆ ਅਤੇ ਹਰ ਵਾਰ ਰਾਸ਼ਟਰ ਮੰਡਲ ਖੇਡਾਂ ਦਾ ਰਿਕਾਰਡ ਤੋੜਿਆ।

ਦੂਜੀ ਥਾਂ ਹਾਲਿਸ ਕਰਨ ਵਾਲੀ ਮੌਰੀਸ਼ੀਅਸ ਦੀ ਵੇਟਲਿਫਟਰ ਰਨਾਈਵੋਸੋਵਾ ਨੇ ਚਾਨੂ ਤੋਂ 26 ਕਿਲੋ ਘੱਟ ਭਾਰ ਚੁੱਕਿਆ।

ਜਿਵੇਂ ਹੀ ਚਾਨੂ ਨੂੰ ਪਤਾ ਲੱਗਾ ਕਿ ਉਨ੍ਹਾਂ ਸੋਨ ਤਮਗਾ ਪੱਕਾ ਹੋ ਗਿਆ ਹੈ, ਉਹ ਹੇਠਾਂ ਵੱਲ ਭੱਜੀ ਅਤੇ ਆਪਣੇ ਕੋਚ ਨੂੰ ਗਲ ਲਾ ਲਿਆ।

ਦਰਸ਼ਕਾਂ ਨੂੰ ਸਭ ਤੋਂ ਵਧ ਚਾਨੂ ਦੀ ਮਾਸੂਮੀਅਤ ਅਤੇ ਉਸ ਦੇ ਚਿਹਰੇ 'ਤੇ ਸਦਾ ਰਹਿਣ ਵਾਲੀ ਮੁਸਕਾਨ ਪਸੰਦ ਆਈ। ਉਨ੍ਹਾਂ ਨੇ ਚਾਨੂ ਨੂੰ 'ਸਟੈਡਿੰਗ ਓਵੇਸ਼ਨ' ਦਿੱਤਾ।

ਮੈਡਲ ਸੈਰੇਮਨੀ ਵਿੱਚ ਜਦੋਂ ਭਾਰਤ ਦਾ ਝੰਡਾ ਉਪਰ ਜਾ ਰਿਹਾ ਸੀ ਤਾਂ ਚਾਨੂ ਬਹੁਤ ਮੁਸ਼ਕਲ ਨਾਲ ਆਪਣੇ ਹੰਝੂ ਰੋਕ ਰਹੀ ਸੀ।

ਜਦੋਂ ਉਹ ਸੋਨ ਤਮਗਾ ਜਿੱਤਣ ਤੋਂ ਬਾਅਦ 'ਮਿਕਸਡ ਜ਼ੋਨ' 'ਚ ਆਈ ਤਾਂ ਆਸਟਰੇਲੀਅਨ ਟੀਵੀ ਦੇ ਪੱਤਰਕਾਰ ਚਾਨੂ ਦਾ ਇੰਟਰਵਿਊ ਲੈਣ ਪਹੁੰਚ ਗਏ।

ਚਾਨੂ ਨੂੰ ਉਸ ਦੇ ਅੰਗਰੇਜ਼ੀ ਵਿੱਚ ਪੁੱਛੇ ਗਏ ਸਵਾਲ ਸਮਝ ਨਹੀਂ ਆ ਰਹੇ ਸਨ।

ਮੈਂ ਅੱਗੇ ਵਧ ਕੇ ਉਨ੍ਹਾਂ ਸਵਾਲਾਂ ਅਤੇ ਚਾਨੂ ਦੇ ਜਵਾਬਾਂ ਦਾ ਤਰਜ਼ਮਾ ਕੀਤਾ। ਕੁਝ ਹੀ ਮਿੰਟਾਂ 'ਚ ਉਹ ਟੀਵੀ 'ਤੇ ਸੀ।

ਬਾਅਦ ਵਿੱਚ ਉਸ ਨੇ ਦੱਸਿਆ ਕਿ ਉਹ ਰਿਓ ਓਲੰਪਿਕਸ 'ਚ ਚੰਗਾ ਪ੍ਰਦਰਸ਼ਨ ਨਾ ਦਿਖਾਣ ਕਾਰਨ ਬੇਹੱਦ ਨਿਰਾਸ਼ ਸੀ ਅਤੇ ਸਾਬਤ ਕਰਨਾ ਚਾਹੁੰਦੀ ਸੀ ਕਿ ਉਸ 'ਚ ਭਾਰਤ ਲਈ ਤਮਗਾ ਲੈ ਕੇ ਆਉਣ ਜਾ ਜਜ਼ਬਾ ਹੈ।

ਇਸ ਜਿੱਤ ਨੂੰ ਚਾਨੂ ਨੇ ਆਪਣੇ ਪਰਿਵਾਰ ਵਾਲਿਆਂ, ਆਪਣੇ ਕੋਚ ਵਿਜੇ ਸ਼ਰਮਾ ਅਤੇ ਮਣੀਪੁਰ ਅਤੇ ਭਾਰਤ ਦੇ ਲੋਕਾਂ ਨੂੰ 'ਡੈਡੀਕੇਟ' ਕੀਤਾ।

ਮੀਰਾਬਾਈ ਚਾਨੂ ਦਾ ਅਗਲਾ ਮਕਸਦ ਹੈ ਜਕਾਰਤਾ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਅਤੇ ਟੋਕਿਓ ਓਲੰਪਿਕਸ 'ਚ ਭਾਰਤ ਲਈ ਸੋਨ ਤਮਗਾ ਜਿੱਤਣਾ।

ਸਾਈਨਾ ਨੇਹਵਾਲ ਨੂੰ ਗੁੱਸਾ ਕਿਉਂ ਆਉਂਦਾ ਹੈ?

ਸਾਇਨਾ ਨੇਹਵਾਲ ਇਸ ਗੱਲ ਤੋਂ ਕਾਫੀ ਨਰਾਜ਼ ਹੋਈ ਹੈ ਕਿ ਉਨ੍ਹਾਂ ਦੇ ਪਿਤਾ ਹਰਵੀਰ ਸਿੰਘ ਦਾ ਨਾਮ ਭਾਰਤੀ ਟੀਮ ਦੇ ਅਧਿਕਾਰੀਆਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ।

ਹੋਇਆ ਇਹ ਕਿ ਖੇਡ ਮੰਤਰਾਲੇ ਨੇ ਉਨ੍ਹਾਂ ਦੇ ਪਿਤਾ ਅਤੇ ਪੀਵੀ ਸਿੰਧੂ ਦੀ ਮਾਂ ਨੂੰ ਭਾਰਤੀ ਟੀਮ ਦਾ ਮੈਂਬਰ ਬਣਾਇਆ ਸੀ ਅਤੇ ਤੈਅ ਹੋਇਆ ਸੀ ਕਿ ਗੋਲਡ ਕੋਸਟ ਤੱਕ ਜਾਣ ਦਾ ਕਿਰਾਇਆ ਇਹ ਖੁਦ ਖਰਚਣਗੇ।

ਜਦੋਂ ਸਾਇਨਾ ਦੇ ਪਿਤਾ ਗੋਲਡ ਕੋਸਟ ਪਹੁੰਚੇ ਤਾਂ ਉਨ੍ਹਾਂ ਦਾ ਨਾਮ ਭਾਰਤੀ ਟੀਮ ਤੋਂ ਕੱਟਿਆ ਗਿਆ ਸੀ ਅਤੇ ਉਨ੍ਹਾਂ ਨੂੰ ਸੋਪਰਟਸ ਵਿਲੇਜ ਵਿੱਚ ਨਹੀਂ ਆਉਣ ਦਿੱਤਾ ਗਿਆ।

ਨਰਾਜ਼ ਸਾਇਨਾ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਪਿਤਾ ਦੇ ਨਾਲ ਰਹਿਣ ਨਾਲ ਉਨ੍ਹਾਂ ਦੋ ਹੌਂਸਲਾ ਬਣਿਆ ਰਹਿੰਦਾ ਹੈ।

ਹੁਣ ਨਾ ਤਾਂ ਉਹ ਮੇਰੇ ਮੈਚ ਦੇਖ ਸਕਦੇ ਹਨ ਅਤੇ ਨਾ ਹੀ ਸਪੋਰਟਸ ਵਿਲੇਜ ਦੇ ਅੰਦਰ ਜਾ ਸਕਦੇ ਹਨ।

ਇੱਥੋਂ ਤੱਕ ਕਿ ਉਹ ਮੈਨੂੰ ਮਿਲ ਵੀ ਨਹੀਂ ਸਕਦੇ, ਜੇਕਰ ਉਨ੍ਹਾਂ ਨੂੰ ਭਾਰਤੀ ਦਲ ਤੋਂ ਹਟਾ ਦਿੱਤਾ ਗਿਆ ਸੀ ਤਾਂ ਮੈਨੂੰ ਉਸ ਬਾਰੇ ਖ਼ਬਰ ਕਰਨੀ ਚਾਹੀਦੀ ਸੀ।

ਭਾਰਤ ਓਲੰਪਿਕ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਹਰਵੀਰ ਸਿੰਘ ਨੂੰ ਅਧਿਕਾਰੀਆਂ ਦੇ ਵਰਗ ਵਿੱਚ ਭਾਰਤੀ ਦਲ ਦੇ ਮੈਂਬਰ ਜਰੂਰ ਬਣਾਇਆ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਉਨ੍ਹਾਂ ਨੂੰ ਸਪੋਰਟਸ ਵਿਲੇਜ ਵਿੱਚ ਭਾਰਤੀ ਟੀਮ ਨਾਲ ਰਹਿਣ ਦਾ ਹੱਕ ਮਿਲ ਜਾਵੇਗਾ।

ਸਾਇਨਾ ਨੂੰ ਇਹ ਗੱਲ ਇਸ ਲਈ ਬੁਰੀ ਲੱਗੀ ਕਿ ਸਿੰਧੂ ਦੀ ਮਾਂ ਵਿਡਿਆ ਪੁਸਾਰਿਆ ਨੂੰ ਬਹੁਤ ਆਸਾਨੀ ਨਾਲ ਸਪੋਰਟਸ ਵਿਲੇਜ ਵਿੱਚ ਦਾਖ਼ਲਾ ਮਿਲ ਗਿਆ।

ਸਾਇਨਾ ਇੰਨੀ ਨਰਾਜ਼ ਹੋਈ ਕਿ ਉਨ੍ਹਾਂ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਚਿੱਠੀ ਲਿਖੀ ਕਿ ਜੇਕਰ ਉਨ੍ਹਾਂ ਦੇ ਪਿਤਾ ਨੂੰ ਸਪੋਰਟਸ ਵਿਲੇਜ ਵਿੱਚ ਰਹਿਣ ਦਾ ਮਨਜ਼ੂਰੀ ਨਹੀਂ ਮਿਲਦੀ ਤਾਂ ਉਹ ਇਨ੍ਹਾਂ ਰਾਸ਼ਟਰ ਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲਵੇਗੀ।

ਉਨ੍ਹਾਂ ਦੀ ਧਮਕੀ ਕੰਮ ਆਈ ਅਤੇ ਉਨ੍ਹਾਂ ਦੇ ਪਿਤਾ ਨੂੰ ਆਖ਼ਰਕਾਰ ਸਪੋਰਟਸ ਵਿਲੇਜ ਵਿੱਚ ਰਹਿਣ ਦੀ ਇਜਾਜ਼ਤ ਮਿਲ ਗਈ।

ਬਿਨਾਂ ਖੇਡਿਆ ਮਿਲਿਆ ਤਮਗਾ

ਕਦੇ ਤੁਸੀਂ ਸੁਣਿਆ ਹੈ ਕਿ ਰਾਸ਼ਟਰ ਮੰਡਲ ਖੇਡਾਂ ਵਰਗੇ ਵੱਡੇ ਮੁਕਾਬਲੇ ਵਿੱਚ ਕਿਸੇ ਨੂੰ ਬਿਨਾ ਖੇਡੇ ਹੀ ਤਮਗਾ ਮਿਲ ਗਿਆ ਹੋਵੇ?

ਜੀ ਹਾਂ, ਆਸਟਰੇਲੀਆ ਦੇ ਮੁੱਕੇਬਜ਼ ਟੇਲਾ ਰਾਬਰਟਸਨ ਨਾਲ ਅਜਿਹਾ ਹੀ ਹੋਇਆ ਹੈ।

ਔਰਤਾਂ ਦੇ 51 ਕਿੱਲੋ ਵਰਗ ਦੇ ਮੁਕਾਬਲੇ ਵਿੱਚ ਸਿਰਫ 7 ਮੁੱਕੇਬਾਜ ਹਿੱਸਾ ਲੈ ਰਹੀਆਂ ਹਨ।

19 ਸਾਲ ਦੀ ਟੇਲਾ ਨੂੰ ਅਗਲੇ ਰਾਊਂਡ ਵਿੱਚ ਬਾਈ ਮਿਲਿਆ।

ਇਸ ਦਾ ਮਤਲਬ ਇਹ ਹੋਇਆ ਕਿ ਉਹ ਬਿਨਾ ਲੜੇ ਹੀ ਸੈਮੀ ਫਾਈਨਲ 'ਚ ਪਹੁੰਚ ਗਈ।

ਮੁੱਕੇਬਾਜ਼ੀ ਦੇ ਨੇਮਾਂ ਮੁਤਾਬਕ ਸੈਮੀ-ਫਾਈਨਲ 'ਚ ਪਹੁੰਚਣ ਵਾਲੇ ਮੁੱਕੇਬਾਜ਼ ਨੂੰ ਕਾਂਸੀ ਤਮਗਾ ਮਿਲਣਾ ਤੈਅ ਹੁੰਦਾ ਹੈ।

ਮੁੱਕੇਬਾਜੀ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਅਤੇ ਟੇਲਾ ਰਾਬਰਟਸਨ ਬਿਨਾਂ ਕਿਸੇ ਨੂੰ ਇੱਕ ਮੁੱਕਾ ਮਾਰੇ ਤਮਗਾ ਮਿਲਣਾ ਵੀ ਤੈਅ ਹੋ ਚੁੱਕਿਆ ਹੈ।

ਰਾਬਰਟਸਨ ਆਸਟਰੇਲੀਆ ਵੱਲੋਂ ਲੜਨ ਵਾਲੀ ਸਭ ਤੋਂ ਨੌਜਵਾਨ ਮੁੱਕੇਬਾਜ਼ ਹੈ।

ਉਨ੍ਹਾਂ ਦੇ ਕੋਚ ਨੇ ਉਨ੍ਹਾਂ ਦਾ ਨਾਮ ਰੱਖਿਆ ਹੈ 'ਬੀਸਟ' ਯਾਨਿ ਜਾਨਵਰ।

ਇਹ ਪਹਿਲਾਂ ਮੌਕਾ ਨਹੀਂ ਹੈ ਕਿ ਕਿਸੇ ਨੂੰ ਬਿਨਾ ਲੜੇ ਹੀ ਖੇਡਾਂ ਵਿੱਚ ਤਮਗਾ ਮਿਲਣਾ ਤੈਅ ਹੋ ਗਿਆ ਹੈ।

ਸਾਲ 1686 ਵਿੱਚ ਵੀ ਜਦੋਂ ਕਈ ਅਫ਼ਰੀਕੀ ਦੇਸਾਂ ਨੇ ਰਾਸ਼ਟਰ ਮੰਡਲ ਖੇਡਾਂ ਜਾ ਵਿਰੋਧ ਕੀਤਾ ਸੀ ਤਾਂ ਮੁੱਕੇਬਾਜੀ ਦੇ 'ਸੁਪਰ ਹੈਵੀ ਵੇਟ' ਵਰਗ 'ਚ ਸਿਰਫ ਤਿੰਨ ਹੀ ਮੁੱਕੇਬਾਜਾਂ ਨੇ ਭਾਗ ਲਿਆ ਸੀ।

ਵੇਲਸ ਦੇ ਐਨੁਰਿਨ ਇਵਾਂਸ ਨੂੰ ਸਿੱਧੇ ਫਾਈਨਲ ਵਿੱਚ ਬਾਈ ਮਿਲੀ ਸੀ ਜਿੱਥੇ ਉਨ੍ਹਾਂ ਨੇ ਕੈਨੇਡਾ ਦੇ ਲੈਨਾਕਸ ਲੁਈਸ ਨੂੰ ਹਰਾਇਆ ਸੀ। ਉਸ ਨੂੰ ਕਹਿੰਦੇ ਹਨ ਨਸੀਬ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)