ਸਾਊਦੀ ਅਰਬ: 35 ਸਾਲ ਮਗਰੋਂ ਇੱਥੋਂ ਦੇ ਲੋਕ ਦੇਖਣਗੇ ਸਿਨੇਮਾ ਹਾਲ 'ਚ ਫ਼ਿਲਮ

35 ਸਾਲ ਬਾਅਦ ਸਾਊਦੀ ਅਰਬ ਵਿੱਚ ਪਹਿਲੀ ਵਾਰ ਸਿਨੇਮਾ ਹਾਲ ਵਿੱਚ ਫ਼ਿਲਮ ਦਿਖਾਏ ਜਾਣ ਦੀ ਸ਼ੁਰੂਆਤ ਹੋ ਰਹੀ ਹੈ। 18 ਅਪਰੈਲ ਨੂੰ ਇਸਦੀ ਸ਼ੁਰੂਆਤ ਐਕਸ਼ਨ ਫ਼ਿਲਮ 'ਬਲੈਕ ਪੈਂਥਰ' ਦੇ ਨਾਲ ਹੋ ਰਹੀ ਹੈ।

ਦੁਨੀਆਂ ਦੇ ਸਭ ਤੋਂ ਵੱਡੇ ਸਿਨੇਮਾ ਚੇਨ ਏਐਮਸੀ ਦੇ ਨਾਲ ਹੋਏ ਕਰਾਰ ਦੇ ਮੁਤਾਬਕ, ਅਗਲੇ ਪੰਜ ਸਾਲਾਂ ਤੱਕ ਸਾਊਦੀ ਅਰਬ ਦੇ 15 ਸ਼ਹਿਰਾਂ ਵਿੱਚ 40 ਸਿਨੇਮਾ ਹਾਲ ਖੇਲ੍ਹੇ ਜਾਣਗੇ।

1970 ਵਿੱਚ ਬੰਦ ਕੀਤੇ ਗਏ ਸਨ ਸਿਨੇਮਾ ਹਾਲ

ਇਸ ਨੂੰ ਸਾਊਦੀ ਅਰਬ ਵਿੱਚ ਮਨੋਰੰਜਨ ਦੀ ਇੰਡਸਟਰੀ ਨੂੰ ਵਾਪਸ ਲਿਆਉਣ ਲਈ ਪਿਛਲੇ 10 ਸਾਲਾਂ ਤੋਂ ਚਲ ਰਹੀਆਂ ਕੋਸ਼ਿਸ਼ਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਵਿਜ਼ਨ 2030 ਕ੍ਰਾਊਨ ਪ੍ਰਿੰਸ ਮੋਹੰਮਦ ਬਿਨ ਸਲਮਾਨ ਦੀ ਆਰਥਿਕ ਅਤੇ ਸਮਾਜਿਕ ਸੁਧਾਰ ਦੀ ਇੱਕ ਯੋਜਨਾ ਹੈ।

ਰੂੜੀਵਾਦੀ ਮੁਸਲਿਮ ਰਾਸ਼ਟਰ ਵਿੱਚ 1970 ਦੇ ਦਹਾਕੇ ਵਿੱਚ ਸਿਨੇਮਾ ਹਾਲ ਸਨ।

ਪਰ ਕੱਟੜਪੰਥੀ ਮੁਸਲਿਮ ਧਾਰਮਿਕ ਆਗੂਆਂ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

ਕੁਝ ਦਿਨਾਂ ਪਹਿਲਾਂ ਜਨਵਰੀ ਵਿੱਚ ਇੱਕ ਮੁਫ਼ਤੀ ਸ਼ੇਖ ਅਬਦੁਲ ਅਜ਼ੀਜ਼ ਅਲ-ਸ਼ੇਖ ਨੇ ਸਿਨੇਮਾ ਨਾਲ ਜੁੜੀਆਂ ਬੁਰਾਈਆਂ ਨੂੰ ਲੈ ਕੇ ਚੇਤਾਵਨੀ ਦਿੱਤੀ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਇਜਾਜ਼ਤ ਮਿਲੀ ਤਾਂ ਇਸ ਨਾਲ ਨੈਤਿਕਤਾ ਭ੍ਰਿਸ਼ਟ ਹੋ ਜਾਵੇਗੀ।

2030 ਤੱਕ 350 ਸਿਨੇਮਾ ਹਾਲ ਦਾ ਟੀਚਾ

ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਅਤੇ ਧਾਰਮਿਕ ਸੰਗਠਨ ਸੁੰਨੀ ਇਸਲਾਮ ਦੇ ਕੱਟੜ ਰੂਪ ਵਹਾਬੀ ਵਿਚਾਰਧਾਰਾ ਨੂੰ ਮੰਨਦੇ ਹਨ ਅਤੇ ਇਸਲਾਮੀ ਕਾਨੂੰਨ ਅਤੇ ਪਹਿਰਾਵੇ ਨੂੰ ਸਖ਼ਤੀ ਨਾਲ ਲਾਗੂ ਕਰਦੇ ਹਨ।

ਹਾਲਾਂਕਿ ਸਾਊਦੀ ਅਰਬ ਦੇ ਲੋਕ ਪੱਛਮੀ ਮੀਡੀਆ ਅਤੇ ਸੱਭਿਆਚਾਰ ਨੂੰ ਪਸੰਦ ਕਰਦੇ ਹਨ ਪਰ ਉਹ ਇਸ ਨੂੰ ਆਪਣੇ ਘਰਾਂ ਵਿੱਚ ਫ਼ੋਨ ਤੇ ਟੀਵੀ ਜ਼ਰੀਏ ਨਿਜੀ ਤੌਰ 'ਤੇ ਦੇਖਣਾ ਪਸੰਦ ਕਰਦੇ ਹਨ।

ਸਾਊਦੀ ਅਧਿਕਾਰੀ ਅਤੇ ਸਿਨੇਮਾ ਆਪਰੇਟਰ ਦੋਹਾਂ ਦਾ ਮੰਨਣਾ ਹੈ ਕਿ 2030 ਤੱਕ ਲਗਭਗ 350 ਥੀਏਟਰਾਂ ਜ਼ਰੀਏ ਸਲਾਨਾ ਟਿਕਟਾਂ ਦੀ ਵਿਕਰੀ ਵਿੱਚ 1 ਅਰਬ ਡਾਲਰ ਤੱਕ ਦਾ ਵਾਧਾ ਹੋ ਸਕਦਾ ਹੈ।

ਕੀ ਹੈ ਵਿਜ਼ਨ 2030?

ਪਹਿਲਾਂ ਸਿਨੇਮਾ ਦੀ ਸਕਰੀਨਿੰਗ ਰਾਜਧਾਨੀ ਦੇ ਕਿੰਗ ਅਬਦੁੱਲਾ ਫਾਇਨਾਂਸ਼ੀਅਲ ਡਿਸਟ੍ਰਿਕਟ ਵਿੱਚ ਹੋਵੇਗੀ।

ਇੱਕ ਸੂਤਰ ਨੇ ਰਾਇਟਰਸ ਨਿਊਜ਼ ਏਜੰਸੀ ਨੂੰ ਦੱਸਿਆ ਕਿ ਦਿਖਾਈ ਜਾਣ ਵਾਲੀ ਪਹਿਲੀ ਫ਼ਿਲਮ ਮਾਰਵਲ ਸਟੂਡੀਓ ਦੀ ਬਲਾਕਬਸਟਰ ਬਲੈਕ ਪੈਂਥਰ ਹੋਵੇਗੀ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਦਿਖਾਉਣ ਦੀ ਇਜਾਜ਼ਤ ਹੋਵੇਗੀ।

ਵਿਜ਼ਨ 2030 ਦਾ ਟੀਚਾ ਸਾਊਦੀ ਅਰਥਚਾਰੇ ਦੀ ਤੇਲ 'ਤੇ ਨਿਰਭਰਤਾ ਹਟਾਉਣ ਵਿੱਚ ਮਦਦ ਕਰਨਾ ਹੈ, ਨਵੀਆਂ ਨੌਕਰੀਆਂ ਦੇਣਾ ਅਤੇ ਵਿਦੇਸ਼ਾਂ ਦੀ ਥਾਂ ਪੈਸਾ ਆਪਣੇ ਘਰਾਂ ਵਿੱਚ ਖ਼ਰਚ ਕਰਨ ਦੀ ਵਜ੍ਹਾ ਦੇਣਾ ਹੈ।

ਫ਼ਿਲਹਾਲ ਅਮਰੀਕਾ ਵਿੱਚ ਨਿਵੇਸ਼ ਲਿਆਉਣ ਦੀ ਲਗਾਤਾਰ ਕੋਸ਼ਿਸ਼ ਵਿੱਚ ਲੱਗੇ 32 ਸਾਲਾ ਕ੍ਰਾਊਨ ਪ੍ਰਿੰਸ ਨੇ ਇਸ ਸਮਾਗਮ ਦੇ ਬਾਰੇ ਦੱਸਿਆ ਸੀ।

ਮਕਸਦ ਤੇਲ 'ਤੇ ਨਿਰਭਰ ਮੁਲਕ ਵਿੱਚ ਸੱਭਿਆਚਾਰਕ ਅਤੇ ਮੋਨਰੰਜਨ ਗਤੀਵਿਧੀਆਂ ਉੱਤੇ ਘਰੇਲੂ ਖ਼ਰਚ ਨੂੰ 2.9% ਤੋਂ ਵਧਾ ਕੇ 2030 ਤੱਕ 6% ਕਰਨ ਦਾ ਹੈ।

ਸਾਊਦੀ ਵਿੱਚ ਜੂਨ 2018 ਤੋਂ ਮਹਿਲਾਵਾਂ ਨੂੰ ਡਰਾਇਵਿੰਗ ਦੀ ਇਜਾਜ਼ਤ ਵੀ ਦਿੱਤੀ ਜਾਵੇਗੀ, ਰੁੜੀਵਾਦੀ ਧਾਰਮਿਕ ਆਗੂ ਇਸਦਾ ਵੀ ਵਿਰੋਧ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)