#SexEducation:ਸੈਕਸੂਅਲ ਬਿਮਾਰੀ ਦਾ ਸਭ ਤੋਂ ਗੰਭੀਰ ਮਾਮਲਾ ਸਾਹਮਣੇ ਆਇਆ

ਬ੍ਰਿਟੇਨ ਦਾ ਇੱਕ ਵਿਅਕਤੀ ਸੈਕਸੂਅਲ ਬਿਮਾਰੀ ਸੁਪਰ ਗੋਨੋਰੀਆ (ਸੂਜਾਕ) ਦੇ ਸਭ ਤੋਂ ਗੰਭੀਰ ਮਾਮਲੇ ਦਾ ਸ਼ਿਕਾਰ ਹੋ ਗਿਆ ਹੈ।

ਇਸ ਸ਼ਖ਼ਸ ਦੀ ਬਰਤਾਨੀਆ ਵਿੱਚ ਇੱਕ ਸਾਥਣ ਹੈ ਪਰ ਉਸ ਨੇ ਦੱਖਣੀ-ਪੂਰਬੀ ਏਸ਼ੀਆ ਦੀ ਯਾਤਰਾ ਦੌਰਾਨ ਇੱਕ ਔਰਤ ਨਾਲ ਸਬੰਧ ਬਣਾ ਲਏ ਸੀ, ਜਿਸ ਦੀ ਲਾਗ ਨਾਲ ਉਸ ਨੂੰ ਬਿਮਾਰੀ ਲੱਗ ਗਈ।

ਪਬਲਿਕ ਹੈਲਥ ਇੰਗਲੈਂਡ ਦਾ ਕਹਿਣਾ ਹੈ ਕਿ ਇਹ ਪਹਿਲਾ ਮਾਮਲਾ ਹੈ, ਜਿਸ ਨੂੰ ਐਂਟੀਬਾਇਓਟਿਕਸ ਨਾਲ ਠੀਕ ਨਹੀਂ ਕੀਤਾ ਜਾ ਸਕਦਾ।

ਸਿਹਤ ਹੁਣ ਇਸ ਵਿਅਕਤੀ ਦੀ ਕਿਸੇ ਹੋਰ ਸੰਭਾਵਿਤ ਸੈਕਸ ਪਾਰਟਨਰ ਦੀ ਭਾਲ ਕਰ ਰਹੇ ਹਨ ਤਾਂ ਕਿ ਇਸ ਬਿਮਾਰੀ ਦੀ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਇਸ ਪੁਰਸ਼ ਨੂੰ ਇਹ ਇਨਫੈਕਸ਼ਨ ਇਸੇ ਸਾਲ ਹੋਈ ਹੈ।

ਹੁਣ ਤੱਕ ਦਿੱਤਾ ਗਿਆ ਐਂਟੀਬਾਇਓਟਿਕ ਇਲਾਜ ਇਸ ਬਿਮਾਰੀ ਨੂੰ ਠੀਕ ਕਰਨ ਵਿੱਚ ਨਾਕਾਮ ਸਾਬਤ ਹੋਇਆ ਹੈ।

ਪਬਲਿਕ ਹੈਲਥ ਇੰਗਲੈਡ ਨਾਲ ਜੁੜੇ ਡਾ. ਗਵੇਂਡਾ ਹੱਗਸ ਕਹਿੰਦੇ ਹਨ, ''ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ਆਮ ਤੌਰ 'ਤੇ ਵਰਤਣ ਵਾਲੇ ਐਂਟੀਬਾਇਓਟਿਕ ਨਾਕਾਮ ਸਾਬਤ ਹੋ ਰਹੇ ਹਨ।''

ਵਿਸ਼ਵ ਸਿਹਤ ਸੰਗਠਨ ਅਤੇ ਯੂਰਪੀ ਸੈਂਟਰ ਫਾਰ ਡਿਸੀਜ਼ ਕੰਟਰੋਲ ਦਾ ਮੰਨਣਾ ਹੈ ਕਿ ਇਹ ਦੁਨੀਆਂ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ।

ਕੀ ਹਨ ਗੋਨੋਰੀਆ ਦੇ ਲੱਛਣ

ਇਹ ਬਿਮਾਰੀ ਨੀਸਸੀਰੀਆ ਗੋਨੋਰੀਆ ਨਾਂ ਦੇ ਇੱਕ ਬੈਕਟੀਰੀਆ ਨਾਲ ਹੁੰਦੀ ਹੈ।

ਇਹ ਇਨਫੈਕਸ਼ਨ ਅਸੁਰੱਖਿਅਤ ਸਰੀਰਕ ਸਬੰਧਾਂ, ਓਰਲ ਸੈਕਸ ਅਤੇ ਗੈਰ-ਕੁਦਰਤੀ ਸੈਕਸ ਕਾਰਨ ਫੈਲਦੀ ਹੈ।

ਜਿਨ੍ਹਾਂ ਲੋਕਾਂ ਨੂੰ ਇਹ ਇਨਫੈਕਸ਼ਨ ਹੁੰਦੀ ਹੈ, ਉਨ੍ਹਾਂ ਵਿੱਚੋਂ ਹਰ ਦਸ ਵਿੱਚੋਂ ਇੱਕ ਹੈਟਰੋਸੈਕਸੁਅਲ ਪੁਰਸ਼, ਤਿੰਨ ਚੌਥਾਈ ਤੋਂ ਵੱਧ ਔਰਤਾਂ, ਸਮਲਿੰਗੀ ਪੁਰਸ਼ਾਂ ਵਿੱਚ ਇਸ ਦੇ ਲੱਛਣ ਦਿਖਾਈ ਨਹੀਂ ਦਿੰਦੇ।

ਇਸ ਦੇ ਲੱਛਣਾਂ ਵਿੱਚ ਸੈਕਸ ਅੰਗਾਂ ਤੋਂ ਗੂੜ੍ਹੇ ਹਰੇ ਰੰਗ ਦੇ ਤਰਲ ਦਾ ਨਿਕਲਣਾ, ਪਿਸ਼ਾਬ ਕਰਨ ਦੌਰਾਨ ਦਰਦ ਹੋਣਾ ਅਤੇ ਔਰਤਾਂ ਵਿੱਚ ਮਾਹਵਾਰੀ ਦੇ ਦੋ ਅੰਤਰਾਲਾਂ ਵਿੱਚ ਖ਼ੂਨ ਦਾ ਨਿਕਲਣਾ ਸ਼ਾਮਲ ਹੈ।

ਜੇਕਰ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਾਂਝ ਬਣ ਸਕਦੀ ਹੈ, ਸੈਕਸ ਅੰਗਾਂ ਵਿੱਚ ਸੋਜਿਸ਼ ਅਤੇ ਜਲਣ ਹੋ ਸਕਦੀ ਹੈ ਅਤੇ ਗਰਭ ਦੌਰਾਨ ਇਹ ਬਿਮਾਰੀ ਬੱਚੇ ਵਿੱਚ ਵੀ ਪਹੁੰਚ ਸਕਦੀ ਹੈ।

ਸੁਪਰਬਗ ਨਾ ਬਣ ਜਾਵੇ...

ਜਿਸ ਪੁਰਸ਼ ਵਿੱਚ ਗੋਨੋਰੀਆ ਦਾ ਇਹ ਬੇਹੱਦ ਗੰਭੀਰ ਮਾਮਲਾ ਦੇਖਿਆ ਗਿਆ ਹੈ ਉਸ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਇੱਕ ਐਂਟੀਬਾਇਓਟਿਕ ਉਸ 'ਤੇ ਕੰਮ ਕਰ ਸਕਦਾ ਹੈ।

ਫਿਲਹਾਲ ਇਸ ਸ਼ਖ਼ਸ ਦਾ ਇਲਾਜ ਚੱਲ ਰਿਹਾ ਹੈ ਅਤੇ ਅਗਲੇ ਮਹੀਨੇ ਪਤਾ ਚੱਲ ਸਕੇਗਾ ਕਿ ਇਲਾਜ ਕਾਮਯਾਬ ਰਿਹਾ ਜਾਂ ਨਹੀਂ।

ਹੁਣ ਤੱਕ ਇਸ ਤਰ੍ਹਾਂ ਦਾ ਕੋਈ ਹੋਰ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪੀੜਤ ਪੁਰਸ਼ ਦੀ ਬਰਤਾਨਵੀ ਸੈਕਸ ਪਾਰਟਨਰ ਨੂੰ ਵੀ ਇਹ ਬਿਮਾਰੀ ਨਹੀਂ ਹੈ। ਸਿਹਤ ਵਿਭਾਗ ਦੀ ਜਾਂਚ ਚੱਲ ਰਹੀ ਹੈ।

ਡਾ. ਹੱਗਸ ਕਹਿੰਦੇ ਹਨ, ''ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੇ ਹਾਂ ਤਾਂਕਿ ਇਨਫੈਕਸ਼ਨ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ ਅਤੇ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।''

ਡਾਕਟਰ ਲੰਬੇ ਸਮੇਂ ਤੋਂ ਚੇਤਾਵਨੀ ਦੇ ਰਹੇ ਸੀ ਕਿ ਅਜਿਹੇ ਗੰਭੀਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ। ਇਹ ਡਰ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਇਨਫੈਕਸ਼ਨ ਸੁਪਰਬਗ ਬਣ ਜਾਵੇ ਅਤੇ ਇਸ 'ਤੇ ਐਂਟੀਬਾਇਓਟਿਕ ਪ੍ਰਭਾਵੀ ਨਾ ਰਹੇ।

ਬ੍ਰਿਟਿਸ਼ ਐਸੋਸੀਏਸ਼ਨ ਆਫ਼ ਸੈਕਸੁਅਲ ਹੈਲਥ ਐਂਡ ਐਚਆਈਵੀ ਦੇ ਪ੍ਰਧਾਨ ਡਾਕਟਰ ਓਲਵੇਨ ਵਿਲੀਅਮਜ਼ ਕਹਿੰਦੇ ਹਨ,'' ਐਂਟੀਬਾਇਓਟਿਕ ਨੂੰ ਬੇਅਸਰ ਸਾਬਤ ਕਰਨ ਵਾਲਾ ਗੋਨੋਰੀਆ ਦਾ ਇਹ ਮਾਮਲਾ ਚਿੰਤਾ ਦਾ ਮੁੱਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)