ਦਰਦਭਰੀ ਦਾਸਤਾਂ: ਪੈਨੀ ਦੀ ਪਰਵਾਜ਼ ਪਰਾਂ ਚ ਹੀ ਸਿਮਟ ਗਈ

'ਉਸ ਨੇ ਕਿਹਾ ਸੀ ਕਿ ਮੇਰਾ 27 ਮਾਰਚ ਨੂੰ ਘਰ ਆਉਣ ਦਾ ਪਲਾਨ ਹੈ ਉਹ ਆਈ ਪਰ ਮ੍ਰਿਤਕ ਦੇਹ ਬਣ ਕੇ ਤਿੰਰਗੇ ਵਿੱਚ।'

ਕੋਸਟ ਗਾਰਡ ਦੇ ਹੈਲੀਕਾਪਟਰ ਦੀ ਅਸਿਸਟੈਂਟ ਅਤੇ ਕੋ-ਪਾਇਲਟ ਪੈਨੀ ਚੌਧਰੀ ਦੀ ਭੈਣ ਰੂਪ ਨੇ ਕੁਝ ਦਿਨ ਪਹਿਲਾਂ ਹੋਈ ਫੋਨ 'ਤੇ ਗੱਲਬਾਤ ਨੂੰ ਸੇਜਲ ਅੱਖਾਂ ਨਾਲ ਦੱਸਿਆ।

ਪੈਨੀ ਚੌਧਰੀ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਵੀਰਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਹਰਿਆਣਾ ਦੇ ਕਰਨਾਲ ਦੀ 26 ਸਾਲਾ ਪੈਨੀ ਦਾ ਹੈਲੀਕਾਪਟਰ 10 ਮਾਰਚ ਨੂੰ ਰੁਟੀਨ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਨਾਲ ਡਿਪਟੀ ਕਮਾਡੈਂਟ ਬਲਵਿੰਦਰ ਸਿੰਘ ਅਤੇ ਗੋਤਾਖੋਰ ਸੰਦੀਪ ਅਤੇ ਬਲਜੀਤ ਵੀ ਸਵਾਰ ਸਨ।

ਉਹ 17 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ ਅਤੇ ਆਖ਼ਰ ਮੰਗਲਵਾਰ ਨੂੰ ਉਹ ਮੌਤ ਦੇ ਅੱਗੇ ਹਾਰ ਗਈ। ਪੈਨੀ ਦੇ ਘਰ ਉਸ ਦੇ ਪਿਤਾ ਗੁਰਮੀਤ ਸਿੰਘ, ਮਾਤਾ ਮਨਜੀਤ ਕੌਰ ਅਤੇ ਭੈਣ ਰੂਬਲ ਹਨ।

ਇੱਕ ਵਰਦੀ ਵਾਲੀ ਬਲਵਾਨ ਯੋਧਾ ਤੋਂ ਇਲਾਵਾ ਸਕੂਲ ਵਿੱਚ ਅਧਿਆਪਕਾਂ ਅਤੇ ਦੋਸਤਾਂ ਨੇ ਉਸ ਦੀ ਕਾਬਲੀਅਤ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਖੇਡ ਪ੍ਰੇਮਣ ਸੀ ਅਤੇ ਪੂਰੀ ਤਰ੍ਹਾਂ ਨਾਲ ਜ਼ਿੰਦਗੀ ਜਿਉਣਾ ਚਾਹੁੰਦੀ ਸੀ।

ਮਰਚੈਂਟ ਨੇਵੀ ਵਿੱਚ ਕੰਮ ਕਰਨ ਵਾਲੇ ਅਤੇ ਪੈਨੀ ਦੇ ਹਮਜਮਾਤੀ ਰਹਿ ਚੁੱਕੇ ਸ਼ੇਖਰ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਉਹ ਇੱਕ ਜ਼ਿੰਦਾਦਿਲ ਕੁੜੀ ਸੀ, ਜੋ ਤੇਜ਼ੀ ਨਾਲ ਹਰ ਚੀਜ਼ ਸਿੱਖਦੀ ਸੀ। ਉਹ ਸਿੱਖਿਆ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੀ ਸੀ।"

ਉਨ੍ਹਾਂ ਨੇ ਦੱਸਿਆ, "ਪੈਨੀ ਸਕੂਲ ਦੀ ਹਰੇਕ ਗਤੀਵਿਧੀ ਵਿੱਚ ਅੱਗੇ ਹੁੰਦੀ ਸੀ। ਉਹ 12ਵੀਂ ਪਾਸ ਕਰਨ ਤੋਂ ਬਾਅਦ ਹੈਲੀਕਾਪਟਰ ਦੇ ਕਮਰਸ਼ੀਅਲ ਪਾਇਲਟ ਦੇ ਲਾਈਸੈਂਸ ਕੋਰਸ ਲਈ ਐੱਚਏਐੱਲ ਬੈਂਗਲੌਰ ਚਲੀ ਗਈ ਸੀ ਅਤੇ ਉਥੋਂ ਹੀ ਉਹ ਐੱਸਐੱਸਬੀ 'ਚ ਪਹਿਲੀ ਵਾਰ ਪ੍ਰੀਖਿਆ ਪਾਸ ਕਰਕੇ ਕੋਸਟ ਗਾਰਡ ਵਿੱਚ ਦਾਖਲ ਹੋ ਗਈ।''

ਸ਼ੇਖਰ ਅੱਗੇ ਕਹਿੰਦੇ ਹਨ, "ਟੈਸਟ ਪਾਇਲਟ ਅਮਰਦੀਪ ਸਿੱਧੂ ਪੈਨੀ ਦੇ ਮਾਸੜ, ਉਸ ਦੇ ਰੋਲ ਮਾਡਲ ਸਨ ਅਤੇ ਉਨ੍ਹਾਂ ਤੋਂ ਹੀ ਪ੍ਰੇਰਿਤ ਹੋ ਕੇ ਪੈਨੀ ਨੇ ਪਾਇਲਟ ਬਣਨ ਦਾ ਫੈਸਲਾ ਲਿਆ ਸੀ।"

ਪੈਨੀ ਦੇ ਸਕੂਲ (ਕਰਨਾਲ ਦੇ ਨਿਸ਼ਾਨ ਪਬਲਿਕ) ਦੇ ਪ੍ਰਿੰਸੀਪਲ ਪੀਐੱਨ ਤਿਵਾੜੀ ਦਾ ਕਹਿਣਾ ਹੈ, "ਪੈਨੀ ਇੱਕ ਹੋਣਹਾਰ ਵਿਦਿਆਰਥਣ ਸੀ। ਉਸ ਦਾ ਖੇਡਣ ਦਾ ਸ਼ੌਕ, ਉਸ ਦੀ ਪੜ੍ਹਾਈ 'ਚ ਕਦੇ ਰੁਕਾਵਟ ਨਹੀਂ ਬਣਿਆ।''

"ਸਾਨੂੰ ਪੈਨੀ ਵਰਗੇ ਸਾਡੇ ਵਿਦਿਆਰਥੀਆਂ 'ਤੇ ਮਾਣ ਹੈ ਜੋ ਬਹਾਦਰੀ ਅਤੇ ਸਮਰਪਣ ਦੇ ਨਾਲ ਆਪਣਾ ਫਰਜ਼ ਨਿਭਾਉਣ ਵਿਚ ਸਫਲ ਰਹੇ।"

ਪੈਨੀ ਪਹਿਲਾਂ ਗੋਆ ਵਿੱਚ ਤਾਇਨਾਤ ਸੀ ਅਤੇ 3 ਮਹੀਨੇ ਪਹਿਲਾਂ ਹੀ ਉਸਦੀ ਮੁੰਬਈ ਵਿੱਚ ਬਦਲੀ ਹੋਈ ਸੀ। ਉਸ ਦੇ ਇੱਕ ਭਰਾ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੂੰ 'ਯੰਗੈਸਟ ਕੋਸਟ ਗਾਰਡ' ਨਾਲ ਨਿਵਾਜਿਆ ਗਿਆ ਸੀ।

ਗਣਤੰਤਰ ਦਿਵਸ ਮੌਕੇ ਵੀ ਉਨ੍ਹਾਂ ਨੂੰ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਹਿਲਾ ਸ਼ਸ਼ਕਤੀਕਰਨ ਦਾ ਐਵਾਰਡ ਦੇ ਕੇ ਸਨਮਾਨਤ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)