ਡੌਲਨਡ ਟਰੰਪ ਨੂੰ ਮਿਲਣ ਤੋਂ ਪਹਿਲਾਂ ਚੀਨ ਪਹੁੰਚੇ ਕਿਮ ਜੋਂਗ ਉਨ, ਸ਼ੀ ਜਿਨਪਿੰਗ ਨੂੰ ਮਿਲੇ

ਤਸਵੀਰ ਸਰੋਤ, STR/AFP/Getty Images
ਕਈ ਦਿਨਾਂ ਤੋਂ ਲਗਾਈਆਂ ਜਾ ਰਹੀਆਂ ਕਿਆਸਰਾਈਆਂ ਤੋਂ ਬਾਅਦ ਕਿਮ ਜੋਂਗ ਉਨ ਦੇ ਚੀਨ ਦੌਰੇ ਦੀ ਪੁਸ਼ਟੀ ਹੋ ਗਈ ਹੈ।
2011 ਵਿੱਚ ਉੱਤਰ ਕੋਰੀਆ ਦੀ ਸੱਤਾ ਸੰਭਾਲਣ ਤੋਂ ਬਾਅਦ ਕਿਮ ਦਾ ਇਹ ਪਹਿਲਾ ਵਿਦੇਸ਼ ਦੌਰਾ ਹੋਵੇਗਾ।
ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਨੇ ਖ਼ਬਰ ਦਿੱਤੀ ਕਿ ਰਾਜਧਾਨੀ ਬੀਜਿੰਗ ਵਿੱਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ ਹੈ।
ਉੱਤਰ ਕੋਰੀਆ ਦੀ ਅਗਵਾਈ ਨਾਲ ਜੋੜ ਕੇ ਦੇਖੀ ਜਾਣ ਵਾਲੀ ਟਰੇਨ ਦੇ ਚੀਨ ਵਿੱਚ ਦਿਖਣ ਤੋਂ ਬਾਅਦ ਇਸ ਗੱਲ ਦੇ ਕਿਆਸ ਲਗਾਏ ਜਾ ਰਹੇ ਸੀ ਕਿ ਉੱਤਰ ਕੋਰੀਆ ਦਾ ਨੇਤਾ ਬਣਨ ਤੋਂ ਬਾਅਦ 7 ਸਾਲਾਂ ਵਿੱਚ ਕਿਮ ਜੋਂਗ ਉਨ ਨੇ ਪਹਿਲੀ ਵਿਦੇਸ਼ ਯਾਤਰਾ ਕੀਤੀ ਹੈ।

ਤਸਵੀਰ ਸਰੋਤ, CCTV
ਕਿਮ ਜੋਂਗ ਉਨ ਦੀ ਇਹ ਯਾਤਰਾ ਉਨ੍ਹਾਂ ਦੇ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਿੱਚ ਪ੍ਰਸਤਾਵਿਤ ਮੁਲਾਕਾਤ ਤੋਂ ਪਹਿਲਾਂ ਹੋਈ ਹੈ।
ਉੱਤਰ ਕੋਰੀਆ ਆਪਣੇ ਮਿਸਾਇਲ ਅਤੇ ਪਰਮਾਣੂ ਪ੍ਰੋਗ੍ਰਾਮ ਨੂੰ ਲੈ ਕੇ ਅਮਰੀਕਾ ਨਾਲ ਗੱਲਬਾਤ ਕਰਨ ਜਾ ਰਿਹਾ ਹੈ।
ਚੀਨ ਸਭਿੱਅਕ ਰੂਪ ਤੋਂ ਉੱਤਰ ਕੋਰੀਆ ਦੀਆਂ ਗੱਲਬਾਤਾਂ ਵਿੱਚ ਸੂਤਰਧਾਰ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਪਰ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕਾ ਦੇ ਨਾਲ ਪ੍ਰਸਤਾਵਿਤ ਗੱਲਬਾਤ ਵਿੱਚ ਉਸਦੀ ਭੂਮਿਕਾ ਕੀ ਹੋਵੇਗੀ।
ਸ਼ੀ ਜਨਪਿੰਗ ਨੂੰ ਉੱਤਰ ਕੋਰੀਆ ਆਉਣ ਦਾ ਸੱਦਾ
ਆਪਣੀ ਰਿਪੋਰਟ ਵਿੱਚ ਖ਼ਬਰ ਏਜੰਸੀ ਸ਼ਿਨਹੁਆ ਨੇ ਕਿਹਾ ਕਿ ਕਿਮ ਜੋਂਗ ਉਨ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਭਰੋਸਾ ਦੁਆਇਆ ਕਿ ਉਹ ਪਰਮਾਣੂ ਸ਼ਕਤੀ ਘਟਾਉਣ ਲਈ ਵਚਨਬੱਧ ਹਨ।
ਰਿਪੋਰਟ ਮੁਤਾਬਕ ਕਿਮ ਨੇ ਕਿਹਾ, ''ਕੋਰੀਆਈ ਪ੍ਰਾਇਦੀਪ ਨੂੰ ਪਰਮਾਣੂ ਹਥਿਆਰ ਮੁਕਤ ਕਰਨ ਦਾ ਮੁੱਦਾ ਹੱਲ ਹੋ ਸਕਦਾ ਹੈ ਜੇਕਰ ਦੱਖਣੀ ਕੋਰੀਆ ਅਤੇ ਅਮਰੀਕਾ ਆਪਣੀ ਸਦਭਾਵਨਾ ਨਾਲ ਸਾਡੀ ਕੋਸ਼ਿਸ਼ਾਂ ਦਾ ਜਵਾਬ ਦੇਵੇ, ਕ੍ਰਮਿਕ ਅਤੇ ਸਮਕਾਲੀ ਹੱਲ ਦੇ ਨਾਲ ਸੁਲਾਹ ਲਈ ਸ਼ਾਂਤੀ ਅਤੇ ਸਥਿਰਤਾ ਦਾ ਮਾਹੌਲ ਤਿਆਰ ਕਰੇ।''

ਤਸਵੀਰ ਸਰੋਤ, AFP
ਅਮਰੀਕਾ ਦੇ ਨਾਲ ਹਾਲ ਹੀ ਦਿਨਾਂ ਵਿੱਚ ਤਣਾਅ ਵਧਣ ਦਾ ਮੁੱਖ ਕਾਰਨ ਉੱਤਰ ਕੋਰੀਆ ਦੇ ਪਰਮਾਣੂ ਅਤੇ ਮਿਸਾਇਲ ਪ੍ਰੋਗ੍ਰਾਮ ਰਹੇ ਹਨ।
ਉੱਤਰ ਕੋਰੀਆ ਦੀ ਕੇਸੀਐਨਏ ਸਮਾਚਾਰ ਏਜੰਸੀ ਨੇ ਉੱਤਰ ਕੋਰੀਆ ਦੇ ਖ਼ਾਸ ਸਹਿਯੋਗੀ ਚੀਨ ਦੇ ਨਾਲ ਦੁਤਰਫ਼ੇ ਸਬੰਧਾਂ ਵਿੱਚ ਸੁਧਾਰ ਦੇ ਲਈ ਇਸ ਯਾਤਰਾ ਨੂੰ 'ਇਤਿਹਾਸਕ' ਦੱਸਿਆ ਹੈ।
ਇਹ ਵੀ ਕਿਹਾ ਗਿਆ ਕਿ ਇਸ ਦੌਰਾਨ ਸ਼ੀ ਜਨਪਿੰਗ ਨੇ ਉੱਤਰ ਕੋਰੀਆ ਆਉਣ ਦਾ ਸੱਦਾ ਵੀ ਸਵੀਕਾਰ ਕੀਤਾ ਹੈ।
ਰਿਪੋਰਟ ਮੁਤਾਬਕ ਕਿਮ ਆਪਣੀ ਪਤਨੀ ਰੀ ਸੋਲ ਜੂ ਦੇ ਨਾਲ ਐਤਵਾਰ ਤੋਂ ਬੁੱਧਵਾਰ ਤੱਕ ਇਸ ਦੌਰੇ 'ਤੇ ਹੈ।
ਉੱਤਰ ਅਤੇ ਦੱਖਣੀ ਕੋਰੀਆ ਦੀ ਸਾਲ ਦੀ ਸ਼ੁਰੂਆਤ ਅਤੇ ਸ਼ੀਤਕਾਲੀਨ ਓਲੰਪਿਕ ਦੇ ਦੌਰਾਨ ਆਪਣੇ ਸਬੰਧਾਂ ਨੂੰ ਸੁਧਾਰਣ ਦੀ ਕੋਸ਼ਿਸ਼ ਤੋਂ ਬਾਅਦ ਇਹ ਯਾਤਰਾ ਹਾਲ ਦੇ ਹਫ਼ਤੇ ਵਿੱਚ ਅਚਾਨਕ ਵਧੀ ਕੂਟਨੀਤੀਕ ਗਤੀਵਿਧੀਆਂ ਵਿੱਚ ਸਭ ਤੋਂ ਤਾਜ਼ਾ ਹੈ।
ਫਰਵਰੀ ਦੇ ਮਹੀਨੇ ਵਿੱਚ ਡੌਨਲਡ ਟਰੰਪ ਨੇ ਕਿਮ ਜੋਂਗ ਉਨ ਨਾਲ ਮੁਲਾਕਾਤ ਦੇ ਸੱਦੇ ਨੂੰ ਸਵੀਕਾਰ ਕਰ ਲਿਆ ਸੀ।
ਜੇਕਰ ਇਹ ਗੱਲਬਾਤ ਹੁੰਦੀ ਹੈ ਤਾਂ ਟਰੰਪ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ ਜਿਹੜੇ ਇੱਕ ਉੱਤਰ ਕੋਰੀਆਈ ਨੇਤਾ ਨਾਲ ਮੁਲਾਕਾਤ ਕਰਨਗੇ।












