ਕੀ ਕਹਿੰਦੀ ਹੈ ਰੂਸ ਦੇ ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਰਿਪੋਰਟ?

ਐਤਵਾਰ ਨੂੰ ਹੋਏ ਰੂਸ ਦੇ ਹਵਾਈ ਜਹਾਜ਼ ਹਾਦਸੇ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਪੀਡ ਸੈਂਸਰਜ਼ ਵਿੱਚ ਬਰਫ਼ ਜੰਮਣਾ ਹਾਦਸੇ ਦੀ ਵਜ੍ਹਾ ਹੋ ਸਕਦਾ ਹੈ।

ਰੂਸ ਦੀ ਸਰਕਾਰੀ ਹਵਾਬਾਜ਼ੀ ਕਮੇਟੀ ਅਨੁਸਾਰ ਸਪੀਡ ਸੈਂਸਰਜ਼ ਵੱਲੋਂ ਰਫ਼ਤਾਰ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੋ ਸਕਦੀ ਹੈ।

700 ਤੋਂ ਜ਼ਿਆਦਾ ਲੋਕ ਸਰਚ ਆਪਰੇਸ਼ਨ ਵਿੱਚ ਲੱਗੇ ਹੋਏ ਹਨ। ਪੀੜਤਾਂ ਦੇ ਰਿਸ਼ਤੇਦਾਰਾਂ ਦੇ ਡੀ ਐੱਨ ਏ ਸੈਂਪਲ ਵੀ ਲਏ ਜਾ ਰਹੇ ਹਨ ਤਾਂ ਜੋ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਸਕੇ।

ਰੂਸੀ ਯਾਤਰੀ ਜਹਾਜ਼ ਜੋ 71 ਲੋਕਾਂ ਨੂੰ ਲੈ ਕੇ ਜਾ ਰਿਹਾ ਸੀ ਉਹ ਐਤਵਾਰ ਨੂੰ ਮਾਸਕੋ ਏਅਰਪੋਰਟ ਤੋਂ ਉਡਾਣ ਭਰਦਿਆਂ ਹੀ ਕੁਝ ਮਿੰਟਾਂ ਵਿੱਚ ਕਰੈਸ਼ ਹੋ ਗਿਆ ਹੈ। ਇਸ ਹਾਦਸੇ ਵਿੱਚ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਸੀ।

ਸਾਰਾਤੋਵ ਏਅਰਲਾਈਂਸ ਦਾ ਹਵਾਈ ਜਹਾਜ਼ 'ਏਐਨ-148' ਮਾਸਕੋ ਤੋਂ 80 ਕਿਲੋਮੀਟਰ ਦੱਖਣ-ਪੂਰਬ ਵੱਲ ਪਿੰਡ ਅਰਗੁਨੋਵੋ ਨੇੜੇ ਕਰੈਸ਼ ਹੋਇਆ ਹੈ।

ਸਥਾਨਕ ਸਾਰਾਤੋਵ ਏਅਰਲਾਈਨਜ਼ ਦੇ 'ਏਐਨ-148' ਹਵਾਈ ਜਹਾਜ਼ ਨੇ ਯੂਰਲਸ ਦੇ ਸ਼ਹਿਰ ਓਰਸਕ ਲਈ ਉਡਾਣ ਭਰੀ ਸੀ।

ਰੂਸ ਦਾ ਹਵਾਈ ਸੁਰੱਖਿਆ ਦਾ ਰਿਕਾਰਡ

ਬੀਤੇ ਕੁਝ ਸਾਲਾਂ ਵਿੱਚ ਰੂਸੀ ਏਅਰਲਾਈਂਸ ਦੇ ਦੋ ਵੱਡੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਹਨ।

  • 25 ਦਸੰਬਰ, 2016 ਨੂੰ ਏ ਟੂ ਮਿਲਟਰੀ ਏਅਰਲਾਈਨਰ ਬਲੈਕ ਸੀ ਵਿੱਚ ਕਰੈਸ਼ ਹੋਇਆ ਸੀ। ਇਸ ਹਾਦਸੇ ਵਿੱਚ 92 ਲੋਕਾਂ ਦੀ ਮੌਤ ਹੋਈ ਸੀ। ਇਸ ਹਾਦਸੇ ਲਈ ਪਾਇਲਟ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।
  • 31 ਅਕਤੂਬਰ, 2015 ਨੂੰ ਰੂਸੀ ਏਅਰਬਸ ਏ-321 ਹਵਾਈ ਜਹਾਜ਼ ਮਿਸਰ ਦੇ ਸਿਨਾਏ ਵਿੱਚ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਸ ਹਾਦਸੇ ਵਿੱਚ 225 ਯਾਤਰੀਆਂ ਦੀ ਮੌਤ ਹੋਈ ਸੀ। ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਸ ਫਲਾਈਟ ਵਿੱਚ ਬੰਬ ਲਾਇਆ ਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)