ਕਦੇ ਦੇਖੇ ਹਨ ਤੁਸੀਂ ਊਠਾਂ ਦੇ ਸੁੰਦਰਤਾ ਮੁਕਾਬਲੇ? ਜੇ ਨਹੀਂ ਤਾਂ ਦੇਖੋ ਇਹ ਵੀਡੀਓ

ਤਸਵੀਰ ਸਰੋਤ, FAYEZ NURELDINE/AFP/Getty Images
ਸਾਊਦੀ ਅਰਬ 'ਚ 12 ਇਨਾਮ ਜੇਤੂ ਊਠਾਂ ਨੂੰ ਸੁੰਦਰਤਾ ਮੁਕਾਬਲੇ 'ਚ ਦਾਖ਼ਲ ਹੋਣ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ ਕਿਉਂਕਿ ਉਸ ਦੇ ਮਾਲਕ ਨੇ ਉਸ ਦੀ ਦਿੱਖ ਨੂੰ ਬੋਟੋਕਸ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਸੀ।
ਹਜ਼ਾਰਾਂ ਊਠਾਂ ਨੂੰ ਬਾਦਸ਼ਾਹ ਅਬਦੁਲਅਜ਼ੀਜ਼ ਊਠ ਮੇਲੇ ਦੌਰਾਨ ਘੁੰਮਾਇਆ ਜਾਂਦਾ ਹੈ ਅਤੇ ਉਨ੍ਹਾਂ ਦਾ ਬੁੱਲ੍ਹਾਂ ਅਤੇ ਕੁੱਬ ਦੇ ਆਧਾਰ 'ਤੇ ਨਰੀਖਣ ਕੀਤਾ ਜਾਂਦਾ ਹੈ।
ਜੱਜਾਂ ਨੂੰ ਉਸ ਵੇਲੇ ਦਖ਼ਲ ਦੇਣਾ ਪਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁਝ ਮਾਲਕ ਨਕਦ ਇਨਾਮ ਜਿੱਤਣ ਲਈ ਧੋਖਾ ਕਰ ਰਹੇ ਹਨ।
ਇਸ ਮੇਲੇ, ਜਿਸ ਵਿੱਚ ਊਠਾਂ ਦੀ ਦੌੜ ਅਤੇ ਦੁੱਧ ਦਾ ਨਰੀਖਣ ਵੀ ਕੀਤਾ ਜਾਂਦਾ ਹੈ, ਵਿੱਚ ਤਿੰਨ ਅਰਬ ਰੁਪਏ ਤੋਂ ਵੱਧ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ।
ਅਲੀ ਅਲ ਮਜ਼ਰੋਈ, ਜੋ ਕਿ ਇੱਕ ਚੋਟੀ ਦੇ ਏਮਰਾਤੀ ਊਠਾਂ ਦੇ ਮਾਲਕ ਦਾ ਪੁੱਤਰ ਹੈ, ਨੇ ਖ਼ਬਰਾਂ ਦੀ ਵੈੱਬਸਾਈਟ 'ਦਿ ਨੇਸ਼ਨ' ਨੂੰ ਦੱਸਿਆ ਕਿ ਬੁੱਲ੍ਹਾਂ, ਨੱਕ ਅਤੇ ਜਬਾੜੇ 'ਤੇ ਬੋਟੋਕਸ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ, "ਇਸ ਨਾਲ ਸਿਰ ਫੁਲਵਾਂ ਲਗਦਾ ਹੈ। ਜਦੋਂ ਊਠ ਆਉਂਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਦੇਖੋ ਸਿਰ ਕਿਨ੍ਹਾਂ ਵੱਡਾ ਹੈ ਅਤੇ ਇਸ ਦੇ ਬੁੱਲ੍ਹ ਏਤੇ ਨੱਕ ਵੀ ਵੱਡੇ ਹਨ।"
ਜੱਜ ਵੀ ਵਧੀਆ ਕੁੱਬ, ਵੱਡੇ ਮੂੰਹ ਅਤੇ ਸੋਹਣੇ ਸਰੀਰ ਦੀ ਭਾਲ ਵਿੱਚ ਹੁੰਦੇ ਹਨ।
ਇਸ ਮੇਲੇ ਬਾਰੇ ਸਾਊਦੀ ਮੀਡੀਆ ਨੇ ਰਿਪੋਰਟ ਕੀਤਾ ਹੈ ਕਿ ਵੈਟਨਰੀ ਡਾਕਟਰ ਊਠਾਂ ਦੀ ਪਲਾਸਟਿਕ ਸਰਜਰੀ ਕਰਦੇ ਹੋਏ ਫੜੇ ਜਾ ਚੁੱਕੇ ਹਨ।
ਇਸ ਵਿੱਚ ਬੋਟੋਕਸ ਦੇ ਟੀਕੇ ਅਤੇ ਕੰਨਾਂ ਦੇ ਆਕਾਰ ਨੂੰ ਘਟਾਉਣਾ ਵੀ ਸ਼ਾਮਲ ਹੈ।

ਤਸਵੀਰ ਸਰੋਤ, Reuters
ਸਾਊਦੀ ਸਰਕਾਰ ਇਸ ਮੇਲੇ ਨੂੰ ਕਾਫ਼ੀ ਗੰਭੀਰਤਾ ਨਾਲ ਲੈਂਦੀ ਹੈ ਅਤੇ ਮੁੱਖ ਜੱਜ ਫਜ਼ਾਨ ਅਲ-ਮਾਦੀ ਦਾ ਕਹਿਣਾ ਹੈ ਕਿ "ਊਠ ਸਾਊਦੀ ਅਰਬ ਦਾ ਪ੍ਰਤੀਕ" ਹਨ।
ਜ਼ਿਕਰਯੋਗ ਹੈ ਕਿ ਊਠਾਂ ਦਾ ਸੁੰਦਰਤਾ ਮੁਕਾਬਲਾ ਸਭ ਤੋਂ ਪਹਿਲਾਂ ਸਾਲ 2000 ਵਿੱਚ ਹੋਇਆ ਸੀ।













