'ਮੇਰਾ ਸਰੀਰਕ ਸ਼ੋਸ਼ਣ ਕੀਤਾ ਗਿਆ ਜਦੋਂ ਮੇਰੇ ਦੁੱਧ ਦੇ ਦੰਦ ਵੀ ਨਹੀਂ ਸੀ ਟੁੱਟੇ'

ਤਸਵੀਰ ਸਰੋਤ, Getty Images
ਸਾਬਕਾ ਓਲੰਪਿਕ ਡਾਕਟਰ ਲੈਰੀ ਨਸਾਰ ਨੂੰ ਮਿਸ਼ੀਗਨ ਦੀ ਇੱਕ ਅਦਾਲਤ ਵੱਲੋਂ ਕਈ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਨੈਰੀ ਨੂੰ 175 ਸਾਲ ਦੀ ਸਜ਼ਾ ਸੁਣਾਈ ਹੈ।
ਬੀਬੀਸੀ ਪੱਤਰਕਾਰ ਰਜਨੀ ਵੈਦਿਆਨਾਥਨ ਅਤੇ ਰੋਲਾਂਡ ਹਿਊਜ਼ ਉਸ ਵੇਲੇ ਅਦਾਲਤ ਵਿੱਚ ਹਾਜ਼ਰ ਸਨ। ਉਨ੍ਹਾਂ ਦੋਵਾਂ ਨੇ ਪੀੜਤਾਂ ਦੀ ਇੱਕ ਅਨੋਖੀ ਸੁਣਵਾਈ ਸੁਣੀ।
156 ਔਰਤਾਂ---ਇਨ੍ਹਾਂ ਵਿੱਚ ਭੈਣਾਂ, ਧੀਆਂ ਤੇ ਓਲੰਪੀਅਨਜ਼ ਸ਼ਾਮਲ ਹਨ।
ਸਾਰਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਇੱਕੋ ਸ਼ਖਸ ਨੇ ਸਰੀਰਕ ਸ਼ੋਸ਼ਣ ਕੀਤਾ। ਉਹ ਸ਼ਖਸ ਸੀ ਯੂਐੱਸਏ ਦੀ ਕੌਮੀ ਜਿਮਨਾਸਟਿਕ ਟੀਮ ਦਾ ਡਾਕਟਰ ਲੈਰੀ ਨਸਾਰ।
ਪੀੜਤਾਂ ਨੇ ਕੱਢਿਆ ਗੁਬਾਰ
7 ਦਿਨਾਂ ਤੱਕ ਇੱਕ-ਇੱਕ ਕਰਕੇ ਸਾਰਿਆਂ ਨੂੰ ਨਸਾਰ ਨਾਲ ਆਹਮੋ-ਸਾਹਮਣਾ ਕਰਨ ਦਾ ਅਜਿਹਾ ਮੌਕਾ ਮਿਲਿਆ, ਜੋ ਸ਼ਾਇਦ ਸਰੀਰਕ ਸ਼ੋਸ਼ਣ ਦੇ ਟਾਵੇਂ-ਟਾਵੇਂ ਪੀੜਤ ਨੂੰ ਹੀ ਮਿਲਦਾ ਹੈ।
ਪਹਿਲਾਂ ਹੀ ਨਸਾਰ ਨੂੰ 10 ਮਾਮਲਿਆਂ ਵਿੱਚ ਇਲਾਜ ਕਰਨ ਦੇ ਨਾਂ 'ਤੇ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਜਾ ਚੁੱਕਾ ਹੈ।
ਇਨ੍ਹਾਂ 156 ਔਰਤਾਂ ਵਿੱਚੋਂ ਕਾਈਲ ਸਟੀਫਨਜ਼ ਆਪਣੀ ਕਹਾਣੀ ਦੱਸਣ ਵਾਲੀ ਪਹਿਲੀ ਔਰਤ ਸੀ।

ਤਸਵੀਰ ਸਰੋਤ, Getty Images
ਕਈ ਸਾਲਾਂ ਤੋਂ ਕਾਈਲ ਨੂੰ ਪੀੜਤ ZA ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਬੀਤੇ ਮੰਗਲਵਾਰ ਨੂੰ ਉਸ ਨੇ ਜੱਜ ਰੋਜ਼ਮੈਰੀ ਐਕਿਊਲੀਨਾ ਦੇ ਸਾਹਮਣੇ ਆਪਣੀ ਪਛਾਣ ਦੱਸੀ।
ਕਾਈਲ ਨੂੰ ਆਪਣੀ ਪਛਾਣ ਲੁਕਾਉਣ ਦਾ ਪੂਰਾ ਹੱਕ ਸੀ ਪਰ ਉਹ ਸਭ ਦੇ ਸਾਹਮਣੇ ਆ ਕੇ ਦੱਸਣਾ ਚਾਹੁੰਦੀ ਸੀ ਕਿ ਕਿਵੇਂ ਨਸਾਰ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ।
ਆਪਣੀ ਗਵਾਹੀ ਤੋਂ ਬਾਅਦ ਕਾਈਲ ਨੇ ਬੀਬੀਸੀ ਨੂੰ ਦੱਸਿਆ, "ਮੈਂ ਬੋਲਣ ਲਈ ਤਿਆਰ ਸੀ। ਆਪਣੀ ਕਹਾਣੀ ਨੂੰ ਸ਼ੁਰੂ ਤੋਂ ਅਖੀਰ ਤੱਕ ਦੱਸਣਾ ਮੈਨੂੰ ਹਿੰਮਤ ਦੇਣ ਵਾਲਾ ਸੀ।''

ਤਸਵੀਰ ਸਰੋਤ, kyle stephens
ਕਈ ਦਹਾਕਿਆਂ ਤੋਂ ਨਸਾਰ ਔਰਤਾਂ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ ਪਰ ਉਹ ਕਾਈਲ ਦੀ ਹੀ ਪਹਿਲੀ ਫੋਨ ਕਾਲ ਸੀ ਜਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਵਾਇਆ।
ਬਾਕੀ ਔਰਤਾਂ ਵਾਂਗ ਕਾਈਲ ਜਿਮਨਾਸਟ ਦੀ ਖਿਡਾਰਨ ਨਹੀਂ ਸੀ ਅਤੇ ਨਾਂ ਹੀ ਉਹ ਨਸਾਰ ਕੋਲ ਮਰੀਜ਼ ਸੀ। ਉਸ ਦੇ ਮਾਤਾ-ਪਿਤਾ ਦਾ ਨਸਾਰ ਦੇ ਪਰਿਵਾਰ ਨਾਲ ਚੰਗਾ ਮੇਲ-ਜੋਲ ਸੀ।
'ਮੇਰੇ ਦੁੱਧ ਦੇ ਦੰਦ ਵੀ ਨਹੀਂ ਟੁੱਟੇ ਸੀ'
ਕਾਈਲ ਜਿਵੇਂ ਹੀ ਅਦਾਲਤ ਵਿੱਚ ਗਵਾਹੀ ਦੇਣ ਲਈ ਖੜ੍ਹੀ ਹੋਈ, ਉਸ ਦੇ ਬਚਪਨ ਦੀਆਂ ਤਸਵੀਰਾਂ ਸਕਰੀਨ 'ਤੇ ਦਿਖਾਈਆਂ ਗਈਆਂ।
ਕਾਈਲ ਨੇ ਦੱਸਿਆ, "ਉਸ ਨੇ ਮੇਰਾ ਉਸ ਵੇਲੇ ਸਰੀਰਕ ਸ਼ੋਸ਼ਣ ਕੀਤਾ ਜਦੋਂ ਮੇਰੇ ਦੁੱਧ ਦੇ ਦੰਦ ਵੀ ਨਹੀਂ ਟੁੱਟੇ ਸੀ।''
ਸ਼ੁਰੂ ਵਿੱਚ ਨਸਾਰ ਕਾਈਲ ਦੇ ਸਾਹਮਣੇ ਕੱਪੜੇ ਉਤਾਰ ਦਿੰਦਾ ਸੀ। ਫਿਰ ਉਸ ਨੇ ਕਾਈਲ ਦੇ ਸਾਹਮਣੇ ਹੱਥਮੈਥੂਨ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਸ ਨੇ ਕਾਈਲ ਦਾ ਸਰੀਰਕ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ।
ਇਸ ਸਭ ਕਰਨ ਵੇਲੇ ਦੋਹਾਂ ਦੇ ਪਰਿਵਾਰ ਇੱਕੋ ਘਰ ਵਿੱਚ ਮੌਜੂਦ ਸੀ।
12 ਸਾਲ ਦੀ ਉਮਰ ਵਿੱਚ ਕਾਈਲ ਨੇ ਆਪਣੇ ਮਾਤਾ ਪਿਤਾ ਨੂੰ ਨਸਾਰ ਵੱਲੋਂ ਕੀਤੇ ਜਾਂਦੇ ਸਰੀਰਕ ਸ਼ੋਸ਼ਣ ਬਾਰੇ ਦੱਸਿਆ ਪਰ ਨਸਾਰ ਸਾਫ਼ ਮੁਕਰ ਗਿਆ। ਕਾਈਲ ਦੇ ਮਾਤਾ-ਪਿਤਾ ਨੇ ਵੀ ਉਸ ਦਾ ਭਰੋਸਾ ਨਾ ਕੀਤਾ ਤੇ ਉਸ ਨੂੰ ਨਸਾਰ ਤੋਂ ਮੁਆਫ਼ੀ ਮੰਗਣ ਲਈ ਕਿਹਾ।

ਤਸਵੀਰ ਸਰੋਤ, Getty Images
ਸੁਣਵਾਈ ਤੋਂ ਬਾਅਦ ਕਾਈਲ ਨੇ ਬੀਬੀਸੀ ਨੂੰ ਦੱਸਿਆ, "ਉਸ ਨੇ ਮੈਨੂੰ ਜਲਦੀ ਵੱਡਾ ਹੋਣ ਲਈ ਮਜਬੂਰ ਕੀਤਾ। ਪਹਿਲਾਂ ਤੁਹਾਨੂੰ ਕੁਝ ਪਤਾ ਨਹੀਂ ਲੱਗਦਾ, ਜਿਵੇਂ ਤੁਸੀਂ ਵੱਡੇ ਹੁੰਦੇ ਹੋ, ਤੁਹਾਨੂੰ ਇਸ ਨੀਚ ਹਰਕਤ ਬਾਰੇ ਪਤਾ ਲਗਦਾ ਹੈ।''
ਕਾਈਲ ਗਵਾਹੀ ਲਈ ਆਪਣੀ ਮਾਂ ਦੇ ਨਾਲ ਅਦਾਲਤ ਵਿੱਚ ਖੜ੍ਹੀ ਸੀ। ਉਸ ਨੇ ਜੱਜ ਤੋਂ ਨਸਾਰ ਨੂੰ ਸੰਬੋਧਨ ਕਰਕੇ ਗਵਾਹੀ ਦੇਣ ਦੀ ਇਜਾਜ਼ਤ ਮੰਗੀ ਜੋ ਮੰਨ ਲਈ ਗਈ।
'ਕੁੜੀਆਂ ਹਮੇਸ਼ਾ ਛੋਟੀਆਂ ਨਹੀਂ ਰਹਿੰਦੀਆਂ'
ਕਾਈਲ ਨੇ ਨਸਾਰ ਨੂੰ ਯਾਦ ਦਿਵਾਇਆ ਕਿ ਕਿਵੇਂ ਉਸ ਦੀ ਸ਼ਿਕਾਇਤ 'ਤੇ ਨਸਾਰ ਕਾਈਲ ਦੇ ਮਾਤਾ-ਪਿਤਾ ਸਾਹਮਣੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਮੁਕਰ ਗਿਆ ਸੀ। ਉਸ ਨੇ ਕਾਈਲ ਨੂੰ ਕਿਹਾ ਸੀ, "ਜੇ ਕਦੇ ਤੁਹਾਡਾ ਜਿਨਸੀ ਸ਼ੋਸ਼ਣ ਹੋਇਆ ਸੀ ਤਾਂ ਤੁਹਾਨੂੰ ਸ਼ਿਕਾਇਤ ਕਰਨੀ ਚਾਹੀਦੀ ਸੀ।''
ਕਾਈਲ ਨੇ ਅਦਾਲਤ ਵਿੱਚ ਕਿਹਾ, "ਲੈਰੀ ਅੱਜ ਮੈਂ ਇੱਥੇ ਹਾਂ, ਸਿਰਫ ਕੁਝ ਲੋਕਾਂ ਨੂੰ ਨਹੀਂ ਬਲਕਿ ਸਾਰਿਆਂ ਨੂੰ ਦੱਸਣ ਵਾਸਤੇ।''
"ਹੁਣ ਤੈਨੂੰ ਪਤਾ ਲੱਗ ਗਿਆ ਹੋਵੇਗਾ ਕਿ ਕੁੜੀਆਂ ਹਮੇਸ਼ਾ ਛੋਟੀਆਂ ਨਹੀਂ ਰਹਿੰਦੀਆਂ। ਉਹ ਮਜ਼ਬੂਤ ਔਰਤਾਂ ਵੀ ਬਣਦੀਆਂ ਹਨ ਤੇ ਤੇਰੇ ਵਰਗਿਆਂ ਦੀ ਦੁਨੀਆਂ ਤਬਾਹ ਕਰ ਦਿੰਦੀਆਂ ਹਨ।''

ਤਸਵੀਰ ਸਰੋਤ, Getty Images
ਜਦੋਂ ਪਾਣੀ ਸਿਰੋਂ ਚੜ੍ਹ ਗਿਆ ਤਾਂ ਉਸ ਨੇ ਫਿਰ ਤੋਂ ਆਪਣੇ ਮਾਤਾ-ਪਿਤਾ ਨੂੰ ਖੁਦ ਨਾਲ ਹੋਏ ਜਿਨਸੀ ਸ਼ੋਸ਼ਣ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਵਾਰ ਉਨ੍ਹਾਂ ਨੇ ਯਕੀਨ ਕਰ ਲਿਆ।
54 ਸਾਲਾ ਨਸਾਰ ਨੇ ਮਿਸ਼ੀਗਨ ਯੂਨੀਵਰਸਿਟੀ ਤੋਂ 1985 ਵਿੱਚ ਗ੍ਰੈਜੂਏਸ਼ਨ ਕੀਤੀ। ਇੱਕ ਸਾਲ ਬਾਅਦ ਉਸ ਨੇ ਇੰਡੀਆਨਾਪੋਲੀਸ ਵਿੱਚ ਅਮਰੀਕਾ ਦੀ ਕੌਮੀ ਜਿਮਨਾਸਟਿਕ ਟੀਮ ਦੇ ਮੈਡੀਕਲ ਸਟਾਫ ਵਜੋਂ ਨੌਕਰੀ ਕਰਨੀ ਸ਼ੁਰੂ ਕੀਤੀ ਸੀ।
1997 ਵਿੱਚ ਕੌਮੀ ਟੀਮ ਨਾਲ ਜੁੜੇ ਨਸਾਰ ਨੇ ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਫਿਜੀਸ਼ੀਅਨ ਦੇ ਤੌਰ 'ਤੇ ਵੀ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸ ਦੇ ਇੱਕ ਸਾਲ ਬਾਅਦ ਹੀ ਨਸਾਰ ਨੇ ਕਾਈਲ ਦਾ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਸੀ।
ਜਿਮਨਾਸਟ 'ਚ ਨਸਾਰ ਨੂੰ ਰੱਬ ਮੰਨਦੇ ਸੀ
ਨਸਾਰ ਨੇ ਚਾਰ ਓਲੰਪਿਕ ਗੇਮਜ਼ ਵਿੱਚ ਅਮਰੀਕਾ ਦੀ ਕੌਮੀ ਜਿਮਨਾਸਟਿਕ ਟੀਮ ਨਾਲ ਕੰਮ ਕੀਤਾ ਸੀ। ਉਹ ਜ਼ਖਮੀ ਖਿਡਾਰੀਆਂ ਦੀ ਮਦਦ ਲਈ ਫੌਰਨ ਅੱਗੇ ਆਉਂਦਾ ਸੀ।
ਸਾਬਕਾ ਸਾਫਟਬਾਲ ਖਿਡਾਰਨ ਕੈਰੀ ਹੌਗਾਨ ਮੁਤਾਬਕ ਨਸਾਰ ਵੱਲੋਂ ਇਲਾਜ ਕਰਵਾਉਣਾ ਬਹੁਤ ਵੱਡੀ ਗੱਲ ਮੰਨਿਆ ਜਾਂਦਾ ਸੀ।ਕਈ ਲੋਕ ਉਸ ਨੂੰ ਜਿਮਨਾਸਟ ਜਗਤ ਦਾ ਰੱਬ ਵੀ ਕਹਿੰਦੇ ਸੀ।
ਕਈ ਪੀੜਤ ਔਰਤਾਂ ਨੇ ਮੰਨਿਆ ਕਿ ਉਹ ਨਸਾਰ ਦੇ ਵੱਡੇ ਰੁਤਬੇ ਤੋਂ ਡਰੀਆਂ ਹੋਈਆਂ ਸਨ।ਜੇ ਕਿਸੇ ਨੂੰ ਪਤਾ ਲੱਗ ਵੀ ਜਾਏ ਕਿ ਉਸ ਨਾਲ ਜਿਨਸੀ ਸ਼ੋਸ਼ਣ ਹੋਇਆ ਹੈ ਤਾਂ ਉਸ ਦੀ ਸ਼ਿਕਾਇਤ ਕਰਨਾ ਨਾਮੁਮਕਿਨ ਹੀ ਸੀ।
ਨਸਾਰ ਔਰਤਾਂ ਦੇ ਜਿਨਸੀ ਸ਼ੋਸ਼ਣ ਕਰਨ ਦਾ ਇੱਕੋ ਤਰੀਕਾ ਵੀ ਵਰਤਦਾ ਸੀ। ਜ਼ਿਆਦਾਤਰ ਉਸ ਦੀ ਸ਼ਿਕਾਰ ਜਿਮਨਾਸਟਿਕ ਦੀਆਂ ਖਿਡਾਰਨਾਂ ਹੁੰਦੀਆਂ ਸਨ।
ਉਹ ਦਰਦ ਦੀ ਸ਼ਿਕਾਇਤ ਲੈ ਕੇ ਨਸਾਰ ਕੋਲ ਆਉਂਦੀਆਂ ਸਨ। ਸਰੀਰਕ ਸ਼ੋਸ਼ਣ ਕਰਨ ਵੇਲੇ ਉਹ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਕਿ ਜੋ ਉਹ ਕਰ ਰਿਹਾ ਹੈ ਉਹ ਬਿਲਕੁਲ ਆਮ ਹੈ।
ਨਸਾਰ ਪੇਸ਼ੇ ਦਾ ਫਾਇਦਾ ਚੁੱਕਦਾ
ਉਹ ਉਨ੍ਹਾਂ ਨੂੰ ਛੂੰਹਦਿਆਂ ਹੋਇਆਂ ਰੋਜ਼ਮਰਾ ਦੀ ਜ਼ਿੰਦਗੀ ਬਾਰੇ ਗੱਲ ਕਰਦਾ ਸੀ।ਆਪਣੇ ਅਹੁਦੇ ਦਾ ਲਾਭ ਚੁੱਕਦਿਆਂ ਨਸਾਰ ਸੱਚ ਵਿੱਚ ਹੀ ਜਿਨਸੀ ਸ਼ੋਸ਼ਣ ਨੂੰ ਆਮ ਵਰਗਾ ਮਹਿਸੂਸ ਕਰਵਾਉਂਦਾ ਸੀ।
ਪੀੜਤ ਕੁੜੀਆਂ ਨੂੰ ਕਈ ਵਾਰ ਲਗਦਾ ਸੀ ਕਿ ਜੇ ਨਸਾਰ ਸਭ ਸਹੀ ਕਰ ਰਿਹਾ ਹੈ। ਉਨ੍ਹਾਂ ਨੂੰ ਕੋਈ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੈ।
ਮਿਸ਼ੀਗਨ ਸਟੇਟ ਯੂਨੀਵਰਸਿਟੀ ਦੀ ਵਾਲੀਬਾਲ ਦੀ ਖਿਡਾਰਨ ਜੈਨੀਫਰ ਰੂਡ ਬੈੱਡਫੋਰਡ ਨੇ ਦੱਸਿਆ, "ਮੈਨੂੰ ਯਾਦ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਆਪਣੇ ਕੱਪੜੇ ਉਤਾਰ ਦਿੱਤੇ ਸੀ ਅਤੇ ਅਜਿਹਾ ਕਰਨ ਵਿੱਚ ਮੈਨੂੰ ਕੋਈ ਪਰੇਸ਼ਾਨੀ ਮਹਿਸੂਸ ਨਹੀਂ ਹੋਈ ਸੀ।''

ਤਸਵੀਰ ਸਰੋਤ, Getty Images
"ਉਸ ਨੇ ਮੈਨੂੰ ਮੇਜ਼ 'ਤੇ ਲਿਟਾਇਆ। ਸ਼ੁਰੂਆਤ ਵਿੱਚ ਤਾਂ ਉਸ ਨੇ ਜੋ ਇਲਾਜ ਕੀਤਾ ਉਹ ਆਮ ਹੀ ਕੀਤਾ ਜਾਂਦਾ ਹੈ। ਹੌਲੀ-ਹੌਲੀ ਉਹ ਥੱਲੇ ਵੱਲ ਚਲਾ ਗਿਆ। ਮੈਂ ਖੁਦ ਨੂੰ ਸਮਝਾਇਆ ਕਿ ਇਹ ਆਮ ਵਾਂਗ ਹੀ ਹੈ।''
2016 ਵਿੱਚ ਸਭ ਤੋਂ ਪਹਿਲਾਂ ਜਨਤਕ ਤੌਰ 'ਤੇ ਬੋਲਣ ਵਾਲੀ ਸਾਬਕਾ ਜਿਮਨਾਸਟ ਰਸ਼ੇਅਲ ਡੈੱਨਹੋਲਾਨਡਰ ਨੇ ਦੱਸਿਆ, "ਮੈਨੂੰ ਯਾਦ ਹੈ ਕਿ ਮੈਂ ਪੁੱਛਿਆ, ਕਿ ਸਭ ਠੀਕ ਹੈ। ਮੈਨੂੰ ਇਹ ਸਹੀ ਨਹੀਂ ਲੱਗ ਰਿਹਾ।''
ਉਸ ਵੱਲੋਂ ਬੀਬੀਸੀ ਨੂੰ ਦੱਸਿਆ ਕਿ ਨਸਾਰ ਨੇ 15 ਸਾਲ ਦੀ ਉਮਰ ਤੋਂ ਹੀ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ।
ਨਸਾਰ ਰਸ਼ੇਅਲ ਦੀ ਮਾਂ ਨੂੰ ਸਿਰ ਵਾਲੇ ਪਾਸੇ ਖੜ੍ਹਾ ਕਰਦਾ ਸੀ ਤਾਂ ਜੋ ਉਸ ਨੂੰ ਨਸਾਰ ਦੀਆਂ ਹਰਕਤਾਂ ਦਿਖਾਈ ਨਾ ਦੇਣ।
ਇੱਕ ਹੱਥ ਨਾਲ ਉਹ ਰਸ਼ੇਅਲ ਦੀ ਮਾਲਿਸ਼ ਕਰਦਾ ਤੇ ਦੂਜੇ ਹੱਥ ਨੂੰ ਤੌਲੀਏ ਨਾਲ ਢੱਕ ਕੇ ਉਸ ਦੇ ਵੈਜੀਨਾ ਵਿੱਚ ਉਂਗਲਾਂ ਪਾਉਣ ਲੱਗਦਾ ਸੀ।
ਆਖਰੀ ਵਾਰ ਤਾਂ ਨਸਾਰ ਨੇ ਉਸ ਦੀ ਬਰਾ ਖੋਲ੍ਹ ਕੇ ਉਸ ਦੇ ਸੀਨੇ 'ਤੇ ਹੱਥ ਫੇਰਨ ਲੱਗਾ। ਉਸ ਵੇਲੇ ਰੇਸ਼ਅਲ ਨੂੰ ਅਹਿਸਾਸ ਹੋਇਆ ਕਿ ਉਸ ਦਾ ਇਲਾਜ ਨਹੀਂ ਜਿਨਸੀ ਸ਼ੋਸ਼ਣ ਹੋ ਰਿਹਾ ਹੈ।
1994 'ਚ ਲੱਗਿਆ ਪਹਿਲਾ ਇਲਜ਼ਾਮ
ਇਹ ਸਾਫ ਨਹੀਂ ਹੈ ਕਿ ਨਸਾਰ ਨੇ ਕਦੋਂ ਜਿਨਸੀ ਸ਼ੋਸ਼ਣ ਕਰਨਾ ਸ਼ੁਰੂ ਕੀਤਾ ਪਰ ਉਸ 'ਤੇ ਪਹਿਲਾ ਇਲਜ਼ਾਮ 1994 ਵਿੱਚ ਲੱਗਿਆ ਸੀ
2016 ਵਿੱਚ ਇੰਡੀਆਨਾਪੋਲਿਸ ਸਟਾਰ ਨੇ ਇੱਕ ਖਬਰ ਛਾਪੀ ਜਿਸ ਵਿੱਚ ਜਿਮਨਾਸਟ ਦੇ ਕੋਚਾਂ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਦੱਸਿਆ ਗਿਆ ਸੀ।
ਉਸ ਖਬਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਖੇਡ ਸੰਸਥਾਵਾਂ ਨੇ ਇਸ ਬਾਰੇ ਪ੍ਰਸ਼ਾਸਨ ਨੂੰ ਦੱਸਿਆ ਹੀ ਨਹੀਂ ਸੀ।

ਤਸਵੀਰ ਸਰੋਤ, Getty Images
ਇਸ ਖ਼ਬਰ ਦੇ ਛਪਣ ਨਾਲ ਹੀ ਰੇਸ਼ਅਲ ਡੈਨਹੋਲਾਂਡਰ ਨੂੰ ਮਹਿਸੂਸ ਹੋਇਆ ਕਿ ਬੋਲਣ ਦਾ ਮੌਕਾ ਹੈ।
ਰੇਸ਼ਅਲ ਦੇ ਕਈ ਪੀੜਤਾਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਇਸ ਕਰਕੇ ਸੁਣਵਾਈ ਦੇ ਆਖਰੀ ਚਾਰ ਦਿਨਾਂ ਵਿੱਚ 90 ਪੀੜਤਾਂ ਨੇ ਅਦਾਲਤ ਵਿੱਚ ਆਪਣੀ ਗਵਾਹੀ ਦਿੱਤੀ। ਇਹ ਗਿਣਤੀ 7 ਦਿਨਾਂ ਵਿੱਚ 156 ਤੱਕ ਪਹੁੰਚ ਗਈ।
ਨਸਾਰ ਨੂੰ 21 ਨਵੰਬਰ 2016 ਨੂੰ ਗ੍ਰਿਫ਼ਤਾਰ ਕੀਤਾ ਗਿਆ। ਇੱਕ ਸਾਲ ਬਾਅਦ ਉਸ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਤਸਵੀਰਾਂ ਰੱਖਣ ਦਾ ਦੋਸ਼ੀ ਪਾਏ ਜਾਣ 'ਤੇ 60 ਸਾਲ ਦੀ ਸਜ਼ਾ ਸੁਣਾਈ।
ਜੱਜ ਨੇ ਅਦਾ ਕੀਤਾ ਅਹਿਮ ਰੋਲ
ਉਸ ਤੋਂ ਬਾਅਦ ਨਸਾਰ ਨੂੰ ਆਪਣੇ ਘਰ, ਜਿਮਨਾਸਟਿਕ ਕਲੱਬ ਤੇ ਦਫਤਰ ਵਿੱਚ ਔਰਤਾਂ ਦਾ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ। ਉਸੇ ਮਾਮਲੇ ਵਿੱਚ 156 ਗਵਾਹੀਆਂ ਦਰਜ ਹੋਈਆਂ।
ਸੁਣਵਾਈ ਦੇ ਆਖਰ ਵਿੱਚ ਨਸਾਰ ਨੇ ਪੀੜਤਾਂ ਨੂੰ ਕਿਹਾ, "ਮੇਰੇ ਕੋਲ ਸ਼ਬਦ ਨਹੀਂ ਜੋ ਮੈਂ ਦੱਸ ਸਕਾਂ ਕਿ ਇਸ ਮਾਮਲੇ ਲਈ ਮੈਂ ਕਿੰਨੀ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ। ਮੈਂ ਤੁਹਾਡੇ ਕਹੇ ਹੋਏ ਸ਼ਬਦ ਪੂਰੀ ਜ਼ਿੰਦਗੀ ਆਪਣੇ ਨਾਲ ਰੱਖਾਂਗਾ।''
ਸੁਣਵਾਈ ਦੀ ਸ਼ੁਰਆਤ ਵਿੱਚ ਨਸਾਰ ਸਿਰ ਥੱਲੇ ਕਰ ਕੇ ਬੈਠਾ ਸੀ ਅਤੇ ਪੀੜਤਾਂ ਨਾਲ ਅੱਖਾਂ ਨਹੀਂ ਮਿਲਾ ਰਿਹਾ ਸੀ।

ਤਸਵੀਰ ਸਰੋਤ, Reuters
ਇਸ ਪੂਰੇ ਮਾਮਲੇ ਵਿੱਚ ਜੱਜ ਐਕਿਊਲੀਨਾ ਦਾ ਰੋਲ ਅਹਿਮ ਰਿਹਾ। ਹਰ ਪੀੜਤ ਨੇ ਆਪਣੀ ਗਵਾਹੀ ਤੋਂ ਪਹਿਲਾਂ ਜੱਜ ਵੱਲੋਂ ਦਿੱਤੀ ਹਮਾਇਤ ਤੇ ਸਹਿਯੋਗ ਲਈ ਧੰਨਵਾਦ ਕੀਤਾ।
ਜੱਜ ਨੇ ਪੀੜਤਾਂ ਦੇ ਦੋਸਤ, ਵਕੀਲ ਤੇ ਥੈਰੇਪਿਸਟ ਦਾ ਰੋਲ ਅਦਾ ਕੀਤਾ। ਜਿਨ੍ਹਾਂ ਪੀੜਤਾਂ ਨੇ ਕਿਹਾ ਕਿ ਉਹ ਖੁਦਕਸ਼ੀ ਕਰਨ ਬਾਰੇ ਸੋਚ ਰਹੀਆਂ ਸੀ, ਉਨ੍ਹਾਂ ਨੂੰ ਜੱਜ ਐਕਿਊਲੀਨਾ ਨੇ ਅਜਿਹਾ ਨਾ ਕਰਨ ਲਈ ਪ੍ਰੇਰਿਆ।
ਇੱਕ ਪੀੜਤ ਨੂੰ ਗਵਾਹੀ ਤੋਂ ਪਹਿਲਾ ਜੱਜ ਐਕਿਊਲੀਨਾ ਨੇ ਕਿਹਾ, "ਮੈਂ ਜਾਣਦੀ ਹਾਂ ਤੁਸੀਂ ਘਬਰਾਏ ਹੋਏ ਹੋ ਪਰ ਤੁਸੀਂ ਸਮਝੋ ਜਿਵੇਂ ਤੁਸੀਂ ਆਪਣੀ ਮਾਂ ਨਾਲ ਗੱਲਾਂ ਕਰ ਰਹੇ ਹੋ।''
ਖੇਡ ਅਦਾਰਿਆਂ ਸਵਾਲਾਂ 'ਚ
ਲੋਕਾਂ ਵਿੱਚ ਖੇਡ ਨਾਲ ਜੁੜੇ ਅਦਾਰਿਆਂ ਬਾਰੇ ਕਾਫ਼ੀ ਰੋਸ ਹੈ।
2012 ਓਲੰਪਿਕਸ ਦੀ ਗੋਲਡ ਮੈਡਲਿਸਟ ਟੀਮ ਦਾ ਹਿੱਸਾ ਰਹੀ ਰੇਜ਼ਮੈਨ ਨੇ ਕਿਹਾ ਇਸ ਬਾਰੇ ਜਾਂਚ ਹੋਣੀ ਚਾਹੀਦਾ ਹੈ ਕਿ ਨਸਾਰ ਬਾਰੇ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਉਸ ਨੂੰ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਕਿਉਂ ਨਹੀਂ ਰੋਕਿਆ ਗਿਆ।
ਉਸ ਨੇ ਅਮਰੀਕੀ ਜਿਮਨਾਸਟਿਕ ਤੇ ਯੂਐੱਸ ਓਲੰਪਿਕ ਕਮੇਟੀ ਦੋਹਾਂ 'ਤੇ ਸਵਾਲ ਖੜ੍ਹੇ ਕੀਤੇ ਹਨ।
ਹੁਣ ਸਾਰਾ ਧਿਆਨ ਇਸ ਵੱਲ ਚਲਾ ਗਿਆ ਹੈ ਕਿ ਆਖਰ ਕਿਸ ਨੂੰ ਤੇ ਕਦੋਂ ਪਤਾ ਲੱਗਿਆ ਸੀ।
2014 ਵਿੱਚ ਐੱਮਐੱਸਯੂ ਨੇ ਨਸਾਰ 'ਤੇ ਇੱਕ ਕੁੜੀ ਵੱਲੋਂ ਲਾਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਕੀਤੀ ਸੀ। ਉਸ ਜਾਂਚ ਵਿੱਚ ਨਸਾਰ ਨੂੰ ਬਰੀ ਕਰ ਦਿੱਤਾ ਗਿਆ। ਇਸ ਦੇ ਠੀਕ ਦੋ ਸਾਲ ਬਾਅਦ ਹੀ ਨਸਾਰ ਦੀ ਗ੍ਰਿਫ਼ਤਾਰੀ ਹੋ ਜਾਂਦੀ ਹੈ।
ਰੇਸ਼ਅਲ ਦਾ ਕਹਿਣਾ ਹੈ ਕਿ ਨਸਾਰ ਨੂੰ ਸਜ਼ਾ ਦਾ ਐਲਾਨ ਕੀਤੇ ਜਾਣਾ ਦੋ ਸਾਲ ਪਹਿਲਾਂ ਉਸ ਦੇ ਸਾਹਮਣੇ ਆ ਕੇ ਉਸ ਦੇ ਖਿਲਾਫ਼ ਬੋਲਣ ਦਾ ਨਤੀਜਾ ਹੈ।












