ਨਿਮਰਤ ਕੌਰ : 'ਜਿਨਸੀ ਸੋਸ਼ਣ ਬਾਲੀਵੁੱਡ ਦੇ ਮਰਦਾਂ ਤੱਕ ਸੀਮਤ ਨਹੀਂ'

ਤਸਵੀਰ ਸਰੋਤ, Ethan Miller/Getty Images
- ਲੇਖਕ, ਤਾਹਿਰਾ ਭਸੀਨ
- ਰੋਲ, ਬੀਬੀਸੀ ਪੱਤਰਕਾਰ
'ਲੰਚਬੌਕਸ' ਅਤੇ 'ਏਅਰਲਿਫਟ' ਵਰਗੀਆਂ ਬਾਲੀਵੁੱਡ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨਿਮਰਤ ਕੌਰ ਜਲਦ ਸਕ੍ਰੀਨ 'ਤੇ ਇੱਕ ਕਮਾਂਡੋ ਦੇ ਕਿਰਦਾਰ 'ਚ ਨਜ਼ਰ ਆਏਗੀ। ਨਿਮਰਤ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਇਸ ਕਿਰਦਾਰ, ਪੰਜਾਬ ਨਾਲ ਜੁੜੀਆਂ ਯਾਦਾਂ ਅਤੇ ਔਰਤਾਂ ਦੇ ਹੱਕਾਂ ਬਾਰੇ ਗੱਲਬਾਤ ਕੀਤੀ।
ਪਟਿਆਲਾ ਨਾਲ ਪਿਆਰ
ਨਿਮਰਤ ਕੌਰ ਦੇ ਪਿਤਾ ਆਰਮੀ ਵਿੱਚ ਸਨ। ਉਨ੍ਹਾਂ ਦੀ ਕਸ਼ਮੀਰ ਵਿੱਚ ਪੋਸਟਿੰਗ ਦੌਰਾਨ ਨਿਮਰਤ ਨੂੰ ਪਟਿਆਲਾ ਵਿੱਚ ਤਿੰਨ ਸਾਲ ਲਈ ਰਹਿਣ ਦਾ ਮੌਕਾ ਮਿਲਿਆ।
ਨਿਮਰਤ ਨੇ ਕਿਹਾ, ''ਪਟਿਆਲਾ ਮੇਰਾ ਪਸੰਦੀਦਾ ਸ਼ਹਿਰ ਹੈ। ਮੈਂ ਉੱਥੇ ਹੀ ਪੰਜਾਬੀ ਪੜ੍ਹਣੀ ਤੇ ਲਿੱਖਣੀ ਸਿੱਖੀ ਸੀ। ਮੈਂ ਆਪਣੇ ਨਾਨਾਜੀ ਨੂੰ ਪੰਜਾਬੀ ਵਿੱਚ ਚਿੱਠੀਆਂ ਲਿਖਦੀ ਸੀ। ਉੱਥੇ ਇੱਕ ਅਜਿਹੀ ਮਾਰਕਿਟ ਸੀ ਜਿੱਥੇ ਐਸਕਲੇਟਰ 'ਤੇ ਮੈਂ ਪਹਿਲੀ ਵਾਰ ਚੜ੍ਹੀ ਸੀ। ਫਾਟਕ ਨੰਬਰ 22 'ਤੇ ਵੀ ਮੈਂ ਬਹੁਤ ਜਾਂਦੀ ਸੀ। ਇੱਕ ਫਿਲਮ ਦੀ ਸ਼ੂਟਿੰਗ ਲਈ ਮੈਂ ਹਾਲ ਹੀ ਵਿੱਚ ਪਟਿਆਲਾ ਵੀ ਗਈ ਸੀ।"
ਵੈੱਬ ਵਿੱਚ ਕੰਮ ਕਰਨਾ
ਨਿਮਰਤ ਨੇ ਵੈੱਬ ਸੀਰੀਜ਼ 'ਦਿ ਟੈਸਟ ਕੇਸ' ਬਾਰੇ ਦੱਸਿਆ ਕਿ ਇਹ ਉਨ੍ਹਾਂ ਦੇ ਕਰਿਅਰ ਦਾ ਇੱਕ ਬਿਹਤਰੀਨ ਤਜ਼ਰਬਾ ਸੀ।
ਉਨ੍ਹਾਂ ਕਿਹਾ, 'ਵੈੱਬ ਲਈ ਵੱਡੇ ਪਰਦੇ ਤੋਂ ਵੱਧ ਮਿਹਨਤ ਕੀਤੀ ਹੈ। ਮੈਨੂੰ ਇੱਕ ਕੁੜੀ ਦਾ ਪੂਰਾ ਸਫਰ ਵਿਖਾਉਣ ਦਾ ਮੌਕਾ ਮਿਲਿਆ, ਇਹ ਮੇਰੇ ਦਿਲ ਦੇ ਬਹੁਤ ਨੇੜੇ ਹੈ। ਆਰਮੀ ਪਿਛੋਕੜ ਹੋਣ ਕਰਕੇ ਮੇਰੇ ਲਈ ਇਹ ਬਹੁਤ ਖਾਸ ਸੀ।''

ਤਸਵੀਰ ਸਰੋਤ, SUJIT JAISWAL/GettyImages
ਔਰਤਾਂ ਦੀ ਮਰਜ਼ੀ
ਨਿਮਰਤ ਮੁਤਾਬਕ ਔਰਤਾਂ ਨੂੰ ਆਪਣੀ ਮਰਜ਼ੀ ਦਾ ਕੰਮ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ, ''ਮੈਂ ਕਹਿੰਦੀ ਹਾਂ ਕਿ ਬੇਸ਼ੱਕ ਔਰਤ ਘਰ ਸਾਂਭਣਾ ਚਾਹੁੰਦੀ ਹੋਏ ਜਾਂ ਫਿਰ ਰੋਟੀਆਂ ਪਕਾਉਣਾ ਚਾਹੁੰਦੀ ਹੋਏ, ਪਰ ਇਹ ਉਸ ਦੀ ਮਰਜ਼ੀ ਹੋਣੀ ਚਾਹੀਦੀ ਹੈ। ਜੇ ਉਹ ਫੌਜ ਵਿੱਚ ਜਾ ਕੇ ਦੇਸ਼ ਲਈ ਲੜਣਾ ਚਾਹੁੰਦੀ ਹੈ ਤਾਂ ਉਹ ਇਸ ਦੀ ਪੂਰੀ ਹੱਕਦਾਰ ਹੈ। ਸਾਡਾ ਸ਼ੋਅ ਵੀ ਅਜਿਹੀ ਇੱਕ ਔਰਤ ਦੀ ਕਹਾਣੀ ਦੱਸ ਰਿਹਾ ਹੈ।''
ਜਿਨਸੀ ਸੋਸ਼ਣ ਮਾਮਲੇ 'ਤੇ ਨਿਮਰਤ
ਹਾਲੀਵੁੱਡ ਵਿੱਚ ਜਿਨਸੀ ਸੋਸ਼ਣ ਮਾਮਲੇ 'ਤੇ ਨਿਮਰਤ ਨੇ ਕਿਹਾ ਕਿ ਇਸ ਸਿਰਫ ਮਨੋਰੰਜਨ ਜਗਤ ਤੱਕ ਸੀਮਤ ਨਹੀਂ ਹੈ।
ਉਨ੍ਹਾਂ ਕਿਹਾ, ''ਇਸ ਨੂੰ ਸਿਰਫ ਮਰਦਾਂ ਤਕ ਸੀਮਤ ਕਰਨਾ ਵੀ ਸਹੀ ਨਹੀਂ ਹੈ। ਇਸ ਤਰ੍ਹਾਂ ਨਹੀਂ ਹੈ ਕਿ ਔਰਤਾਂ ਸੋਸ਼ਣ ਨਹੀਂ ਕਰਦੀਆਂ। ਇਹ ਪਾਵਰ ਦੀ ਖੇਡ ਹੈ ਜੋ ਹਰ ਪ੍ਰੋਫੈਸ਼ਨ ਵਿੱਚ ਹੁੰਦੀ ਹੈ।''
ਉਨ੍ਹਾਂ ਅੱਗੇ ਕਿਹਾ, ''ਜੇ ਇਸ ਮੁਹਿੰਮ ਨਾਲ ਅਜਿਹੀ ਗੰਦੀ ਸੋਚ ਰੱਖਣ ਵਾਲੇ ਲੋਕਾਂ ਦੇ ਮੰਨ ਵਿੱਚ ਡਰ ਬੈਠ ਜਾਏ ਕਿ ਜੇ ਹੁਣ ਮੈਂ ਕੁਝ ਕਰਾਂਗਾ ਤਾਂ ਕਿਤੇ ਇਹ ਕੁੜੀ ਕੁਝ ਬੋਲ ਨਾ ਦਵੇ ਜਿਸ ਨਾਲ ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਸਕਦੀ ਹੈ, ਫਿਰ ਇਹ ਵੱਡੀ ਗੱਲ ਹੈ।''













