ਓਬਾਮਾ ਦੀ ਸੋਸ਼ਲ ਮੀਡੀਆ ਦੇ "ਗੈਰ-ਜਿੰਮੇਵਾਰਾਨਾ" ਵਰਤੋਂ ਖਿਲਾਫ਼ ਚੇਤਾਵਨੀ

ਤਸਵੀਰ ਸਰੋਤ, Getty Images
ਜਨਵਰੀ ਵਿੱਚ ਰਾਸ਼ਟਰਪਤੀ ਦਾ ਅਹੁਦਾ ਛੱਡਣ ਮਗਰੋਂ ਓਬਾਮਾ ਨੇ ਪਹਿਲੀ ਵਾਰ ਸੋਸ਼ਲ ਮੀਡੀਆ ਦੀ ਗੈਰ-ਜਿੰਮੇਵਾਰਾਨਾ ਵਰਤੋਂ ਖਿਲਾਫ਼ ਚੇਤਾਵਨੀ ਦਿੱਤੀ ਹੈ।
ਆਪਣੇ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਇੱਕ ਖ਼ਾਸ ਮੁਲਾਕਾਤ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਨਾਲ ਲੋਕਾਂ ਦੀ ਗੁੰਝਲਦਾਰ ਮਸਲਿਆਂ ਬਾਰੇ ਸਮਝ ਘਟਦੀ ਹੈ ਤੇ ਅਫਵਾਹਾਂ ਫ਼ੈਲਦੀਆਂ ਹਨ।
ਇਹ ਵਿਚਾਰ ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਦਾ ਨਾਮ ਲਏ ਬਿਨ੍ਹਾਂ ਪ੍ਰਗਟ ਕੀਤੇ, ਜੋ ਕਿ ਟਵਿਟਰ ਦੀ ਧੜ੍ਹਲੇ ਨਾਲ ਵਰਤੋਂ ਕਰਦੇ ਹਨ।
ਓਬਾਮਾ ਦੀ ਇੰਟਰਵਿਊ ਪ੍ਰਿੰਸ ਚਾਰਲਸ ਤੇ ਡਾਇਨਾ ਦੇ ਪੁੱਤਰ ਪ੍ਰਿੰਸ ਹੈਰੀ ਨੇ ਬੀਬੀਸੀ ਰੇਡੀਓ-4 ਦੋ ਪ੍ਰੋਗਰਾਮ ਲਈ ਕੀਤੀ।
ਸੋਸ਼ਲ ਮੀਡੀਆ ਜਨਤਕ ਬਹਿਸ ਨੂੰ ਵਿਗਾੜ ਰਿਹਾ ਹੈ
ਓਬਾਮਾ ਨੇ ਕਿਹਾ ਕਿ ਮਹੱਤਵਪੂਰਨ ਅਹੁਦਿਆਂ ਤੇ ਬੈਠੇ ਲੋਕਾਂ ਨੂੰ ਸੁਨੇਹੇ ਪੋਸਟ ਕਰਨ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਸੋਸ਼ਲ ਮੀਡੀਆ ਜਨਤਕ ਬਹਿਸ ਨੂੰ ਵਿਗਾੜ ਰਿਹਾ ਹੈ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਉਸ ਭਵਿੱਖ ਨੂੰ ਲੈ ਕੇ ਫ਼ਿਕਰ ਜ਼ਾਹਰ ਕੀਤਾ ਜਿਸ ਵਿੱਚ ਲੋਕ ਸਿਰਫ਼ ਉਹੀ ਪੜ੍ਹਨਾ ਸੁਣਨਾ ਪਸੰਦ ਕਰਦੇ ਹਨ ਜੋ ਉਨ੍ਹਾਂ ਦੇ ਆਪਣੇ ਮਨਸੂਬਿਆਂ ਨਾਲ ਇਤਿਫ਼ਾਕ ਰੱਖਦਾ ਹੋਵੇ।
"ਇੰਟਰਨੈਟ ਦਾ ਇੱਕ ਖ਼ਤਰਾ ਤਾਂ ਇਹ ਹੈ ਕਿ ਲੋਕ ਬਿਲਕੁਲ ਵੱਖਰੀ ਦੁਨੀਆਂ ਵਿੱਚ ਹੋ ਸਕਦੇ ਹਨ। ਉਨ੍ਹਾਂ ਦੇ ਵਰਤਮਾਨ ਪੱਖਪਾਤ ਨੂੰ ਬਲ ਦੇਣ ਵਾਲੀ ਜਾਣਕਾਰੀ ਵਿੱਚ ਕੈਦ ਕੀਤਾ ਜਾ ਸਕਦਾ ਹੈ।"
ਉਨ੍ਹਾਂ ਨੇ ਕਿਹਾ, "ਮਸਲਾ ਇਹ ਹੈ ਕਿ ਅਸੀਂ ਟੈਕਨੋਲੋਜੀ ਦੀ ਵਰਤੋਂ ਕਿਵੇਂ ਕਰੀਏ ਕਿ ਵਿਚਾਰਾਂ ਦੀ ਵਿਭਿੰਨਤਾ ਹੋਵੇ, ਇਸ ਨਾਲ ਸਮਾਜ ਟੁੱਟੇ ਨਾ ਤੇ ਸਾਂਝੀ ਜ਼ਮੀਨ ਤਲਾਸ਼ੀ ਜਾ ਸਕੇ।"
ਟਰੰਪ ਟਵਿਟਰ ਦੀ ਹੱਦੋਂ ਜ਼ਿਆਦਾ ਵਰਤੋਂ ਕਰਦੇ ਹਨ। ਇਸ ਬਾਰੇ ਟਰੰਪ ਦੀ ਦਲੀਲ ਹੈ ਕਿ ਇਸ ਨਾਲ ਉਨ੍ਹਾਂ ਨੂੰ ਅਮਰੀਕੀ ਨਾਗਰਿਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਵਿੱਚ ਮਦਦ ਮਿਲਦੀ ਹੈ।

ਟਰੰਪ ਨੂੰ ਅਹੁਦਾ ਸੌਂਪਦਿਆਂ ਓਬਾਮਾ ਨੇ ਮਿਲੀਆਂ ਜੁਲੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ।
ਉਨ੍ਹਾਂ ਨੂੰ ਆਪਣੇ ਰਾਜ ਕਾਲ ਬਾਰੇ ਸੰਤੁਸ਼ਟੀ ਵੀ ਸੀ ਤੇ ਫ਼ਿਕਰ ਵੀ ਕਿ ਦੇਸ ਅੱਗੇ ਕਿਵੇਂ ਵਧੇਗਾ।
ਪਤਨੀ ਮਿਸ਼ੇਲ ਦਾ ਧੰਨਵਾਦ
ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਆਪਣਾ ਪਤਨੀ ਮਿਸ਼ੇਲ ਦਾ ਵੀ ਧੰਨਵਾਦ ਕੀਤਾ ਜਿਸਨੇ ਸਿਆਸੀ ਪਿਛੋਕੜ ਤੋਂ ਨਾ ਹੁੰਦੇ ਹੋਏ ਵੀ ਹਰ ਕਦਮ ਤੇ ਉਨ੍ਹਾਂ ਦਾ ਸਾਥ ਦਿੱਤਾ ਤੇ ਅਮਰੀਕਾ ਦੀ ਪਹਿਲੀ ਮਹਿਲਾ ਦੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ।
ਉਨ੍ਹਾਂ ਕਿਹਾ ਕਿ ਇਸ ਸਭ ਵਿੱਚੋਂ ਇੱਕਠਿਆਂ ਨਿਕਲ ਆਉਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਉਨ੍ਹਾਂ ਦਾ ਵਿਆਹ ਮਜ਼ਬੂਤ ਹੈ ਤੇ ਉਹ ਹਾਲੇ ਵੀ ਇੱਕ ਦੂਜੇ ਦੇ ਬੈਸਟ ਫਰੈਂਡ ਹਾਨ।
ਪ੍ਰਿੰਸ ਹੈਰੀ ਨੇ ਓਬਾਮਾ ਨੂੰ ਇੰਟਰਵਿਊ ਕਰਨ ਦੇ ਤਜ਼ੁਰਬੇ ਬਾਰੇ ਕਿਹਾ ਕਿ ਭਾਵੇਂ ਉਨ੍ਹਾਂ ਨੇ ਬਹੁਤੀਆਂ ਇੰਟਰਵਿਊ ਨਹੀਂ ਕੀਤੀਆਂ ਹੋਈਆਂ ਪਰ ਰਾਸ਼ਟਰਪਤੀ ਨਾਲ ਅਜਿਹਾ ਕਰਨਾ ਦਿਲਚਸਪ ਸੀ।












