ਆਸਟ੍ਰੇਲੀਆ: ਐੱਮਪੀ ਨੇ ਸੰਸਦ ਵਿਚ ਰੱਖੀ ਸਮਲਿੰਗੀ ਵਿਆਹ ਦੀ ਪੇਸ਼ਕਸ਼

ਇੱਕ ਸਮਲਿੰਗੀ ਵਿਆਹ ਨੂੰ ਕਾਨੂੰਨ ਬਣਾਉਣ 'ਤੇ ਸੰਸਦ ਵਿੱਚ ਬਹਿਸ ਦੌਰਾਨ ਇੱਕ ਆਸਟ੍ਰੇਲੀਆਈ ਸੰਸਦ ਮੈਂਬਰ ਨੇ ਆਪਣੇ ਸਾਥੀ ਨੂੰ ਵਿਆਹ ਦਾ ਪ੍ਰਸਤਾਵ ਦੇ ਦਿੱਤਾ।

ਟਿਮ ਵਿਲਸਨ ਦੀ ਪੇਸ਼ਕਸ਼ ਨੂੰ ਜਨਤਕ ਗੈਲਰੀ ਵਿੱਚ ਬੈਠੇ ਰਾਇਨ ਬੋਲਗਰ ਨੇ ਇੱਕ ਵੱਡੀ 'ਹਾਂ' ਨਾਲ ਸਵਕਾਰਿਆ ਤੇ ਉਨ੍ਹਾਂ ਦੀ ਨੌਂ ਸਾਲਾਂ ਦੀ ਵਚਨਬੱਧਤਾ ਨੂੰ ਮੁੜ ਪੱਕਾ ਕੀਤਾ।

ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਸਮਲਿੰਗੀ ਵਿਆਹ ਬਿੱਲ 'ਤੇ ਸੈਨੇਟ ਵਿੱਚ ਪਾਸ ਹੋਣ ਤੋਂ ਪੰਜ ਦਿਨ ਬਾਅਦ ਸੋਮਵਾਰ ਨੂੰ ਬਹਿਸ ਕਰ ਰਹੇ ਸੀ।

ਮੰਨਿਆ ਜਾਂਦਾ ਹੈ ਕਿ ਵਿਲਸਨ ਪਹਿਲੇ ਐੱਮਪੀ ਹਨ, ਜਿਨ੍ਹਾਂ ਨੇ ਇਸ ਤਰ੍ਹਾਂ ਸੰਸਦ ਵਿੱਚ ਵਿਆਹ ਦੀ ਪੇਸ਼ਕਸ਼ ਰੱਖੀ।

ਇੱਕ ਭਾਵਾਤਮਕ ਭਾਸ਼ਣ ਵਿੱਚ ਵਿਲਸਨ ਨੇ ਕਿਹਾ, "ਮੇਰੇ ਪਹਿਲੇ ਭਾਸ਼ਣ ਵਿੱਚ ਮੈਂ ਸਾਡੇ ਰਿਸ਼ਤੇ ਨੂੰ ਸਾਡੇ ਖੱਬੇ ਹੱਥਾਂ 'ਚ ਪਾਈਆਂ ਅੰਗੂਠੀਆਂ ਨਾਲ ਪਰਿਭਾਸ਼ਤ ਕੀਤਾ। ਇਹ (ਅੰਗੂਠੀਆਂ) ਉਸ ਸਵਾਲ ਦਾ ਜਵਾਬ ਹਨ, ਜੋ ਅਸੀਂ ਨਹੀਂ ਕਹਿ ਸਕਦੇ।"

ਉਨ੍ਹਾਂ ਆਪਣੇ ਭਾਸ਼ਣ ਵਿੱਚ ਅੱਗੇ ਕਿਹਾ, "ਇਸ ਤਰ੍ਹਾਂ ਕਰਨ ਲਈ ਸਿਰਫ਼ ਇਕ ਗੱਲ ਬਾਕੀ ਰਹਿ ਗਈ ਹੈ। ਰਾਇਨ ਪੈਟਰਿਕ ਬੋਲਗਰ, ਕੀ ਤੁਸੀਂ ਮੇਰੇ ਨਾਲ ਵਿਆਹ ਕਰਾਓਗੇ?"

ਇਸ ਪੇਸ਼ਕਸ਼ ਦਾ ਸੰਸਦ ਵਿੱਚ ਪ੍ਰਸ਼ੰਸ਼ਾ ਤੇ ਤਾੜੀਆਂ ਨਾਲ ਸੁਆਗਤ ਕੀਤਾ ਗਿਆ। ਸਪੀਕਰ ਨੇ ਜੋੜੀ ਨੂੰ ਵਧਾਈ ਦੇਣ ਤੋਂ ਪਹਿਲਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੋਲਗਰ ਦਾ ਜਵਾਬ ਅਧਿਕਾਰਤ ਤੌਰ 'ਤੇ ਸੰਸਦ ਵਿੱਚ ਦਰਜ ਗਿਆ ਸੀ।

ਵਿਲਸਨ ਨੇ ਕਿਹਾ ਕਿ ਸਮਲਿੰਗੀ ਵਿਆਹਾਂ 'ਤੇ ਲੰਬੇ ਸਮੇਂ ਤੋਂ ਰਾਸ਼ਟਰੀ ਬਹਿਸ ਉਨ੍ਹਾਂ ਦੇ ਸਬੰਧਾਂ ਲਈ ਇੱਕ "ਪਿੱਛੇ ਵੱਜਦੇ ਸੰਗੀਤ" ਦੀ ਤਰ੍ਹਾਂ ਰਹੀ ਹੈ।

ਇਸ ਤੋਂ ਪਹਿਲਾਂ ਸਰਕਾਰੀ ਧਿਰ ਦੇ ਐੱਮਪੀ ਨੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਉਹ ਕਿਸ ਤਰ੍ਹਾਂ ਇੱਕ ਸਮਲਿੰਗੀ ਵਜੋਂ ਵੱਡੇ ਹੋਏ ਅਤੇ ਸਮਲਿੰਗਤਾ ਨੂੰ ਕਲੰਕ ਦੀਆਂ ਨਜ਼ਰਾਂ ਨਾਲ ਵੇਖਣ ਵਾਲਿਆਂ ਨਾਲ ਜੂਝਣਾ ਪਿਆ।

ਉਨ੍ਹਾਂ ਕਿਹਾ, "ਇਸ ਬਿੱਲ ਨੇ ਸਮਲਿੰਗਤਾ ਨੂੰ ਕਲੰਕ ਦੀਆਂ ਨਜ਼ਰਾਂ ਨਾਲ ਵੇਖਣ ਵਾਲੀ ਵਿਰਾਸਤ ਨੂੰ ਖ਼ਤਮ ਕਰਦਾ ਹੈ।"

ਵਿਲਸਨ ਉਹਨਾਂ 77 ਮੈਂਬਰਾਂ ਵਿਚੋਂ ਹਨ ਜੋ ਬਿੱਲ 'ਤੇ ਗੱਲ ਕਰਨਗੇ। ਇਸ ਹਫ਼ਤੇ ਵੋਟਾਂ ਹੋਣ ਦੀ ਸੰਭਾਵਨਾ ਹੈ ਜਦੋਂ ਤੱਕ ਮਹੱਤਵਪੂਰਣ ਸੋਧਾਂ ਨਾ ਹੋਣ।

ਕੰਜ਼ਰਵੇਟਿਵ ਪਾਰਟੀ ਦੇ ਸਿਆਸਤਦਾਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਬਿੱਲ ਵਿਚ ਸੋਧਾਂ ਦਾ ਸੁਝਾਅ ਦੇਣਗੇ, ਜਿਵੇਂ ਕਿ ਉਨ੍ਹਾਂ ਧਾਰਮਿਕ ਆਗੂਆਂ ਲਈ ਛੋਟ ਜੋ ਸਮਲਿੰਗੀ ਜੋੜਿਆਂ ਦਾ ਵਿਆਹ ਕਰਨ ਤੋਂ ਇਨਕਾਰ ਕਰਦੇ ਹਨ।

ਸੈਨੇਟ ਨੇ ਪਿਛਲੇ ਹਫ਼ਤੇ ਆਪਣੀ ਬਹਿਸ ਵਿੱਚ ਇਸ ਤਰ੍ਹਾਂ ਦੀਆਂ ਸੋਧਾਂ ਨੂੰ ਰੱਦ ਕਰ ਦਿੱਤਾ।

ਪਿਛਲੇ ਮਹੀਨੇ, ਆਸਟ੍ਰੇਲੀਆ ਨੇ ਕੌਮੀ ਵੋਟਾਂ ਵਿੱਚ ਸਮਲਿੰਗੀ ਵਿਆਹ ਦੀ ਹਮਾਇਤ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)