You’re viewing a text-only version of this website that uses less data. View the main version of the website including all images and videos.
ਔਂ ਸਾਂ ਸੂ ਚੀ ਤੋਂ ਲਿਆ ‘ਫ੍ਰੀਡਮ ਆਫ਼ ਓਕਸਫੋਰਡ’ ਸਨਮਾਨ ਵਾਪਸ
ਮਿਆਂਮਾਰ ਦੀ ਨੇਤਾ ਔਂ ਸਾਂ ਸੂ ਚੀ ਤੋਂ 'ਫ੍ਰੀਡਮ ਆਫ਼ ਓਕਸਫੋਰਡ' ਸਨਮਾਨ ਵਾਪਸ ਲੈ ਲਿਆ ਗਿਆ ਹੈ। ਵਜ੍ਹਾ ਹੈ ਰੋਹਿੰਗਿਆ ਸੰਕਟ ਪ੍ਰਤੀ ਸੂ ਚੀ ਦਾ ਰਵੱਈਆ।
ਔਂ ਸਾਂ ਸੂ ਚੀ ਨੂੰ 1997 ਵਿੱਚ 'ਲੋਕਤੰਤਰ ਲਈ ਲੰਬਾ ਸੰਘਰਸ਼ ਕਰਨ 'ਤੇ 'ਫ੍ਰੀਡਮ ਆਫ਼ ਓਕਸਫੋਰਡ' ਸਨਮਾਨ ਨਾਲ ਨਵਾਜਿਆ ਗਿਆ ਸੀ।
ਓਕਸਫੋਰਡ ਦੇ ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਨਹੀਂ ਕਰਨਾ ਚਾਹੁੰਦੇ ਜੋ ਹਿੰਸਾ ਖਿਲਾਫ਼ ਅੱਖਾਂ ਬੰਦ ਕਰ ਲੈਣ।
ਪੰਜ ਲੱਖ ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨ ਹਿੰਸਾ ਦੀ ਵਜ੍ਹਾ ਕਰਕੇ ਮਿਆਂਮਾਰ ਤੋਂ ਬੰਗਲਾਦੇਸ ਭੱਜ ਗਏ ਸਨ।
ਮਿਆਂਮਾਰ 'ਤੇ ਫੌਜੀ ਤਾਨਾਸ਼ਾਹੀ ਦੌਰਾਨ ਸੂ ਚੀ ਨੇ ਰੰਗੂਨ ਵਿੱਚ ਕਈ ਸਾਲਾਂ ਤੱਕ ਨਜ਼ਰਬੰਦ ਹੋ ਕੇ ਲੋਕਤੰਤਰ ਲਈ ਮੁਹਿੰਮ ਚਲਾਈ ਸੀ।
'ਦਿਆਲੂ ਸ਼ਹਿਰ'
ਸੂ ਚੀ ਵੱਲੋਂ ਫੌਜੀ ਕਾਰਵਾਈ ਦੀ ਨਿੰਦਾ ਨਾ ਕਰਨਾ 'ਤੇ ਨਸਲੀ ਸਫ਼ਾਈ ਦੇ ਇਲਜ਼ਾਮਾਂ 'ਤੇ ਸਪਸ਼ਟੀਕਰਨ ਦੇਣ 'ਚ ਅਸਮਰੱਥ ਰਹਿਣ 'ਤੇ ਵਿਸ਼ਵ ਭਰ ਦੇ ਆਗੂਆਂ ਅਤੇ ਐਮਨੇਸਟੀ ਇੰਟਰਨੈਸ਼ਨਲ ਵਰਗੇ ਸੰਗਠਨਾਂ ਨੇ ਨਿੰਦਾ ਕੀਤੀ ਹੈ।
ਓਕਸਫੋਰਡ ਸਿਟੀ ਕੌਂਸਲ ਨੇ ਸੂ ਚੀ ਤੋਂ ਪੱਕੇ ਤੌਰ 'ਤੇ ਮਨਮਾਨ ਵਾਪਿਸ ਲੈਣ ਲਈ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਵੀ ਇੱਕ ਵਾਰੀ ਵੋਟਿੰਗ ਹੋਈ ਸੀ।
ਮੈਰੀ ਕਲਾਰਕਸਨ, ਜਿੰਨ੍ਹਾਂ ਨੇ ਇਹ ਸਨਮਾਨ ਵਾਪਸ ਲੈਣ ਦੀ ਮੰਗ ਕੀਤੀ ਸੀ, ਕਿਹਾ, "ਓਕਸਫੋਰਡ ਦੀ ਬਹੁਭਾਂਤੀ ਤੇ ਦਿਆਲੂ ਰਹਿਣ ਦੀ ਪਰੰਪਰਾ ਰਹੀ ਹੈ, ਪਰ ਹਿੰਸਾ ਪ੍ਰਤੀ ਅੱਖਾਂ ਬੰਦ ਰੱਖਣ ਵਾਲਿਆਂ ਕਰਕੇ ਸਾਡੀ ਸਾਖ ਨੂੰ ਢਾਹ ਲੱਗੀ ਹੈ।"
"ਮੈਨੂੰ ਲਗਦਾ ਹੈ ਕਿ ਅੱਜ ਅਸੀਂ ਉਨ੍ਹਾਂ ਲੋਕਾਂ ਦੀ ਅਵਾਜ਼ ਬੁਲੰਦ ਕੀਤੀ ਹੈ ਜੋ ਰੋਹਿੰਗਿਆ ਲੋਕਾਂ ਦੇ ਅਧਿਕਾਰਾਂ ਤੇ ਨਿਆਂ ਦੀ ਲੜਾਈ ਲੜ ਰਹੇ ਹਨ।"
ਇਸ ਤੋਂ ਪਹਿਲਾਂ ਓਕਸਫੋਰਡ ਦੇ ਸੇਂਟ ਹਿਊਗ ਕਾਲਜ ਨੇ ਜਿੱਥੇ ਸੂ ਚੀ ਨੇ ਪੜ੍ਹਾਈ ਕੀਤੀ ਸੀ, ਉਨ੍ਹਾਂ ਦੀ ਤਸਵੀਰ ਹਟਾ ਦਿੱਤੀ ਸੀ।
ਔਂ ਸਾਂ ਸੂ ਚੀ ਤੇ ਓਕਸਫੋਰਡ
- ਸੂ ਚੀ ਨੇ 1964-1967 'ਚ ਓਕਸਫੋਰਡ ਦੇ ਸੇਂਟ ਹਿਊਗ ਕਾਲਜ ਤੋਂ ਫਿਲਾਸਫ਼ੀ, ਸਿਆਸਤ ਤੇ ਅਰਥਚਾਰੇ ਦੀ ਪੜ੍ਹਾਈ ਕੀਤੀ।
- 1972 ਵਿੱਚ ਉਨ੍ਹਾਂ ਮਾਈਕਲ ਏਰਿਸ ਨਾਲ ਵਿਆਹ ਕੀਤਾ। ਮਾਈਕਲ ਸੇਂਟ ਐਂਟਨੀ ਕਾਲਜ ਵਿੱਚ ਤਿਬਤੀ ਤੇ ਹਿਮਾਲੀਅਨ ਸਟਡੀਜ਼ ਦੇ ਸੀਨੀਅਰ ਰਿਸਰਚਰ ਸਨ।
- ਉਹ ਆਪਣੇ ਦੋਹਾਂ ਬੱਚਿਆਂ ਕਿਮ ਤੇ ਅਲੈਗਜ਼ੈਂਡਰ ਨਾਲ ਓਕਸਫੋਰਡ ਵਿੱਚ ਰਹਿੰਦੇ ਸਨ।
- ਉਨ੍ਹਾਂ ਨੂੰ 1997 ਵਿੱਚ 'ਫ੍ਰੀਡਮ ਆਫ਼ ਓਕਸਫੋਰਡ' ਸਨਮਾਨ ਦਿੱਤਾ ਗਿਆ।
- 2012 ਵਿੱਚ ਸੂ ਚੀ ਨੂੰ ਯੂਨੀਵਰਸਿਟੀ ਆਫ਼ ਆਕਸਫੋਰਡ ਵੱਲੋਂ ਆਨਰੇਰੀ ਡਿਗਰੀ ਦਿੱਤੀ ਗਈ।