20 ਹਜ਼ਾਰ ਬੰਦਿਆਂ ਦੇ ਕਾਤਲ ਬੋਕੋ ਹਰਾਮ ਦਾ ਪਿਛੋਕੜ

ਨਾਇਜੀਰੀਆ ਦੇ ਪੂਰਬੀ ਸੂਬੇ ਅਦਮਾਵਾ ਵਿੱਚ ਹੋਏ ਇੱਕ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ ਘੱਟ 50 ਜਣਿਆ ਦੇ ਮਾਰੇ ਜਾਣ ਦੀ ਖ਼ਬਰ ਹੈ।

ਸਥਾਨਕ ਪੁਲਿਸ ਨੇ ਮੌਤਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਮਾਕਾ ਸਵੇਰੇ ਉਸ ਵੇਲੇ ਹੋਇਆ ਜਦੋਂ ਮਸਜਿਦ ਵਿੱਚ ਨਮਾਜ਼ ਅਦਾ ਕਰਨ ਵਾਲਿਆਂ ਦੀ ਵੱਡੀ ਗਿਣਤੀ ਮੌਜੂਦ ਸੀ।

ਧਮਾਕੇ ਦੇ ਚਸ਼ਮਦੀਦ ਗਵਾਹ ਅਬੂਬਾਕਾਰ ਸੂਲੇ ਨੇ ਖ਼ਬਰ ਏਜੰਸੀ ਏਐੱਫ਼ਪੀ ਨੂੰ ਦੱਸਿਆ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਹਮਲਾਵਰ ਭੀੜ ਦਾ ਹੀ ਹਿੱਸਾ ਸੀ।

ਭਾਵੇਂ ਕਿ ਕਿਸੇ ਨੇ ਇਹ ਇਲਜ਼ਾਮ ਨਹੀਂ ਲਾਇਆ ਪਰ ਉੱਤਰੀ ਨਾਇਜੀਰੀਆ ਵਿੱਚ ਅਜਿਹੇ ਧਮਾਕੇ ਬੋਕੋ ਹਰਾਮ ਨਾਂ ਦੀ ਮੁਸਿਲਮ ਬਾਗੀ ਸਗੰਠਨ ਕਰਦਾ ਹੈ।

ਅੱਠ ਸਾਲ ਦੇ ਹਿੰਸਕ ਦੌਰ ਵਿੱਚ ਬੋਕੋ ਹਰਾਮ 20 ਹਜ਼ਾਰ ਲੋਕਾਂ ਦੀ ਜਾਨ ਲੈ ਚੁੱਕਾ ਹੈ।

ਬੀਬੀਸੀ ਪੱਤਰਕਾਰ ਇਸ਼ਹਾਕ ਖਾਲਿਦ ਦੀ ਰਿਪੋਰਟ ਮੁਤਾਬਕ ਬੋਕੋ ਹਰਾਮ ਦੇ ਕਬਜ਼ੇ ਵਾਲੇ ਸ਼ਹਿਰਾਂ ਉੱਤੇ ਫੌਜ ਦੇ ਕਾਬਜ਼ ਹੋਣ ਤੋਂ ਬਾਅਦ ਨਾਇਜੀਰੀਆ ਦੇ ਉੱਤਰ-ਪੂਰਬੀ ਖਿੱਤੇ ਵਿੱਚ ਅਜਿਹੇ ਹਮਲੇ ਤੇਜ਼ ਹੋ ਗਏ ਹਨ।

ਪਿਛਲੇ ਦਸੰਬਰ ਵਿੱਚ ਉਕਤ ਸੂਬੇ ਵਿੱਚ ਹੀ ਬੰਬ ਧਮਾਕੇ ਵਿੱਚ 45 ਲੋਕਾਂ ਦੀ ਜਾਨ ਗਈ ਸੀ। ਉਸ ਬੰਬ ਧਮਾਕੇ ਵਿੱਚ ਦੋ ਔਰਤ ਹਮਲਾਵਰਾਂ ਨੇ ਖੁਦ ਨੂੰ ਭੀੜ ਵਾਲੇ ਬਜ਼ਾਰ ਵਿੱਚ ਖ਼ੁਦ ਨੂੰ ਉਡਾ ਲਿਆ ਸੀ।

ਬੋਕੋ ਹਰਾਮ ਦਾ ਪਿਛੋਕੜ

  • ਸਥਾਨਕ ਤੌਰ 'ਤੇ ਬੋਕੋ ਹਰਾਮ ਦੇ ਤੌਰ ਜਾਣਿਆ ਜਾਂਦਾ ਹੈ, ਜਿਸ ਦਾ ਮਤਲਬ ਹੈ "ਪੱਛਮੀ ਸਿੱਖਿਆ ਮਨ੍ਹਾ ਹੈ"
  • ਇਸਲਾਮੀ ਰਾਜ ਬਣਾਉਣ ਲਈ 2009 ਵਿੱਚ ਹਿੰਸਕ ਕਾਰਵਾਈਆਂ ਸ਼ੁਰੂ ਕੀਤੀਆਂ।
  • 2013 ਵਿੱਚ ਅਮਰੀਕਾ ਵਲੋਂ ਇੱਕ ਅੱਤਵਾਦੀ ਗਰੁੱਪ ਐਲਾਨਿਆ ਗਿਆ
  • 2014 ਵਿੱਚ ਜਿਨ੍ਹਾਂ ਖੇਤਰਾਂ ਉੱਤੇ ਕਬਜ਼ਾ ਕੀਤਾ, ਨੂੰ ਇੱਕ ਕੈਲੀਫੇਟ ਐਲਾਨਿਆ।
  • ਫ਼ੌਜ ਨੇ ਜ਼ਿਆਦਾਤਰ ਖੇਤਰਾਂ ਨੂੰ ਮੁੜ ਕਬਜ਼ੇ ਵਿੱਚ ਲੈ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)