ਸੋਮਾਲੀਆ ਦੀ ਰਾਜਧਾਨੀ ਮੋਗਾਦੀਸ਼ੂ 'ਚ ਵੱਡਾ ਬੰਬ ਧਮਾਕਾ

ਸੋਮਾਲੀਆ ਦੀ ਰਾਜਧਾਨੀ ਮੋਗਾਦੀਸ਼ੂ ਦੇ ਭੀੜਭਾੜ ਵਾਲੇ ਖ਼ੇਤਰ 'ਚ ਸ਼ਨੀਵਾਰ ਨੂੰ ਇੱਕ ਵੱਡਾ ਬੰਬ ਧਮਾਕਾ ਹੋਇਆ।

ਪੁਲਿਸ ਮੁਤਾਬਕ ਇਸ ਧਮਾਕੇ 'ਚ ਹੁਣ ਤੱਕ 230 ਲੋਕਾਂ ਦੀ ਮੌਤ ਹੋਈ ਹੈ।

ਇੱਕ ਹੋਟਲ ਦੀ ਐਂਟਰੀ ਦੇ ਕੋਲ ਇੱਕ ਬੱਸ 'ਚ ਇਹ ਧਮਾਕਾ ਹੋਇਆ ਜਿਸ 'ਚ ਸੇਂਕੜੇ ਲੋਕ ਜ਼ਖ਼ਮੀ ਵੀ ਹੋਏ ਹਨ।

ਇਸਲਾਮ ਪੱਖੀ ਅਲ-ਸ਼ਬਾਬ ਗਰੁੱਪ ਦੇ 2007 ਹੋਂਦ 'ਚ ਆਉਣ ਤੋਂ ਬਾਅਦ ਸੋਮਾਲੀਆ 'ਚ ਇਹ ਸਭ ਤੋਂ ਘਾਤਕ ਅੱਤਵਾਦੀ ਹਮਲਾ ਹੈ।

ਰਾਸ਼ਟਰਪਤੀ ਮੁਹੰਮਦ ਅਬਦੁਲਾਹੀ "ਫਰਮਾਜੋ" ਮੁਹੰਮਦ ਨੇ ਇਸ ਹਮਲੇ ਨੂੰ ਇੱਕ ਸ਼ਰਮਨਾਕ ਕਰਤੂਤ ਦੱਸਿਆ ਹੈ।

ਹਾਲੇ ਤੱਕ ਇਸ ਧਮਾਕੇ ਸਬੰਧੀ ਕੋਈ ਸੰਗਠਨ ਸਾਹਮਣੇ ਨਹੀਂ ਆਇਆ।

ਰਾਸ਼ਟਰਪਤੀ ਨੇ ਕਿਹਾ, ''ਇਸ ਭੈੜੀ ਕਰਤੂਤ ਨੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਿਹੜੇ ਆਪਣੇ ਕੰਮ ਨਾਲ ਮਤਲਬ ਰਖੇ ਹੋਏ ਸਨ।''

ਇਸ ਸਬੰਧੀ ਰਾਸ਼ਟਰਪਤੀ ਨੇ ਧਮਾਕੇ ਦੇ ਪੀੜਤਾਂ ਲਈ ਤਿੰਨ ਦਿਨਾਂ ਦੇ ਸ਼ੋਕ ਦਾ ਐਲਾਨ ਕੀਤਾ ਹੈ।

ਪੁਲਿਸ ਅਧਿਕਾਰੀ ਅਬਰਾਹਿਮ ਮੁਹੰਮਦ ਨੇ ਖ਼ਬਰ ਏਜੰਸੀ ਏਐਫਪੀ ਨੂੰ ਦੱਸਿਆ ਕਿ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਅਤੇ 300 ਤੋਂ ਵੱਧ ਜਖ਼ਮੀ ਹਨ।

ਇੰਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਨਾਜੁਕ ਹੈ।

ਅਧਿਕਾਰੀਆਂ ਮੁਤਾਬਕ ਸ਼ਹਿਰ ਦੇ ਮਦੀਨਾ ਜ਼ਿਲ੍ਹੇ 'ਚ ਇੱਕ ਹੋਰ ਬੰਬ ਧਮਾਕੇ 'ਚ 2 ਲੋਕ ਮਾਰੇ ਗਏ ਹਨ।

ਮੁੱਖ ਹਾਦਸੇ ਵਾਲੀ ਥਾਂ ਤੋਂ ਬੀਬੀਸੀ ਸੋਮਾਲੀ ਦੇ ਪੱਤਰਕਾਰ ਮੁਤਾਬਕ ਸਫਾਰੀ ਨਾਮ ਦਾ ਹੋਟਲ ਤਹਿਸ ਨਹਿਸ ਹੋ ਗਿਆ ਅਤੇ ਮਲਬੇ ਹੇਠਾਂ ਲੋਕ ਦੱਬੇ ਹੋਏ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)