ਲੰਡਨ ਦੀ ਰੇਲ 'ਚ ਧਮਾਕਾ, ਹੁਣ ਤੱਕ ਦੀਆਂ 7 ਅਹਿਮ ਗੱਲਾਂ

ਲੰਡਨ ਦੀ ਅੰਡਰ-ਗਰਾਊਂਡ ਰੇਲ 'ਚ ਸ਼ੁੱਕਰਵਾਰ ਸਵੇਰੇ ਧਮਾਕਾ ਹੋਇਆ ਹੈ। ਇਸ ਵਿੱਚ 22 ਲੋਕ ਜ਼ਖ਼ਮੀ ਹੋ ਗਏ ਹਨ।

ਲੰਡਨ ਪੁਲਿਸ ਇਸ ਨੂੰ ਦਹਿਸ਼ਤਗਰਦੀ ਘਟਨਾ ਮੰਨ ਕੇ ਜਾਂਚ ਕਰ ਰਹੀ ਹੈ।

ਘਟਨਾ ਸਥਾਨ ਦੀਆਂ ਤਸਵੀਰਾਂ ਦਿਖਾਉਂਦੀਆਂ ਹਨ ਕਿ ਇੱਕ ਸੁਪਰ-ਮਾਰਕੀਟ ਦੇ ਬੈਗ ਅੰਦਰ ਰੱਖੀ ਬਾਲਟੀ 'ਚ ਅੱਗ ਲੱਗੀ ਹੋਈ ਸੀ। ਭਾਵੇਂ ਕਿ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਅੱਗ ਕਿਵੇਂ ਲੱਗੀ, ਪਰ ਬਾਲਟੀ ਵਿੱਚੋਂ ਤਾਰਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਸਨ।

ਹੁਣ ਤੱਕ ਕੀ-ਕੀ ਹੋਇਆ ? ਧਮਾਕੇ ਨਾਲ ਜੁੜੀਆਂ 7 ਗੱਲਾਂ

1.ਬ੍ਰਿਟਿਸ਼ ਸਮੇ ਮੁਤਾਬਕ ਧਮਾਕਾ ਸਵੇਰੇ 8:20 ਵਜੇ ਹੋਇਆ।

2.ਦੱਖਣੀ-ਪੱਛਮੀ ਲੰਡਨ ਦੇ ਇਲਾਕੇ ਵਿੰਬਲਡਨ ਤੋਂ ਪੂਰਬ ਵੱਲ ਜਾ ਰਹੀ ਟਰੇਨ ਵਿੱਚ ਘਟਨਾ ਹੋਈ।

3.ਪੁਲਿਸ ਨੇ ਘਟਨਾ ਦੀ ਜਾਂਚ ਦਹਿਸ਼ਤਗਰਦੀ ਕਾਰਵਾਈ ਦੇ ਤੌਰ 'ਤੇ ਕਰ ਰਹੀ ਹੈ।

4.ਬਰਤਾਨਵੀ ਪ੍ਰਧਾਨਮੰਤਰੀ ਟੇਰੀਜ਼ਾ ਮੇਅ ਨੇ ਧਮਾਕੇ ਦੀ ਨਿੰਦਾ ਕੀਤੀ ਹੈ।

5.ਮੁੱਢਲੀ ਜਾਂਚ ਮੁਤਾਬਕ ਧਮਾਕਾਖੇਜ਼ ਸਮੱਗਰੀ ਬਾਲਟੀ 'ਚ ਰੱਖੀ ਗਈ ਸੀ।

6.ਪੁਲਿਸ ਇਸ ਨੂੰ ਅਤਿ-ਆਧੁਨਿਕ ਧਮਾਕਾਖੇਜ਼ ਸਮੱਗਰੀ ਦੱਸ ਰਹੀ ਹੈ।

7.ਸਾਲ 2017 ਦੀ ਦਹਿਸ਼ਤਗਰਦੀ ਨਾਲ ਜੁੜੀ ਇਹ ਪੰਜਵੀਂ ਘਟਨਾ ਹੈ ।

ਇੱਕ ਚਸ਼ਮਦੀਦਾਂ ਪੀਟਰ ਕਰੋਲੀ ਨੇ ਦੱਸਿਆ, 'ਮੈਂ ਵਿੰਬਲਡਨ ਸਟੇਸ਼ਨ ਤੋਂ ਰੇਲ 'ਚ ਬੈਠਿਆ ਹੀ ਸੀ ਕਿ ਧਮਾਕਾ ਹੋ ਗਿਆ, ਮੇਰੇ ਸਿਰ ਨਾਲ ਇੱਕ ਅੱਗ ਦੇ ਗੋਲੇ ਵਰਗੀ ਚੀਜ਼ ਮਹਿਸੂਸ ਹੋਈ, ਹੋਰ ਲੋਕਾਂ ਦੀ ਹਾਲਤ ਮੇਰੇ ਤੋਂ ਵੀ ਜ਼ਿਆਦਾ ਬੁਰੀ ਸੀ।'

ਇੱਕ ਹੋਰ ਚਸ਼ਮਦੀਦ ਕ੍ਰਿਸ਼ ਵਿਲਡਿਸ਼ ਨੇ ਦੱਸਿਆ ਕਿ ਉਸ ਨੇ ਇੱਕ ਬਾਲਟੀ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ। ਇਹ ਰੇਲ ਦੇ ਦਰਵਾਜ਼ੇ ਨੇੜੇ ਫਰਸ਼ 'ਤੇ ਪਈ ਸੀ।