ਅਫ਼ਗਾਨਿਸਤਾਨ ਆਤਮਘਾਤੀ ਹਮਲੇ 'ਚ 60 ਮੌਤਾਂ

ਅਫ਼ਗਾਨਿਸਤਾਨ ਵਿੱਚ 2 ਮਸਜਿਦਾਂ 'ਤੇ ਆਤਮਘਾਤੀ ਹਮਲਿਆਂ ਹੁਣ ਤੱਕ ਘੱਟੋ-ਘੱਟ 60 ਲੋਕਾਂ ਦੀ ਮੌਤ ਹੋ ਗਈ ਹੈ।

ਪਹਿਲਾ ਹਮਲਾ ਰਾਜਧਾਨੀ ਕਾਬੁਲ ਵਿੱਚ ਹੋਇਆ। ਸ਼ਿਆ ਮਸਜਿਦ ਇਮਾਮ ਜ਼ਾਮਨ ਵਿੱਚ ਗੋਲੀਬਾਰੀ ਤੋਂ ਬਾਅਦ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ।

ਇਸ ਘਟਨਾ ਵਿੱਚ 40 ਲੋਕ ਮਾਰੇ ਗਏ ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਸਨ।

ਦੂਜਾ ਹਮਲਾ ਘੋਰ ਸੂਬੇ ਦੀ ਇੱਕ ਮਸਜਿਦ ਵਿੱਚ ਹੋਇਆ। ਇੱਥੇ ਵੀ ਹਲਾਵਾਰ ਨੇ ਖ਼ੁਦ ਨੂੰ ਉਡਾ ਲਿਆ। ਇਸ ਵਿੱਚ 20 ਲੋਕਾਂ ਦੀ ਮੌਤ ਹੋ ਗਈ।

ਹੁਣ ਤੱਕ ਕਿਸੇ ਵੀ ਜਥੇਬੰਦੀ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਇਸਲਾਮਿਕ ਸਟੇਟ ਸੰਗਠਨ ਵੱਲੋਂ ਸ਼ਿਆ ਮੁਸਲਮਾਨਾਂ ਨਾਲ ਸਬੰਧਤ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਚੁਕਿਆ ਹੈ।

ਇੱਕ ਚਸ਼ਮਦੀਦ ਨੇ ਬੀਬੀਸੀ ਨੂੰ ਦੱਸਿਆ ਕਿ ਇਮਾਮ ਜ਼ਾਮਨ ਮਸਜਿਦ ਜੰਗ ਦੇ ਮੈਦਾਨ ਵਾਂਗ ਨਜ਼ਰ ਆ ਰਹੀ ਸੀ।

ਇੱਕ ਹੋਰ ਚਸ਼ਮਦੀਦ ਮਹਿਮੂਦ ਸ਼ਾਹ ਹੂਸੈਨੀ ਨੇ ਦੱਸਿਆ ਕਿ ਜਦੋਂ ਹਮਲਾ ਹੋਇਆ ਉਸ ਸਮੇਂ ਲੋਕ ਨਮਾਜ਼ ਪੜ੍ਹ ਰਹੇ ਸੀ।

ਕਾਬੂਲ ਪੁਲਿਸ ਦੇ ਬੁਲਾਰੇ ਬਸੀਰ ਮੋਜਾਹਿਦ ਨੇ ਘਟਨਾ ਦੀ ਪੁਸ਼ਟੀ ਕੀਤੀ।

ਇੱਕ ਹਫ਼ਤੇ 'ਚ 176 ਮੌਤਾਂ

ਅਗਸਤ ਮਹੀਨੇ ਵਿੱਚ ਵੀ ਇੱਕ ਮਸਜਿਦ 'ਤੇ ਹਮਲਾ ਹੋਇਆ ਸੀ, ਜਿਸ ਵਿੱਚ 20 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ।

ਅਫ਼ਗਾਨਿਸਤਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਜਾਂਚ ਕੀਤੀ ਜਾ ਰਹੀ ਹੈ ਕਿ ਹਮਲਾ ਕਿੰਨਾ ਸ਼ਕਤੀਸ਼ਾਲੀ ਸੀ।

ਇਸ ਤੋਂ ਪਹਿਲਾ ਕਾਬੁਲ ਵਿੱਚ ਆਤਮਘਾਤੀ ਹਮਲਾਵਰ ਗਿਰਫ਼ਤਾਰ ਕੀਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਇਸ ਗਿਰਫ਼ਤਾਰੀ ਨਾਲ ਇੱਕ ਵੱਡਾ ਹਮਲਾ ਹੋਣ ਤੋਂ ਬਚਾਇਆ ਗਿਆ ਹੈ।

ਇੱਕ ਹਫ਼ਤੇ ਦੇ ਅੰਦਰ ਪੂਰੇ ਮੁਲਕ 'ਚ ਵੱਖ-ਵੱਖ ਹਮਲਿਆਂ ਵਿੱਚ ਘੱਟੋ-ਘੱਟ 176 ਲੋਕਾਂ ਦੀ ਮੌਤ ਹੋਈ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)