ਚੇਅ ਗਵਾਰਾ ਦੇ ਪੁੱਤਰ ਨਾਲ ਕਿਊਬਾ ਦੀ ਮੋਟਰ ਸਾਈਕਲ ਯਾਤਰਾ

ਚੇਅ ਗਵਾਰਾ 9 ਅਕਤੂਬਰ, 1967 ਨੂੰ ਬੋਲੀਵੀਆ ਵਿੱਚ ਮਾਰਿਆ ਗਿਆ ਸੀ।

ਕਈ ਦਹਾਕਿਆਂ ਬਾਅਦ, ਬੀਬੀਸੀ ਪੱਤਰਕਾਰ ਵਿਲ ਗਰਾਂਟ ਨੇ ਗਵੇਰਾ ਦੇ ਪੁੱਤਰ ਨਾਲ ਇੱਕ ਮੋਟਰਸਾਈਕਲ 'ਤੇ ਕਿਊਬਾ ਦਾ ਸਫ਼ਰ ਕੀਤਾ ਅਤੇ ਆਪਣੇ ਪਿਤਾ ਦੀ ਵਿਰਾਸਤ ਦੇ ਪਰਛਾਵੇਂ ਵਿੱਚ ਜਿਉਣ ਦੇ ਦਬਾਅ ਬਾਰੇ ਜਾਣਨਾ ਚਾਹਿਆ।

ਕਈ ਵਾਰ ਪਰਿਵਾਰਕ ਸਮਾਨਤਾ ਅਲੌਕਿਕ ਹੁੰਦੀ ਹੈ ਜਿਵੇਂ ਕਿ ਉਹੀ ਦਾੜ੍ਹੀ, ਉਹੀ ਨੱਕ, ਉਸੇ ਅੰਦਾਜ਼ ਵਿੱਚ ਉਂਗਲਾਂ ਵਿੱਚ ਸਿਗਾਰ ਦੱਬਣ ਦੀ ਆਦਤ, ਇੱਥੋਂ ਤੱਕ ਕਿ ਮੋਟਰ ਸਾਈਕਲਾਂ ਦਾ ਮੋਹ।

ਹੱਵਾਨਾ ਦੇ ਇੱਕ ਹਾਰਲੇ ਡੇਵਿਡਸਨ ਥੀਮ 'ਤੇ ਬਣੇ ਬਾਰ ਵਿੱਚ ਮੇਰੇ ਨਾਲ ਕੋਲਡ ਡਰਿੰਕ ਨੂੰ ਪੀ ਰਹੇ 50 ਸਾਲਾ ਅਰਨੇਸਟੋ ਦਾ ਕਹਿਣਾ ਹੈ, "ਮਸ਼ੀਨਾਂ, ਸਪੀਡ, ਮੋਟਰਬਾਈਕਾਂ ਅਤੇ ਕਾਰਾਂ ਹਮੇਸ਼ਾ ਮੇਰੀ ਪਸੰਦ ਰਹੀਆਂ।" ਅਰਨੈਸਟੋ ਦਾ ਨਾਮ ਉਸ ਦੇ ਪਿਤਾ ਦੇ ਨਾਮ 'ਤੇ ਹੀ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ-

ਬਾਈਕ ਦੇ ਸ਼ੌਂਕੀ

"ਬਚਪਨ ਵਿੱਚ ਮੈਨੂੰ ਬਾਈਕਾਂ ਅਤੇ ਕਾਰਾਂ ਠੀਕ ਕਰਨ ਦਾ ਸ਼ੋਂਕ ਸੀ। ਮੈਨੂੰ ਲਗਦਾ ਹੈ ਕਿ ਇਹ ਗੱਲ ਮੇਰੇ ਪਿਤਾ ਕਰਕੇ ਹੀ ਮੇਰੇ ਵਿੱਚ ਆਈ ਹੈ। ਜੋ ਵੀ ਹੋਵੇ, ਮੈਨੂੰ ਇਹ ਸਭ ਕੁਝ ਬੜਾ ਪਸੰਦ ਹੈ।"

ਸਮਾਨਤਾਵਾਂ ਦੇ ਬਾਵਜੂਦ, ਗਵੇਰਾ ਜੂਨੀਅਰ ਨੇ ਆਪਣੀ ਜ਼ਿੰਦਗੀ ਲਈ ਇੱਕ ਵੱਖਰਾ ਰਾਹ ਚੁਣਿਆ ਹੈ। ਉਹ ਸੈਰ-ਸਪਾਟੇ ਦੇ ਖੇਤਰ ਵਿੱਚ ਕੰਮ ਕਰਦੇ ਹਨ।

ਉਹ ਮੋਟਰ ਬਾਈਕ ਟੂਰ ਕੰਪਨੀ ਚਲਾਉਂਦੇ ਹਨ। ਇਸ ਦਾ ਉਨ੍ਹਾਂ ਦੇ ਪਿਤਾ ਨਾਲ਼ ਸਿਰਫ ਇੱਕ ਸੰਬੰਧ ਹੈ। ਇਸ ਕੰਪਨੀ ਦਾ ਨਾਮ ਉਸ ਦੇ ਪਿਤਾ ਦੀ 'ਦਾ ਮੋਟਰਸਾਈਕਲ ਡਾਇਰੀਜ਼' ਵਾਲੀ ਮਸ਼ਹੂਰ ਮੋਟਰ ਸਾਈਕਲ 'ਲਾ ਪੌਡੋਰੋਸਾ', ਦੇ ਨਾਂ 'ਤੇ ਰੱਖਿਆ ਗਿਆ ਹੈ।

ਚੇ ਗਵੇਰਾ ਨੇ ਆਪਣੇ ਨੌਰਟਨ 500 ਸੀਸੀ ਮੋਟਰਸਾਈਕਲ 'ਤੇ ਦੱਖਣੀ ਅਮਰੀਕਾ ਦਾ ਲੰਮਾ ਸਫ਼ਰ ਕੀਤਾ ਸੀ।

'ਲਾ ਪੌਡੋਰੋਸਾ ਟੂਰਸ ਇੱਕ ਨਿੱਜੀ ਕੰਪਨੀ ਹੈ, ਜਿਸ ਨੇ ਕਈ ਕਿਊਬਨ ਸਰਕਾਰੀ ਕੰਪਨੀਆਂ ਦੇ ਨਾਲ ਪੈਸਾ ਲਾਇਆ ਹੋਇਆ ਹੈ ਅਤੇ ਕੰਮ ਕਰਦੀ ਹੈ।

ਜਦੋਂ ਮੈਂ ਅਰਨੇਸਟੋ ਨਾਲ ਸਫ਼ਰ ਸ਼ੁਰੂ ਕੀਤਾ ਤਾਂ ਅਸੀਂ ਪੱਛਮ ਵਿਚ ਤੰਬਾਕੂ ਪੈਦਾਵਾਰ ਲਈ ਜਾਣੇ ਜਾਂਦੇ ਇਲਾਕੇ ਪੀਨਾਰ ਡੈਲ ਰਿਓ ਵੱਲ ਗਏ।

ਜਦੋਂ ਹਾਰਲੇ ਡੇਵਿਡਸਨਾਂ ਦਾ ਕਾਫ਼ਲਾ ਹੱਵਾਨਾ ਦੀਆਂ ਸੜਕਾਂ ਤੋਂ ਲੰਘਿਆ ਤਾਂ ਲੋਕ ਮੁੜ-ਮੁੜ ਕੇ ਦੇਖ ਰਹੇ ਸਨ।

ਦੁਨੀਆ ਘੁੰਮਣ ਦਾ ਸ਼ੌਕ

ਜਦੋਂ ਅਸੀਂ ਰਾਹ ਵਿੱਚ ਕੌਫੀ ਪੀਣ ਲਈ ਰੁਕੇ ਤਾਂ ਅਮਰੀਕਾ ਦੇ ਮੈਸਾਚੁਸੈਟਸ ਤੋਂ ਆਏ ਸਕੌਟ ਰੌਜਰਸ ਨੇ ਕਿਹਾ, "ਮੇਰੀ ਉਮਰ ਦੇ ਅਮਰੀਕੀ ਕਦੇ ਕਿਊਬਾ ਨਹੀਂ ਆ ਸਕੇ, ਪਰ ਹੁਣ ਅਸੀਂ ਇੱਥੇ ਆ ਸਕਦੇ ਹਾਂ।"

"ਮੈਨੂੰ ਨਹੀਂ ਪਤਾ ਕਿ ਇਹ ਰਾਹਤ ਕਿੰਨੀ ਦੇਰ ਰਹੇਗੀ, ਤਾਂ ਮੈਂ ਸੋਚਿਆ ਕਿ ਹੁਣ ਇੱਕ ਮੌਕਾ ਹੈ ਘੁੰਮ ਹੀ ਲਵਾਂ।"

ਕਈ ਰਾਈਡਰ ਚੇ ਗਵੇਰਾ ਤੋਂ ਪ੍ਰਭਾਵਿਤ ਹੋ ਕੇ ਆਏ ਸਨ। ਅਰਜਨਟੀਨਾ ਤੋਂ ਆਏ ਐਡੁਆਰਡੋ ਲੋਪੇਜ਼ ਵੀ ਉਨ੍ਹਾਂ ਵਿੱਚੋਂ ਹੀ ਇੱਕ ਸੀ।

ਲੋਪੇਜ਼ ਕਹਿੰਦੇ ਹਨ, "ਸਪਸ਼ਟ ਹੈ ਕਿ ਗਵਾਰਾ ਖਿੱਚ ਦਾ ਇੱਕ ਹਿੱਸਾ ਹੈ। ਮੋਟਰਸਾਈਕਲ 'ਤੇ ਦੁਨੀਆਂ ਦਾ ਸਫ਼ਰ ਕਰਨਾ ਮੇਰਾ ਸ਼ੌਂਕ ਹੈ, ਪਰ ਮੈਂ ਇੱਥੇ ਖਾਸ ਤੌਰ 'ਤੇ ਇਸ ਦੌਰੇ ਲਈ ਆਇਆ ਹਾਂ ਕਿਉਂਕਿ ਚੇ ਕਈ ਸਾਲਾਂ ਤੱਕ ਉਸ ਦੇ ਮੂਲ ਨਗਰ ਕੋਰਡੋਬਾ ਵਿੱਚ ਰਹੇ ਸਨ। ਇਸ ਲਈ ਸਾਨੂੰ ਇਸ ਸ਼ਖ਼ਸੀਅਤ ਨਾਲ, ਇਸ ਚਮਤਕਾਰੀ ਸ਼ਖ਼ਸ ਨਾਲ ਜੁੜਾਵ ਮਹਿਸੂਸ ਹੁੰਦਾ ਹੈ।"

ਚੇ ਦੀ ਦੂਜੀ ਪਤਨੀ ਅਲੀਡਾ ਮਾਰਚ ਤੋਂ ਪੈਦਾ ਹੋਏ ਅਰਨੈਸਟੋ ਗਵੇਰਾ ਮਾਰਚ ਕਹਿੰਦੇ ਹਨ,

"ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਚੀਜ਼ਾਂ ਨੂੰ ਉਨ੍ਹਾਂ ਨਾਲ ਨਾ ਜੋੜਾਂ। ਮੈਂ ਜੋ ਕੁਝ ਵੀ ਕੀਤਾ ਹੈ, ਉਹ ਅਰਨੈਸਟੋ ਗਵਾਰਾ ਦੇ ਤੌਰ 'ਤੇ ਆਪਣੇ ਦਮ 'ਤੇ ਕੀਤਾ ਹੈ।"

"ਮੈਂ ਹਰ ਚੀਜ਼ ਜ਼ਿੰਮੇਵਾਰੀ ਦੀ ਭਾਵਨਾ ਨਾਲ ਕਰਦਾ ਹਾਂ। ਜੇ ਸਫਲਤਾ ਮਿਲ ਜਾਂਦੀ ਹੈ ਤਾਂ ਠੀਕ ਹੈ, ਜੇ ਨਹੀਂ ਮਿਲਦੀ ਤਾਂ ਇਹ ਵੀ ਠੀਕ ਹੀ ਹੈ।"

ਅਰਨੈਸਟੋ ਜਾਣਦੇ ਹਨ ਕਿ ਉਸ ਦੇ ਆਲੋਚਕ ਵੀ ਹਨ, ਖ਼ਾਸ ਕਰਕੇ ਮਮੀਆਮੀ ਵਿੱਚ। ਅਕਸਰ ਇਹ ਕਿਹਾ ਜਾਂਦਾ ਹੈ ਕਿ ਮਾਰਕਸਵਾਦੀ ਗਵੇਰਾ ਦੇ ਪੁੱਤਰ ਨੇ ਸੈਰ-ਸਪਾਟੇ ਦੇ ਖੇਤਰ ਵਿੱਚ ਇੱਕ ਪੂੰਜੀਵਾਦੀ ਕਰੀਅਰ ਅਪਣਾਇਆ ਹੈ।

ਇਹ ਵੀ ਪੜ੍ਹੋ-

ਹਾਲਾਂਕਿ ਇਹ ਅਜਿਹੇ ਇਲਜ਼ਾਮ ਨਹੀਂ ਹਨ ਜਿਨ੍ਹਾਂ ਤੋਂ ਉਹ ਫਿਕਰਮੰਦ ਹੋਣ।

"ਇਸਦਾ ਸਮਾਜਵਾਦੀ ਜਾਂ ਪੂੰਜੀਵਾਦੀ ਹੋਣ ਨਾਲ ਕੋਈ ਮਤਲਬ ਨਹੀਂ ਹੈ", ਉਨ੍ਹਾਂ ਦੀ ਆਵਾਜ਼ ਵਿੱਚ ਗੁੱਸਾ ਝਲਕ ਰਿਹਾ ਸੀ।

ਕਿਊਬਾ ਦਾ ਇਨਕਲਾਬ

ਕਿਊਬਾ ਵਿੱਚ ਇਨਕਲਾਬੀਆਂ ਦੀ ਜਿੱਤ ਮਗਰੋਂ, ਚੇ ਗਵੇਰਾ ਨੇ ਬਰਤਰਫ਼ ਫ਼ੌਜੀ ਸਰਕਾਰ ਦੇ ਸਰਕਾਰੀ ਅਫਸਰਾਂ ਦੇ ਕੇਸਾਂ ਦੀ ਸੁਣਵਾਈ ਦੀ ਪ੍ਰਧਾਨਗੀ ਕੀਤੀ ਸੀ।

ਦਰਜਨਾਂ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਬਹੁਤ ਸਾਰੇ ਅਲੋਚਕ ਮੰਨਦੇ ਹਨ ਕਿ ਇਹ ਸਜ਼ਾਵਾਂ ਬਿਨਾਂ ਕਿਸੇ ਪ੍ਰਕਿਰਿਆ ਦੇ ਦਿੱਤੀਆਂ ਗਈਆਂ ਸਨ।

ਪਿਤਾ ਦੀ ਮੌਤ ਦੇ 50 ਸਾਲ ਬਾਅਦ ਵੀ ਅਰਨੈਸਟੋ ਉਨ੍ਹਾ ਦਾ ਬਚਾਅ ਕਰਦੇ ਕਹਿੰਦੇ ਹਨ ਕਿ ਸਜ਼ਾਵਾਂ 'ਆਮ' ਸਨ।

ਅਰਨੈਸਟੋ ਮੰਨਦੇ ਹਨ ਕਿ ਇੱਕ ਪ੍ਰਸਿੱਧ ਪਿਤਾ ਦਾ ਬੱਚਾ ਹੁੰਦੇ ਹੋਏ ਵੱਡੇ ਹੋਣਾ ਸੌਖਾ ਨਹੀਂ ਹੁੰਦਾ। 1967 ਵਿੱਚ ਜਦੋਂ ਕਿ ਚੇ ਗਵੇਰਾ ਬੋਲੀਵੀਆ ਵਿੱਚ ਮਾਰੇ ਗਏ ਸੀ, ਉਦੋਂ ਅਰਨੈਸਟੋ ਸਿਰਫ਼ ਦੋ ਸਾਲ ਦੀ ਉਮਰ ਦੇ ਸਨ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)