ਮਲਾਲਾ ਯੂਸਫ਼ਜ਼ਈ ਨੇ ਔਕਸਫੋਰਡ ਯੂਨੀਵਰਸਿਟੀ ’ਚ ਲਾਇਆ ਪਹਿਲਾ ਲੈਕਚਰ

ਯੂਨੀਵਰਸਿਟੀ ਵਿੱਚ ਆਪਣਾ ਪਹਿਲਾ ਲੈਕਚਰ ਲਾਉਣ ਵਾਲੇ ਜ਼ਿਆਦਾਤਰ ਲੋਕ ਸਖ਼ਤ ਮਿਹਨਤ ਕਰ ਉੱਥੇ ਪਹੁੰਚਦੇ ਹਨ। ਪਰ ਹਰ ਕਿਸੇ ਦਾ ਸਫ਼ਰ ਮਲਾਲਾ ਯੂਸਫ਼ਜ਼ਈ ਵਰਗਾ ਨਹੀਂ ਹੁੰਦਾ।

ਵਿਸ਼ਵ ਪ੍ਰਸਿੱਧ ਸਿੱਖਿਅਕ ਮੁਹਿੰਮ ਚਲਾਉਣ ਵਾਲੀ ਪਾਕਿਸਤਾਨ ਮੂਲ ਦੀ ਮਲਾਲਾ ਨੇ ਔਕਸਫੋਰਡ ਯੂਨੀਵਰਸਿਟੀ ਵਿੱਚ ਆਪਣੇ ਪਹਿਲੇ ਲੈਕਚਰ ਦੀ ਤਸਵੀਰ ਟਵੀਟ ਕੀਤੀ।

Jemal Countess/Getty Images

ਪੰਜ ਸਾਲ ਪਹਿਲਾਂ, ਪਾਕਿਸਤਾਨ ਵਿੱਚ ਮਲਾਲਾ ਦੇ ਸਿਰ 'ਤੇ ਗੋਲੀ ਮਾਰੀ ਗਈ ਸੀ।

20 ਸਾਲਾ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੇ ਅਗਸਤ ਵਿੱਚ ਲੇਡੀ ਮਾਰਗਰੇਟ ਹਾਲ ਵਿੱਚ ਫਿਲਾਸਫ਼ੀ, ਰਾਜਨੀਤੀ ਅਤੇ ਅਰਥਚਾਰੇ ਦੀ ਪੜ੍ਹਾਈ ਲਈ ਇੱਕ ਯੂਨੀਵਰਸਿਟੀ ਚੁਣੀ।

ਮਲਾਲਾ ਨੇ ਟਵੀਟ ਕੀਤਾ, "ਪੰਜ ਸਾਲ ਪਹਿਲਾਂ ਮੈਨੂੰ ਕੁੜੀਆਂ ਦੀ ਸਿੱਖਿਆ ਬਾਰੇ ਬੋਲਣ ਤੋਂ ਰੋਕਣ ਲਈ ਗੋਲੀ ਮਾਰ ਦਿੱਤੀ ਗਈ ਸੀ। ਅੱਜ ਮੈਂ ਔਕਸਫੋਰਡ ਵਿੱਚ ਪਹਿਲਾ ਲੈਕਚਰ ਲਾ ਰਹੀ ਹਾਂ।"

ਕੁਝ ਹੀ ਮਿੰਟਾਂ ਵਿੱਚ ਉਸ ਦੀ ਤਸਵੀਰ ਹਜ਼ਾਰ ਤੋਂ ਜ਼ਿਆਦਾ ਵਾਰ ਸ਼ੇਅਰ ਕੀਤੀ ਜਾ ਚੁੱਕੀ ਸੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਸਨ।

ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਵਧਾਈ ਹੋਵੇ, ਤੁਸੀਂ ਹਰ ਕੁੜੀ ਲਈ ਇੱਕ ਪ੍ਰੇਰਣਾ ਹੋ।"

ਇੱਕ ਹੋਰ ਸ਼ਖ਼ਸ ਨੇ ਲਿਖਿਆ, "ਵਧਾਈ ਹੋਵੇ ਮਲਾਲਾ। ਤੁਸੀਂ ਔਰਤਾਂ ਅਤੇ ਸਭ ਲਈ ਉਮੀਦ ਹੋ। ਯੁਨੀਵਰਸਿਟੀ 'ਚ ਮਜ਼ੇ ਕਰੋ।"

ਜਾਨਲੇਵਾ ਸੱਟਾਂ ਠੀਕ ਹੋਣ ਤੋਂ ਬਾਅਦ, ਮਲਾਲਾ ਅਤੇ ਉਸ ਦਾ ਪਰਿਵਾਰ ਯੂਕੇ ਚਲਾ ਗਿਆ।

ਮਲਾਲਾ ਕੁੜੀਆਂ ਦੀ ਸਿੱਖਿਆ ਲਈ ਅਵਾਜ਼ ਚੁੱਕਣ ਅਤੇ ਸੰਘਰਸ਼ ਕਰਨ ਵਾਲੀ ਕੌਮਾਂਤਰੀ ਪ੍ਰਤੀਕ ਬਣ ਗਈ।

2017 ਵਿੱਚ ਮਲਾਲਾ ਨੂੰ ਯੂਐੱਨ ਦਾ ਸਭ ਤੋਂ ਘੱਟ ਉਮਰ ਦਾ ਸ਼ਾਂਤੀ ਦੂਤ ਬਣਾ ਦਿੱਤਾ ਗਿਆ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)