ਕੈਟੇਲੋਨੀਆ ਰਾਏਸ਼ੁਮਾਰੀ ਦਾ ਵਿਰੋਧ ਕਿਊਂ ਕਰ ਰਿਹਾ ਹੈ ਸਪੇਨ

ਤਸਵੀਰ ਸਰੋਤ, Getty Images
ਕੈਟੇਲੋਨੀਆ ਵਿੱਚ ਰਾਏ ਸ਼ੁਮਾਰੀ ਦੇ ਸਮਰਥਕਾਂ ਨੇ 160 ਤੋਂ ਵਧ ਸਕੂਲਾਂ ਉੱਤੇ ਕਬਜ਼ਾਂ ਕਰ ਲਿਆ ਹੈ।
ਰਾਏਸ਼ੁਮਾਰੀ ਸਮਰਥਕਾਂ ਦੀ ਕੋਸ਼ਿਸ਼ ਹੈ ਕਿ ਸਕੂਲਾਂ ਨੂੰ ਖੁੱਲ੍ਹੇ ਰੱਖ ਕੇ ਪਾਬੰਦੀਸ਼ੁਦਾ ਰਾਏਸ਼ੁਮਾਰੀ ਲਈ ਵੋਟਿੰਗ ਕਰਵਾਈ ਜਾ ਸਕੇ।
ਸਪੇਨ ਸਰਕਾਰ ਨੇ ਇਸਦੀ ਪੁਸ਼ਟੀ ਕਰ ਦਿੱਤੀ ਹੈ।
ਕੈਟੇਲੋਨੀਆ ਦੇ 2315 ਸਕੂਲਾਂ ਵਿੱਚੋਂ 1300 ਦਾ ਪੁਲਿਸ ਨੇ ਦੌਰਾ ਕੀਤਾ ਅਤੇ ਦੇਖਿਆ ਕਿ 163 ਸਕੂਲਾਂ ਉੱਤੇ ਰਾਏਸ਼ੁਮਾਰੀ ਦੇ ਸਮਰਥਕਾਂ ਨੇ ਕਬਜ਼ਾ ਜਮਾਇਆ ਹੋਇਆ ਹੈ।

ਤਸਵੀਰ ਸਰੋਤ, Getty Images
ਰਾਏਸ਼ੁਮਾਰੀ ਲਈ ਐਤਵਾਰ ਨੂੰ ਹਜ਼ਾਰਾਂ ਲੋਕਾਂ ਵੱਲੋਂ ਵੋਟ ਪਾਏ ਜਾਣ ਦੀ ਸੰਭਾਵਨਾ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇਸ ਰਾਏਸ਼ੁਮਾਰੀ ਦੇ ਵਿਰੋਧ ਵਿੱਚ ਲੋਕਾਂ ਨੇ ਰੈਲੀ ਕੀਤੀ ਅਤੇ ਸਪੇਨ ਦੀ ਏਕਤਾ ਲਈ ਲਾਮਬੰਦੀ ਕੀਤੀ।
'ਕੈਟੇਲੋਨੀਆ ਸਪੇਨ ਹੈ' ਦੇ ਨਾਅਰਿਆਂ ਵਾਲੇ ਬੈਨਰ ਫੜ੍ਹ ਕੇ ਲੋਕਾਂ ਨੇ ਸਪੇਨ ਦੇ ਰਾਸ਼ਟਰੀ ਝੰਡੇ ਇਸ ਰੈਲੀ ਦੌਰਾਨ ਸੜਕਾਂ 'ਤੇ ਲਹਿਰਾਏ।
ਇਸੇ ਦੌਰਾਨ ਸਪੇਨ ਦੀ ਸਰਕਾਰ ਨੇ ਰਾਏਸ਼ੁਮਾਰੀ ਦੀ ਵੋਟਿੰਗ ਰੋਕਣ ਲਈ ਅੱਡੀ ਝੋਟੀ ਦਾ ਜ਼ੋਰ ਲਗਾ ਦਿੱਤਾ ਹੈ।

ਤਸਵੀਰ ਸਰੋਤ, Getty Images
ਸਪੇਨ ਦੀਆਂ ਅਦਾਲਤਾ ਵੱਲੋਂ ਗੈਰਕਾਨੂੰਨੀ ਐਲਾਨੀ ਗਈ ਰਾਏਸ਼ੁਮਾਰੀ ਨੂੰ ਰੋਕਣ ਲਈ ਕੈਟੇਲੋਨੀਆ ਵਿੱਚ ਭਾਰੀ ਪੁਲਿਸ ਫ਼ੋਰਸ ਭੇਜੀ ਗਈ ਹੈ।
ਜਿਸ ਵੱਲੋਂ ਰਾਏਸ਼ੁਮਾਰੀ ਦੇ ਸਮਰਥਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਵਾਰਸੀਲੋਨਾ ਤੱਟ ਉੱਤੇ 2 ਸਮੁੰਦਰੀ ਬੇੜਿਆਂ ਰਾਹੀਂ ਰਾਖਵੀਂ ਪੁਲਿਸ ਦੇ ਜਵਾਨਾਂ ਨੂੰ ਭੇਜਿਆ ਗਿਆ ਹੈ।
ਪੁਲਿਸ ਨੇ ਸਰਕਾਰੀ ਦੂਰ ਸੰਚਾਰ ਕੇਂਦਰਾਂ ਉੱਤੇ ਕਬਜ਼ਾ ਕਰ ਲਿਆ ਹੈ।
ਸਰਕਾਰ ਰਾਏਸ਼ੁਮਾਰੀ ਵਿਰੋਧੀ ਕਿਉਂ
- 2014 ਵਿੱਚ ਅਹੁਦਾ ਛੱਡਣ ਸਮੇਂ ਤੱਤਕਾਲੀ ਪ੍ਰਧਾਨ ਮੰਤਰੀ ਮਾਰੀਆਨੋ ਰਾਜੋਏ ਨੇ ਕੈਟੇਲੋਨੀਆ ਲਈ ਰਾਏਸ਼ੁਮਾਰੀ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਕਾਨੂੰਨੀ ਮਾਨਤਾ ਦੇਣ ਲਈ ਮੁਲਕ ਵਿੱਚ ਸਹਿਮਤੀ ਨਹੀਂ ਬਣ ਸਕੀ।
- ਸਪੇਨ ਦੀ ਕੇਂਦਰ ਸਰਕਾਰ ਇਸ ਨੂੰ ਇੱਕ ਪਾਸੜ ਰਾਏਸ਼ੁਮਾਰੀ ਮੰਨ ਰਹੀ ਹੈ।
- ਲੋਕਾਂ ਵਿੱਚ ਸਹਿਮਤੀ ਨਾ ਹੋਣ ਕਾਰਨ ਰਾਏਸ਼ੁਮਾਰੀ ਕਾਰਨ ਦੇਸ਼ ਵਿੱਚ ਅਮਨ-ਕਾਨੂੰਨ ਦੀ ਸਥਿਤੀ ਖ਼ਰਾਬ ਹੋ ਰਹੀ ਹੈ।
- ਕੈਟੇਲੋਨੀਆ ਸਪੇਨ ਦੀ ਵਿਕਾਸ ਦਰ ਦਾ 19 ਫ਼ੀਸਦੀ ਅਤੇ ਵਿਦੇਸ਼ੀ ਨਿਵੇਸ਼ ਦਾ 20 ਫ਼ੀਸਦੀ ਤੋਂ ਵਧ ਹਿੱਸਾ ਰੱਖਦਾ ਹੈ।
- ਕੈਟੇਲੋਨੀਆ ਦੇ ਵੱਖ ਹੋਣ ਨਾਲ ਸਪੇਨ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਣਾ ਹੈ।
ਕੈਟੇਲੋਨੀਆ ਨਾਲ ਜਾਣ-ਪਛਾਣ

ਤਸਵੀਰ ਸਰੋਤ, Getty Images
ਕੈਟੇਲੋਨੀਆ ਸਪੇਨ ਦਾ ਸਭ ਤੋਂ ਅਮੀਰ ਇਲਾਕਾ ਹੈ ਜਿਸਦਾ ਇੱਕ ਹਜ਼ਾਰ ਸਾਲ ਪੁਰਾਣਾ ਵੱਖਰਾ ਇਤਿਹਾਸ ਹੈ।ਸਪੇਨ ਦੀ ਘਰੇਲੂ ਜੰਗ ਤੋਂ ਪਹਿਲਾ ਇਸ ਇਲਾਕੇ ਨੂੰ ਖ਼ੁਦ ਮੁਖਤਿਆਰੀ ਮਿਲੀ ਹੋਈ ਸੀ। ਪਰ 1939 ਤੋਂ 75 ਦਰਮਿਆਨ ਜਨਰਲ ਫਰਾਂਸੀਸਕੋ ਫਰੈਂਕੋ ਦੀ ਅਗਵਾਈ ਵਿੱਚ ਕੈਟੇਲੋਨੀਆ ਦੀ ਖ਼ੁਦ ਮੁਖਤਿਆਰੀ ਨੂੰ ਖ਼ਤਮ ਕਰ ਦਿੱਤਾ ਗਿਆ।
ਫਰੈਂਕੋ ਦੀ ਮੌਤ ਤੋਂ ਬਾਅਦ ਰਾਸ਼ਟਰਵਾਦ ਨੂੰ ਹਵਾ ਮਿਲੀ ਅਤੇ 1978 ਵਿੱਚ ਸਵਿਧਾਨ ਰਾਹੀਂ ਉੱਤਰ ਪੂਰਬੀ ਇਲਾਕੇ ਨੂੰ ਮੁੜ ਖ਼ੁਦ ਮੁਖਤਿਆਰੀ ਦੇਣੀ ਪਈ।
ਵਿਸ਼ੇਸ਼ ਅਧਿਕਾਰ ਵਾਪਸ ਲੈਣ ਤੋਂ ਲੋਕ ਨਰਾਜ਼

ਤਸਵੀਰ ਸਰੋਤ, Getty Images
2006 'ਚ ਇੱਕ ਨੋਟੀਫਿਕੇਸ਼ਨ ਰਾਹੀਂ ਕੈਟੇਲੋਨੀਆ ਨੂੰ ਹੋਰ ਵਧ ਤਾਕਤਾਂ ਦਿੱਤੀਆਂ ਗਈਆਂ।
ਜਿਸ ਕਾਰਨ ਉਸਦਾ ਵਿੱਤੀ ਦਬਦਬਾ ਵਧ ਗਿਆ ਅਤੇ ਉਸਨੂੰ ਇੱਕ ਮੁਲਕ ਦੇ ਤੌਰ 'ਤੇ ਜਾਣਿਆ ਜਾਣ ਲੱਗਾ ।
ਸਪੇਨ ਦੀ ਅਦਾਲਤ ਨੇ 2010 ਵਿੱਚ ਸਾਰੀ ਤਾਕਤ ਵਾਪਿਸ ਲੈ ਲਈ। ਜਿਸ ਨਾਲ ਸਥਾਨਕ ਪ੍ਰਸ਼ਾਸਨ ਨਰਾਜ਼ ਹੋ ਗਿਆ।
ਅਣ-ਅਧਿਕਾਰਤ ਵੋਟਿੰਗ
2014 ਵਿੱਚ ਕੈਟੇਲੋਨੀਆਈ ਲੋਕਾਂ ਨੇ ਇੱਕ ਅਣ-ਅਧਿਕਾਰਤ ਵੋਟਿੰਗ ਕਰਵਾਈ ਸੀ ਜਿਸ ਵਿੱਚ 80 ਫ਼ੀਸਦ ਲੋਕਾਂ ਵਲੋਂ ਸਪੇਨ ਤੋਂ ਅਜ਼ਾਦੀ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਸੀ।
54 ਲੱਖ ਯੋਗ ਵੋਟਰਾਂ ਵਿੱਚੋਂ 20 ਲੱਖ ਤੋਂ ਵਧ ਨੇ ਵੋਟਿੰਗ 'ਚ ਹਿੱਸਾ ਲਿਆ ਸੀ ।
2015 ਦੀਆਂ ਚੋਣਾਂ ਦੌਰਾਨ ਵੱਖਵਾਦੀਆਂ ਨੂੰ ਜਿੱਤ ਮਿਲੀ ਤੇ ਉਨ੍ਹਾਂ ਚੋਣਾਂ ਦੌਰਾਨ ਹੀ ਰਾਏਸ਼ੁਮਾਰੀ ਕਰਵਾਉਣ ਦਾ ਵਾਅਦਾ ਕੀਤਾ ਸੀ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












