You’re viewing a text-only version of this website that uses less data. View the main version of the website including all images and videos.
ਜਾਰਜ ਸੋਰੋਸ: ਕੌਣ ਹੈ ਪੀਐੱਮ ਮੋਦੀ ਦੀ ਆਲੋਚਨਾ ਕਰਨ ਵਾਲਾ ਵਿਵਾਦਿਤ ਅਮਰੀਕੀ ਕਾਰੋਬਾਰੀ ਜਿਸ ਦੇ ਬਿਆਨ ਮਗਰੋਂ ਬੀਜੇਪੀ ਭੜਕ ਗਈ
ਭਾਰਤੀ ਜਨਤਾ ਪਾਰਟੀ ਨੇ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ 'ਤੇ ਤਿੱਖਾ ਹਮਲਾ ਕੀਤਾ ਹੈ।
ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਦੀ ਭਾਰਤ ਦੇ ਪ੍ਰਧਾਨ ਮੰਤਰੀ ਖ਼ਿਲਾਫ਼ ਟਿੱਪਣੀ ਉੱਤੇ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਨੂੰ ਗੁੱਸਾ ਆਇਆ।
ਜਾਰਜ ਸੋਰੋਸ ਨੇ ਜਰਮਨੀ ਦੇ ਮਿਊਨਿਖ ਰੱਖਿਆ ਸੰਮੇਲਨ ਵਿੱਚ ਕਿਹਾ ਸੀ, ''ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਤੰਤਰਿਕ ਨਹੀਂ ਹਨ। ਨਰਿੰਦਰ ਮੋਦੀ ਦੇ ਵੱਡਾ ਆਗੂ ਬਣਨ ਦਾ ਕਾਰਨ ਭਾਰਤੀ ਮੁਸਲਮਾਨਾਂ ਖ਼ਿਲਾਫ਼ ਹੋਈ ਹਿੰਸਾ ਹੈ।''
ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਸੇ ਬਿਆਨ ਖ਼ਿਲਾਫ਼ ਪ੍ਰੈੱਸ ਕਾਨਫਰੰਸ ਕੀਤੀ ਤੇ ਕਿਹਾ ਕਿ ਜਾਰਜ ਸੋਰੋਸ ਦਾ ਬਿਆਨ ਭਾਰਤ ਦੀ ਲੋਕਤੰਤਰਿਕ ਪ੍ਰਕਿਰਿਆ ਨੂੰ ਬਰਬਾਦ ਕਰਨ ਦਾ ਐਲਾਨ ਹੈ।
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਸੋਰੋਸ ਨੂੰ ਜਵਾਬ ਦਿੱਤਾ ਹੈ।
ਮੋਦੀ ਹਿੰਦੂ ਰਾਸ਼ਟਰਵਾਦੀ ਦੇਸ਼ ਬਣਾ ਰਹੇ ਹਨ- ਸੋਰੋਸ
ਲੋਕਤੰਤਰ ਦੇ ਹੱਕ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਨਾਲ ਜੁੜੇ ਜਾਰਜ ਸੋਰੋਸ ਨੇ ਭਾਰਤ ਵਿੱਚ ਲੋਕਤੰਤਰ ਦੀ ਬਹਾਲੀ ਬਾਰੇ ਵੀ ਆਪਣੀ ਰਾਇ ਰੱਖੀ ਸੀ।
ਉਨ੍ਹਾਂ ਵਿਵਾਦਾਂ ਵਿੱਚ ਘਿਰੇ ਹੋਏ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਬਾਰੇ ਵੀ ਆਪਣੇ ਪੱਖ ਰੱਖੇ ਸਨ।
ਸੋਰੋਸ ਮੁਤਾਬਕ ਮੋਦੀ ਹਾਲ ਦੀ ਘੜੀ ਗੌਤਮ ਅਡਾਨੀ ਮਾਮਲੇ 'ਚ ਚੁੱਪ ਹਨ ਪਰ ਉਨ੍ਹਾਂ ਨੂੰ ਵਿਦੇਸ਼ੀ ਨਿਵੇਸ਼ਕਾਂ ਦੇ ਸਵਾਲਾਂ ਦਾ ਜਵਾਬ ਸੰਸਦ 'ਚ ਦੇਣਾ ਹੋਵੇਗਾ। ਇਸ ਨਾਲ ਸਰਕਾਰ 'ਤੇ ਉਨ੍ਹਾਂ ਦੀ ਪਕੜ ਕਮਜ਼ੋਰ ਹੋਵੇਗੀ।
ਉਨ੍ਹਾਂ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਇਸ ਨਾਲ ਭਾਰਤ ਵਿੱਚ ਲੋਕਤੰਤਰਿਕ ਪ੍ਰਕਿਰਿਆ ਦਾ 'ਪੁਨਰ-ਉਥਾਨ' ਹੋਵੇਗਾ।
ਇਸ ਤੋਂ ਪਹਿਲਾਂ ਜਨਵਰੀ 2020 'ਚ ਦਾਵੋਸ 'ਚ ਹੋਈ ਵਿਸ਼ਵ ਆਰਥਿਕ ਫੋਰਮ ਦੀ ਬੈਠਕ ਦੇ ਇਕ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਸੋਰੋਸ ਨੇ ਕਿਹਾ ਸੀ, ''ਭਾਰਤ ਨੂੰ ਹਿੰਦੂ ਰਾਸ਼ਟਰਵਾਦੀ ਦੇਸ਼ ਬਣਾਇਆ ਜਾ ਰਿਹਾ ਹੈ। ਭਾਰਤ ਲਈ ਇਹ ਸਭ ਤੋਂ ਵੱਡਾ ਅਤੇ ਭਿਆਨਕ ਝਟਕਾ ਹੈ, ਜਿੱਥੇ ਲੋਕਤੰਤਰਿਕ ਢੰਗ ਨਾਲ ਚੁਣੇ ਗਏ ਨਰਿੰਦਰ ਮੋਦੀ ਭਾਰਤ ਨੂੰ ਹਿੰਦੂ ਰਾਸ਼ਟਰਵਾਦੀ ਦੇਸ਼ ਬਣਾ ਰਹੇ ਹਨ।''
ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਕਸ਼ਮੀਰ ਦੇ ਲੋਕਾਂ ਨੂੰ ਪਾਬੰਦੀਆਂ ਲਗਾ ਕੇ ਸਜ਼ਾ ਦੇ ਰਹੇ ਹਨ ਅਤੇ ਨਾਗਰਿਕਤਾ ਕਾਨੂੰਨ (ਸੀਏਏ) ਰਾਹੀਂ ਲੱਖਾਂ ਮੁਸਲਮਾਨਾਂ ਤੋਂ ਨਾਗਰਿਕਤਾ ਖੋਹਣ ਦੀ ਧਮਕੀ ਦੇ ਰਹੇ ਹਨ।
ਸ਼ੁੱਕਰਵਾਰ ਨੂੰ ਸੋਰੋਸ 'ਤੇ ਹਮਲਾ ਕਰਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਵਿਦੇਸ਼ੀ ਧਰਤੀ 'ਤੇ ਬੈਠੇ ਕੇ ਭਾਰਤ ਦੇ ਲੋਕਤੰਤਰਿਕ ਢਾਂਚੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਰਾਨੀ ਨੇ ਸਾਰੇ ਭਾਰਤੀਆਂ ਨੂੰ ਇਸ ਦਾ ਮੂੰਹ-ਤੋੜ ਜਵਾਬ ਦੇਣ ਦੀ ਅਪੀਲ ਕੀਤੀ ਹੈ।
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ, ''ਮਿਸਟਰ ਸੋਰੋਸ ਨਿਊਯਾਰਕ ਵਿੱਚ ਬੈਠੇ ਇੱਕ ਬਜ਼ੁਰਗ, ਅਮੀਰ ਤੇ ਵਿਸ਼ੇਸ਼ ਵਿਚਾਰਧਾਰਾ ਵਾਲੇ ਵਿਅਕਤੀ ਹਨ ਜੋ ਅਜੇ ਵੀ ਸੋਚਦੇ ਹਨ ਕਿ ਪੂਰੀ ਦੁਨੀਆਂ ਉਨ੍ਹਾਂ ਦੇ ਵਿਚਾਰਾਂ ਅਨੁਸਾਰ ਕੰਮ ਕਰੇ।''
ਕਾਂਗਰਸ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ
ਕਾਂਗਰਸ ਦੇ ਜਨਰਲ ਸਕੱਤਰ ਅਤੇ ਪਾਰਟੀ ਦੇ ਮੀਡੀਆ ਮੁਖੀ ਜੈਰਾਮ ਰਮੇਸ਼ ਨੇ ਟਵੀਟ ਕੀਤਾ, "ਪ੍ਰਧਾਨ ਮੰਤਰੀ ਨਾਲ ਜੁੜਿਆ ਅਡਾਨੀ ਘੁਟਾਲਾ ਭਾਰਤ ਵਿੱਚ ਲੋਕਤੰਤਰੀ ਪੁਨਰ-ਉਥਾਨ ਦੀ ਸ਼ੁਰੂਆਤ ਕਰਦਾ ਹੈ ਜਾਂ ਨਹੀਂ, ਇਹ ਪੂਰੀ ਤਰ੍ਹਾਂ ਕਾਂਗਰਸ, ਵਿਰੋਧੀ ਧਿਰ ਅਤੇ ਸਾਡੀ ਚੋਣ ਪ੍ਰਕਿਰਿਆ 'ਤੇ ਨਿਰਭਰ ਕਰਦਾ ਹੈ।"
"ਇਸਦਾ ਜਾਰਜ ਸੋਰੋਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸਾਡੀ ਨਹਿਰੂਵਾਦੀ ਵਿਰਾਸਤ ਇਹ ਯਕੀਨੀ ਬਣਾਉਂਦੀ ਹੈ ਕਿ ਉਸ ਵਰਗੇ ਲੋਕ ਸਾਡੇ ਚੋਣ ਨਤੀਜਿਆਂ ਦਾ ਫ਼ੈਸਲਾ ਨਹੀਂ ਕਰ ਸਕਦੇ।"
ਸ਼ਿਵ ਸੈਨਾ ਦੀ ਰਾਜ ਸਭਾ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ।
ਉਨ੍ਹਾਂ ਨੇ ਟਵੀਟ ਕੀਤਾ, ''ਜਾਰਜ ਸੋਰੋਸ ਕੌਣ ਹੈ ਅਤੇ ਭਾਜਪਾ ਦਾ ਟ੍ਰੋਲ ਮੰਤਰਾਲਾ ਉਸ 'ਤੇ ਪ੍ਰੈੱਸ ਕਾਨਫਰੰਸ ਕਿਉਂ ਕਰ ਰਿਹਾ ਹੈ?"
ਉਨ੍ਹਾਂ ਲਿਖਿਆ,"ਵੈਸੇ, ਮੰਤਰੀ ਜੀ, ਤੁਸੀਂ ਭਾਰਤ ਦੀ ਚੋਣ ਪ੍ਰਕਿਰਿਆ 'ਚ ਇਜ਼ਰਾਈਲੀ ਏਜੰਸੀ ਦੀ ਦਖਲਅੰਦਾਜ਼ੀ 'ਤੇ ਕੁਝ ਕਹਿਣਾ ਚਾਹੋਗੇ, ਜੋ ਭਾਰਤ ਦੇ ਲੋਕਤੰਤਰ ਲਈ ਵੱਡਾ ਖ਼ਤਰਾ ਹੈ।"
ਤ੍ਰਿਣਮੂਲ ਕਾਂਗਰਸ ਦੀ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੇ ਸਮ੍ਰਿਤੀ ਇਰਾਨੀ 'ਤੇ ਵਿਅੰਗ ਕਰਦਿਆਂ ਕਿਹਾ, "ਸਤਿਕਾਰਯੋਗ ਕੈਬਨਿਟ ਮੰਤਰੀ ਨੇ ਹਰ ਭਾਰਤੀ ਨੂੰ ਜਾਰਜ ਸੋਰੋਸ ਨੂੰ ਮੂੰਹ-ਤੋੜ ਜਵਾਬ ਦੇਣ ਲਈ ਕਿਹਾ ਹੈ। ਕਿਰਪਾ ਕਰਕੇ ਅੱਜ ਸ਼ਾਮ 6 ਵਜੇ ਥਾਲੀਆਂ ਵਜਾਓ।"
- ਜਾਰਜ ਸੋਰੋਸ ਇੱਕ ਅਮਰੀਕੀ ਅਰਬਪਤੀ ਉਦਯੋਗਪਤੀ ਹਨ ਅਤੇ ਉਨ੍ਹਾਂ ਦਾ ਜਨਮ ਹੰਗਰੀ ਵਿੱਚ ਇੱਕ ਯਹੂਦੀ ਪਰਿਵਾਰ 'ਚ ਹੋਇਆ ਸੀ
- ਬਰਤਾਨੀਆਂ ਵਿੱਚ, ਉਨ੍ਹਾਂ ਨੂੰ 1992 ਵਿੱਚ ਬੈਂਕ ਆਫ਼ ਇੰਗਲੈਂਡ ਨੂੰ ਬਰਬਾਦ ਕਰਨ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ
- ਉਹ ਸਟਾਕ ਮਾਰਕੀਟ ਵਿੱਚ ਪੈਸਾ ਲਗਾਉਂਦੇ ਸਨ ਤੇ ਇਸ ਤੋਂ ਉਨ੍ਹਾਂ ਨੇ ਕਰੀਬ 44 ਬਿਲੀਅਨ ਡਾਲਰ ਕਮਾਏ
- 1979 ਵਿੱਚ, ਉਨ੍ਹਾਂ ਨੇ ਓਪਨ ਸੋਸਾਇਟੀ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜੋ ਹੁਣ ਕਰੀਬ 120 ਦੇਸ਼ਾਂ ਵਿੱਚ ਕੰਮ ਕਰਦੀ ਹੈ
- ਜਾਰਜ ਸੋਰੋਨ ਜੋ ਕਿ ਲੋਕਤੰਤਰ ਦੇ ਹੱਕ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਨਾਲ ਜੁੜੇ ਹੋਏ ਹਨ
- ਉਨ੍ਹਾਂ ਵਿਵਾਦਾਂ ਵਿੱਚ ਘਿਰੇ ਹੋਏ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਬਾਰੇ ਵੀ ਆਪਣੇ ਪੱਖ ਰੱਖੇ ਸਨ
- ਹਾਲ ਹੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਟਿੱਪਣੀ ਕਾਰਨ ਭਾਜਪਾ ਨੇ ਉਨ੍ਹਾਂ ਖ਼ਿਲਾਫ਼ ਸਖ਼ਤ ਵਿਰੋਧ ਜਤਾਇਆ ਹੈ
ਕੌਣ ਹਨ ਜਾਰਜ ਸੋਰੋਸ?
ਜਾਰਜ ਸੋਰੋਸ ਇੱਕ ਅਮਰੀਕੀ ਅਰਬਪਤੀ ਉਦਯੋਗਪਤੀ ਹਨ। ਬਰਤਾਨੀਆਂ ਵਿੱਚ, ਉਨ੍ਹਾਂ ਨੂੰ 1992 ਵਿੱਚ ਬੈਂਕ ਆਫ਼ ਇੰਗਲੈਂਡ ਨੂੰ ਬਰਬਾਦ ਕਰਨ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ।
ਉਨ੍ਹਾਂ ਦਾ ਜਨਮ ਹੰਗਰੀ ਵਿੱਚ ਇੱਕ ਯਹੂਦੀ ਪਰਿਵਾਰ 'ਚ ਹੋਇਆ ਸੀ।
ਜਦੋਂ ਹਿਟਲਰ ਦੇ ਨਾਜ਼ੀ ਜਰਮਨੀ ਵਿੱਚ ਯਹੂਦੀਆਂ ਨੂੰ ਮਾਰਿਆ ਜਾ ਰਿਹਾ ਸੀ ਤਾਂ ਉਹ ਕਿਸੇ ਤਰ੍ਹਾਂ ਬਚ ਗਏ ਸਨ।
ਬਾਅਦ ਵਿੱਚ ਉਹ ਕਮਿਊਨਿਸਟ ਦੇਸ਼ ਛੱਡ ਕੇ ਪੱਛਮੀ ਦੇਸ਼ ਆ ਗਏ। ਉਹ ਸਟਾਕ ਮਾਰਕੀਟ ਵਿੱਚ ਪੈਸਾ ਲਗਾਉਂਦੇ ਸਨ ਤੇ ਇਸ ਤੋਂ ਉਨ੍ਹਾਂ ਨੇ ਕਰੀਬ 44 ਬਿਲੀਅਨ ਡਾਲਰ ਕਮਾਏ।
ਇਸ ਪੈਸੇ ਨਾਲ, ਉਨ੍ਹਾਂ ਨੇ ਹਜ਼ਾਰਾਂ ਸਕੂਲ ਸਥਾਪਿਤ ਕੀਤੇ ਤੇ ਹਸਪਤਾਲ ਬਣਵਾਏ।
ਉਹ ਲੋਕਤੰਤਰ ਲਈ ਕੰਮ ਕਰਦੀਆਂ ਸੰਸਥਾਵਾਂ ਤੇ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਮਦਦ ਵੀ ਕਰਦੇ ਰਹੇ ਸਨ।
1979 ਵਿੱਚ, ਉਨ੍ਹਾਂ ਨੇ ਓਪਨ ਸੋਸਾਇਟੀ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਜੋ ਹੁਣ ਕਰੀਬ 120 ਦੇਸ਼ਾਂ ਵਿੱਚ ਕੰਮ ਕਰਦੀ ਹੈ।
ਆਪਣੇ ਕੰਮ ਕਾਰਨ ਉਹ ਹਮੇਸ਼ਾ ਸੱਜੇ ਪੱਖੀ ਧਿਰਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ।
ਉਨ੍ਹਾਂ ਨੇ 2003 ਦੀ ਇਰਾਕ ਜੰਗ ਦੀ ਆਲੋਚਨਾ ਕੀਤੀ ਅਤੇ ਅਮਰੀਕਾ ਦੀ ਡੈਮੋਕ੍ਰੇਟਿਕ ਪਾਰਟੀ ਨੂੰ ਲੱਖਾਂ ਡਾਲਰ ਦਾਨ ਦਿੱਤੇ ਸਨ।
ਇਸ ਤੋਂ ਬਾਅਦ ਅਮਰੀਕੀ ਸੱਜੇ ਪੱਖੀਆਂ ਦੇ ਉਨ੍ਹਾਂ 'ਤੇ ਹਮਲੇ ਹੋਰ ਤੇਜ਼ ਹੋ ਗਏ ਸਨ।
ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ, ਸੋਰੋਸ 'ਤੇ ਹਮਲਿਆਂ ਨੇ ਨਵਾਂ ਰੂਪ ਲੈਣਾ ਸ਼ੁਰੂ ਕਰ ਦਿੱਤਾ ਸੀ।
ਇੱਥੋਂ ਤੱਕ ਕਿ ਡੌਨਲਡ ਟਰੰਪ ਨੇ ਰਾਸ਼ਟਰਪਤੀ ਦੇ ਆਹੁਦੇ 'ਤੇ ਹੁੰਦਿਆਂ ਉਨ੍ਹਾਂ ਬਾਰੇ ਕਈ ਵਾਰ ਟਿੱਪਣੀਆਂ ਕੀਤੀਆਂ ਸਨ।
2019 ਵਿੱਚ, ਟਰੰਪ ਨੇ ਇੱਕ ਵੀਡੀਓ ਨੂੰ ਰੀਟਵੀਟ ਕਰਦਿਆਂ ਦਾਅਵਾ ਕੀਤਾ ਸੀ ਕਿ ਸੋਰੋਸ ਨੇ ਹੋਂਡੂਰਾਸ ਤੋਂ ਆਉਣ ਵਾਲੇ ਹਜ਼ਾਰਾਂ ਸ਼ਰਨਾਰਥੀਆਂ ਨੂੰ ਅਮਰੀਕੀ ਸਰਹੱਦ ਪਾਰ ਕਰਨ ਲਈ ਪੈਸੇ ਦਿੱਤੇ ਸਨ।
ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਇਸ ਪਿੱਛੇ ਸੋਰੋਸ ਦਾ ਹੱਥ ਹੈ ਤਾਂ ਟਰੰਪ ਦਾ ਜਵਾਬ ਸੀ ਕਿ ਬਹੁਤ ਸਾਰੇ ਲੋਕ ਇਹੀ ਕਹਿੰਦੇ ਹਨ ਅਤੇ ਜੇਕਰ ਅਜਿਹਾ ਹੈ ਤਾਂ ਉਹ ਵੀ ਇਸ ਤੋਂ ਹੈਰਾਨ ਨਹੀਂ ਹੋਣਗੇ।
ਬਾਅਦ ਵਿੱਚ ਪਤਾ ਲੱਗਿਆ ਕਿ ਸੋਰੋਸ ਨੇ ਕਿਸੇ ਨੂੰ ਕੋਈ ਪੈਸਾ ਨਹੀਂ ਸੀ ਦਿੱਤਾ ਤੇ ਟਰੰਪ ਨੇ ਜੋ ਵੀਡੀਓ ਸਾਂਝਾ ਕੀਤਾ ਸੀ ਉਹ ਫ਼ੇਕ ਸੀ।
ਸੋਰੋਸ ਖ਼ਿਲਾਫ਼ ਕਈ ਦੇਸ਼
ਅਕਤੂਬਰ 2018 ਵਿੱਚ, ਇੱਕ ਅਮਰੀਕੀ ਕੱਟੜਵਾਦੀ ਨੇ ਇੱਕ ਪ੍ਰਾਰਥਨਾ ਸਥਾਨ ਵਿੱਚ ਗੋਲੀਬਾਰੀ ਕੀਤੀ ਸੀ ਜਿਸ ਵਿੱਚ 11 ਯਹੂਦੀਆਂ ਦੀ ਮੌਤ ਹੋ ਗਈ।
ਸ਼ੂਟਰ ਰੌਬਰਟ ਬੋਵਰਸ ਦੇ ਸੋਸ਼ਲ ਮੀਡੀਆ ਪ੍ਰੋਫ਼ਾਈਲ ਤੋਂ ਕਈ ਗੱਲਾਂ ਦਾ ਪਤਾ ਲੱਗਿਆ। ਉਹ ਮੰਨਦਾ ਸੀ ਕਿ ਉਨ੍ਹਾਂ ਵਰਗੀ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਦੀ ਨਸਲਕੁਸ਼ੀ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।
ਉਨ੍ਹਾਂ ਨੂੰ ਲਗਦਾ ਸੀ ਕਿ ਇਸ ਪਿੱਛੇ ਜਾਰਜ ਸੋਰੋਸ ਸੀ।
ਪਰ ਮਹਿਜ਼ ਅਮਰੀਕਾ ਹੀ ਨਹੀਂ, ਅਰਮਾਨੀਆ, ਆਸਟ੍ਰੇਲੀਆ, ਰੂਸ, ਫਿਲੀਪਾਈਨਜ਼ ਵਿੱਚ ਵੀ ਜਾਰਜ ਸੋਰੋਸ ਖ਼ਿਲਾਫ਼ ਮੁਹਿੰਮਾਂ ਚਲਾਈਆਂ ਜਾਂਦੀਆਂ ਰਹੀਆਂ ਹਨ।
ਤੁਰਕੀ ਦੇ ਰਾਸ਼ਟਰਪਤੀ ਤੈਯਪ ਅਰਦੋਆਨ ਨੇ ਇੱਥੋਂ ਤੱਕ ਕਿਹਾ ਕਿ ਸੋਰੋਸ ਇੱਕ ਯਹੂਦੀ ਸਾਜ਼ਿਸ਼ ਦੇ ਕੇਂਦਰ ਵਿੱਚ ਹੈ ਜੋ ਤੁਰਕੀ ਨੂੰ ਵੰਡਣਾ ਅਤੇ ਇਸਨੂੰ ਤਬਾਹ ਕਰਨਾ ਚਾਹੁੰਦਾ ਹੈ।
ਬਰਤਾਨੀਆਂ ਦੀ ਬ੍ਰੈਗਜ਼ਿਟ ਪਾਰਟੀ ਦੇ ਨਾਈਜੇਲ ਫ਼ਰਾਜ ਦਾ ਦਾਅਵਾ ਹੈ ਕਿ ਸੋਰੋਸ ਸ਼ਰਨਾਰਥੀਆਂ ਨੂੰ ਪੂਰੇ ਯੂਰਪ ਵਿੱਚ ਵੱਖ ਵੱਖ ਥਾਵਾਂ 'ਤੇ ਫ਼ੈਲਣ ਤੇ ਜਾ ਸਕਣ ਲਈ ਉਤਸ਼ਾਹਿਤ ਕਰਦੇ ਹਨ।
ਉਨ੍ਹਾਂ ਮੁਤਾਬਕ, ਸੋਰੋਸ ਸਮੁੱਚੇ ਪੱਛਮੀ ਜਗਤ ਲਈ ਸਭ ਤੋਂ ਵੱਡਾ ਖ਼ਤਰਾ ਹੈ।
ਸੋਰੋਸ ਦੇ ਜਨਮ ਸਥਾਨ ਹੰਗਰੀ ਦੀ ਸਰਕਾਰ ਵੀ ਉਨ੍ਹਾਂ ਨੂੰ ਆਪਣਾ ਦੁਸ਼ਮਣ ਮੰਨਦੀ ਹੈ।
2018 ਦੀ ਚੋਣ ਮੁਹਿੰਮ ਦੌਰਾਨ, ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਸੋਰੋਸ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।
ਓਰਬਨ ਨੇ ਚੋਣ ਜਿੱਤੀ ਅਤੇ ਸੋਰੋਸ ਦਾ ਸਮਰਥਨ ਹਾਸਿਲ ਸੰਗਠਨਾਂ ਉੱਤੇ ਸਰਕਾਰੀ ਹਮਲੇ ਇੰਨੇ ਵਧ ਗਏ ਸਨ ਕਿ ਸੋਰੋਸ ਦੀ ਸੰਸਥਾ ਨੇ ਹੰਗਰੀ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ: