You’re viewing a text-only version of this website that uses less data. View the main version of the website including all images and videos.
ਪੂਨਮ ਕੌਰ ਕੌਣ ਹਨ, ਜਿਨ੍ਹਾਂ ਦਾ ਹੱਥ ਫੜਕੇ ਤੁਰਨ ਕਾਰਨ ਰਾਹੁਲ ਗਾਂਧੀ ਨੂੰ ਸੋਸ਼ਲ ਮੀਡੀਆ 'ਤੇ ਘੇਰ ਰਹੇ ਭਾਜਪਾ ਆਗੂ
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਇੱਕ ਤਸਵੀਰ ਫ਼ਿਰ ਤੋਂ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਰਾਹੁਲ ਗਾਂਧੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਪੈਦਲ ਯਾਤਰਾ ਕਰ ਰਹੇ ਹਨ।
ਇਸ ਦੌਰਾਨ ਕਾਂਗਰਸ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਉਪਰ ਰਾਹੁਲ ਗਾਂਧੀ ਦੀਆਂ ਤਸਵੀਰਾਂ ਪਾਈਆਂ ਜਾ ਰਹੀਆਂ ਹਨ।
ਇਹੋ ਜਿਹੀ ਇੱਕ ਤਸਵੀਰ ਸ਼ਨੀਵਾਰ ਯਾਨੀ 29 ਅਕਤੂਬਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ।
ਇਸ ਤਸਵੀਰ ਵਿੱਚ ਰਾਹੁਲ ਗਾਂਧੀ ਇੱਕ ਔਰਤ ਦਾ ਹੱਥ ਫੜ ਕੇ ਚੱਲਦੇ ਹੋਏ ਦਿਖਾਈ ਦੇ ਰਹੇ ਹਨ।
ਭਾਜਪਾ ਦੀ ਸਮਰਥਕ ਅਤੇ ਟਵਿੱਟਰ ਉਪਰ ਖੁਦ ਨੂੰ ਭਾਜਪਾ ਕਾਰਕੁਨ ਦੱਸਣ ਵਾਲੀ ਪ੍ਰੀਤੀ ਗਾਂਧੀ ਦੀ ਇਸ ਤਸਵੀਰ ਉਪਰ ਟਿੱਪਣੀ ਸੋਸ਼ਲ ਮੀਡੀਆ 'ਤੇ ਵਿਵਾਦਾਂ ਵਿੱਚ ਘਿਰ ਗਈ ਹੈ।
ਪ੍ਰੀਤੀ ਗਾਂਧੀ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਮਜ਼ਾਕ ਉਡਾਇਆ ਕਿ, "ਆਪਣੇ ਪੜਨਾਨਾ ਦੇ ਕਦਮਾਂ ਉਪਰ ਚੱਲਦੇ ਹੋਏ...."
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਰਾਹੁਲ ਗਾਂਧੀ ਦੇ ਪੜਨਾਨਾ ਜਵਾਹਰ ਲਾਲ ਨਹਿਰੂ ਨੂੰ ਲੈ ਕੇ ਸੋਸ਼ਲ ਮੀਡੀਆ ਉਪਰ ਇੱਕ ਮੁਹਿੰਮ ਚੱਲਦੀ ਹੈ।
ਇਸ ਵਿੱਚ ਨਹਿਰੂ ਦੀਆਂ ਔਰਤਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ।
ਇਸ ਦੇ ਨਾਲ ਹੀ ਐਡਵਿਨਾ ਮਾਉਂਟਵੇਟਨ ਨਾਲ ਵੀ ਨਹਿਰੂ ਦੇ ਰਿਸ਼ਤਿਆਂ ਉਪਰ ਇਤਰਾਜ਼ਯੋਗ ਮੈਸਿਜ ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤੇ ਜਾਂਦੇ ਹਨ।
ਪ੍ਰੀਤੀ ਗਾਂਧੀ ਆਪਣੇ ਟਵੀਟ ਵਿੱਚ ਇਸੇ ਮੁਹਿੰਮ ਦੇ ਤਹਿਤ ਫੈਲਾਈਆਂ ਜਾਂਦੀਆਂ ਗੱਲਾਂ ਨਾਲ ਰਾਹੁਲ ਗਾਂਧੀ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਸੀ।
ਇਸ ਖ਼ਬਰ ਵਿੱਚ ਅਸੀਂ ਦੱਸਾਂਗੇ ਕਿ ਰਾਹੁਲ ਗਾਂਧੀ ਦੀ ਤਸਵੀਰ ਬਾਰੇ ਕਿਸ ਨੇ ਕੀ ਕਿਹਾ ਅਤੇ ਰਾਹੁਲ ਗਾਂਧੀ ਨਾਲ ਤਸਵੀਰ ਵਿੱਚ ਦਿਖ ਰਹੀ ਔਰਤ ਕੌਣ ਹੈ ?
- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉਪਰ ਚਰਚਾ ਦਾ ਵਿਸ਼ਾ ਬਣੀ ।
- ਰਾਹੁਲ ਗਾਂਧੀ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਦੀ ਯਾਤਰਾ ਕਰ ਰਹੇ ਹਨ।
- ਬੀਜੇਪੀ ਦੀ ਸਮਰਥਕ ਅਤੇ ਖੁਦ ਨੂੰ ਪਾਰਟੀ ਕਾਰਕੁਨ ਦੱਸਣ ਵਾਲੀ ਪ੍ਰੀਤੀ ਗਾਂਧੀ ਨੇ ਕੀਤਾ ਟਵੀਟ।
- ਪ੍ਰੀਤੀ ਗਾਂਧੀ ਦੀ ਟਿੱਪਣੀ ਸੋਸ਼ਲ ਮੀਡੀਆ 'ਤੇ ਵਿਵਾਦਾਂ ਵਿੱਚ ਘਿਰ ਗਈ।
- ਤਸਵੀਰ ਵਿੱਚ ਦਿਖਾਈ ਦੇ ਰਹੀ ਔਰਤ ਅਭਿਨੇਤਰੀ ਅਤੇ ਸਮਾਜਕ ਕਾਰਕੁਨ ਪੂਨਮ ਕੌਰ ਹੈ।
ਇਹ ਵੀ ਪੜ੍ਹੋ-
ਰਾਹੁਲ ਗਾਂਧੀ ਦੀ ਤਸਵੀਰ ਉਪਰ ਕਿਸ ਨੇ ਕੀ ਕਿਹਾ?
ਪ੍ਰੀਤੀ ਗਾਂਧੀ ਦੇ ਟਵੀਟ ਨੂੰ ਹਜਾਰਾਂ ਵਾਰ ਰੀਟਵੀਟ ਅਤੇ ਸ਼ੇਅਰ ਕੀਤੀ ਜਾ ਚੁੱਕਾ ਹੈ। ਇਸ ਟਵੀਟ ਉਪਰ ਹਜ਼ਾਰਾਂ ਲੋਕਾਂ ਦੀਆਂ ਟਿੱਪਣੀਆਂ ਆ ਚੁੱਕੀਆਂ ਹਨ।
ਵੱਡੀ ਗਿਣਤੀ ਲੋਕ ਪ੍ਰੀਤੀ ਗਾਂਧੀ ਦੀ ਟਿੱਪਣੀ ਉਪਰ ਇਤਰਾਜ ਜਤਾ ਰਹੇ ਹਨ।
ਇਸ ਦੇ ਨਾਲ ਹੀ ਕਾਂਗਰਸ ਸਮਰਥਕ ਅਤੇ ਆਮ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਔਰਤਾਂ ਨਾਲ ਤਸਵੀਰਾਂ ਸ਼ੇਅਰ ਕਰ ਕੇ ਰਿਪਲਾਈ ਕਰ ਰਹੇ ਹਨ।
ਕਾਂਗਰਸ ਨਾਲ ਜੁੜੀ ਰੀਆ ਨੇ ਟਵੀਟ ਕੀਤੀ, "ਇਹ ਹਮਲਾ ਰਾਹੁਲ ਗਾਂਧੀ 'ਤੇ ਨਹੀਂ ਹੈ ਬਲਕਿ ਔਰਤ ਦੀ ਇੱਜ਼ਤ ਉਪਰ ਹੈ। ਦੁੱਖ ਹੈ ਕਿ ਇਹ ਹਮਲਾ ਭਾਜਪਾ ਵੱਲੋਂ ਕੀਤਾ ਗਿਆ ਹੈ। ਸ਼ਰਮ ਕਰੋ ਪ੍ਰੀਤੀ ਗਾਂਧੀ।"
ਸ਼ਿਵ ਸੈਨਾ ਸੰਸਦ ਮੈਂਬਰ ਪ੍ਰਿਆਂਕਾ ਚਤੁਰਵੇਦੀ ਨੇ ਟਵੀਟ ਕਰਕੇ ਲਿਖਿਆ, "ਜੇਕਰ ਤੁਹਾਨੂੰ ਲੱਗਦਾ ਹੈ ਕਿ ਆਦਮੀ ਦੇ ਮੋਢੇ ਨਾਲ ਮੋਢਾ ਅਤੇ ਹੱਥ ਵਿੱਚ ਹੱਥ ਪਾ ਕੇ ਚੱਲਣ ਨਾਲ ਦੇਸ਼ ਅੱਗੇ ਵੱਧਦਾ ਹੈ ਤਾਂ ਸਿਰਫ਼ ਪੰਡਿਤ ਨਹਿਰੂ ਦੀ ਹੀ ਨਹੀ, ਬਾਬਾ ਸਾਹਿਬ ਅੰਬੇਡਕਰ ਅਤੇ ਆਜ਼ਾਦੀ ਘੁਲਾਟੀਆਂ ਦੀ ਵੀ ਸੋਚ ਸੀ ਤਾਂ ਕਿ ਭਾਰਤ ਵਿਚ ਬਰਾਬਰਤਾ ਦਾ ਸਪਨਾ ਪੂਰਾ ਹੋ ਸਕੇ।"
ਕਾਂਗਰਸ ਨੇਤਾ ਆਕਾਸ਼ ਸ਼ਰਮਾ ਲਿਖਦੇ ਹਨ, "ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਔਰਤਾਂ ਨੂੰ ਲੈ ਕੇ ਭਾਜਪਾ ਲੀਡਰਾਂ ਦੀ ਸੋਚ ਕਿਉਂ ਨਹੀਂ ਬਦਲੀ?"
ਟਵਿੱਟਰ ਉਪਰ ਆਸ਼ੂ ਲਿਖਦੇ ਹਨ, "ਕੀ ਮੂਰਖਤਾ ਵਾਲਾ ਟਵੀਟ ਹੈ। ਪੀੜੀਆਂ ਤੋਂ ਸਾਡੇ ਪਰਿਵਾਰ ਨੇ ਨਾ ਕਾਂਗਰਸ ਦਾ ਸਮਰਥਨ ਕੀਤਾ, ਨਾ ਹੀ ਵੋਟ ਪਾਈ ਅਤੇ ਨਾ ਹੀ ਪਾਉਂਣੀ ਹੈ ਪਰ ਅਜਿਹੇ ਮੂਰਖਤਾ ਵਾਲੇ ਟਵੀਟ ਕਾਂਗਰਸ ਨੇ ਵੀ ਮੋਦੀ ਜੀ ਨੂੰ ਲੈ ਕੇ ਕੀਤੇ ਸਨ। ਆਮ ਲੋਕਾਂ ਨੇ ਇਸ ਨੂੰ ਨਾਪਸੰਦ ਕੀਤਾ ਸੀ। ਜਿੰਮੇਦਾਰੀ ਵਾਲੇ ਅਹੁੰਦਿਆਂ ਉਪਰ ਬੈਠੇ ਲੋਕ ਇੱਕੋ ਜਿਹੀਆਂ ਚੀਜਾਂ ਕਿਉਂ ਕਰਦੇ ਹਨ?"
ਤਸਵੀਰ ਵਿੱਚ ਦਿਖਾਈ ਦੇ ਰਹੀ ਔਰਤ ਕੌਣ ਹੈ?
ਰਾਹੁਲ ਗਾਂਧੀ ਦੀ ਯਾਰਤਾ ਅੱਜ ਕੱਲ੍ਹ ਤੇਲਗਾਨਾ ਵਿੱਚੋਂ ਲੰਘ ਰਹੀ ਹੈ।
ਤਸਵੀਰ ਵਿੱਚ ਦਿਖਾਈ ਦੇ ਰਹੀ ਔਰਤ ਅਭਿਨੇਤਰੀ ਅਤੇ ਸਮਾਜਕ ਕਾਰਕੁਨ ਪੂਨਮ ਕੌਰ ਹੈ।
ਪ੍ਰੀਤੀ ਗਾਂਧੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਪੂਨਮ ਕੌਰ ਨੇ ਪੂਰੀ ਘਟਨਾ ਬਾਰੇ ਦੱਸਿਆ ਹੈ।
ਪੂਨਮ ਕੌਰ ਨੇ ਲਿਖਿਆ, "ਇਹ ਬੇਹੱਦ ਅਪਮਾਨਜਨਕ ਹੈ। ਤੁਹਾਨੂੰ ਯਾਦ ਹੈ ਕਿ ਪ੍ਰਧਾਨ ਮੰਤਰੀ ਨਾਰੀ ਸ਼ਕਤੀ ਦੀ ਗੱਲ ਕਰਦੇ ਹਨ ? ਮੈਂ ਤਿਲਕ ਗਈ ਸੀ ਅਤੇ ਡਿੱਗਣ ਵਾਲੀ ਸੀ ਜਦੋਂ ਰਾਹੁਲ ਸਰ ਨੇ ਮੇਰਾ ਹੱਥ ਫੜਿਆ।"
ਤੇਲਗਾਨਾ ਕਾਂਗਰਸ ਨੇ ਇਸ ਤਸਵੀਰ ਨੂੰ ਟਵੀਟ ਕੀਤਾ, "ਕੋਈ ਵੀ ਆ ਕੇ ਇਸ ਯਾਤਰਾ ਵਿੱਚ ਹਿੱਸਾ ਲੈ ਸਕਦਾ ਹੈ। ਸਾਡਾ ਮਕਸਦ ਲੋਕਾਂ ਦੀਆਂ ਸਮੱਸਿਆਵਾਂ ਸੁਨਣਾ ਹੈ। ਮਜ਼ਬੂਤ ਅਤੇ ਵਧੀਆ ਭਾਰਤ ਬਣਾਉਣਾ ਅਤੇ ਸੰਵਾਦ ਜਾਰੀ ਕਰਨਾ।"
ਇਸ ਟਵੀਟ ਨੂੰ ਸ਼ੇਅਰ ਕਰਦੇ ਹੋਏ ਪੂਨਮ ਕੌਰ ਲਿਖਦੀ ਹੈ, "ਰਾਹੁਲ ਗਾਂਧੀ ਦੀ ਪਰਵਾਹ, ਸਨਮਾਨ ਅਤੇ ਔਰਤਾਂ ਬਾਰੇ ਰਵੱਈਆ ਇੱਕ ਅਜਿਹੀ ਚੀਜ ਹੈ, ਜਿਸ ਨੇ ਮੇਰਾ ਦਿਲ ਛੂਹ ਲਿਆ। ਹੱਥ-ਖੱਡੀ ਕਾਰੀਗਰਾਂ ਦੇ ਮੁੱਦੇ ਸੁਨਣ ਲਈ ਰਾਹੁਲ ਜੀ ਧੰਨਵਾਦ। ਹੱਥ-ਖੱਡੀ ਕਾਰੀਗਰਾਂ ਦੀ ਟੀਮ ਨਾਲ ਮੈਂ ਵੀ ਧੰਨਵਾਦ ਕਰਦੀ ਹਾਂ।"
ਪੂਨਮ ਕੌਰ ਹੱਥ-ਖੱਡੀ ਉਦਯੋਗ ਨਾਲ ਜੁੜੇ ਲੋਕਾਂ ਅਤੇ ਹੈਂਡੀਕਰਾਫ਼ਟ ਨੂੰ ਲੈ ਸੋਸ਼ਲ ਮੀਡੀਆ 'ਤੇ ਲਿਖਦੀ ਰਹਿੰਦੀ ਹੈ।
ਪੂਨਮ ਹੈਦਰਾਬਾਦ ਦੇ ਰਹਿਣ ਵਾਲੇ ਹਨ। ਉਹਨਾਂ ਦਾ ਜਨਮ ਅਤੇ ਮੁੱਢਲੀ ਪੜ੍ਹਾਈ ਹੈਦਰਾਬਾਦ ਵਿੱਚ ਹੀ ਹੋਈ ਹੈ।
ਪੂਨਮ ਨੇ ਦਿੱਲੀ ਦੇ ਐੱਨਆਈਐੱਫਟੀ ਤੋਂ ਪੜ੍ਹਾਈ ਕੀਤੀ ਹੈ। ਉਹ ਕਈ ਫ਼ਿਲਮਾਂ ਵੀ ਕਰ ਚੁੱਕੇ ਹਨ।
ਸਾਲ 2006 ਤੋਂ ਪੂਨਮ ਤੇਲਗੂ ਅਤੇ ਤਾਮਿਲ ਫ਼ਿਲਮਾਂ ਵਿੱਚ ਸਰਗਰਮ ਹੈ।
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਤੇ ਚਰਚਾਵਾਂ
ਕਾਂਗਰਸ ਦੀ ਯੋਜਨਾ ਮੁਤਾਬਕ 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ 150 ਦਿਨਾਂ ਵਿੱਚ 12 ਸੂਬੇ ਅਤੇ 2 ਕੇਂਦਰ ਪ੍ਰਸ਼ਾਸ਼ਿਤ ਰਾਜਾਂ ਵਿੱਚੋਂ ਲੰਘੇਗੀ।
ਇਹ ਕੁੱਲ 3570 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਸਮਾਪਤ ਹੋਵੇਗੀ।
ਰਾਹੁਲ ਗਾਂਧੀ ਇਸ ਯਾਤਰਾ ਦੀ ਅਗਵਾਈ ਕਰ ਰਹੇ ਹਨ।
ਇਸ ਦੌਰਾਨ ਉਹਨਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉਪਰ ਵਾਇਰਲ ਹੋਈਆਂ ਹਨ।
ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਦੀ ਮੀਂਹ ਵਿੱਚ ਭਾਸ਼ਨ ਦਿੰਦੇ ਹੋਏ ਦੀ ਤਸਵੀਰ ਵਾਇਰਲ ਹੋਈ ਸੀ।
ਸ਼ੁਰੂ ਵਿੱਚ ਰਾਹੁਲ ਗਾਂਧੀ ਦੀ ਟੀ-ਸ਼ਰਟ ਦੀ ਕੀਮਤ ਨੂੰ ਲੈ ਕੇ ਵੀ ਭਾਜਪਾ ਨੇ ਕਾਂਗਰਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ।
ਕੁਝ ਦਿਨ ਪਹਿਲਾਂ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਮੁਸਲਮਾਨ ਬੱਚਿਆਂ ਨਾਲ ਰਾਹੁਲ ਗਾਂਧੀ ਦੀ ਤਸਵੀਰ ਨੂੰ ਲੈ ਕੇ ਨਿਸ਼ਾਨਾ ਸਾਧਿਆ ਸੀ।
ਫਿਰ ਕਾਂਗਰਸ ਨੇ ਸਾਰੇ ਧਰਮਾਂ ਦੇ ਬੱਚਿਆਂ ਜਾਂ ਲੋਕਾਂ ਨਾ ਰਾਹੁਲ ਗਾਂਧੀ ਦੀ ਤਸਵੀਰ ਸਾਂਝੀ ਕੀਤੀ ਸੀ।
ਆਮ ਤੌਰ ਉਪਰ ਕਾਂਗਰਸ ਸੋਸ਼ਲ ਮੀਡੀਆ ਉਪਰ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਘੱਟ ਸਰਗਰਮ ਰਹਿੰਦੀ ਹੈ।
ਪਰ ਭਾਰਤ ਜੋੜੋ ਯਾਤਰਾ ਦੌਰਾਨ ਕਾਂਗਰਸ ਇਸ ਮੋਰਚੇ ਉਪਰ ਡਟੀ ਹੋਈ ਹੈ।
ਇਹ ਵੀ ਪੜ੍ਹੋ-