ਭਾਰਤ ਵਿੱਚ ਕਰੰਸੀ ਨੋਟ ਕਿਵੇਂ ਡਿਜ਼ਾਈਨ ਕੀਤੇ ਜਾਂਦੇ ਹਨ? ਕੀ ਫੋਟੋ ਬਦਲੀ ਜਾ ਸਕਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਹਰਸ਼ਲ ਅਕੁੜੇ
- ਰੋਲ, ਬੀਬੀਸੀ ਪੱਤਰਕਾਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤ ਦੇ ਕਰੰਸੀ ਨੋਟਾਂ 'ਤੇ ਦੇਵੀ ਲਕਸ਼ਮੀ ਅਤੇ ਗਣਪਤੀ ਦੀਆਂ ਫੋਟੋਆਂ ਛਾਪਣ ਦੀ ਮੰਗ ਕਰ ਕੇ ਹਲਚਲ ਮਚਾ ਦਿੱਤੀ ਹੈ।
ਇਸ ਤੋਂ ਬਾਅਦ ਦੇਸ਼ ਭਰ ਦੇ ਕਈ ਸਿਆਸੀ ਆਗੂਆਂ ਨੇ ਅਜਿਹੀਆਂ ਮੰਗਾਂ ਦਾ ਪ੍ਰਗਟਾਵਾ ਕੀਤਾ ਹੈ।
ਕਰੰਸੀ ਨੋਟਾਂ 'ਤੇ ਉੱਘੀਆਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਛਾਪਣ ਦੀਆਂ ਪਹਿਲਾਂ ਵੀ ਕਈ ਵਾਰ ਮੰਗਾਂ ਉੱਠਦੀਆਂ ਰਹੀਆਂ ਹਨ।
ਇਸ ਦੇ ਤਹਿਤ ਰਾਜਾ ਸ਼ਿਵਾਜੀ, ਬਾਬਾ ਸਾਹਿਬ ਅੰਬੇਡਕਰ ਤੋਂ ਲੈ ਕੇ ਵਿਨਾਇਕ ਸਾਵਰਕਰ, ਬਾਲਾ ਸਾਹਿਬ ਠਾਕਰੇ, ਨਰਿੰਦਰ ਮੋਦੀ ਦੀਆਂ ਤਸਵੀਰਾਂ ਕਰੰਸੀ ਨੋਟ ਛਾਪਣ ਦੀ ਮੰਗ ਕੀਤੀ ਜਾ ਰਹੀ ਹੈ।
ਫਿਲਹਾਲ ਭਾਰਤੀ ਕਰੰਸੀ ਨੋਟਾਂ 'ਤੇ ਮਹਾਤਮਾ ਗਾਂਧੀ ਦੀ ਫੋਟੋ ਲੱਗੀ ਹੋਈ ਹੈ।

ਤਸਵੀਰ ਸਰੋਤ, RBI
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਰੰਸੀ ਨੋਟ ਦੇ ਦੂਜੇ ਪਾਸੇ ਗਣਪਤੀ ਅਤੇ ਲਕਸ਼ਮੀ ਦੀ ਫੋਟੋ ਲਗਾਈ ਜਾਵੇ, ਜਦਕਿ ਗਾਂਧੀ ਦੀ ਫੋਟੋ ਨੂੰ ਉਸੇ ਤਰ੍ਹਾਂ ਰੱਖਿਆ ਜਾਵੇ।
ਜੂਨ ਮਹੀਨੇ ਵਿੱਚ ਵੀ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਅਤੇ ਲੇਖਕ ਰਬਿੰਦਰਨਾਥ ਟੈਗੋਰ ਦੀਆਂ ਫੋਟੋਆਂ ਲਗਾਉਣ ਦੀ ਮੰਗ ਉੱਠੀ ਸੀ।
ਹਾਲਾਂਕਿ, ਰਿਜ਼ਰਵ ਬੈਂਕ ਨੇ ਇਹ ਕਹਿ ਕੇ ਇਸ ਚਰਚਾ ਨੂੰ ਖ਼ਤਮ ਕਰ ਦਿੱਤਾ ਸੀ ਕਿ ਮਹਾਤਮਾ ਗਾਂਧੀ ਦੀ ਫੋਟੋ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ ਹੈ।
ਕਰੰਸੀ ਨੋਟਾਂ 'ਤੇ ਫੋਟੋਆਂ ਬਦਲਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਕੁਝ ਸਮੇਂ ਤੋਂ ਸਿਆਸਤ ਵੀ ਗਰਮਾਈ ਹੋਈ ਹੈ।
ਕੁਝ ਦਿਨ ਗੱਲਬਾਤ ਚੱਲਦੀ ਹੈ ਤੇ ਕੁਝ ਦਿਨਾਂ ਬਾਅਦ ਖ਼ਤਮ ਹੋ ਜਾਂਦੀ ਹੈ। ਪਰ ਕੀ ਸਿਆਸੀ ਆਗੂਆਂ ਦੀ ਮੰਗ ਅਨੁਸਾਰ ਨੋਟਾਂ 'ਤੇ ਫੋਟੋਆਂ ਸੱਚਮੁੱਚ ਬਦਲੀਆਂ ਜਾ ਸਕਦੀਆਂ ਹਨ?
ਭਾਰਤ ਵਿੱਚ ਕਰੰਸੀ ਨੋਟ ਕੌਣ ਡਿਜ਼ਾਈਨ ਕਰਦਾ ਹੈ ਅਤੇ ਉਨ੍ਹਾਂ ਨੂੰ ਕੌਣ ਮਨਜ਼ੂਰੀ ਦਿੰਦਾ ਤੇ ਛਾਪਦਾ ਹੈ?

ਤਸਵੀਰ ਸਰੋਤ, RBI
ਭਾਰਤ ਵਿੱਚ ਨੋਟ ਅਤੇ ਸਿੱਕੇ ਕੌਣ ਛਾਪਦਾ ਹੈ?
ਭਾਰਤ ਵਿੱਚ, ਜਦੋਂ ਮੁਦਰਾ ਨੋਟਾਂ ਅਤੇ ਸਿੱਕਿਆਂ ਦੀ ਗੱਲ ਆਉਂਦੀ ਹੈ ਤਾਂ ਇਨ੍ਹਾਂ ਦੀ ਛਪਾਈ ਸਬੰਧੀ ਅਧਿਕਾਰ ਭਾਰਤੀ ਰਿਜ਼ਰਵ ਬੈਂਕ ਅਤੇ ਭਾਰਤ ਸਰਕਾਰ ਕੋਲ ਹੈ।
ਰਿਜ਼ਰਵ ਬੈਂਕ ਦਾ ਕੇਂਦਰੀ ਬੋਰਡ ਕਰੰਸੀ ਨੋਟਾਂ ਨਾਲ ਜੁੜੇ ਸਾਰੇ ਮਾਮਲਿਆਂ ਨੂੰ ਦੇਖਦਾ ਹੈ। ਸਿੱਕਿਆਂ ਨਾਲ ਸਬੰਧਤ ਕੰਮ ਕੇਂਦਰ ਸਰਕਾਰ ਖ਼ੁਦ ਦੇਖਦੀ ਹੈ।
ਦੁਨੀਆ ਭਰ ਦੇ ਹੋਰ ਕੇਂਦਰੀ ਬੈਂਕਾਂ ਵਾਂਗ, ਆਰਬੀਆਈ ਨੂੰ ਮੁਦਰਾ ਨੋਟਾਂ ਦੀ ਰਚਨਾ ਜਾਂ ਡਿਜ਼ਾਈਨ ਨੂੰ ਬਦਲਣ ਦਾ ਅਧਿਕਾਰ ਹੈ।
ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਮੁਤਾਬਕ, ਕਿਸੇ ਵੀ ਨੋਟ ਦੇ ਡਿਜ਼ਾਈਨ ਵਿੱਚ ਕਿਸੇ ਵੀ ਬਦਲਾਅ ਲਈ ਆਰਬੀਆਈ ਦੇ ਕੇਂਦਰੀ ਬੋਰਡ ਅਤੇ ਕੇਂਦਰ ਸਰਕਾਰ ਦੋਵਾਂ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ।

ਤਸਵੀਰ ਸਰੋਤ, RBI
ਪਰ ਸਿੱਕੇ 'ਤੇ ਡਿਜ਼ਾਈਨ ਬਦਲਣ ਦਾ ਫ਼ੈਸਲਾ ਕੇਂਦਰ ਸਰਕਾਰ ਦੇ ਅਧਿਕਾਰ ਅਧੀਨ ਆਉਂਦਾ ਹੈ।
ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੀ ਧਾਰਾ 22 ਇਹ ਦੱਸਦੀ ਹੈ।
ਰਿਜ਼ਰਵ ਬੈਂਕ ਪਹਿਲਾਂ ਨੋਟਾਂ ਨੂੰ ਡਿਜ਼ਾਈਨ ਕਰਦਾ ਹੈ। ਫਿਰ ਇਸ ਨੂੰ ਆਰਬੀਆਈ ਸੈਂਟਰਲ ਬੋਰਡ ਨੂੰ ਭੇਜਿਆ ਜਾਂਦਾ ਹੈ।
ਇਸ ਤੋਂ ਬਾਅਦ ਡਿਜ਼ਾਈਨ ਨੂੰ ਅੰਤਿਮ ਮਨਜ਼ੂਰੀ ਲਈ ਕੇਂਦਰ ਸਰਕਾਰ ਕੋਲ ਭੇਜਿਆ ਜਾਂਦਾ ਹੈ।

ਤਸਵੀਰ ਸਰੋਤ, Rbi.org.in
ਸਿੱਕਾ ਐਕਟ, 2011 ਮੁਤਾਬਕ, ਭਾਰਤ ਸਰਕਾਰ ਕੋਲ ਸਿੱਕਿਆਂ ਸਬੰਧੀ ਮੁਕੰਮਲ ਅਧਿਕਾਰ ਹੈ।
ਭਾਰਤ ਸਰਕਾਰ ਸਿੱਕਿਆਂ ਦਾ ਡਿਜ਼ਾਈਨ ਅਤੇ ਨਿਰਮਾਣ ਕਰਦੀ ਹੈ। ਅੱਗੇ ਉਨ੍ਹਾਂ ਦੀ ਵੰਡ ਲਈ ਰਿਜ਼ਰਵ ਬੈਂਕ ਨੂੰ ਭੇਜਿਆ ਜਾਂਦਾ ਹੈ।
ਨੋਟਾਂ ਅਤੇ ਸਿੱਕਿਆਂ ਦਾ ਪ੍ਰਬੰਧਨ ਰਿਜ਼ਰਵ ਬੈਂਕ ਵਿੱਚ ਮੁਦਰਾ ਪ੍ਰਬੰਧਨ ਵਿਭਾਗ ਵੱਲੋਂ ਕੀਤਾ ਜਾਂਦਾ ਹੈ।
ਇਹ ਵਿਭਾਗ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਵਰਤਮਾਨ ਵਿੱਚ ਟੀ. ਰਵੀਸ਼ੰਕਰ ਇਸ ਵਿਭਾਗ ਦੇ ਮੁਖੀ ਹਨ।
ਆਰਬੀਆਈ ਦੀ ਵੈੱਬਸਾਈਟ ਮੁਤਾਬਕ, ਮੁਦਰਾ ਪ੍ਰਬੰਧਨ ਵਿਭਾਗ ਕਰੰਸੀ ਨੋਟਾਂ ਅਤੇ ਸਿੱਕਿਆਂ ਦੇ ਪ੍ਰਬੰਧਨ 'ਤੇ ਧਿਆਨ ਕੇਂਦ੍ਰਿਤ ਕਰਦਾ ਹੈ।
ਕਰੰਸੀ ਨੋਟਾਂ ਦਾ ਪ੍ਰਬੰਧਨ ਜਿਵੇਂ ਕਿ ਡਿਜ਼ਾਇਨ, ਛਪਾਈ ਅਤੇ ਕਰੰਸੀ ਨੋਟਾਂ ਦੀ ਸਮੇਂ ਸਿਰ ਸਪਲਾਈ ਅਤੇ ਕਰੰਸੀ ਨੋਟ ਜਾਰੀ ਕਰਨਾ ਤੇ ਸਿੱਕਿਆਂ ਦੀ ਵੰਡ ਵਿਭਾਗ ਵੱਲੋਂ ਕੀਤੀ ਜਾਂਦੀ ਹੈ।
ਮੁਦਰਾ ਪ੍ਰਬੰਧਨ ਵਿਭਾਗ ਨੂੰ ਨਕਲੀ ਨੋਟਾਂ ਦੇ ਸਰਕੂਲੇਸ਼ਨ ਨੂੰ ਨਿਯੰਤਰਿਤ ਕਰਨ, ਨੋਟਾਂ ਅਤੇ ਸਿੱਕਿਆਂ ਦੇ ਅਦਾਨ-ਪ੍ਰਦਾਨ ਦੀ ਸਹੂਲਤ ਅਤੇ ਜਨਤਾ ਲਈ ਕਰੰਸੀ ਚੈਸਟ ਅਤੇ ਗਾਹਕ ਸੇਵਾ ਦੀ ਉਪਲਬਧਤਾ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ।

- ਸ਼ੁਰੂਆਤੀ ਦਿਨਾਂ ਵਿੱਚ ਭਾਰਤ ਦੇ ਸਿੱਕੇ ਨਿੱਕਲ ਦੇ ਬਣੇ ਹੁੰਦੇ ਸਨ।
- ਹਾਲ ਹੀ ਦੇ ਸਾਲਾਂ ਵਿੱਚ ਸਟੇਨਲੈਸ ਸਟੀਲ ਅਤੇ ਕੁਪਰੋ-ਨਿੱਕਲ ਨੂੰ ਸ਼ਾਮਿਲ ਕੀਤਾ ਗਿਆ ਹੈ।
- ਜੂਨ 2011 ਵਿੱਚ, 25 ਪੈਸੇ ਅਤੇ ਇਸ ਤੋਂ ਘੱਟ ਮੁੱਲ ਦੇ ਸਿੱਕੇ ਬੰਦ ਕਰ ਦਿੱਤੇ ਗਏ ਸਨ।
- ਇਸ ਸਮੇਂ ਬਾਜ਼ਾਰ 'ਚ ਸਿਰਫ਼ 50 ਪੈਸੇ, 1 ਰੁਪਏ, 2 ਰੁਪਏ, 5 ਰੁਪਏ ਅਤੇ 10 ਰੁਪਏ ਦੇ ਸਿੱਕੇ ਉਪਲਬਧ ਹਨ।
- ਆਰਬੀਆਈ ਨੇ ਅਕਤੂਬਰ 1987 ਵਿੱਚ ਪਹਿਲੀ ਵਾਰ 500 ਰੁਪਏ ਦੇ ਨੋਟ ਪੇਸ਼ ਕੀਤੇ।
- ਨਵੀਂ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੇ ਮਹਾਤਮਾ ਗਾਂਧੀ ਸੀਰੀਜ਼ ਦੇ ਨੋਟ 1996 ਵਿੱਚ ਛਾਪੇ ਗਏ ਸਨ।
- 9 ਅਕਤੂਬਰ 2000, ਨੂੰ ਇੱਕ ਹਜ਼ਾਰ ਰੁਪਏ ਦਾ ਨੋਟ ਛਾਪਿਆ ਗਿਆ।
- ਭਾਰਤੀ ਮੁਦਰਾ ਵਿੱਚ ਦੂਜਾ ਸਭ ਤੋਂ ਵੱਡਾ ਬਦਲਾਅ ਨਵੰਬਰ 2016 ਵਿੱਚ ਹੋਇਆ ਸੀ।

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਡਿਪਾਜ਼ਿਟਰੀ ਨੂੰ ਕਰੰਸੀ ਚੈਸਟ ਵਜੋਂ ਜਾਣਿਆ ਜਾਂਦਾ ਹੈ।
ਇਸ ਤੋਂ ਇਲਾਵਾ ਡਿਜ਼ਾਇਨ ਦੀ ਯੋਜਨਾਬੰਦੀ, ਖੋਜ, ਨੋਟਾਂ ਅਤੇ ਸਿੱਕਿਆਂ ਦੀ ਚੰਗੀ ਤਰ੍ਹਾਂ ਯੋਜਨਾਬੱਧ ਸਪਲਾਈ, ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਕ ਖ਼ਰਾਬ ਹੋਏ ਨੋਟਾਂ ਨੂੰ ਵਾਪਸ ਲੈਣਾ ਅਤੇ ਨਿਪਟਾਰਾ ਕਰਨਾ ਵੀ ਇਸ ਵਿਭਾਗ ਤਹਿਤ ਆਉਂਦਾ ਹੈ।
ਆਰਬੀਆਈ ਦੀ ਵੈਬਸਾਈਟ ਮੁਤਾਬਕ ਬੈਂਕ ਨੋਟ ਚਾਰ ਕਰੰਸੀ ਪ੍ਰੈਸਾਂ 'ਤੇ ਛਾਪੇ ਜਾਂਦੇ ਹਨ।
ਜਿਨ੍ਹਾਂ ਭਾਰਤ ਵਿੱਚ ਮੁਦਰਾ ਪ੍ਰਿੰਟਿੰਗ ਨਾਸਿਕ, ਦੇਵਾਸ (ਮੱਧ ਪ੍ਰਦੇਸ਼), ਮੈਸੂਰ (ਕਰਨਾਟਕ) ਅਤੇ ਸਲਬੋਨੀ (ਪੱਛਮੀ ਬੰਗਾਲ) ਵਿੱਚ ਹੁੰਦੀ ਹੈ। ਟਕਸਾਲ ਮੁੰਬਈ (ਮਹਾਰਾਸ਼ਟਰ), ਅਲੀਪੁਰ (ਕੋਲਕਾਤਾ), ਸੈਫਾਬਾਦ (ਹੈਦਰਾਬਾਦ) ਅਤੇ ਨੋਇਡਾ (ਉੱਤਰ ਪ੍ਰਦੇਸ਼) ਵਿੱਚ ਸਥਿਤ ਹਨ।

ਤਸਵੀਰ ਸਰੋਤ, Rbi.org.in
ਇਨ੍ਹਾਂ ਵਿੱਚੋਂ ਦੋ ਭਾਰਤ ਸਰਕਾਰ ਦੀ ਇਸ ਦੀ ਕਾਰਪੋਰੇਸ਼ਨ, ਸਕਿਓਰਿਟੀ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (SPMCIL) ਹੈ ਅਤੇ ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਾਨ ਪ੍ਰਾਈਵੇਟ ਲਿਮਿਟੇਡ (BRBNMPL)।
SPMCIL ਦੀਆਂ ਮੁਦਰਾ ਪ੍ਰੈੱਸਾਂ ਨਾਸਿਕ ਅਤੇ ਦੇਵਾਸ ਵਿਖੇ ਹਨ। BRBNMPL ਦੀਆਂ ਦੋ ਪ੍ਰੈਸਾਂ ਮੈਸੂਰ ਅਤੇ ਸਲਬੋਨੀ ਵਿਖੇ ਹਨ।
ਸਿੱਕੇ SPMCIL ਦੀ ਮਲਕੀਅਤ ਵਾਲੇ ਚਾਰ ਟਕਸਾਲਾਂ ਵਿੱਚ ਬਣਾਏ ਜਾਂਦੇ ਹਨ। ਇਹ ਟਕਸਾਲਾਂ ਮੁੰਬਈ, ਹੈਦਰਾਬਾਦ, ਕੋਲਕਾਤਾ ਅਤੇ ਨੋਇਡਾ ਵਿਖੇ ਸਥਿਤ ਹਨ।

ਇਹ ਵੀ ਪੜ੍ਹੋ-

ਭਾਰਤੀ ਕਰੰਸੀ ਦਾ ਇਤਿਹਾਸ
ਫਿਲਹਾਲ ਭਾਰਤੀ ਕਰੰਸੀ ਨੋਟਾਂ ਦੇ ਇੱਕ ਪਾਸੇ ਮਹਾਤਮਾ ਗਾਂਧੀ ਦੀ ਫੋਟੋ ਲੱਗੀ ਹੋਈ ਹੈ।
ਪਰ ਜੇਕਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਸਾਡੇ ਕਰੰਸੀ ਨੋਟਾਂ 'ਤੇ ਗਾਂਧੀ ਜੀ ਦੀ ਫੋਟੋ ਨਹੀਂ ਸੀ?

ਤਸਵੀਰ ਸਰੋਤ, Rbi.org.in
ਹਾਂ, ਭਾਰਤ ਨੂੰ 1947 ਵਿਚ ਆਜ਼ਾਦੀ ਮਿਲੀ ਸੀ, ਪਰ ਨਵੰਬਰ 1969 ਸੀ ਕਿ ਕਰੰਸੀ ਨੋਟਾਂ 'ਤੇ ਗਾਂਧੀ ਦੀ ਫੋਟੋ ਦਿਖਾਈ ਦਿੱਤੀ।
ਦੇਸ਼ ਦੀ ਆਜ਼ਾਦੀ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਦੌਰਾਨ ਆਜ਼ਾਦ ਭਾਰਤ ਦੇ ਨਵੇਂ ਨੋਟਾਂ ਨੂੰ ਡਿਜ਼ਾਈਨ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਸੀ।
ਰਿਜ਼ਰਵ ਬੈਂਕ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਨੇ ਪਹਿਲੀ ਵਾਰ 1949 'ਚ ਇਕ ਰੁਪਏ ਦੇ ਨੋਟ ਦਾ ਨਵਾਂ ਡਿਜ਼ਾਇਨ ਬਣਾਇਆ ਸੀ।
ਉਸ ਸਮੇਂ ਮੰਨਿਆ ਜਾ ਰਿਹਾ ਸੀ ਕਿ ਬ੍ਰਿਟੇਨ ਦੇ ਰਾਜੇ ਦੀ ਫੋਟੋ ਦੀ ਜਗ੍ਹਾ ਮਹਾਤਮਾ ਗਾਂਧੀ ਦੀ ਫੋਟੋ ਲੱਗ ਜਾਵੇਗੀ। ਜੋ ਪਹਿਲਾਂ ਨੋਟ 'ਤੇ ਛਪੀ ਹੁੰਦੀ ਸੀ।
ਇਸ ਅਨੁਸਾਰ ਇੱਕ ਡਿਜ਼ਾਇਨ ਵੀ ਬਣਾਇਆ ਗਿਆ ਸੀ। ਪਰ ਅੰਤ ਵਿੱਚ ਕਮੇਟੀ ਨੇ ਸਹਿਮਤੀ ਦਿੱਤੀ ਕਿ ਮਹਾਤਮਾ ਗਾਂਧੀ ਦੀ ਫੋਟੋ ਦੀ ਬਜਾਏ ਕਰੰਸੀ ਨੋਟ ਵਿੱਚ ਅਸ਼ੋਕਾ ਥੰਮ੍ਹ ਹੋਣਾ ਚਾਹੀਦਾ ਹੈ।

ਤਸਵੀਰ ਸਰੋਤ, RBI
1950 ਵਿੱਚ ਭਾਰਤੀ ਗਣਰਾਜ ਵਿੱਚ ਪਹਿਲੀ ਵਾਰ 2, 5, 10 ਅਤੇ 100 ਰੁਪਏ ਦੇ ਨੋਟ ਪੇਸ਼ ਕੀਤੇ ਗਏ ਸਨ।
2, 5 ਅਤੇ 100 ਰੁਪਏ ਦੇ ਨੋਟਾਂ ਦੇ ਡਿਜ਼ਾਈਨ ਬਹੁਤੇ ਵੱਖਰੇ ਨਹੀਂ ਸਨ ਪਰ ਰੰਗ ਵੱਖਰੇ ਸਨ।
10 ਰੁਪਏ ਦੇ ਨੋਟ ਦੇ ਉਲਟੇ ਪਾਸੇ ਸਮੁੰਦਰੀ ਕਿਸ਼ਤੀ ਦੀ ਤਸਵੀਰ ਬਰਕਰਾਰ ਰੱਖੀ ਗਈ ਸੀ।
1953 ਵਿੱਚ ਨਵੇਂ ਕਰੰਸੀ ਨੋਟਾਂ 'ਤੇ ਹਿੰਦੀ ਮੁੱਖ ਤੌਰ 'ਤੇ ਛਾਪੀ ਜਾਂਦੀ ਸੀ। ਰੁਪਈਏ ਦਾ ਬਹੁਵਚਨ ਰੂਪ ਕੀ ਹੋਵੇਗਾ ਇਸ ਬਾਰੇ ਚਰਚਾ ਹੋਈ ਅਤੇ ਇਹ ਫੈਸਲਾ ਹੋਇਆ ਕਿ ਰੁਪਈਏ ਦਾ ਬਹੁਵਚਨ 'ਰੁਪਏ' ਹੋਵੇਗਾ।
1000, 2000 ਅਤੇ 10,000 ਰੁਪਏ ਦੇ ਨੋਟ 1954 ਵਿੱਚ ਮੁੜ ਛਾਪੇ ਗਏ ਸਨ। ਇਨ੍ਹਾਂ ਨੋਟਾਂ ਨੂੰ 1978 ਵਿੱਚ ਪ੍ਰਚਲਨ ਵਿੱਚੋਂ ਵਾਪਸ ਲੈ ਲਿਆ ਗਿਆ ਸੀ।
ਯਾਨੀ 1978 ਵਿੱਚ ਇੱਕ ਹਜ਼ਾਰ, ਪੰਜ ਹਜ਼ਾਰ ਅਤੇ 10 ਹਜ਼ਾਰ ਰੁਪਏ ਦੀ ਨੋਟਬੰਦੀ ਕੀਤੇ ਗਏ ਸਨ।

ਤਸਵੀਰ ਸਰੋਤ, Rbi.org.in
ਦੋ ਅਤੇ ਪੰਜ ਰੁਪਏ ਦੇ ਛੋਟੇ ਨੋਟਾਂ 'ਤੇ ਸ਼ੇਰ ਅਤੇ ਹਿਰਨ ਵਰਗੇ ਜਾਨਵਰਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਸਨ।
ਪਰ 1975 ਵਿੱਚ 100 ਰੁਪਏ ਦੇ ਨੋਟ ਵਿੱਚ ਖੇਤੀ ਸਵੈ-ਨਿਰਭਰਤਾ ਅਤੇ ਚਾਹ ਦੇ ਬਾਗਾਂ ਵਿੱਚੋਂ ਚਾਹ ਪੱਤੀਆਂ ਨੂੰ ਤੋੜੇ ਜਾਣ ਦੀਆਂ ਤਸਵੀਰਾਂ ਸਨ।
ਮਹਾਤਮਾ ਗਾਂਧੀ ਦੀ ਤਸਵੀਰ ਨੋਟਾਂ 'ਤੇ ਕਦੋਂ ਨਜ਼ਰ ਆਈ?
1969 'ਚ ਮਹਾਤਮਾ ਗਾਂਧੀ ਦੀ 100ਵੀਂ ਵਰ੍ਹੇਗੰਢ ਮੌਕੇ 'ਤੇ ਪਹਿਲੀ ਵਾਰ ਕਰੰਸੀ ਨੋਟ 'ਤੇ ਮਹਾਤਮਾ ਗਾਂਧੀ ਦੀ ਫੋਟੋ ਛਾਪੀ ਗਈ ਸੀ। ਇਸ ਵਿੱਚ ਗਾਂਧੀ ਜੀ ਬੈਠੇ ਸਨ ਅਤੇ ਪਿੱਛੇ ਸੇਵਾਗ੍ਰਾਮ ਆਸ਼ਰਮ ਸੀ।
ਆਰਬੀਆਈ ਨੇ ਸਭ ਤੋਂ ਪਹਿਲਾਂ 20 ਰੁਪਏ ਦਾ ਨੋਟ 1972 ਵਿੱਚ ਜਾਰੀ ਕੀਤਾ ਅਤੇ 50 ਰੁਪਏ ਦਾ ਨੋਟ ਤਿੰਨ ਸਾਲ ਬਾਅਦ 1975 ਵਿੱਚ ਲਿਆਂਦਾ ਸੀ।
ਨੋਟਾਂ ਦੀ ਇੱਕ ਨਵੀਂ ਲੜੀ 80 ਦੇ ਦਹਾਕੇ ਵਿੱਚ ਤਿਆਰ ਕੀਤੀ ਗਈ ਸੀ। ਪੁਰਾਣੀਆਂ ਫੋਟੋਆਂ ਨੂੰ ਮਿਟਾਇਆ ਗਿਆ ਅਤੇ ਨਵੀਆਂ ਫੋਟੋਆਂ ਨਾਲ ਬਦਲਿਆ ਹੈ। ਇਸ ਸਮੇਂ ਨੋਟਾਂ 'ਤੇ ਮਹਾਤਮਾ ਗਾਂਧੀ ਦੀ ਫੋਟੋ ਨਹੀਂ ਸੀ।

ਤਸਵੀਰ ਸਰੋਤ, Rbi.org.in
1 ਰੁਪਏ ਦੇ ਨੋਟ ਵਿੱਚ ਤੇਲ ਦਾ ਖੂਹ ਸੀ, 2 ਰੁਪਏ ਦੇ ਨੋਟ ਵਿੱਚ ਵਿਗਿਆਨ ਅਤੇ ਤਕਨਾਲੋਜੀ ਨਾਲ ਜੁੜੇ ਆਰੀਆਭੱਟ ਸੈਟੇਲਾਈਟ ਦੀ ਤਸਵੀਰ ਸੀ।
5 ਰੁਪਏ ਦੇ ਨੋਟ ਵਿੱਚ ਇੱਕ ਕਿਸਾਨ ਦੀ ਟਰੈਕਟਰ ਨਾਲ ਖੇਤ ਵਾਹੁਣ ਦੀ ਤਸਵੀਰ ਸੀ।
ਉਸੇ ਸੈੱਟ ਵਿੱਚ 10 ਰੁਪਏ ਦੀ ਫੋਟੋ ਉੱਤੇ ਮੋਰ ਅਤੇ ਸ਼ਾਲੀਮਾਰ ਬਾਗ਼ ਦੀਆਂ ਤਸਵੀਰਾਂ ਸਨ।
20 ਰੁਪਏ ਦੇ ਨੋਟ ਵਿੱਚ ਕੋਨਾਰਕ ਮੰਦਿਰ ਦੀ ਤਸਵੀਰ ਸੀ, 100 ਰੁਪਏ ਦੇ ਨੋਟ ਵਿੱਚ ਹੀਰਾਕੁੰਡ ਡੈਮ ਦੀ ਤਸਵੀਰ ਸੀ।

ਤਸਵੀਰ ਸਰੋਤ, Rbi.org.in
ਇਸ ਦੌਰਾਨ ਦੇਸ਼ ਦੀ ਆਰਥਿਕਤਾ ਤੇਜ਼ੀ ਨਾਲ ਫੈਲ ਰਹੀ ਸੀ ਅਤੇ ਲੋਕਾਂ ਦੀ ਖਰੀਦ ਸ਼ਕਤੀ ਵਧ ਰਹੀ ਸੀ।
ਇਸ ਲਈ ਆਰਬੀਆਈ ਨੇ ਅਕਤੂਬਰ 1987 ਵਿੱਚ ਪਹਿਲੀ ਵਾਰ 500 ਰੁਪਏ ਦੇ ਨੋਟ ਪੇਸ਼ ਕੀਤੇ।
ਮਹਾਤਮਾ ਗਾਂਧੀ ਦੀ ਫੋਟੋ ਇੱਕ ਵਾਰ ਫਿਰ ਸਾਹਮਣੇ ਆਈ। ਗਾਂਧੀ ਜੀ ਦੀ ਫੋਟੋ ਸਾਹਮਣੇ ਵਾਲੇ ਪਾਸੇ ਲਗਾਈ ਗਈ ਸੀ ਜਿਵੇਂ ਕਿ ਇਹ ਅਜੋਕੇ ਨੋਟਾਂ 'ਤੇ ਹੈ।
ਇਸ ਤੋਂ ਇਲਾਵਾ, ਅਸ਼ੋਕਾ ਥੰਮ ਵਾਟਰਮਾਰਕ ਵਿਚ ਸੀ। ਪਿਛਲੇ ਪਾਸੇ ਗਾਂਧੀ ਜੀ ਦੀ ਡਾਂਡੀ ਯਾਤਰਾ ਦੀ ਫੋਟੋ ਛਪੀ ਸੀ।
ਨਵੀਂ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੇ ਮਹਾਤਮਾ ਗਾਂਧੀ ਸੀਰੀਜ਼ ਦੇ ਨੋਟ 1996 ਵਿੱਚ ਛਾਪੇ ਗਏ ਸਨ।
ਇਸ ਨੇ ਵਾਟਰਮਾਰਕਸ ਨੂੰ ਵੀ ਬਦਲਿਆ ਅਤੇ ਨੋਟਾਂ ਨੂੰ ਨੇਤਰਹੀਣ ਲੋਕਾਂ ਲਈ ਪਛਾਣਨ ਯੋਗ ਬਣਾਉਣ ਲਈ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ।

ਤਸਵੀਰ ਸਰੋਤ, Rbi.org.in
ਪਰ ਸਾਹਮਣੇ ਮਹਾਤਮਾ ਗਾਂਧੀ ਦੀ ਫੋਟੋ ਕਾਇਮ ਰਹੀ।
ਇਸੇ ਸੀਰੀਜ਼ ਵਿੱਚ ਅੱਗੇ ਜਾ ਕੇ 9 ਅਕਤੂਬਰ 2000, ਨੂੰ ਇੱਕ ਹਜ਼ਾਰ ਰੁਪਏ ਦਾ ਨੋਟ ਛਾਪਿਆ ਗਿਆ।
ਭਾਰਤੀ ਮੁਦਰਾ ਵਿੱਚ ਦੂਜਾ ਸਭ ਤੋਂ ਵੱਡਾ ਬਦਲਾਅ ਨਵੰਬਰ 2016 ਵਿੱਚ ਹੋਇਆ ਸੀ।
8 ਨਵੰਬਰ 2016 ਨੂੰ ਮਹਾਤਮਾ ਗਾਂਧੀ ਲੜੀ ਦੇ ਸਾਰੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਗ਼ੈਰ-ਕਾਨੂੰਨੀ ਐਲਾਨ ਦਿੱਤੇ ਸਨ।
ਇਸ ਤੋਂ ਬਾਅਦ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਨਵੇਂ ਨੋਟ ਜਾਰੀ ਕੀਤੇ ਗਏ।
ਇਸ ਵਿਚ ਨੋਟਾਂ ਦਾ ਆਕਾਰ ਵੀ ਬਦਲਿਆ ਗਿਆ ਸੀ ਅਤੇ ਵੱਖ-ਵੱਖ ਰੰਗਾਂ ਦੀ ਵਰਤੋਂ ਕਰ ਕੇ, ਇਨ੍ਹਾਂ ਨੂੰ ਛੋਟੇ ਕਰ ਦਿੱਤਾ ਗਿਆ ਸੀ। 2000 ਰੁਪਏ ਦਾ ਨਵਾਂ ਨੋਟ ਇਸੇ ਲੜੀ ਦਾ ਹੈ।
ਇਸ ਦੌਰਾਨ 2015 'ਚ 1 ਰੁਪਏ ਦਾ ਨਵਾਂ ਨੋਟ ਪੇਸ਼ ਕੀਤਾ ਗਿਆ ਸੀ ਪਰ ਇਹ ਜ਼ਿਆਦਾ ਪ੍ਰਚਲਨ 'ਚ ਨਹੀਂ ਆਇਆ।

ਤਸਵੀਰ ਸਰੋਤ, Rbi.org.in
ਇਸ ਸਮੇਂ 2 ਰੁਪਏ, 5 ਰੁਪਏ ਦੇ ਨੋਟਾਂ ਨੂੰ ਨਹੀਂ ਚਲਾਇਆ ਜਾ ਰਿਹਾ ਹੈ। ਪਰ ਇਸ ਮੁੱਲ ਦੇ ਪੁਰਾਣੇ ਨੋਟ ਅਜੇ ਵੀ ਪ੍ਰਚਲਨ ਵਿੱਚ ਜਾਇਜ਼ ਮੰਨੇ ਜਾਂਦੇ ਹਨ।
ਭਾਰਤ ਵਿੱਚ ਸਿੱਕਿਆਂ ਦੀ ਵਰਤੋਂ ਲੰਬੇ ਸਮੇਂ ਤੋਂ ਕੀਤੀ ਜਾਂਦੀ ਰਹੀ ਹੈ। ਪਰ ਆਜ਼ਾਦ ਭਾਰਤ ਦਾ ਪਹਿਲਾ ਸਿੱਕਾ 15 ਅਗਸਤ, 1950 ਨੂੰ ਜਾਰੀ ਕੀਤਾ ਗਿਆ ਸੀ।
ਇੱਥੇ ਬਰਤਾਨੀਆ ਦੇ ਰਾਜੇ ਦੀ ਮੋਹਰ ਨੂੰ ਇੱਕ ਅਸ਼ੋਕ ਥੰਮ ਅਤੇ ਦੋ ਮੱਕੀ ਦੀਆਂ ਛੱਲੀਆਂ ਨਾਲ ਬਦਲ ਦਿੱਤਾ ਗਿਆ ਸੀ।
ਸ਼ੁਰੂਆਤੀ ਦਿਨਾਂ ਵਿੱਚ ਭਾਰਤ ਦੇ ਸਿੱਕੇ ਨਿੱਕਲ ਦੇ ਬਣੇ ਹੁੰਦੇ ਸਨ। ਸਮੇਂ ਦੇ ਨਾਲ ਇਸ ਵਿੱਚ ਕਈ ਤਰ੍ਹਾਂ ਦੇ ਬਦਲਾਅ ਆਏ। ਹਾਲ ਹੀ ਦੇ ਸਾਲਾਂ ਵਿੱਚ ਸਟੇਨਲੈਸ ਸਟੀਲ ਅਤੇ ਕੁਪਰੋ-ਨਿੱਕਲ ਨੂੰ ਸ਼ਾਮਿਲ ਕੀਤਾ ਗਿਆ ਹੈ।
ਜੂਨ 2011 ਵਿੱਚ, 25 ਪੈਸੇ ਅਤੇ ਇਸ ਤੋਂ ਘੱਟ ਮੁੱਲ ਦੇ ਸਿੱਕੇ ਬੰਦ ਕਰ ਦਿੱਤੇ ਗਏ ਸਨ।
ਇਸ ਸਮੇਂ ਬਾਜ਼ਾਰ 'ਚ ਸਿਰਫ਼ 50 ਪੈਸੇ, 1 ਰੁਪਏ, 2 ਰੁਪਏ, 5 ਰੁਪਏ ਅਤੇ 10 ਰੁਪਏ ਦੇ ਸਿੱਕੇ ਉਪਲਬਧ ਹਨ।

ਇਹ ਵੀ ਪੜ੍ਹੋ-













