ਭਾਜਪਾ ’ਚ ਸ਼ਾਮਲ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਨਰਿੰਦਰ ਮੋਦੀ ’ਤੇ ਨਿਸ਼ਾਨੇ ਲਗਾਏ ਸੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ।

ਲੰਮੇ ਸਮੇਂ ਤੋਂ ਰਾਜਨੀਤੀ ਵਿੱਚ ਸਰਗਰਮ ਕੈਪਟਨ ਅਮਰਿੰਦਰ ਸਿੰਘ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਪੰਥਕ ਅਤੇ ਪੰਜਾਬ ਲੋਕ ਕਾਂਗਰਸ ਦਾ ਹਿੱਸਾ ਰਹੇ ਹਨ।

ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਜਦੋਂ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ।

ਰਾਜਨੀਤਕ ਵਿਰੋਧੀ ਹੋਣ ਕਰਕੇ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਉੱਪਰ ਟਿੱਪਣੀਆਂ ਕੀਤੀਆਂ ਹਨ ਅਤੇ ਪ੍ਰਧਾਨ ਮੰਤਰੀ ਨੇ ਵੀ ਕੈਪਟਨ ਅਮਰਿੰਦਰ ਅਤੇ ਉਨ੍ਹਾਂ ਦੀ ਪਾਰਟੀ ਬਾਰੇ ਅਕਸਰ ਟਿੱਪਣੀਆਂ ਕੀਤੀਆਂ ਹਨ।

'ਤੁਹਾਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ ਮੋਦੀ ਜੀ'

2018 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਆਖਿਆ ਸੀ ਕਿ ਪੰਜਾਬ ਵਿੱਚ ਕਾਂਗਰਸ ਆਪਣੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨਹੀਂ ਸਮਝਦੀ।

ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਉਨ੍ਹਾਂ ਆਖਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਆਜ਼ਾਦ ਸਿਪਾਹੀ ਵਾਂਗ ਪੰਜਾਬ ਵਿੱਚ ਕੰਮ ਕਰਦੇ ਹਨ।

ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਉੱਪਰ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਦੇ ਹੋਏ ਆਖਿਆ ਸੀ ਕਿ ਕੀ ਪਾਰਟੀ ਮੈਨੂੰ ਮੁੱਖ ਮੰਤਰੀ ਨਹੀਂ ਸਮਝਦੀ-"ਇਹ ਜਾਣਕਾਰੀ ਤੁਹਾਨੂੰ ਕਿਸ ਨੇ ਦਿੱਤੀ ਹੈ ਪ੍ਰਧਾਨ ਮੰਤਰੀ ਜੀ।"

"ਮੈਨੂੰ ਯਾਦ ਨਹੀਂ ਕਿ ਮੈਂ ਕਦੇ ਪ੍ਰਧਾਨ ਮੰਤਰੀ ਨੂੰ ਕਾਂਗਰਸ ਹਾਈਕਮਾਨ ਬਾਰੇ ਸ਼ਿਕਾਇਤ ਕੀਤੀ ਹੋਵੇ। ਤੁਸੀਂ ਮੇਰੇ ਅਤੇ ਮੇਰੀ ਪਾਰਟੀ ਦਰਮਿਆਨ ਦੂਰੀਆਂ ਬਨਾਉਣ ਦੀ ਕੋਸ਼ਿਸ਼ ਨਾ ਕਰੋ।"

"ਮੇਰੀ ਪਾਰਟੀ ਨੂੰ ਮੇਰੇ ਉੱਪਰ ਅਤੇ ਮੈਨੂੰ ਪਾਰਟੀ ਲੀਡਰਸ਼ਿਪ ਉੱਤੇ ਪੂਰਾ ਭਰੋਸਾ ਹੈ ।"

ਜ਼ਿਕਰਯੋਗ ਹੈ ਕਿ ਪਾਰਟੀ ਲੀਡਰਸ਼ਿਪ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ ਸੀ ਅਤੇ ਭਾਜਪਾ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ 2022 ਲੜੀਆਂ ਸਨ।

ਜਦੋਂ ਕੈਪਟਨ ਅਮਰਿੰਦਰ ਰਾਜੀਵ ਗਾਂਧੀ ਦੇ ਬਚਾਅ 'ਚ ਆਏ

2019 ਦੀਆਂ ਲੋਕ ਸਭਾ ਚੋਣਾਂ ਵੇਲੇ ਪ੍ਰਚਾਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਵਿੱਚ ਰਾਜੀਵ ਗਾਂਧੀ ਉੱਤੇ ਟਿੱਪਣੀ ਕੀਤੀ ਸੀ।

ਰਾਹੁਲ ਗਾਂਧੀ ਉੱਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਸੀ, "ਤੁਹਾਡੇ ਪਿਤਾ ਨੂੰ ਉਨ੍ਹਾਂ ਦੇ ਦਰਬਾਰੀਆਂ ਨੇ ਸਾਫ਼ ਸੁਥਰੇ ਆਚਰਣ ਦਾ ਆਖਿਆ ਸੀ ਪਰ ਉਨ੍ਹਾਂ ਦੀ ਜ਼ਿੰਦਗੀ ਭ੍ਰਿਸ਼ਟਾਚਾਰੀ ਨੰਬਰ ਇੱਕ ਦੇ ਤੌਰ 'ਤੇ ਖ਼ਤਮ ਹੋਈ।"

ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਦੇ ਵਿਰੋਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਟਿੱਪਣੀਆਂ ਕੀਤੀਆਂ ਸਨ।

ਕੈਪਟਨ ਅਮਰਿੰਦਰ ਸਿੰਘ ਨੂੰ ਰਾਜਨੀਤੀ ਵਿੱਚ ਲੈ ਕੇ ਆਉਣ ਵਾਲੇ ਰਾਜੀਵ ਗਾਂਧੀ ਬਾਰੇ ਕੈਪਟਨ ਨੇ ਆਖਿਆ ਸੀ," ਰਾਜੀਵ ਗਾਂਧੀ ਭਾਰਤ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹ ਕਦੇ ਵੀ ਭਾਰਤ ਅਤੇ ਦੇਸ ਦੇ ਲੋਕਾਂ ਨਾਲ ਧੋਖਾ ਕਰਨ ਬਾਰੇ ਨਹੀਂ ਸੋਚ ਸਕਦੇ ਸਨ।"

"ਚੋਰ ਨੂੰ ਸਭ ਚੋਰ ਲੱਗਦੇ ਹਨ ਅਤੇ ਸੱਤਾ ਲਈ ਭੁੱਖੇ ਪ੍ਰਧਾਨ ਮੰਤਰੀ ਚੋਣਾਂ ਵਿੱਚ ਹੇਠਲੇ ਪੱਧਰ 'ਤੇ ਜਾ ਰਹੇ ਹਨ।"

"ਨਰਿੰਦਰ ਮੋਦੀ ਦੀ ਪਾਰਟੀ ਦੇ ਆਗੂ ਰਹੇ ਅਟਲ ਬਿਹਾਰੀ ਵਾਜਪਾਈ ਵੀ ਰਾਜੀਵ ਗਾਂਧੀ ਬਾਰੇ ਚੰਗੀਆਂ ਗੱਲਾਂ ਕਰਦੇ ਸਨ। ਰਾਜੀਵ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਉਨ੍ਹਾਂ ਦੇ ਨਾਮ ਨੂੰ ਚੋਣਾਂ ਲਈ ਸ਼ਰਮਨਾਕ ਤਰੀਕੇ ਨਾਲ ਉਛਾਲ ਰਹੇ ਹਨ।"

ਇਹ ਵੀ ਪੜ੍ਹੋ-

'ਜਲ੍ਹਿਆਂਵਾਲੇ ਬਾਗ਼ 'ਤੇ ਮੋਦੀ ਨੂੰ ਜਦੋਂ ਕੈਪਟਨ ਨੇ ਨਿਸ਼ਾਨੇ ’ਤੇ ਲਿਆ ਸੀ

ਜਲ੍ਹਿਆਂਵਾਲੇ ਬਾਗ਼ ਦੇ ਸਾਕੇ ਨੂੰ 2019 ਵਿੱਚ ਸੌ ਸਾਲ ਪੂਰੇ ਹੋਣ ਦੇ ਮੌਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਟਿੱਪਣੀ ਕੀਤੀ ਸੀ। ਦਰਅਸਲ ਸੌ ਸਾਲਾ ਸਮਾਗਮ 'ਤੇ ਪਹੁੰਚੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਜਦੋਂ ਸ਼ਰਧਾਂਜਲੀ ਦਿੱਤੀ ਸੀ ਤਾਂ ਕੈਪਟਨ ਉਥੇ ਮੌਜੂਦ ਨਹੀਂ ਸਨ।

ਪ੍ਰਧਾਨ ਮੰਤਰੀ ਨੇ ਆਖਿਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੀ ਭਗਤੀ ਵਿੱਚ ਮਸ਼ਰੂਫ਼ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਵਿਰੋਧ ਵਿੱਚ ਆਖਿਆ ਸੀ ਕਿ ਪ੍ਰਧਾਨ ਮੰਤਰੀ ਗੰਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਉਸੇ ਵੇਲੇ ਸਮਾਗਮ ਰੱਖੇ ਗਏ ਜਦੋਂ ਪੰਜਾਬ ਸਰਕਾਰ ਦਾ ਵੀ ਸਮਾਗਮ ਸੀ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਆਖਿਆ ਗਿਆ ਸੀ ਕਿ ਉਹ 2017 ਤੋਂ ਪ੍ਰਧਾਨ ਮੰਤਰੀ ਨਾਲ ਇਸ ਮੁੱਦੇ ਉਪਰ ਚਰਚਾ ਕਰ ਰਹੇ ਹਨ ਕਿ ਸੌ ਸਾਲਾ ਸਮਾਗਮ ਨੂੰ ਚੰਗੇ ਤਰੀਕੇ ਨਾਲ ਮਨਾਇਆ ਜਾਵੇ,ਪਰ ਮੋਦੀ ਸਰਕਾਰ ਵੱਲੋਂ ਸੂਬਾ ਸਰਕਾਰ ਦੇ ਬਰਾਬਰ ਇੱਕ ਹੋਰ ਸਮਾਗਮ ਕਰ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹਾ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪ੍ਰਧਾਨਮੰਤਰੀ ਜਲ੍ਹਿਆਂਵਾਲਾ ਬਾਗ ਟਰੱਸਟ ਦੇ ਮੁਖੀ ਵੀ ਹਨ।

ਗੁਜਰਾਤ ਦੰਗੇ ਅਤੇ 1984 ਸਿੱਖ ਨਸਲਕੁਸ਼ੀ ਵਿੱਚ ਆਰਐੱਸਐੱਸ ਦੀ ਭੂਮਿਕਾ 'ਤੇ ਚੁੱਕੇ ਸਵਾਲ

ਜਨਵਰੀ 2019 ਵਿੱਚ ਗੁਰਦਾਸਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਾਂਗਰਸ ਉੱਪਰ ਸਵਾਲ ਚੁੱਕੇ ਸਨ। ਉਨ੍ਹਾਂ ਨੇ ਆਖਿਆ ਸੀ ਕਿ ਕਰਤਾਰਪੁਰ ਭਾਰਤ ਤੋਂ ਕੁਝ ਕਿਲੋਮੀਟਰ ਦੂਰ ਹੈ ਪਰ ਕਾਂਗਰਸ ਦੇ ਨੀਤੀਕਾਰਾਂ ਕਾਰਨ ਸਿੱਖਾਂ ਤੋਂ ਦੂਰ ਹੋ ਗਿਆ।

ਉਨ੍ਹਾਂ ਨੇ ਆਖਿਆ ਸੀ,"ਕਾਂਗਰਸ ਭਾਰਤੀ ਫੌਜ ਨੂੰ ਕਮਜ਼ੋਰ ਕਰਨ ਲਈ ਵੀ ਝੂਠ ਫੈਲਾਉਂਦੇ ਹਨ। ਉਨ੍ਹਾਂ ਨੇ ਆਖਿਆ ਕਿ ਇਸ ਪਾਰਟੀ ਵਿਚ ਇੱਕ ਪਰਿਵਾਰ ਹੀ ਮੋਢੀ ਹੈ। 1984 ਵਿੱਚ ਕਾਂਗਰਸ ਦੇ ਰਾਜ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਅਤੇ ਹੁਣ ਵੀ ਕਾਂਗਰਸ ਉਨ੍ਹਾਂ ਮੁਲਜ਼ਮਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜ ਰਹੀ ਹੈ।"

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਆਖਿਆ ਸੀ, "ਮੋਦੀ ਹਰ ਮੁੱਦੇ ਉੱਪਰ ਝੂਠ ਬੋਲ ਰਹੇ ਹਨ। ਭਾਵੇਂ ਉਹ ਕਰਤਾਰਪੁਰ ਲਾਂਘੇ ਬਾਰੇ ਹੋਵੇ, ਕਿਸਾਨਾਂ ਦੇ ਕਰਜ਼ੇ ਮੁਆਫ਼ੀ ਬਾਰੇ ਹੋਵੇ ਜਾਂ 1984 ਬਾਰੇ।"

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੀ ਚੁੱਪੀ ਉੱਪਲ ਸਵਾਲ ਚੁੱਕੇ ਸਨ ਕਿ ਕੁਝ ਆਰਐੱਸਐੱਸ ਬੀਜੇਪੀ ਕਾਰਕੁਨਾਂ ਦਾ ਨਾਮ ਤਿਲਕ ਮਾਰਗ ਪੁਲਿਸ ਸਟੇਸ਼ਨ ਵਿਖੇ ਐਫਆਈਆਰ ਵਿਚ ਸ਼ਾਮਿਲ ਹੈ। ਇਹ ਕਾਰਕੁਨ 1984 ਦੀ ਨਸਲਕੁਸ਼ੀ ਵਿਚ ਸ਼ਾਮਿਲ ਸਨ ਅਤੇ ਭਾਜਪਾ ਗਾਂਧੀ ਪਰਿਵਾਰ ਨੂੰ ਇਸ ਮੁੱਦੇ ਵਿੱਚ ਲੈ ਕੇ ਆ ਰਹੀ ਹੈ।"

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਸੀ,"2002 ਦੇ ਗੁਜਰਾਤ ਦੰਗੇ ਉਸ ਵੇਲੇ ਹੋਈ ਜਦੋਂ ਤੁਸੀਂ ਮੁੱਖ ਮੰਤਰੀ ਸਨ ਅਤੇ ਉਸ ਵਿੱਚ ਤੁਹਾਡੀ ਪਾਰਟੀ ਦੇ ਲੋਕਾਂ ਉੱਪਰ ਇਲਜ਼ਾਮ ਹਨ।"

ਕਰਤਾਰਪੁਰ ਕੌਰੀਡੋਰ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਕਿ ਕਾਂਗਰਸ ਇਸ ਮੁੱਦੇ ਨੂੰ ਇੰਦਰਾ ਗਾਂਧੀ ਅਤੇ ਡਾ ਮਨਮੋਹਨ ਸਿੰਘ ਦੇ ਸਮੇਂ ਤੋਂ ਚੁੱਕ ਰਹੀ ਹੈ।

"ਇੱਕ ਪਾਸੇ ਤੁਸੀਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਜਨਮ ਸ਼ਤਾਬਦੀ ਮੌਕੇ ਇੱਕ ਪੈਸਾ ਨਹੀਂ ਦਿੱਤਾ ਅਤੇ ਫਿਰ ਵੀ ਤੁਸੀਂ ਸਿੱਖਾਂ ਬਾਰੇ ਗੱਲ ਕਰਦੇ ਹੋ।"

ਕੈਪਟਨ ਅਮਰਿੰਦਰ ਸਿੰਘ ਦੀ ਜ਼ਿੰਦਗੀ 'ਤੇ ਝਾਤ

  • 11 ਮਾਰਚ 1942 ਨੂੰ ਜੰਮੇ ਅਮਰਿੰਦਰ ਸਿੰਘ ਪਟਿਆਲਾ ਰਿਆਸਤ ਦੇ ਆਖ਼ਰੀ ਮਹਾਰਾਜਾ ਯਾਦਵਿੰਦਰ ਸਿੰਘ ਦੇ ਪੁੱਤਰ ਹਨ
  • ਫੌਜੀ ਅਫ਼ਸਰ ਵਜੋਂ ਟ੍ਰੇਨਿੰਗ ਨੈਸ਼ਨਲ ਡਿਫੈਂਸ ਅਕੈਡਮੀ ਦੇਹਰਾਦੂਨ ਅਤੇ ਭਾਰਤੀ ਮਿਲਟਰੀ ਅਕੈਡਮੀ ਤੋਂ ਲਈ।
  • ਅਮਰਿੰਦਰ ਸਿੰਘ 1963 ਵਿੱਚ ਭਾਰਤੀ ਫੌਜ ਦੀ 2 ਸਿੱਖ ਰੈਜਮੈਂਟ ਵਿੱਚ ਬਤੌਰ ਅਫ਼ਸਰ ਭਰਤੀ ਹੋਏ।
  • ਉਹ 1963 ਵਿੱਚ ਭਰਤੀ ਹੋਏ ਅਤੇ 1965 ਵਿੱਚ ਘਰੇਲੂ ਜ਼ਿੰਮੇਵਾਰੀਆਂ ਦਾ ਹਵਾਲਾ ਦੇ ਕੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ।
  • ਪਰ 1965 ਵਿੱਚ ਹੀ ਭਾਰਤ-ਪਾਕਿਸਤਾਨ ਜੰਗ ਲੱਗਣ ਦੌਰਾਨ ਉਹ ਮੁੜ ਫੌਜ ਵਿੱਚ ਸ਼ਾਮਲ ਹੋ ਗਏ।
  • 1965 ਦੀ ਜੰਗ ਦੌਰਾਨ ਉਹ ਪੱਛਮੀ ਕਮਾਂਡ ਦੇ ਕਮਾਂਡਿੰਗ ਇਨ ਚੀਫ਼ ਲੈਫਟੀਨੈਂਟ ਜਨਰਲ ਹਰਬਖ਼ਸ ਸਿੰਘ ਦੇ ਏਡੀਸੀ ਸਨ।
  • 1980 ਦੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਕਾਂਗਰਸ ਦੀ ਟਿਕਟ ਉੱਤੋ ਲੋਕ ਸਭਾ ਦੀ ਚੋਣ ਲੜੀ।
  • 1984 ਵਿੱਚ ਸਿੱਖਾਂ ਦੇ ਧਾਰਮਿਕ ਅਸਥਾਨ ਅਕਾਲ ਤਖ਼ਤ ਉੱਤੇ ਭਾਰਤੀ ਫੌਜ ਦੇ ਹਮਲੇ ਖ਼ਿਲਾਫ਼ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ।
  • ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ 1985 ਵਿੱਚ ਤਲਵੰਡੀ ਸਾਬੋ ਤੋਂ ਚੋਣ ਲੜਾਈ ਗਈ।
  • ਅਕਾਲੀ ਦਲ ਦੇ ਆਗੂਆਂ ਨਾਲ ਮਤਭੇਦ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੱਖਰਾ ਅਕਾਲੀ ਦਲ ਬਣਾ ਲਿਆ, ਇਸ ਨੂੰ ਅਕਾਲੀ ਦਲ ਪੰਥਕ ਕਿਹਾ ਜਾਂਦਾ ਸੀ।
  • 1997 ਵਿੱਚ ਕੈਪਟਨ ਅਮਰਿੰਦਰ ਸਿੰਘ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਦੇ ਅਕਾਲੀ ਦਲ ਪੰਥਕ ਦਾ ਵੀ ਕਾਂਗਰਸ ਵਿੱਚ ਰਲੇਵਾ ਹੋ ਗਿਆ।
  • 1998 ਦੀਆਂ ਲੋਕ ਸਭਾ ਚੋਣਾਂ ਕੈਪਟਨ ਅਮਰਿੰਦਰ ਨੇ ਮੁੜ ਕਾਂਗਰਸ ਦੀ ਟਿਕਟ ਉੱਤੇ ਲੜੀਆਂ ਪਰ ਉਹ ਹਾਰ ਗਏ।
  • 1999 ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਇਕਾਈ ਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿੱਚ ਸੌਂਪ ਦਿੱਤੀ ਅਤੇ ਉਹ 2002 ਤੱਕ ਇਸ ਅਹੁਦੇ ਉੱਤੇ ਰਹੇ।
  • ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਕਾਂਗਰਸ ਨੇ ਫਰਵਰੀ 2002, 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਤੇ ਸਰਕਾਰ ਬਣਾਈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)