You’re viewing a text-only version of this website that uses less data. View the main version of the website including all images and videos.
ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਵਿੱਚ ਸ਼ਮੂਲੀਅਤ ਨਾਲ ਕੀ ਪੰਜਾਬ ਦੀ ਸਿਆਸਤ ’ਤੇ ਕੋਈ ਅਸਰ ਪਵੇਗਾ
- ਲੇਖਕ, ਅਰਸ਼ਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੇ ਦਿਨਾਂ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣਗੇ।
ਇਸ ਦੀ ਪੁਸ਼ਟੀ ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕੀਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਸੋਮਵਾਰ (19 ਸਤੰਬਰ) ਨੂੰ ਭਾਜਪਾ ਦੇ ਪ੍ਰਧਾਨ ਜੇ ਪੀ ਨੱਡਾ ਦੀ ਮੌਜੂਦਗੀ ਵਿੱਚ ਕੈਪਟਨ ਅਮਰਿੰਦਰ ਸਿੰਘ ਪਾਰਟੀ ਵਿੱਚ ਸ਼ਾਮਲ ਹੋਣਗੇ।
ਇਸ ਨਾਲ ਹੀ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿੱਚ ਰਲੇਂਵੇ ਦਾ ਐਲਾਨ ਵੀ ਕੈਪਟਨ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਲੋਕ ਕਾਂਗਰਸ ਦੀ ਸਥਾਪਨਾ ਨਵੰਬਰ 2021 ਵਿੱਚ ਕੀਤੀ ਗਈ ਸੀ।
ਦਸੰਬਰ 2021 ਵਿੱਚ ਭਾਰਤੀ ਜਨਤਾ ਪਾਰਟੀ ਨਾਲ ਇਸ ਪਾਰਟੀ ਦਾ ਗੱਠਜੋੜ ਹੋਇਆ ਸੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੋਹਾਂ ਪਾਰਟੀਆਂ ਨੇ ਮਿਲ ਕੇ ਲੜੀਆਂ ਸਨ।
ਭਾਜਪਾ ਦੇ ਹੋਣਗੇ ਕੈਪਟਨ
- 19 ਸਤੰਬਰ ਨੂੰ ਭਾਜਪਾ ਪ੍ਰਧਾਨ ਜੇ ਪੀ ਨੱਡਾ ਦੀ ਮੌਜੂਦਗੀ ਵਿੱਚ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਲ ਹੋਣਗੇ ਅਤੇ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿੱਚ ਰਲੇਂਵੇ ਦਾ ਐਲਾਨ ਵੀ ਕਰਨਗੇ।
- ਪੰਜਾਬ ਲੋਕ ਕਾਂਗਰਸ ਦੀ ਸਥਾਪਨਾ ਨਵੰਬਰ 2021 ਵਿੱਚ ਕੀਤੀ ਗਈ ਸੀ।
- ਪਿਛਲੇ ਦੋ ਹਫ਼ਤਿਆਂ ਵਿੱਚ ਕੈਪਟਨ ਨੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਬੈਠਕ ਕੀਤੀ ਜਿਸ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ਵਿੱਚ ਉਨ੍ਹਾਂ ਦੇ ਮੁੜ ਤੋਂ ਸਰਗਰਮ ਹੋਣ ਦੀ ਚਰਚਾ ਸ਼ੁਰੂ ਹੋਈ।
- ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੁਤਾਬਕ ਪੰਜਾਬ ਦੀ ਰਾਜਨੀਤੀ 'ਤੇ ਇਸ ਦਾ ਬਹੁਤ ਵੱਡਾ ਅਸਰ ਨਹੀਂ ਹੋਵੇਗਾ।
- ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਖਾਲਿਦ ਮੁਹੰਮਦ ਵੀ ਆਖਦੇ ਹਨ ਕਿ ਪੰਜਾਬ ਜਾਂ ਕੌਮੀ ਰਾਜਨੀਤੀ ਉੱਪਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਜਾਣ ਨਾਲ ਕੋਈ ਬਹੁਤਾ ਅਸਰ ਨਹੀਂ ਪਵੇਗਾ।
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਾਲ ਕੀਤੀ ਸੀ ਮੁਲਾਕਾਤ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਲੰਡਨ ਵਿਖੇ ਸਰਜਰੀ ਹੋਈ ਸੀ। ਆਪਣੀ ਸਿਹਤ ਕਾਰਨ ਉਹ ਕੁਝ ਸਮਾਂ ਦੇਸ਼ ਤੋਂ ਬਾਹਰ ਰਹੇ।
ਪਿਛਲੇ ਦੋ ਹਫ਼ਤਿਆਂ ਵਿੱਚ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਕੀਤੀ ਜਿਸ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ਵਿੱਚ ਉਨ੍ਹਾਂ ਦੇ ਮੁੜ ਤੋਂ ਸਰਗਰਮ ਹੋਣ ਦੀ ਚਰਚਾ ਸ਼ੁਰੂ ਹੋਈ।
30 ਅਗਸਤ ਨੂੰ ਪ੍ਰਧਾਨ ਮੰਤਰੀ ਨਾਲ ਬੈਠਕ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਸੀ, "ਪ੍ਰਧਾਨ ਮੰਤਰੀ ਨਾਲ ਪੰਜਾਬ ਸੰਬੰਧੀ ਕਈ ਮੁੱਦਿਆਂ ਉੱਤੇ ਚਰਚਾ ਹੋਈ। ਸੂਬੇ ਅਤੇ ਦੇਸ਼ ਦੀ ਸੁਰੱਖਿਆ ਲਈ ਅਸੀਂ ਮਿਲ ਕੇ ਕੰਮ ਕਰਾਂਗੇ।"
12 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੈਠਕ ਤੋਂ ਬਾਅਦ ਵੀ ਉਨ੍ਹਾਂ ਨੇ ਲਿਖਿਆ ਸੀ, "ਰਾਸ਼ਟਰੀ ਸੁਰੱਖਿਆ ਦੇ ਮੁੱਦੇ 'ਤੇ ਗ੍ਰਹਿ ਮੰਤਰੀ ਨਾਲ ਬੈਠਕ ਹੋਈ ਅਤੇ ਪੰਜਾਬ ਵਿੱਚ ਦਿਨੋਂ ਦਿਨ ਵਧ ਰਹੇ ਨਸ਼ਿਆਂ ਦੀ ਸਮੱਸਿਆ ਬਾਰੇ ਵੀ ਉਨ੍ਹਾਂ ਨਾਲ ਗੱਲ ਕੀਤੀ। ਪੰਜਾਬ ਦੇ ਵਿਕਾਸ ਨੂੰ ਲੈ ਕੇ ਭਵਿੱਖ ਦੀ ਰਣਨੀਤੀ ਬਾਰੇ ਵੀ ਚਰਚਾ ਹੋਈ ਹੈ।"
ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਨੇ ਭਾਰਤੀ ਜਨਤਾ ਪਾਰਟੀ ਨਾਲ ਪਾਰਟੀ ਦੇ ਰਲੇਵੇਂ ਬਾਰੇ ਟਿੱਪਣੀ ਕਰਦਿਆਂ ਆਖਿਆ, "ਭਾਜਪਾ ਕੌਮੀ ਪੱਧਰ ਦੀ ਪਾਰਟੀ ਹੈ ਅਤੇ ਕੇਂਦਰ ਅਤੇ ਕਈ ਸੂਬਿਆਂ ਵਿੱਚ ਉਨ੍ਹਾਂ ਦੀ ਸਰਕਾਰ ਹੈ। ਪੰਜਾਬ ਦੇ ਗੰਭੀਰ ਮੁੱਦੇ ਕੇਂਦਰ ਤੱਕ ਪਹੁੰਚਾਉਣਾ ਅਤੇ ਹੱਲ ਕਰਨਾ ਇਸ ਨਾਲ ਸੌਖਾ ਹੋ ਜਾਵੇਗਾ।"
ਇਸ ਨਾਲ ਹੀ ਉਨ੍ਹਾਂ ਨੇ ਆਖਿਆ, "ਕੌਮੀ ਪੱਧਰ ਦੀ ਪਾਰਟੀ ਦੇ ਚੋਣ ਨਿਸ਼ਾਨ ਨਾਲ ਵੀ ਲੋਕ ਜਾਣੂ ਹੁੰਦੇ ਹਨ। ਚੋਣਾਂ ਤੋਂ ਪਹਿਲਾਂ ਬਹੁਤ ਘੱਟ ਸਮਾਂ ਹੋਣ ਕਰਕੇ ਸਾਡਾ ਚੋਣ ਨਿਸ਼ਾਨ ਗੇਂਦ ਅਤੇ ਹਾਕੀ ਲੋਕਾਂ ਵਿੱਚ ਆਪਣੀ ਪਛਾਣ ਨਹੀਂ ਬਣਾ ਸਕਿਆ ਸੀ।"
ਪ੍ਰਿਤਪਾਲ ਸਿੰਘ ਮੁਤਾਬਕ ਭਾਰਤੀ ਜਨਤਾ ਪਾਰਟੀ ਇਕ ਮਜ਼ਬੂਤ ਪਾਰਟੀ ਹੈ ਅਤੇ ਪੰਜਾਬ ਵਿਚ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿੱਚ ਇੱਕ ਵੱਡਾ ਸਿੱਖ ਚਿਹਰਾ ਵੀ ਮਿਲੇਗਾ। ਇਸ ਨਾਲ ਪਾਰਟੀ ਨੂੰ ਸੂਬੇ ਵਿੱਚ ਮਜ਼ਬੂਤੀ ਮਿਲੇਗੀ।
ਆਉਣ ਵਾਲੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿਚ ਕਿਸ ਭੂਮਿਕਾ ਵਿੱਚ ਨਜ਼ਰ ਆਉਣਗੇ, ਇਸ ਬਾਰੇ ਪੁੱਛੇ ਜਾਣ ’ਤੇ ਪ੍ਰਿਤਪਾਲ ਸਿੰਘ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਬਿਨਾਂ ਸ਼ਰਤ ਦੇ ਸ਼ਾਮਲ ਹੋ ਰਹੀ ਹੈ। ਅਜਿਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕੱਦ ਨੂੰ ਦੇਖਦੇ ਹੋਏ ਪਾਰਟੀ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦੇਵੇਗੀ, ਉਹ ਕੈਪਟਨ ਪੂਰੀ ਕਰਨਗੇ।
'ਪੰਜਾਬ ਦੀ ਰਾਜਨੀਤੀ 'ਤੇ ਨਹੀਂ ਪਵੇਗਾ ਬਹੁਤਾ ਅਸਰ'
ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਜਾਣ ਨਾਲ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਕਿੰਨਾ ਫ਼ਾਇਦਾ ਹੋਵੇਗਾ ਇਹ ਜਾਣਨ ਲਈ ਬੀਬੀਸੀ ਨੇ ਰਾਜਨੀਤਿਕ ਮਾਹਿਰਾਂ ਨਾਲ ਗੱਲ ਕੀਤੀ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਮੁਤਾਬਕ ਪੰਜਾਬ ਦੀ ਰਾਜਨੀਤੀ 'ਤੇ ਇਸ ਦਾ ਬਹੁਤ ਵੱਡਾ ਅਸਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ:
"2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਨੂੰ ਵੱਡੀ ਬਹੁਮਤ ਹਾਸਿਲ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਸੁਚਾਰੂ ਤਰੀਕੇ ਨਾਲ ਸਰਕਾਰ ਨਹੀਂ ਚਲਾ ਸਕੇ। ਜੇਕਰ ਪੰਜਾਬ ਵਿੱਚ ਸਹੀ ਤਰੀਕੇ ਨਾਲ ਸਰਕਾਰ ਨੇ ਕੰਮ ਕੀਤਾ ਹੁੰਦਾ ਤਾਂ ਦੇਸ਼ ਵਿੱਚ ਕਾਂਗਰਸ ਦੇ ਮੁੜ ਸੁਰਜੀਤ ਹੋਣ ਦਾ ਰਾਹ ਖੁੱਲ੍ਹ ਸਕਦਾ ਸੀ।"
ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਖਾਲਿਦ ਮੁਹੰਮਦ ਵੀ ਆਖਦੇ ਹਨ ਕਿ ਪੰਜਾਬ ਜਾਂ ਕੌਮੀ ਰਾਜਨੀਤੀ ਉੱਪਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਜਾਣ ਨਾਲ ਕੋਈ ਬਹੁਤਾ ਅਸਰ ਨਹੀਂ ਪਵੇਗਾ।
"ਇੱਕ ਨੇਤਾ ਲਈ ਉਮਰ ਮਾਅਨੇ ਰੱਖਦੀ ਹੈ। ਕੈਪਟਨ ਅਮਰਿੰਦਰ ਸਿੰਘ ਵਧਦੀ ਉਮਰ ਅਤੇ ਸਿਹਤ ਕਾਰਨਾਂ ਕਰਕੇ ਰਾਜਨੀਤੀ ਵਿੱਚ ਬਹੁਤੇ ਸਰਗਰਮ ਨਹੀਂ ਰਹਿ ਸਕਦੇ। ਪੰਜਾਬ ਵਿੱਚ ਭਾਜਪਾ ਬਹੁਤੀ ਮਜ਼ਬੂਤ ਨਹੀਂ ਹੈ ਅਤੇ ਨਾ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਵਜੋਂ ਦੇਖੇ ਜਾ ਸਕਦੇ ਹਨ।"
ਜਗਤਾਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਵਿੱਚ ਸ਼ਮੂਲੀਅਤ ਨੂੰ ਪਟਿਆਲੇ ਦੀ ਸ਼ਾਹੀ ਪਰਿਵਾਰ ਦੀ ਅਗਲੀ ਪੀੜ੍ਹੀ ਦੀ ਕੌਮੀ ਰਾਜਨੀਤੀ ਵਿੱਚ ਐਂਟਰੀ ਦੇ ਰਾਹ ਵਜੋਂ ਵੀ ਦੇਖਦੇ ਹਨ।
"ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਵੀ ਰਾਜਨੀਤੀ ਵਿੱਚ ਆਏ ਸਨ ਪਰ ਬਹੁਤੇ ਸਫਲ ਨਹੀਂ ਹੋ ਸਕੇ। ਉਨ੍ਹਾਂ ਦੀ ਬੇਟੀ ਜੈਇੰਦਰ ਕੌਰ ਪਟਿਆਲਾ ਵਿੱਚ ਲੰਮੇ ਸਮੇਂ ਤੋਂ ਸਰਗਰਮ ਹਨ ਅਤੇ ਭਾਜਪਾ ਵਿੱਚ ਕੈਪਟਨ ਦੀ ਸ਼ਮੂਲੀਅਤ ਅਗਲੀ ਪੀੜ੍ਹੀ ਲਈ ਰਾਜਨੀਤੀ ਦੇ ਰਾਹ ਖੋਲ੍ਹਣ ਦਾ ਤਰੀਕਾ ਹੋ ਸਕਦਾ ਹੈ।"
'ਪਰਿਵਾਰ ਨੂੰ ਰਾਜਨੀਤੀ ਵਿੱਚ ਕਰ ਸਕਦੇ ਹਨ ਅੱਗੇ'
ਪ੍ਰੋਫ਼ੈਸਰ ਖ਼ਾਲਿਦ ਦੀ ਰਾਇ ਵੀ ਜਗਤਾਰ ਸਿੰਘ ਨਾਲ ਮਿਲਦੀ ਹੈ। ਉਨ੍ਹਾਂ ਮੁਤਾਬਕ ਪਟਿਆਲਾ ਦੇ ਸ਼ਾਹੀ ਘਰਾਣੇ ਨੂੰ ਸਿਆਸਤ ਵਿੱਚ ਸਰਗਰਮ ਰੱਖਣ ਲਈ ਕੈਪਟਨ ਦੀ ਭਾਜਪਾ ਵਿੱਚ ਸ਼ਮੂਲੀਅਤ ਅਹਿਮ ਹੋ ਸਕਦੀ ਹੈ।
"ਮੌਜੂਦਾ ਹਾਲਾਤ ਵਿੱਚ ਜ਼ਾਹਿਰ ਹੈ ਕਿ ਕਾਂਗਰਸ ਉਨ੍ਹਾਂ ਦੀ ਪਤਨੀ ਨੂੰ ਲੋਕ ਸਭਾ ਲਈ ਟਿਕਟ ਨਹੀਂ ਦੇਵੇਗੀ। ਪਟਿਆਲੇ ਦੀ ਰਾਜਨੀਤੀ ਵਿੱਚ ਸਰਗਰਮ ਰਹਿਣ ਲਈ ਭਾਜਪਾ ਵਿੱਚ ਸ਼ਮੂਲੀਅਤ ਨਾਲ ਪਰਿਵਾਰ ਨੂੰ ਟਿਕਟ ਮਿਲ ਸਕਦੀ ਹੈ।"
ਰਾਸ਼ਟਰਵਾਦ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ 'ਤੇ ਚੱਲਣ ਵਾਲੀ ਭਾਜਪਾ ਨੂੰ ਕੌਮੀ ਪੱਧਰ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਨਾਲ ਕਿੰਨਾ ਫ਼ਾਇਦਾ ਹੋ ਸਕਦਾ ਹੈ, ਪੁੱਛਣ 'ਤੇ ਜਗਤਾਰ ਸਿੰਘ ਆਖਦੇ ਹਨ ਕਿ ਪੰਜਾਬ ਅਤੇ ਬਾਕੀ ਸੂਬਿਆਂ ਦੀ ਰਾਜਨੀਤੀ ਵਿੱਚ ਫ਼ਰਕ ਹੈ।
ਕੌਮੀ ਪੱਧਰ 'ਤੇ ਕਾਂਗਰਸ ਦੇ ਇੱਕ ਸਾਬਕਾ ਵੱਡੇ ਆਗੂ ਦਾ ਭਾਜਪਾ ਵਿੱਚ ਸ਼ਾਮਿਲ ਹੋਣਾ ਮਹੱਤਵਪੂਰਨ ਹੋ ਸਕਦਾ ਹੈ ਪਰ ਪੰਜਾਬ ਵਿੱਚ ਬਹੁਤਾ ਫ਼ਰਕ ਨਹੀਂ ਪਵੇਗਾ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਕੁਝ ਮੁੱਦਿਆਂ ਉਪਰ ਕੈਪਟਨ ਅਮਰਿੰਦਰ ਸਿੰਘ ਅਟੱਲ ਰਹੇ ਹਨ।
1984 ਦੇ ਆਪ੍ਰੇਸ਼ਨ ਬਲੂਸਟਾਰ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਐਸਵਾਈਐਲ ਦੇ ਮੁੱਦੇ 'ਤੇ ਵੀ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੇ ਹੱਕ ਉੱਪਰ ਆਪਣਾ ਸਟੈਂਡ ਕਾਇਮ ਰੱਖਿਆ ਹੈ।
ਪਿਛਲੇ ਸਮੇਂ ਦੌਰਾਨ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਫ਼ੌਜ ਵਿੱਚ ਭਰਤੀ ਦੀ ਅਗਨੀਪੱਥ ਸਕੀਮ ਦਾ ਵੀ ਉਨ੍ਹਾਂ ਨੇ ਵਿਰੋਧ ਕੀਤਾ ਸੀ।
ਅਜਿਹੇ ਵਿੱਚ ਭਾਜਪਾ ਵਿੱਚ ਉਨ੍ਹਾਂ ਦਾ ਸਟੈਂਡ ਕੀ ਹੋਵੇਗਾ ਪੁੱਛੇ ਜਾਣ 'ਤੇ ਜਗਤਾਰ ਸਿੰਘ ਆਖਦੇ ਹਨ,"ਕੈਪਟਨ ਅਮਰਿੰਦਰ ਸਿੰਘ ਆਪਣੇ ਸਟੈਂਡ ਲਈ ਜਾਣੇ ਜਾਂਦੇ ਹਨ।ਭਾਜਪਾ ਅਤੇ ਕੈਪਟਨ ਦੋਹਾਂ ਨੂੰ ਹੁਣ ਵੀ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਪਾਰਟੀ ਅਤੇ ਕੈਪਟਨ ਦੀ ਕਿਸੇ ਮੁੱਦੇ 'ਤੇ ਰਾਇ ਵੱਖ ਵੱਖ ਹੋਵੇਗੀ।"
ਪ੍ਰੋਫ਼ੈਸਰ ਖ਼ਾਲਿਦ ਇਸ ਬਾਰੇ ਆਖਦੇ ਹਨ,"ਭਾਜਪਾ ਅਤੇ ਕਾਂਗਰਸ ਵਿਚ ਇਸ ਮਾਮਲੇ ਵਿੱਚ ਫ਼ਰਕ ਹੈ। ਕਾਂਗਰਸ ਦੇ ਆਗੂ ਪਾਰਟੀ ਦੀ ਲੀਡਰਸ਼ਿਪ ਦੇ ਵਿਰੋਧ ਵਿੱਚ ਵੀ ਬੋਲਦੇ ਨਜ਼ਰ ਆਉਂਦੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਵੀ ਆਵਾਜ਼ ਚੁੱਕਦੇ ਹਨ। ਭਾਜਪਾ ਵਿੱਚ ਅਜਿਹਾ ਅਕਸਰ ਨਹੀਂ ਹੁੰਦਾ ਅਤੇ ਜੇ ਕੋਈ ਕਰਦਾ ਵੀ ਹੈ ਤਾਂ ਉਸ ਨੂੰ ਦਰਕਿਨਾਰ ਕੀਤਾ ਜਾਂਦਾ ਹੈ।"
ਵਰੁਣ ਗਾਂਧੀ, ਯਸ਼ਵੰਤ ਸਿਨਹਾ ਦੇ ਬੇਟੇ ਜੈਅੰਤ ਸਿਨਹਾ ਦੀ ਉਦਹਾਰਣ ਦਿੰਦੇ ਹੋਏ ਪ੍ਰੋ ਖਾਲਿਦ ਆਖਦੇ ਹਨ ਕਿ ਜੇਕਰ ਪਾਰਟੀ ਲਾਈਨ 'ਤੇ ਕੈਪਟਨ ਨਾ ਚੱਲੇ ਤਾਂ ਹੋ ਸਕਦਾ ਹੈ ਉਨ੍ਹਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਜਾਵੇ।
ਇਹ ਵੀ ਪੜ੍ਹੋ: