ਉੱਤਰਾਖੰਡ: ਉੱਚ ਜਾਤ ਕੁੜੀ ਅਤੇ ਦਲਿਤ ਮੁੰਡੇ ਦੀ ਪ੍ਰੇਮ ਕਹਾਣੀ ਦਾ ਭਿਆਨਕ ਅੰਤ-ਗਰਾਊਂਡ ਰਿਪੋਰਟ

    • ਲੇਖਕ, ਆਸ਼ਿਫ਼ ਅਲੀ
    • ਰੋਲ, ਬੀਬੀਸੀ ਸਹਿਯੋਗੀ

ਉੱਤਰਾਖੰਡ ਦੀਆਂ ਖ਼ੂਬਸੂਰਤ ਪਹਾੜੀਆਂ ਵਿੱਚ ਵਸੇ ਅਲਮੋੜਾ ਜ਼ਿਲ੍ਹੇ ਦੇ ਭਿਕਿਆਸੈਨ 'ਚ ਪਿੰਡ ਬਿਲਟੀ ਦੀ ਗੀਤਾ ਨੇ ਜਦੋਂ ਇੱਕ ਸੰਘਰਸ਼ਸ਼ੀਲ ਦਲਿਤ ਨੌਜਵਾਨ ਜਗਦੀਸ਼ ਨੂੰ ਦੇਖਿਆ ਤਾਂ ਗੀਤਾ ਨੂੰ ਲੱਗਾ ਕਿ ਉਸ ਨੂੰ ਆਪਣੇ ਸੁਪਨਿਆਂ ਦਾ ਰਾਜਕੁਮਾਰ ਮਿਲ ਗਿਆ ਹੈ।

ਗੀਤਾ ਜਗਦੀਸ਼ ਦੀਆਂ ਗੱਲਾਂ, ਉਸ ਦੀ ਸ਼ਖਸੀਅਤ ਅਤੇ ਵਾਅਦਿਆਂ ਤੋਂ ਐਨੀ ਪ੍ਰਭਾਵਿਤ ਹੋਈ ਕਿ ਉਸ ਨੇ ਧਨ-ਦੌਲਤ, ਜਾਤ-ਪਾਤ ਅਤੇ ਧਰਮ ਵਰਗੀਆਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਸ ਨੇ ਜਗਦੀਸ਼ ਨਾਲ ਜ਼ਿੰਦਗੀ ਭਰ ਦਾ ਰਿਸ਼ਤਾ ਜੋੜਨ ਦਾ ਫੈਸਲਾ ਕਰ ਲਿਆ ਸੀ।

ਸਮਾਜ ਦੀ ਪਰਵਾਹ ਕੀਤੇ ਬਿਨਾਂ ਉੱਚ ਜਾਤੀ ਨਾਲ ਸਬੰਧਤ ਗੀਤਾ ਨੇ ਦਲਿਤ ਨੌਜਵਾਨ ਜਗਦੀਸ਼ ਨਾਲ ਵਿਆਹ ਕਰਵਾ ਲਿਆ ਪਰ ਦਲਿਤ ਜਵਾਈ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ।

1 ਸਤੰਬਰ ਨੂੰ ਜਗਦੀਸ਼ ਦੀ ਮੌਤ ਹੋ ਗਈ ਸੀ।

ਮ੍ਰਿਤਕ ਨੌਜਵਾਨ ਦੇ ਪਰਿਵਾਰ ਮੁਤਾਬਕ ਗੀਤਾ ਦੇ ਪਰਿਵਾਰ ਨੇ ਜਗਦੀਸ਼ ਨੂੰ ਸਿਰਫ਼ ਇਸ ਲਈ ਬੇਰਹਿਮੀ ਨਾਲ ਮਾਰ ਦਿੱਤਾ ਕਿਉਂਕਿ ਉਸ ਨੇ ਦਲਿਤ ਹੋ ਕੇ ਉੱਚ ਜਾਤ ਦੀ ਕੁੜੀ ਨਾਲ ਪਿਆਰ ਕਰਨ ਦੀ ਹਿੰਮਤ ਕੀਤੀ ਸੀ।

ਗੀਤਾ ਦੇ ਪਰਿਵਾਰਕ ਮੈਂਬਰ ਜਗਦੀਸ਼ ਦੇ ਕਤਲ ਦੇ ਦੋਸ਼ 'ਚ ਪੁਲਸ ਹਿਰਾਸਤ 'ਚ ਹਨ ਅਤੇ ਗੀਤਾ ਫਿਲਹਾਲ ਨਾਰੀ ਨਿਕੇਤਨ 'ਚ ਰਹਿ ਰਹੀ ਹੈ।

ਜਗਦੀਸ਼ ਚੰਦਰ ਅਲਮੋੜਾ ਜ਼ਿਲੇ ਦੀ ਤਹਿਸੀਲ ਸਲਟ ਦੇ ਪਿੰਡ ਪੰਵਦਯੋਖਾਨ ਦਾ ਰਹਿਣ ਵਾਲਾ ਸੀ। ਇਸ ਪਿੰਡ ਵਿੱਚ 50 ਦੇ ਕਰੀਬ ਦਲਿਤ ਪਰਿਵਾਰ ਰਹਿੰਦੇ ਹਨ।

ਜਗਦੀਸ਼ 'ਘਰ-ਘਰ ਨਲ, ਘਰ-ਘਰ ਜਲ' ਸਰਕਾਰੀ ਯੋਜਨਾ ਤਹਿਤ ਏਥੋਂ 40 ਕਿਲੋਮੀਟਰ ਦੂਰ ਭਿਕਿਆਸੈਣ ਏਰੀਏ 'ਚ ਗ੍ਰਾਮ ਵਿਕਾਸ ਅਧਿਕਾਰੀ ਕਵਿਤਾ ਮਨਰਾਲ ਦੀ ਦੇਖ-ਰੇਖ 'ਹੇਠ ਕੰਮ ਕਰਦਾ ਸੀ।

ਗੀਤਾ ਭਿਕਿਆਸੈਨ ਇਲਾਕੇ ਦੇ ਪਿੰਡ ਬਿਲਟੀ ਦੀ ਰਹਿਣ ਵਾਲੀ ਹੈ। ਦੋਹਾਂ ਨੇ 21 ਅਗਸਤ ਨੂੰ ਮੰਦਰ 'ਚ ਵਿਆਹ ਕੀਤਾ ਸੀ।

ਇੱਕ ਸਾਧਾਰਨ ਜਾਤ ਦੇ ਪਰਿਵਾਰ ਵਿੱਚ ਪੈਦਾ ਹੋਈ ਗੀਤਾ ਉਰਫ਼ ਗੁੱਡੀ ਆਪਣੀ ਮਾਂ, ਮਤਰੇਏ ਪਿਤਾ ਜੋਗਾ ਸਿੰਘ ਅਤੇ ਮਤਰੇਏ ਭਰਾ ਨਾਲ ਰਹਿੰਦੀ ਸੀ। ਜਗਦੀਸ਼ ਦੇ ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਗੀਤਾ ਦੇ ਪਰਿਵਾਰ ਨੂੰ ਜਗਦੀਸ਼ ਦੇ ਦਲਿਤ ਹੋਣ ਕਾਰਨ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ।

ਦੋਵਾਂ ਪਿੰਡਾਂ ਦੇ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਮਤਭੇਦ ਹਨ ਕਿ ਜਗਦੀਸ਼ ਨੇ ਗੀਤਾ ਨੂੰ ਮੰਦਰ ਵਿੱਚ ਵਿਆਹ ਕਰਵਾਉਣ ਤੋਂ ਬਾਅਦ ਕਿੱਥੇ ਰੱਖਿਆ ਸੀ। ਪਿੰਡ ਵਾਲੇ ਇਸ ਬਾਰੇ ਕੁਝ ਨਹੀਂ ਕਹਿ ਰਹੇ ਹਨ ਕਿ ਦੋਵਾਂ ਦੀ ਮੁਲਾਕਾਤ ਕਿਵੇਂ ਹੋਈ ਅਤੇ ਪਿਆਰ ਕਦੋਂ ਸਿਰੇ ਚੜਿਆ। ਪਿੰਡ ਦੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਭਾਵੇਂ ਪਿੰਡ ਵਾਸੀ ਇਸ ਮਾਮਲੇ ਉਪਰ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਕਰ ਰਹੇ ਹਨ ਪਰ ਜਗਦੀਸ਼ ਦੇ ਪਿੰਡ ਸਮੇਤ ਆਸ-ਪਾਸ ਦੇ ਇਲਾਕੇ ਵਿੱਚ ਚਰਚਾ ਹੈ ਕਿ ਦਲਿਤ ਹੋਣ ਕਾਰਨ ਉਸ ਨੂੰ ਪਿਆਰ ਦੀ ਸਜ਼ਾ ਮੌਤ ਦੇ ਰੂਪ ਵਿੱਚ ਮਿਲੀ ਹੈ।

ਉੱਤਰਾਖੰਡ 'ਚ ਦਲਿਤਾਂ ਲਈ 40 ਸਾਲਾਂ ਤੋਂ ਕੰਮ ਕਰਨ ਵਾਲੇ ਸਮਾਜ ਸੇਵਕ ਦਰਸ਼ਨ ਲਾਲ ਦਾ ਕਹਿਣਾ ਹੈ ਕਿ, ''ਗੀਤਾ ਨੇ ਅਨੁਸੂਚਿਤ ਜਾਤੀ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਪਰ ਉਸ ਦੇ ਪਰਿਵਾਰ ਨੂੰ ਇਹ ਗੱਲ ਹਜ਼ਮ ਨਹੀਂ ਹੋਈ ਜਿਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ।"

ਦਰਸ਼ਨ ਲਾਲ ਦਾ ਦਾਅਵਾ ਹੈ ਕਿ ਉੱਤਰਾਖੰਡ ਵਿੱਚ ਦਲਿਤਾਂ ਨਾਲ ਹਾਲੇ ਵੀ ਬਹੁਤ ਵਿਤਕਰਾ ਹੋ ਰਿਹਾ ਹੈ ਪਰ ਉਨ੍ਹਾਂ ਦੇ ਅਪਮਾਨ ਦੀ ਪੂਰੀ ਤਸਵੀਰ ਸਾਹਮਣੇ ਨਹੀਂ ਆ ਰਹੀ ਕਿਉਂਕਿ ਬਹੁਤੇ ਕੇਸ ਦਰਜ ਨਹੀਂ ਹੁੰਦੇ। ਭਾਵੇਂ ਉਹ ਇਸ ਲਈ ਕੋਈ ਭਰੋਸੇਯੋਗ ਅੰਕੜੇ ਦੇਣ ਤੋਂ ਅਸਮਰੱਥ ਹਨ ਪਰ ਸਮੇਂ-ਸਮੇਂ 'ਤੇ ਉੱਤਰਾਖੰਡ ਵਿੱਚ ਦਲਿਤਾਂ ਨਾਲ ਵਿਤਕਰੇ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਗੀਤਾ ਵੱਲੋਂ ਅਲਮੋੜਾ ਦੇ ਐੱਸਐੱਸਪੀ ਨੂੰ ਪੱਤਰ

ਗੀਤਾ ਪ੍ਰਤੀ ਉਸਦੇ ਮਤਰੇਏ ਪਿਤਾ ਅਤੇ ਭਰਾ ਦਾ ਰਵੱਈਆ ਕਦੇ ਵੀ ਠੀਕ ਨਹੀਂ ਰਿਹਾ। ਆਪਣੇ ਪਰਿਵਾਰ ਤੋਂ ਖ਼ਤਰੇ ਦਾ ਅੰਦਾਜ਼ਾ ਲਗਾਉਂਦੇ ਹੋਏ ਉਸ ਨੇ 27 ਅਗਸਤ ਨੂੰ ਐੱਸਐੱਸਪੀ ਅਲਮੋੜਾ ਨੂੰ ਇੱਕ ਚਿੱਠੀ ਲਿਖੀ ਸੀ । ਇਸ ਵਿੱਚ ਉਸ ਨੇ ਆਪਣੀ ਅਤੇ ਆਪਣੇ ਪਤੀ ਦੀ ਸੁਰੱਖਿਆ ਲਈ ਬੇਨਤੀ ਕੀਤੀ ਸੀ।

ਚਿੱਠੀ ਮੁਤਾਬਕ, "26 ਮਈ ਨੂੰ ਉਹ ਜਗਦੀਸ਼ ਚੰਦਰ ਨਾਲ ਘਰੋਂ ਅਲਮੋੜਾ ਆਈ ਸੀ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਉਸ ਕੋਲ ਸਰਟੀਫ਼ਿਕੇਟ ਨਹੀਂ ਸਨ। ਉਹ ਆਪਣੇ ਸਰਟੀਫ਼ਿਕੇਟ ਦਾ ਇੰਤਜ਼ਾਮ ਕਰ ਰਹੀ ਸੀ। ਇੱਕ ਦਿਨ ਅਚਾਨਕ ਉਸ ਦਾ ਪਿਤਾ ਉਸ ਨੂੰ ਅਲਮੋੜਾ ਵਿੱਚ ਮਿਲਿਆ। 17 ਜੂਨ ਨੂੰ ਉਹ ਗੀਤਾ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ ਅਤੇ ਉਸ ਦੀ ਕੁੱਟਮਾਰ ਕੀਤੀ। ਪਿਤਾ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਗੀਤਾ ਘਰੋਂ ਭੱਜ ਕੇ 7 ਅਗਸਤ ਨੂੰ ਜਗਦੀਸ਼ ਚੰਦਰ ਕੋਲ ਪਹੁੰਚ ਗਈ। ਇਸ ਤੋਂ ਬਾਅਦ 21 ਅਗਸਤ ਨੂੰ ਦੋਹਾਂ ਨੇ ਮੰਦਰ 'ਚ ਵਿਆਹ ਕਰਵਾ ਲਿਆ।"

ਅਲਮੋੜਾ ਦੇ ਐੱਸਐੱਸਪੀ ਪ੍ਰਦੀਪ ਕੁਮਾਰ ਰਾਏ ਨੇ ਇਸ ਪੂਰੇ ਮਾਮਲੇ ਬਾਰੇ ਕਿਹਾ, "ਇਸ ਕੇਸ ਦੀ ਜਾਂਚ ਸੀਓ ਰਾਣੀਖੇਤ ਨੂੰ ਦੇ ਦਿੱਤੀ ਗਈ ਹੈ।"

ਪੁਲਿਸ ਵੱਲੋਂ ਗੀਤਾ ਦੀ ਚਿੱਠੀ ਤੋਂ ਬਾਅਦ ਸੁਰੱਖਿਆ ਦਾ ਪ੍ਰਬੰਧ ਨਾ ਕੀਤਾ ਜਾਣ ਬਾਰੇ ਉਹਨਾਂ ਕਿਹਾ ਕਿ 27 ਅਗਸਤ ਨੂੰ ਜਦੋਂ ਪੀੜਤ ਨੇ ਸੁਰੱਖਿਆ ਪੱਤਰ ਦਿੱਤਾ ਸੀ ਉਸ ਤੋਂ ਬਾਅਦ ਪੁਲਿਸ ਨੇ ਚਿੱਠੀ 'ਚ ਲਿਖੇ ਪਤੇ ਦੀ ਤਲਾਸ਼ੀ ਕੀਤੀ ਪਰ ਉੱਥੇ ਕੋਈ ਨਹੀਂ ਮਿਲਿਆ। ਚਿੱਠੀ ਵਿੱਚ ਦਿੱਤੇ ਫ਼ੋਨ ਨੰਬਰ 'ਤੇ ਵੀ ਸੰਪਰਕ ਨਹੀਂ ਹੋ ਸਕਿਆ।

ਜਗਦੀਸ਼ ਦੇ ਕਤਲ ਤੋਂ ਬਾਅਦ ਅਲਮੋੜਾ ਦੇ ਐੱਸਐੱਸਪੀ ਦਾ ਦਾਅਵਾ ਹੈ ਕਿ ਇਸ ਕੇਸ ਵਿੱਚ ਸ਼ਾਮਿਲ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

ਮਾਮਲੇ ਦੀ ਜਾਂਚ ਕਰ ਰਹੇ ਰਾਣੀਖੇਤ ਦੇ ਸੀਓ ਟੀਆਰ ਵਰਮਾ ਨੇ ਦੱਸਿਆ, "ਮੁੰਡਾ ਅਨੁਸੂਚਿਤ ਜਾਤ ਨਾਲ ਸਬੰਧਤ ਸੀ। ਆਈਪੀਸੀ ਦੀ ਧਾਰਾ 302, ਐਸਸੀ/ਐਸਟੀ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ। ਲੜਕਾ ਦਲਿਤ ਭਾਈਚਾਰੇ ਦਾ ਸੀ ਅਤੇ ਲੜਕੀ ਰਾਜਪੂਤ ਭਾਈਚਾਰੇ ਨਾਲ ਸਬੰਧਤ ਸੀ। ਜਿਸ ਕਾਰਨ ਲੜਕੀ ਦਾ ਪਰਿਵਾਰ ਬਹੁਤ ਨਰਾਜ਼ ਸੀ।"

ਟੀਆਰ ਵਰਮਾ ਨੇ ਕਿਹਾ, "ਪਹਿਲਾਂ ਲੜਕੇ ਨੂੰ ਅਗਵਾ ਕੀਤਾ ਗਿਆ ਅਤੇ ਫਿਰ ਮਾਰ ਦਿੱਤਾ ਗਿਆ।"

ਕੀ ਹੈ ਪੂਰਾ ਮਾਮਲਾ?

  • ਇਹ ਮਾਮਲਾ ਅਲਮੋੜਾ ਦੇ ਭਿਕਿਆਸੈਨ ਦਾ ਹੈ।
  • ਪਨਵਦਯੋਖਾਨ ਪਿੰਡ ਦੇ ਦਲਿਤ ਨੌਜਵਾਨ ਜਗਦੀਸ਼ ਚੰਦਰ ਦਾ ਕਤਲ ਹੋਇਆ।
  • ਜਗਦੀਸ਼ ਦੇ ਬਿਲਟੀ ਪਿੰਡ ਦੀ ਉੱਚ ਜਾਤ ਕੁੜੀ ਗੀਤਾ ਨਾਲ ਪ੍ਰੇਮ ਸਬੰਧ ਸਨ।
  • ਗੀਤਾ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ। ਉਸ ਨੂੰ ਸ਼ੱਕ ਸੀ ਕਿ ਉਸਦੇ ਪਰਿਵਾਰਕ ਮੈਂਬਰ ਜਗਦੀਸ਼ ਦੀ ਹੱਤਿਆ ਕਰ ਸਕਦੇ ਹਨ।
  • ਦੋਵਾਂ ਨੇ 21 ਅਗਸਤ ਨੂੰ ਮੰਦਰ 'ਚ ਵਿਆਹ ਕੀਤਾ ਸੀ।
  • 1 ਸਤੰਬਰ ਨੂੰ ਜਗਦੀਸ਼ ਵੈਨ 'ਚੋਂ ਜ਼ਖਮੀ ਮਿਲਿਆ ਸੀ। ਉਸ ਸਮੇਂ ਵੈਨ ਵਿੱਚ ਗੀਤਾ ਦਾ ਮਤਰੇਈਆ ਭਰਾ ਅਤੇ ਮਾਤਾ-ਪਿਤਾ ਵੀ ਮੌਜੂਦ ਸਨ।
  • ਹਸਪਤਾਲ ਵਿੱਚ ਡਾਕਟਰਾਂ ਨੇ ਜਗਦੀਸ਼ ਚੰਦਰ ਨੂੰ ਮ੍ਰਿਤਕ ਐਲਾਨ ਦਿੱਤਾ।
  • ਹੁਣ ਗੀਤਾ ਨਾਰੀ ਨਿਕੇਤਨ ਵਿੱਚ ਹੈ ਅਤੇ ਉਸਦਾ ਪਰਿਵਾਰ ਜੇਲ੍ਹ ਵਿੱਚ ਹੈ।

ਜਗਦੀਸ਼ ਦੀ ਕਮਜ਼ੋਰ ਆਰਥਿਕ ਹਾਲਤ

ਜਗਦੀਸ਼ ਦੇ ਪਰਿਵਾਰ ਵਿੱਚ ਉਸਦੀ ਮਾਂ ਭਾਗੁਲੀ ਦੇਵੀ, ਵੱਡਾ ਭਰਾ ਪ੍ਰਿਥਵੀਪਾਲ, ਛੋਟਾ ਭਰਾ ਦਿਲੀਪ ਕੁਮਾਰ ਅਤੇ ਛੋਟੀ ਭੈਣ ਗੰਗਾ ਹਨ।

ਪ੍ਰਿਥਵੀਪਾਲ ਇਲਾਕੇ ਵਿੱਚ ਹੀ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਜਦਕਿ ਦਿਲੀਪ ਕੁਮਾਰ ਬਿਜਲੀ ਮਹਿਕਮੇ ਦੇ ਇੱਕ ਠੇਕੇਦਾਰ ਕੋਲ ਮਜ਼ਦੂਰੀ ਕਰਦਾ ਹੈ ਅਤੇ ਭੈਣ ਗੰਗਾ ਪਿੰਡ ਦੇ ਸਕੂਲ ਤੋਂ 12ਵੀਂ ਜਮਾਤ ਤੱਕ ਪੜ੍ਹਣ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਆਪਣੀ ਮਾਂ ਦੀ ਮਦਦ ਕਰਦੀ ਹੈ।

ਜਗਦੀਸ਼ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ।

ਇਹ ਪਿੰਡ ਰਾਮਨਗਰ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ ਤੋਂ ਕਰੀਬ 40 ਕਿਲੋਮੀਟਰ ਦੂਰ ਹੈ।

ਜਗਦੀਸ਼ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਬਚਪਨ ਵਿੱਚ ਹੀ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਜੀਵਨ ਸੰਘਰਸ਼ ਵਿੱਚ ਬੀਤਿਆ।

ਪਿਛਲੇ 12 ਸਾਲਾਂ ਤੋਂ ਜਗਦੀਸ਼ ਜਲ ਸੰਸਥਾ 'ਚ ਠੇਕੇ 'ਤੇ ਪਾਈਪ ਲਾਈਨ ਦੇ ਕੰਮ ਅਤੇ ਮੁਰੰਮਤ ਕਰਕੇ ਆਪਣਾ ਘਰ ਚਲਾਉਂਦਾ ਸੀ।

ਜਗਦੀਸ਼ ਲੰਬੇ ਸਮੇਂ ਤੋਂ ਉਤਰਾਖੰਡ ਪਰਿਵਰਤਨ ਪਾਰਟੀ ਨਾਲ ਵੀ ਜੁੜੇ ਹੋਏ ਸਨ। ਜਗਦੀਸ਼ ਨੇ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਪਾਰਟੀ ਦੀ ਟਿਕਟ 'ਤੇ ਲੜੀਆਂ ਸਨ। ਹਾਲਾਂਕਿ ਉਹ ਦੋਵੇਂ ਵਾਰ ਚੋਣ ਹਾਰ ਗਏ ਸਨ ਪਰ ਪਾਰਟੀ ਦੇ ਸਰਗਰਮ ਮੈਂਬਰ ਵਜੋਂ ਉਨ੍ਹਾਂ ਦੀ ਖ਼ਾਸ ਪਛਾਣ ਸੀ।

ਜਗਦੀਸ਼ ਦੀ ਮੌਤ ਤੋਂ ਬਾਅਦ ਉਸ ਦੀ ਬੁੱਢੀ ਮਾਂ ਦਾ ਬੁਰਾ ਹਾਲ ਹੈ। ਉਹ ਦੱਸਦੀ ਹੈ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਪੁੱਤਰ ਨੂੰ ਪਿਆਰ ਕਰਨ ਦੀ ਇਸ ਤਰ੍ਹਾਂ ਸਜ਼ਾ ਮਿਲੇਗੀ। ਉਹ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ।

ਇਹ ਵੀ ਪੜ੍ਹੋ-

ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਗਦੀਸ਼ ਦੇ ਘਰ ਪਹੁੰਚੇ

ਉਤਰਾਖੰਡ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਮੁਕੇਸ਼ ਕੁਮਾਰ ਵੀ ਜਗਦੀਸ਼ ਦੇ ਘਰ ਪੁੱਜੇ।

ਉਨ੍ਹਾਂ ਕਿਹਾ ਕਿ ਅਨਪੜ੍ਹਤਾ ਕਾਰਨ ਅਜਿਹੇ ਮਾਮਲੇ ਵਧਦੇ ਹਨ। ਮੁਕੇਸ਼ ਕੁਮਾਰ ਨੇ ਕਿਹਾ ਕਿ ਇਸ ਲਈ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਵੀ ਸ਼ੁਰੂ ਕਰਨਗੇ।

ਉਹਨਾਂ ਨੇ ਜਗਦੀਸ਼ ਚੰਦਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦਿਲਾਸਾ ਦਿੱਤਾ ਅਤੇ ਨਾਰੀ ਨਿਕੇਤਨ ਵਿੱਚ ਰਹਿ ਰਹੀ ਗੀਤਾ ਦੇ ਭਵਿੱਖ ਬਾਰੇ ਵੀ ਚਿੰਤਾ ਪ੍ਰਗਟਾਈ।

ਗੀਤਾ ਦੇ ਪਿੰਡ ਵਿੱਚ ਹਰ ਕੋਈ ਚੁੱਪ ਹੈ

ਇਸ ਦੇ ਨਾਲ ਹੀ ਗੀਤਾ ਦੇ ਪਿੰਡ ਬਿਲਟੀ ਦੇ ਲੋਕ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਹਨ।

ਕਾਫੀ ਕੋਸ਼ਿਸ਼ਾਂ ਤੋਂ ਬਾਅਦ ਗੱਲ ਕਰਨ ਲਈ ਰਾਜ਼ੀ ਹੋਏ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਜਗਦੀਸ਼ ਅਤੇ ਗੀਤਾ ਦੇ ਪ੍ਰੇਮ ਸਬੰਧਾਂ ਬਾਰੇ ਪਹਿਲਾਂ ਪਤਾ ਨਹੀਂ ਸੀ। ਉਨ੍ਹਾਂ ਲਈ ਵੀ ਇਹ ਘਟਨਾ ਬਹੁਤ ਹੈਰਾਨ ਕਰਨ ਵਾਲੀ ਹੈ।

ਪਿੰਡ ਦੀ ਮੁਖੀ ਭਾਵਨਾ ਦੇਵੀ ਸਾਡੇ ਨਾਲ ਗੱਲ ਕਰਨ ਲਈ ਰਾਜ਼ੀ ਹੋ ਗਏ। ਉਨ੍ਹਾਂ ਕਿਹਾ ਕਿ ਜੇਕਰ ਗੀਤਾ ਆਉਣ ਵਾਲੇ ਸਮੇਂ ਵਿੱਚ ਕਦੇ ਵੀ ਪਿੰਡ ਵਾਪਸ ਆਉਂਦੀ ਹੈ ਤਾਂ ਉਹ ਅਤੇ ਪਿੰਡ ਵਾਸੀ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਉਸ ਨੂੰ ਵਾਪਸ ਆਉਣ ਦੀ ਇਜਾਜ਼ਤ ਦੇਣਗੇ।

ਪੁਲਿਸ ਦਾ ਕੀ ਕਹਿਣਾ ਹੈ?

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਦੇ ਸੀਓ ਟੀਆਰ ਵਰਮਾ ਅਨੁਸਾਰ ਮ੍ਰਿਤਕ ਜਗਦੀਸ਼ ਅਤੇ ਉਸਦਾ ਇੱਕ ਸਾਥੀ ਮਹਿਲਾ ਠੇਕੇਦਾਰ ਕਵਿਤਾ ਨਾਲ ਕੰਮ ਕਰਦੇ ਸਨ।

1 ਸਤੰਬਰ ਨੂੰ ਸਵੇਰੇ ਅੱਠ ਵਜੇ ਦੇ ਕਰੀਬ ਕੰਮ 'ਤੇ ਜਾਂਦੇ ਸਮੇਂ ਸੇਲਾਪਾਣੀ ਭਿਕਿਆਸੈਣ ਰੋਡ 'ਤੇ ਉਸ ਦੀ ਮੁਲਾਕਾਤ ਦੋ ਵਿਅਕਤੀਆਂ ਨਾਲ ਹੋਈ। ਉਹਨਾਂ ਨੇ ਜਗਦੀਸ਼ ਨੂੰ ਜ਼ਬਰਦਸਤੀ ਰੋਕ ਲਿਆ ਅਤੇ ਉਸ ਦੇ ਸਾਥੀ ਨੂੰ ਡਰਾ ਕੇ ਭਜਾ ਦਿੱਤਾ।

ਜਗਦੀਸ਼ ਦੇ ਸਾਥੀ ਨੇ ਕਵਿਤਾ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪਰ ਉਹ ਉਸ ਸਮੇਂ ਉੱਥੇ ਮੌਜੂਦ ਨਹੀਂ ਸੀ। ਵਾਪਸੀ 'ਤੇ ਉਹ ਸ਼ਾਮ ਕਰੀਬ ਛੇ ਵਜੇ ਤਹਿਸੀਲ ਭਿੱਖੀਸੈਣ ਪਹੁੰਚੀ ਅਤੇ ਤਹਿਸੀਲ ਦੇ ਰੈਵੀਨਿਊ ਸਬ-ਇੰਸਪੈਕਟਰ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐੱਫ਼ਆਈਆਰ ਦਰਜ ਕਰਵਾਈ।

ਅਸਲ ਵਿੱਚ ਉੱਤਰਾਖੰਡ ਦੇ ਪਹਾੜੀ ਖੇਤਰਾਂ ਵਿੱਚ ਪੁਲਿਸ ਦਾ ਕੰਮ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਕੁਝ ਖੇਤਰਾਂ ਨੂੰ ਰੈਗੂਲਰ ਪੁਲਿਸ ਦੇਖਦੀ ਹੈ ਅਤੇ ਕੁਝ ਖੇਤਰਾਂ ਦੀ ਰੈਵੇਨਿਊ ਪੁਲਿਸ ਵੱਲੋਂ ਦੇਖਭਾਲ ਕੀਤੀ ਜਾਂਦੀ ਹੈ।

ਜਿੱਥੇ ਇਹ ਘਟਨਾ ਵਾਪਰੀ ਉਹ ਮਾਲ ਪੁਲਿਸ ਦੇ ਅਧੀਨ ਆਉਂਦਾ ਹੈ। ਐੱਫ਼ਆਈਆਰ ਤੋਂ ਬਾਅਦ ਦੋਵਾਂ ਥਾਵਾਂ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲੀਸ ਅਨੁਸਾਰ 1 ਸਤੰਬਰ ਦੀ ਰਾਤ ਕਰੀਬ 10.30 ਵਜੇ ਪੁਲੀਸ ਵੱਲੋਂ ਇੱਕ ਵੈਨ ਨੂੰ ਰੋਕਿਆ ਗਿਆ। ਵੈਨ ਨੂੰ ਗੀਤਾ ਦਾ ਭਰਾ ਚਲਾ ਰਿਹਾ ਸੀ ਅਤੇ ਪਿੱਛੇ ਉਸ ਦੇ ਮਾਤਾ-ਪਿਤਾ ਬੈਠੇ ਸਨ।

ਜਦੋਂ ਪੁਲਿਸ ਨੇ ਵੈਨ ਦੀ ਤਲਾਸ਼ੀ ਲਈ ਤਾਂ ਜਗਦੀਸ਼ ਸੀਟ ਦੇ ਹੇਠਾਂ ਮਿ੍ਤਕ ਹਾਲਤ ਵਿਚ ਪਿਆ ਮਿਲਿਆ | ਪੁਲਿਸ ਸਾਰਿਆਂ ਨੂੰ ਲੋਕਲ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਜਗਦੀਸ਼ ਚੰਦਰ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲੀਸ ਨੇ ਗੀਤਾ ਦੇ ਮਾਤਾ-ਪਿਤਾ ਅਤੇ ਭਰਾਵਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 364 ਅਤੇ 302 ਤਹਿਤ ਕੇਸ ਦਰਜ ਕਰ ਲਿਆ ਹੈ।

ਜਗਦੀਸ਼ ਦਲਿਤ ਭਾਈਚਾਰੇ ਨਾਲ ਸਬੰਧਤ ਸੀ ਅਤੇ ਉਸ ਦੇ ਕਤਲ ਦੇ 'ਦੋਸ਼ੀ' ਆਮ ਜਾਤੀ ਨਾਲ ਸਬੰਧਤ ਸਨ। ਇਸ ਲਈ ਪੁਲਿਸ ਨੇ ਉਹਨਾਂ 'ਤੇ ਐੱਸਸੀ/ਐੱਸਟੀ ਐਕਟ ਵੀ ਲਗਾਇਆ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਰਾਣੀਖੇਤ ਦੇ ਸੀਓ ਨੂੰ ਦੇ ਦਿੱਤੀ ਗਈ ਹੈ। ਫੋਰੈਂਸਿਕ ਟੀਮ ਵੀ ਜਾਂਚ ਵਿੱਚ ਸਹਿਯੋਗ ਕਰ ਰਹੀ ਹੈ।

ਜਗਦੀਸ਼ ਇਸ ਦੁਨੀਆਂ ਵਿੱਚ ਨਹੀਂ ਰਹੇ। ਗੀਤਾ ਖੁਦ ਨਾਰੀ ਨਿਕੇਤਨ ਵਿੱਚ ਰਹਿ ਰਹੀ ਹੈ ਅਤੇ ਉਸ ਦਾ ਪਰਿਵਾਰ ਜੇਲ੍ਹ ਵਿੱਚ ਹੈ।

ਇਹ ਕਹਿਣਾ ਵੀ ਮੁਸ਼ਕਿਲ ਹੈ ਕਿ ਜਗਦੀਸ਼ ਦੀ ਬੁੱਢੀ ਮਾਂ ਅਤੇ ਭੈਣ-ਭਰਾਵਾਂ ਦਾ ਕੀ ਬਣੇਗਾ ਪਰ ਜਗਦੀਸ਼ ਦੀ ਮਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ।

ਇਹ ਵੀ ਪੜ੍ਹੋ :

ਇਹ ਵੀਡੀਓ ਵੀ ਦੇਖੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)