ਮਲੇਰਕੋਟਲਾ ਵਿੱਚ ਗ੍ਰੰਥੀ ਨਾਲ ਕੁੱਟਮਾਰ ਤੇ ਬੇਇੱਜ਼ਤ ਕਰਨ ਦਾ ਮਾਮਲਾ: ਪਿੰਡ ਵਾਲੇ ਤੇ ਗ੍ਰੰਥੀ ਸਣੇ ਕੌਣ ਕੀ ਕਹਿ ਰਿਹਾ ਹੈ- ਗਰਾਊਂਡ ਰਿਪੋਰਟ

    • ਲੇਖਕ, ਕੁਲਵੀਰ ਨਮੋਲ ਅਤੇ ਗੁਰਮਿੰਦਰ ਸਿੰਘ ਗਰੇਵਾਲ
    • ਰੋਲ, ਬੀਬੀਸੀ ਸਹਿਯੋਗੀ

"ਉਹਨਾਂ ਨੇ ਮੇਰਾ ਮੂੰਹ ਕਾਲਾ ਕੀਤਾ ਅਤੇ ਪਿਸ਼ਾਬ ਪਿਲਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਕੇਸਾਂ ਦੀ ਬੇਅਦਬੀ ਕੀਤੀ ਗਈ ਪਰ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ।"

ਪੰਜਾਬ ਦੇ ਇੱਕ ਗ੍ਰੰਥੀ ਹਰਦੇਵ ਸਿੰਘ ਦਾ ਇਹ ਇਲਜ਼ਾਮ ਉਸ ਨਾਲ ਵਾਪਰੀ 'ਕੁੱਟਮਾਰ ਦੀ ਘਟਨਾ' ਤੋਂ ਬਾਅਦ ਦਾ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਮਲੇਰਕੋਟਲਾ ਦੇ ਪਿੰਡ ਅਬਦੁੱਲਾਪੁਰ ਚੁਹਾਣਾ ਦੇ ਗੁਰਦੁਆਰੇ ਦੇ ਗ੍ਰੰਥੀ ਰਹੇ ਹਰਦੇਵ ਸਿੰਘ ਨਾਲ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਸ਼ੇਅਰ ਹੋ ਰਹੀ ਹੈ।

ਵਾਇਰਲ ਵੀਡੀਓ ਵਿੱਚ ਕੁਝ ਵਿਅਕਤੀ ਗ੍ਰੰਥੀ ਹਰਦੇਵ ਸਿੰਘ ਨੂੰ ਅਣਮਨੁੱਖੀ ਤਰੀਕੇ ਨਾਲ ਅਪਮਾਨਿਤ ਕਰ ਰਹੇ ਹਨ।

ਘਟਨਾ ਤੋਂ ਬਾਅਦ ਹਰਦੇਵ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

'ਦੋ-ਤਿੰਨ ਸੌ ਸਾਲ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ'

ਇਸ ਘਟਨਾ ਤੋਂ ਮਗਰੋਂ ਸੈਂਟਰਲ ਵਾਲਮੀਕੀ ਸਭਾ ਭਾਰਤ ਵੱਲੋਂ ਘਟਨਾ ਦਾ ਸਖਤ ਨੋਟਿਸ ਲਿਆ ਗਿਆ ਹੈ।

ਸਭਾ ਦੇ ਪ੍ਰਧਾਨ ਗੇਜਾ ਰਾਮ ਨੇ ਸਰਹਿੰਦ ਵਿੱਚ ਆਪਣੇ ਘਰ ਪੀੜਤ ਗ੍ਰੰਥੀ ਹਰਦੇਵ ਸਿੰਘ ਨਾਲ ਮੁਲਾਕਾਤ ਕੀਤੀ।

ਗੇਜਾ ਰਾਮ ਨੇ ਪੁਲਿਸ ਦੀ ਕਾਰਵਾਈ ਉਪਰ ਅਸੰਤੁਸ਼ਟੀ ਜਾਹਿਰ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਮਸਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ।

ਗੇਜਾ ਰਾਮ ਨੇ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਸੜਕਾਂ ਉਪਰ ਆਉਣ ਦੀ ਗੱਲ ਵੀ ਆਖੀ।

ਉਨ੍ਹਾਂ ਨੇ ਕਿਹਾ, ''ਇਹ ਬੜੀ ਸ਼ਰਮਨਾਕ ਘਟਨਾ ਹੈ ਜਿਸਨੇ ਅੱਜ ਤੋਂ 200-300 ਸਾਲ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਹੈ। ਕਹਿਣ ਨੂੰ ਸਮਾਜ 'ਚੋਂ ਭੇਦਭਾਵ ਖਤਮ ਹੋਇਆ ਹੈ ਪਰ ਸੱਚਾਈ ਸਾਰਿਆਂ ਦੇ ਸਾਹਮਣੇ ਹੈ।''

ਗੇਜਾ ਰਾਮ ਨੇ ਅੱਗੇ ਕਿਹਾ, ''ਗ੍ਰੰਥੀ ਹਰਦੇਵ ਸਿੰਘ ਵਾਲਮੀਕੀ ਸਮਾਜ ਨਾਲ ਸਬੰਧਤ ਹਨ। ਇਸੇ ਕਰਕੇ ਪਹਿਲਾਂ ਉਨ੍ਹਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨੌਕਰੀ ਤੋਂ ਹਟਾਇਆ ਗਿਆ ਅਤੇ ਫਿਰ ਨਵੇਂ ਬਣੇ ਘਰ ਦੇ ਗ੍ਰਹਿ ਪ੍ਰਵੇਸ਼ ਲਈ ਅਰਦਾਸ ਕਰਨ ਦੇ ਬਹਾਨੇ ਸੱਦ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।''

'ਹਜੇ ਪੂਰਾ ਇਨਸਾਫ਼ ਨਹੀਂ ਮਿਲਿਆ'

ਗ੍ਰੰਥੀ ਹਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਕੁੱਟਿਆ ਗਿਆ ਅਤੇ ਫ਼ਿਰ ਮੂੰਹ ਕਾਲਾ ਕੀਤਾ ਗਿਆ। ਜਾਤੀਸੂਚਕ ਸ਼ਬਦ ਬੋਲੇ ਗਏ ਅਤੇ ਪੇਸ਼ਾਬ ਪਿਲਾਉਣ ਦੀ ਕੋਸ਼ਿਸ਼ ਕੀਤੀ ਗਈ।

ਉਨ੍ਹਾਂ ਅੱਗੇ ਕਿਹਾ, "ਮੈਨੂੰ ਫੋਨ ਕਰਕੇ ਸੱਦਿਆ ਗਿਆ ਅਤੇ ਘਰ ਵਿੱਚ ਬੰਦ ਕਰ ਦਿੱਤਾ ਗਿਆ। ਮੇਰੇ ਮੂੰਹ, ਦਾੜੀ ਉਪਰ ਪਿਸ਼ਾਬ ਪਾਇਆ ਅਤੇ ਪਿਸ਼ਾਬ ਪਿਲਾਉਣ ਦਾ ਯਤਨ ਕੀਤਾ ਗਿਆ। ਉਹਨਾਂ ਨੇ ਮੇਰੀ ਵੀਡੀਓ ਵੀ ਵਾਇਰਲ ਕੀਤੀ।"

ਮਾਮਲਾ ਦਰਜ ਹੋਣ 'ਤੇ ਗ੍ਰੰਥੀ ਹਰਦੇਵ ਸਿੰਘ ਨੇ ਕਿਹਾ, "ਹਾਲੇ ਪੂਰਾ ਇਨਸਾਫ਼ ਨਹੀਂ ਮਿਲਿਆ। ਪਰ ਮੈਨੂੰ ਪੂਰਾ ਇਨਸਾਫ਼ ਚਾਹੀਦਾ ਹੈ।"

ਗ੍ਰੰਥੀ ਹਰਦੇਵ ਸਿੰਘ ਦੇ ਭਰਾ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਨਗਨ ਕਰਕੇ ਵੀਡਿਓ ਬਣਾਈ ਗਈ।

'ਸਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ'

ਪਿੰਡ ਦੇ ਹੀ ਰਹਿਣ ਵਾਲੇ ਮਲਕੀਤ ਸਿੰਘ ਨੇ ਦੱਸਿਆ, ''ਮੈਂ ਜਦੋਂ ਮਾਮਲੇ ਵਿੱਚ ਮੁਲਜ਼ਮ ਜਸਪ੍ਰੀਤ ਸਿੰਘ ਦੇ ਘਰ ਗਿਆ ਤਾਂ ਦੇਖਿਆ ਕਿ ਹਰਦੇਵ ਸਿੰਘ ਦਾ ਚਿਹਰੇ 'ਤੇ ਕਾਲਖ ਲਾਈ ਗਈ ਹੈ। ਮੈਂ ਉਸ ਨੂੰ ਦੇਖ ਕੇ ਕਾਫ਼ੀ ਹੈਰਾਨ ਹੋਇਆ ਤੇ ਉਨ੍ਹਾਂ ਨੂੰ ਪੁੱਛਿਆ ਕਿ ਬਾਬਾ ਜੀ ਤੁਹਾਡੀ ਇਹ ਹਾਲਤ ਕਿਉਂ ਕੀਤੀ ਗਈ?''

ਮਲਕੀਤ ਸਿੰਘ ਨੇ ਅੱਗੇ ਦੱਸਿਆ, ''ਉਨ੍ਹਾਂ ਨੇ ਮੈਨੂੰ ਉਨ੍ਹਾਂ ਨੂੰ ਬਾਬਾ ਕਹਿਣ ਤੋਂ ਵੀ ਵਰਜਿਆ ਪਰ ਪੂਰੀ ਪੰਚਾਇਤ ਪਹੁੰਚਣ ਤੋਂ ਬਾਅਦ ਉਨ੍ਹਾਂ ਵੱਲੋਂ ਸਮਝੌਤਾ ਕਰਵਾਇਆ ਗਿਆ ਜਿਸ ਵਿੱਚ ਉਨ੍ਹਾਂ ਨੇ ਮੌਕੇ 'ਤੇ ਹਾਲਾਤ ਨੂੰ ਦੇਖਦੇ ਹੋਏ ਆਪਣੀ ਗਲਤੀ ਮੰਨ ਲਈ ਸੀ।''

ਹਰਦੇਵ ਸਿੰਘ ਪਿੰਡ ਦੇ ਗੁਰਦੁਆਰੇ ਵਿੱਚ ਗ੍ਰੰਥੀ ਵਜੋਂ ਸੇਵਾ ਕਰਦੇ ਸੀ। ਹਰਦੇਵ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੋਹਟਬੱਦੀ ਦੇ ਰਹਿਣ ਵਾਲੇ ਹਨ।

ਮਲਕੀਤ ਸਿੰਘ ਨੇ ਦੱਸਿਆ ਕਿ ਹਰਦੇਵ ਸਿੰਘ ਕਾਫੀ ਚੰਗੇ ਸੁਭਾਅ ਦੇ ਇਨਸਾਨ ਹਨ ਅਤੇ ਉਹ ਗੁਰਦੁਆਰੇ ਦੀ ਕਾਫ਼ੀ ਸਾਲਾਂ ਤੋਂ ਸੇਵਾ ਕਰਦੇ ਸਨ। ਉਹਨਾਂ ਦਾ ਪਿੰਡ 'ਚ ਰਹਿਣ-ਸਹਿਣ ਕਾਫੀ ਚੰਗਾ ਸੀ।

ਪਿੰਡ ਵਿੱਚ ਵਾਪਰੀ ਇਸ ਘਟਨਾ ਕਰਕੇ ਮਲਕੀਤ ਸਿੰਘ ਨੇ ਕਿਹਾ, ''ਹਰ ਕੋਈ ਇਸ ਘਟਨਾ ਬਾਰੇ ਪੁੱਛਦਾ ਹੈ ਤਾਂ ਸਾਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ।''

ਪਿੰਡ ਦੀ ਸਰਪੰਚ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਉਦੋਂ ਪਤਾ ਲੱਗਿਆ ਜਦੋਂ ਜਸਪ੍ਰੀਤ ਸਿੰਘ ਦੇ ਪਰਿਵਾਰ ਨੇ ਆਪਣੇ ਘਰ ਬੁਲਾਇਆ।

ਗੁਰਮੀਤ ਕੌਰ ਮੁਤਾਬਕ, ''ਜਦੋਂ ਮੈਂ ਉਨ੍ਹਾਂ ਦੇ ਘਰ ਗਈ ਤਾਂ ਉਸ ਨੇ ਜਸਪ੍ਰੀਤ ਦੀ ਮਾਂ ਨੂੰ ਪੁੱਛਿਆ ਕਿ ਕੀ ਮਾਮਲਾ ਹੈ ਤਾਂ ਪਤਾ ਲੱਗਿਆ ਕਿ ਹਰਦੇਵ ਸਿੰਘ ਉਸ ਨੂੰ ਫੋਨ ਕਰਦਾ ਸੀ। ਇਸ ਬਾਰੇ ਉਸ ਦੇ ਬੇਟੇ ਜਸਪ੍ਰੀਤ ਨੂੰ ਪਤਾ ਲੱਗਿਆ, ਫਿਰ ਇਹ ਘਟਨਾ ਵਾਪਰੀ।

ਮੁਲਜ਼ਮ ਦੀ ਮਾਤਾ ਨੂੰ ਫ਼ੋਨ ਕੀਤੇ ਜਾਣ ਦੇ ਇਲਜ਼ਾਮ ਬਾਰੇ ਗ੍ਰੰਥੀ ਹਰਦੇਵ ਸਿੰਘ ਕਹਿੰਦੇ ਹਨ, "ਉਹ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਸਾਡੇ ਘਰ ਫੋਨ ਕਰਦੇ ਹੋ। ਜੋ ਬਣਦੀ ਕਾਰਵਾਈ ਹੁੰਦੀ ਉਹ ਕੀਤੀ ਜਾਂਦੀ ਪਰ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ। ਨਾ ਕਮੇਟੀ ਨੇ ਅਤੇ ਨਾ ਹੀ ਪੰਚਾਇਤ ਨੇ।"

ਹਰਦੇਵ ਸਿੰਘ ਸਾਡੇ ਪਿੰਡ ਦੇ ਗੁਰਦੁਆਰੇ ਵਿੱਚ ਪਿਛਲੇ ਇੱਕ ਸਾਲ ਤੋਂ ਗ੍ਰੰਥੀ ਵਜੋਂ ਰਹਿ ਰਹੇ ਸਨ ਪਰ ਹੁਣ ਪਿਛਲੇ ਮਹੀਨੇ ਤੋਂ ਕਿਸੇ ਹੋਰ ਪਿੰਡ ਦੇ ਗੁਰਦਵਾਰੇ ਵਿੱਚ ਚਲੇ ਗਏ ਸਨ।

ਇਹ ਵੀ ਪੜ੍ਹੋ-

ਪੁਲਿਸ ਕੀ ਕਾਰਵਾਈ ਕਰ ਰਹੀ ਹੈ

ਇਸ ਮਾਮਲੇ ਵਿੱਚ ਡੀਐੱਸਪੀ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ, ''ਪੀੜਤ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਅਗਵਾ ਕਰਕੇ ਉਨ੍ਹਾਂ ਉੱਪਰ ਪਿਸ਼ਾਬ ਡੋਲਿਆ ਗਿਆ ਅਤੇ ਮੂੰਹ 'ਤੇ ਕਾਲਖ ਮਲੀ ਗਈ।''

ਡੀਐੱਸਪੀ ਮੁਤਾਬਕ,''ਪੀੜਤ ਦੀ ਸ਼ਿਕਾਇਤ 'ਤੇ ਅਸੀਂ ਮੁਕੱਦਮਾ ਨੰਬਰ 83 ਭਾਰਤੀ ਦੰਡਾਵਲੀ ਦੀ ਧਾਰਾ ਦੇ ਤਹਿਤ 365/355/,382/383 ਅਤੇ ਐਸਸੀ/ਐਸਟੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।''

ਪੁਲਿਸ ਵੱਲੋਂ ਮੁਲਜ਼ਮ ਜਸਪ੍ਰੀਤ ਸਿੰਘ ਅਤੇ ਕਾਕਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਹੁਣ ਤੱਕ ਜੋ ਪਤਾ ਲੱਗਿਆ ਹੈ ਉਸ ਮੁਤਾਬਕ ਗ੍ਰੰਥੀ ਹਰਦੇਵ ਸਿੰਘ ਜਸਪ੍ਰੀਤ ਸਿੰਘ ਦੀ ਮਾਂ ਨੂੰ ਫ਼ੋਨ ਕਰਦੇ ਸੀ ਜਿਸ ਕਰਕੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ।

SC/ST ਕਮਿਸ਼ਨ ਦੀ ਹਦਾਇਤ

ਪੰਜਾਬ SC/ST ਕਮਿਸ਼ਨ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਸਬੰਧੀ ਸਖਤ ਐਕਸ਼ਨ ਲੈਣ ਦੀ ਹਦਾਇਤ ਦਿੱਤੀ ਹੈ।

ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਮੋਹੀ ਨੇ ਦੱਸਿਆ, ''ਜਦੋਂ ਉਨ੍ਹਾਂ ਦੇ ਧਿਆਨ ਵਿੱਚ ਮਾਮਲਾ ਆਇਆ ਕਿ ਇੱਕ ਗ੍ਰੰਥੀ ਸਿੰਘ ਦੇ ਚਿਹਰੇ ਦੇ ਉੱਪਰ ਕਾਲਖ ਮਲੀ ਗਈ ਹੈ ਅਤੇ ਉਸਦਾ ਵੀਡੀਓ ਵਾਇਰਲ ਕੀਤਾ ਗਿਆ ਹੈ। ਇਸ ਮਾਮਲੇ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਿਅਕਤੀ ਸਬੰਧਤ ਹੋਇਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।''

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)