You’re viewing a text-only version of this website that uses less data. View the main version of the website including all images and videos.
ਰੇਮਨ ਮੈਗਸੇਸੇ ਕੌਣ ਸੀ, ਜਿਸ ਦੇ ਨਾਂ ਉੱਤੇ ਦਿੱਤੇ ਜਾਂਦੇ ਕੌਮਾਂਤਰੀ ਐਵਾਰਡ ਨੂੰ ਲੈਣ ਤੋਂ ਕਾਮਰੇਡ ਆਗੂ ਨੇ ਇਨਕਾਰ ਕਰ ਦਿੱਤਾ
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕੇਰਲ ਦੀ ਸਾਬਕਾ ਸਿਹਤ ਮੰਤਰੀ ਕੇ ਕੇ ਸ਼ੈਲਜਾ ਨੇ ਰੇਮਨ ਮੈਗਸੇਸੇ ਪੁਰਸਕਾਰ ਨੂੰ ਠੁਕਰਾ ਦਿੱਤਾ ਹੈ।
ਕੇ ਕੇ ਸ਼ੈਲਜਾ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੋਵਿਡ-19 ਅਤੇ ਨਿਪਾਹ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ, ਉਨ੍ਹਾਂ ਵੱਲੋਂ ਕੀਤੇ ਗਏ ਯਤਨਾ ਲਈ ਨਾਮਜ਼ਦ ਕੀਤਾ ਗਿਆ ਸੀ।
ਕੇ ਕੇ ਸ਼ੈਲਜਾ ਨੇ ਕਿਹਾ, "ਅਸੀਂ ਇਸ ਮੁੱਦੇ 'ਤੇ ਪਾਰਟੀ ਨਾਲ ਵਿਚਾਰ ਚਰਚਾ ਕੀਤੀ ਹੈ ਅਤੇ ਇਹ ਫੈਸਲਾ ਲਿਆ ਹੈ ਕਿ ਅਸੀਂ ਇਸ ਪੁਰਸਕਾਰ ਨੂੰ ਸਵੀਕਾਰ ਨਹੀਂ ਕਰਾਂਗੇ।"
"ਸਿਹਤ ਖੇਤਰ 'ਚ ਕੇਰਲ ਸਰਕਾਰ ਦੇ ਕੰਮਾਂ ਦੀ ਚਰਚਾ ਕੀਤੀ ਗਈ ਹੈ। ਉਨ੍ਹਾਂ ਨੇ ਕੋਵਿਡ-19 ਅਤੇ ਨਿਪਾਹ ਮਹਾਮਾਰੀ ਦੀ ਲਾਗ ਨੂੰ ਰੋਕਣ ਲਈ ਕੇਰਲ ਸਰਕਾਰ ਦੇ ਕੰਮਾਂ ਨੂੰ ਧਿਆਨ 'ਚ ਰੱਖਿਆ ਹੈ।"
ਉਨ੍ਹਾਂ ਨੇ ਅੱਗੇ ਕਿਹਾ , "ਇਸ ਸਨਮਾਨ ਦੇ ਲਈ ਪੂਰੀ ਇੱਜ਼ਤ ਦੇ ਨਾਲ ਮੈਂ ਲਿਖਿਆ ਹੈ ਕਿ ਮੈਂ ਕੁਝ ਸਿਆਸੀ ਕਾਰਨਾਂ ਦੇ ਕਰਕੇ ਇਸ ਨੂੰ ਸਵੀਕਾਰ ਨਹੀਂ ਕਰ ਸਕਦੀ ਹਾਂ, ਕਿਉਂਕਿ ਇਹ ਇੱਕ ਸਮੂਹਿਕ ਕੰਮ ਹੈ। ਬਤੌਰ ਇਕ ਵਿਅਕਤੀ ਮੈਂ ਇਸ ਨੂੰ ਸਵੀਕਾਰ ਨਹੀਂ ਕਰ ਸਕਦੀ ਹਾਂ।"
ਕੀ ਸ਼ੈਲਜਾ 'ਤੇ ਪਾਰਟੀ ਦਾ ਦਬਾਅ ਸੀ ?
ਮੰਨਿਆ ਜਾ ਰਿਹਾ ਹੈ ਕਿ ਕੇ ਕੇ ਸ਼ੈਲਜਾ 'ਤੇ ਇਸ ਪੁਰਸਕਾਰ ਨੂੰ ਸਵੀਕਾਰ ਨਾ ਕਰਨ ਲਈ ਪਾਰਟੀ ਵੱਲੋਂ ਦਬਾਅ ਪਾਇਆ ਗਿਆ ਸੀ। ਹਾਲਾਂਕਿ, ਪਾਰਟੀ ਇਸ ਨੂੰ ਸਰਬਸੰਮਤੀ ਨਾਲ ਲਿਆ ਗਿਆ ਫੈਸਲਾ ਦੱਸ ਰਹੀ ਹੈ।
ਪਰ ਸਿਆਸੀ ਗਲਿਆਰਿਆਂ 'ਚ ਇਹ ਚਰਚਾ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਭਾਵ ਸੀਪੀਆਈ (ਐੱਮ) ਦੀ ਸਰਗਰਮ ਲੀਡਰਸ਼ਿਪ ਵਿਚਾਲੇ ਇਸ ਸਨਮਾਨ ਨੂੰ ਸਵੀਕਾਰ ਨਾ ਕਰਨ ਬਾਰੇ ਸਹਿਮਤੀ ਨਹੀਂ ਬਣੀ ਸੀ।
ਪਾਰਟੀ ਦੇ ਕੁਝ ਸੀਨੀਅਰ ਆਗੂਆਂ ਦਾ ਮੰਨਣਾ ਸੀ ਕਿ ਇਸ ਪੁਰਸਕਾਰ ਨੂੰ ਸਵੀਕਾਰ ਕਰਨ ਨਾਲ ਸਰਕਾਰ ਦੀ ਕਾਰਜਪ੍ਰਣਾਲੀ ਬਾਰੇ ਇੱਕ ਸਕਾਰਾਤਮਕ ਸੰਦੇਸ਼ ਵਿਸ਼ਵ ਪੱਧਰ ਤੱਕ ਪਹੁੰਚ ਸਕਦਾ ਸੀ।
ਕੁਝ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਪੁਰਸਕਾਰ ਨੂੰ ਸਵੀਕਾਰ ਕਰਨ ਨਾਲ ਸਿਹਤ ਦੇ ਖੇਤਰ 'ਚ ਕੰਮ ਕਰਨ ਵਾਲਿਆਂ ਲਈ ਇਕ ਚੰਗਾ ਸੁਨੇਹਾ ਜਾਂਦਾ ਅਤੇ ਨਾਲ ਹੀ ਉਨ੍ਹਾਂ ਦੀ ਹੌਂਸਲਾ ਹਫ਼ਜ਼ਾਈ ਵੀ ਹੁੰਦੀ।
- ਕੇਰਲ ਦੀ ਸਾਬਕਾ ਸਿਹਤ ਮੰਤਰੀ ਕੇ ਕੇ ਸ਼ੈਲਜਾ ਨੇ ਰੇਮਨ ਮੈਗਸੇਸੇ ਪੁਰਸਕਾਰ ਨੂੰ ਠੁਕਰਾ ਦਿੱਤਾ ਹੈ
- ਉਨ੍ਹਾਂ ਨੂੰ ਕੋਵਿਡ-19 ਅਤੇ ਨਿਪਾਹ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ, ਉਨ੍ਹਾਂ ਵੱਲੋਂ ਕੀਤੇ ਗਏ ਯਤਨਾ ਲਈ ਨਾਮਜ਼ਦ ਕੀਤਾ ਗਿਆ ਸੀ
- ਰੇਮਨ ਮੈਗਸੇਸੇ ਐਵਾਰਡ ਦੀ ਸਥਾਪਨਾ 1957 'ਚ ਫਿਲੀਪੀਨਜ਼ ਦੇ ਸੱਤਵੇਂ ਰਾਸ਼ਟਰਪਤੀ ਰੇਮਨ ਮੈਗਸੇਸੇ ਦੀ ਯਾਦ 'ਚ ਕੀਤੀ ਗਈ ਸੀ
- ਪੁਰਸਕਾਰ ਹਾਸਲ ਕਰਨ ਵਾਲੇ ਨੂੰ ਇੱਕ ਪ੍ਰਮਾਣ ਪੱਤਰ ਅਤੇ ਇੱਕ ਮੈਡਲ ਵੀ ਦਿੱਤਾ ਜਾਂਦਾ ਹੈ, ਜਿਸ 'ਚ ਫਿਲੀਪੀਨਜ਼ ਦੇ ਆਗੂ ਰੇਮਨ ਮੈਗਸੇਸੇ ਦੀ ਤਸਵੀਰ ਹੁੰਦੀ ਹੈ
- ਪੁਰਸਕਾਰ ਦਾ ਐਲਾਨ ਹਰ ਸਾਲ 31 ਅਗਸਤ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਖੇ ਮੈਗਸੇਸੇ ਦੇ ਜਨਮ ਦਿਨ ਵੱਲੇ ਦਿਨ ਕੀਤਾ ਜਾਂਦਾ ਹੈ
- ਭਾਰਤ 'ਚ ਇਹ ਪੁਰਸਕਾਰ ਵਿਨੋਬਾ ਭਾਵੇ, ਮਦਰ ਟੈਰੇਸਾ, ਅਰੁਣ ਸ਼ੌਰੀ, ਕਿਰਨ ਬੇਦੀ, ਸੰਦੀਪ ਪਾਂਡੇ, ਰਾਜੇਂਦਰ ਸਿੰਘ, ਅਰੁਣਾ ਰਾਏ, ਮਹਾਸ਼ਵੇਤਾ ਦੇਵੀ, ਅਰਵਿੰਦ ਕੇਜਰੀਵਾਲ, ਪੀ ਸਾਈਂਨਾਥ, ਰਵੀਸ਼ ਕੁਮਾਰ ਵਰਗੀਆਂ ਨਾਮੀ ਸਖ਼ਸੀਅਤਾਂ ਨੂੰ ਮਿਲਿਆ ਹੈ
ਕੀ ਸਮੱਸਿਆ ਸੀ ਪਾਰਟੀ ਨੂੰ ?
ਕੇਰਲ ਦੀ ਸਿਹਤ ਮੰਤਰੀ ਵੱਜੋਂ ਸ਼ੈਲਜਾ ਨੇ ਜਿਸ ਤਰੀਕੇ ਨਾਲ ਸੂਬੇ 'ਚ ਜਨਤਕ ਸਿਹਤ ਦੇ ਮੁੱਦੇ ਨੂੰ ਸਫਲਤਾਪੂਰਵਕ ਸੰਭਾਲਿਆ, ਖਾਸ ਤੌਰ 'ਤੇ ਕੋਰੋਨਾ ਮਹਾਮਾਰੀ ਦੌਰਾਨ, ਉਸੇ ਕਰਕੇ ਹੀ ਰੇਮਨ ਮੈਗਸੇਸੇ ਐਵਾਰਡ 2022 ਲਈ ਉਨ੍ਹਾਂ ਨੂੰ ਚੁਣਿਆ ਗਿਆ ਸੀ।
ਪਰ ਪਾਰਟੀ ਨੇ ਉਨ੍ਹਾਂ ਨੂੰ ਇਹ ਪੁਰਸਕਾਰ ਲੈਣ ਤੋਂ ਮਨ੍ਹਾਂ ਕਰ ਦਿੱਤਾ ਹੈ। ਅਜਿਹਾ ਕਰਨ ਪਿੱਛੇ ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਤਿੰਨ ਕਾਰਨ ਦੱਸੇ ਹਨ।
ਉਨ੍ਹਾਂ ਅਨੁਸਾਰ ਪਾਰਟੀ ਦਾ ਮੰਨਣਾ ਹੈ ਕਿ ਜਨਤਕ ਸਿਹਤ ਦੇ ਕੰਮਾਂ 'ਚ ਸਾਬਕਾ ਸਿਹਤ ਮੰਤਰੀ ਸ਼ੈਲਜਾ ਦੀ ਸਫਲਤਾ ਸਿਰਫ ਉਨ੍ਹਾਂ ਦੀ ਸਫਲਤਾ ਹੀ ਨਹੀਂ ਹੈ।
ਇਹ ਕੇਰਲ ਸਰਕਾਰ ਅਤੇ ਸਿਹਤ ਮੰਤਰਾਲੇ ਦੇ ਸਾਰੇ ਲੋਕਾਂ ਦੀ ਸਾਂਝੀ ਕਾਮਯਾਬੀ ਹੈ। ਇਸ ਲਈ ਕਿਸੇ ਇੱਕ ਵਿਅਕਤੀ ਨੂੰ ਇਸ ਦਾ ਸਿਹਰਾ ਨਹੀਂ ਦਿੱਤਾ ਜਾ ਸਕਦਾ ਹੈ।
ਪਾਰਟੀ ਨੇ ਦੂਜੀ ਦਲੀਲ ਇਹ ਦਿੱਤੀ ਹੈ ਕਿ ਇਹ ਪੁਰਸਕਾਰ ਕਿਸੇ ਵੀ ਸਰਗਰਮ (ਐਕਟਿਵ) ਸਿਆਸਤਦਾਨ ਨੂੰ ਨਹੀਂ ਦਿੱਤਾ ਗਿਆ ਹੈ।
ਸ਼ੈਲਜਾ ਸੀਪੀਐਮ ਦੀ ਕੇਂਦਰੀ ਕਮੇਟੀ ਦੀ ਮੈਂਬਰ ਹਨ, ਜੋ ਕਿ ਪਾਰਟੀ ਦੀ ਫੈਸਲਾ ਲੈਣ ਵਾਲੀ ਸਰਬਉੱਚ ਸੰਸਥਾ ਹੈ। ਇਸ ਦਾ ਮਤਲਬ ਇਹ ਕਿ ਸ਼ੈਲਜਾ ਅਜੇ ਵੀ ਰਾਜਨੀਤੀ 'ਚ ਸਰਗਰਮ ਹਨ।
ਪੁਰਸਕਾਰ ਸਵੀਕਾਰ ਨਾ ਕਰਨ ਪਿੱਛੇ ਪਾਰਟੀ ਦੀ ਤੀਜੀ ਦਲੀਲ ਇਹ ਹੈ ਕਿ ਇਹ ਸਨਮਾਨ ਫਿਲੀਪੀਨ ਦੇ ਜਿਸ ਆਗੂ ਰੇਮਨ ਮੈਗਸੇਸੇ ਦੇ ਨਾਮ 'ਤੇ ਦਿੱਤਾ ਜਾਂਦਾ ਹੈ, ਉਨ੍ਹਾਂ ਦਾ ਖੱਬੇਪੱਖੀਆਂ 'ਤੇ ਬੇਰਹਿਮੀ ਨਾਲ ਜ਼ੁਲਮ ਕਰਨ ਦਾ ਇਤਿਹਾਸ ਰਿਹਾ ਹੈ।
ਇਸ ਕਾਰਨ ਇੱਕ ਆਗੂ ਵੱਜੋਂ ਰੇਮਨ ਮੈਗਸੇਸੇ ਦੇ ਇਤਿਹਾਸ ਦੀ ਪੜਚੋਲ ਕਰਨ ਦੀ ਜ਼ਰੂਰਤ ਨਹੀਂ ਹੈ।
ਰੇਮਨ ਮੈਗਸੇਸੇ ਕੌਣ ਸਨ ? ਆਖ਼ਰ ਕਮਿਊਨਿਸਟਾਂ ਨੂੰ ਉਨ੍ਹਾਂ ਤੋਂ ਕੀ ਸਮੱਸਿਆ ਹੈ ?
ਰੇਮਨ ਮੈਗਸੇਸੇ ਫਿਲੀਪੀਨਜ਼ ਦੇ ਸੱਤਵੇਂ ਰਾਸ਼ਟਰਪਤੀ ਹੋਏ ਹਨ। ਉਨ੍ਹਾਂ ਦਾ ਪੂਰਾ ਨਾਮ ਰੇਮਨ ਡੇਲ ਫ਼ਿਰੇਰੋ ਮੈਗਸੇਸੇ ਸੀ।
1953 ਤੋਂ 1957 ਦੇ ਅਰਸੇ ਦੌਰਾਨ ਉਨ੍ਹਾਂ ਨੇ ਬਤੌਰ ਰਾਸ਼ਟਰਪਤੀ ਆਪਣੀਆਂ ਸੇਵਾਵਾਂ ਨਿਭਾਈਆਂ। ਫਿਰ ਉਨ੍ਹਾਂ ਦੀ ਇੱਕ ਹਵਾਈ ਹਾਦਸੇ 'ਚ ਮੌਤ ਹੋ ਗਈ ਸੀ।
ਜੇਐੱਨਯੂ ਦੀ ਸੇਵਾਮੁਕਤ ਪ੍ਰੋ. ਮਨਮੋਹਿਨੀ ਕੌਲ ਦਾ ਕਹਿਣਾ ਹੈ, "ਰੇਮਨ ਮੈਗਸੇਸੇ ਫਿਲੀਪੀਨਜ਼ 'ਚ ਬਹੁਤ ਮਸ਼ਹੂਰ ਸਨ। ਉਨ੍ਹਾਂ ਦਾ ਅਕਸ ਇਕ ਇਮਾਨਦਾਰ ਸਿਆਸਤਦਾਨ ਵਾਲਾ ਸੀ।"
"ਉਹ ਬਹੁਤ ਹੀ ਸਧਾਰਨ ਪਰਿਵਾਰ ਤੋਂ ਆਏ ਸਨ ਅਤੇ ਆਪਣੀ ਲਗਨ ਅਤੇ ਮਿਹਨਤ ਸਦਕਾ ਹੀ ਉਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਨੇ ਲੋਕ ਹਿੱਤਾਂ ਲਈ ਕਈ ਸੁਧਾਰ ਵਾਲੇ ਕੰਮ ਵੀ ਕੀਤੇ।"
"1950 'ਚ ਉਹ ਫਿਲੀਪੀਨਜ਼ ਦੇ ਰੱਖਿਆ ਸਕੱਤਰ ਬਣੇ ਅਤੇ ਬਾਅਦ 'ਚ ਸਾਲ 1953 'ਚ ਰਾਸ਼ਟਰਪਤੀ ਦੇ ਅਹੁਦੇ 'ਤੇ ਬਿਰਾਜਮਾਨ ਹੋਏ।"
ਫਿਲੀਪੀਨਜ਼ 'ਤੇ ਜਦੋਂ ਜਾਪਾਨ ਦਾ ਕਬਜ਼ਾ ਸੀ, ਉਦੋਂ ਤੋਂ ਹੀ ਉੱਥੇ ਕਮਿਊਨਿਸਟ ਅੰਦੋਲਨ ਸ਼ੁਰੂ ਹੋ ਗਿਆ ਸੀ, ਜਿਸ ਨੂੰ ਹੁਕਬਾਲਾਹਾਪ ਅੰਦੋਲਨ ਜਾਂ ਹੁਕ ਅੰਦੋਲਨ ਦਾ ਨਾਮ ਦਿੱਤਾ ਗਿਆ ਸੀ।
ਇਸ ਅੰਦੋਲਨ ਦੇ ਆਗੂ ਲੁਈ ਤਾਰੂਕ ਸਨ। ਇਹ ਅੰਦੋਲਨ ਜਾਪਾਨੀਆਂ ਦੇ ਖਿਲਾਫ ਸ਼ੁਰੂ ਹੋਇਆ ਸੀ।
ਪਰ 1946 'ਚ ਫਿਲੀਪੀਨਜ਼ ਦੀ ਆਜ਼ਾਦੀ ਤੋਂ ਬਾਅਦ, ਅਮੀਰ ਅਤੇ ਗਰੀਬ ਵਿਚਾਲੇ ਪਾੜਾ ਵੱਧਦਾ ਹੀ ਗਿਆ, ਇਸ ਲਈ ਹੁਕ ਅੰਦੋਲਨਕਾਰੀਆਂ ਨੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ।
ਕੌਲ ਨੇ ਦੱਸਿਆ , "ਜਾਪਾਨੀਆਂ ਦੇ ਫਿਲੀਪੀਨਜ਼ ਤੋਂ ਜਾਣ ਤੋਂ ਬਾਅਦ ਇਹ ਅੰਦੋਲਨਕਾਰੀ ਕਿਸਾਨਾਂ ਦੇ ਹੱਕਾਂ ਦੀ ਲੜਾਈ 'ਚ ਸ਼ਾਮਲ ਹੋ ਗਏ ਅਤੇ ਇਹ ਸਮੁੱਚਾ ਅੰਦੋਲਨ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਦਾ ਅੰਦੋਲਨ ਬਣ ਕੇ ਰਹਿ ਗਿਆ ਸੀ।"
"ਉਸ ਸਮੇਂ ਵੀ ਅਮਰੀਕਾ ਫਿਲੀਪੀਨਜ਼ ਦੇ ਬਹੁਤ ਨਜ਼ਦੀਕ ਮੰਨਿਆ ਜਾਂਦਾ ਸੀ। ਉਸ ਸਮੇਂ ਮੈਗਸੇਸੇ ਦੇਸ਼ ਦੇ ਰੱਖਿਆ ਸਕੱਤਰ ਬਣ ਚੁੱਕੇ ਸਨ।"
"ਇੰਨ੍ਹਾਂ ਅੰਦੋਲਨਕਾਰੀਆਂ ਨੂੰ ਦਬਾਉਣ 'ਚ ਮੈਗਸੇਸੇ ਨੇ ਅਹਿਮ ਭੂਮਿਕਾ ਅਦਾ ਕੀਤੀ। ਉਨ੍ਹਾਂ ਨੇ ਅੰਦੋਲਨਕਾਰੀਆਂ 'ਤੇ ਫੌਜੀ ਤਾਕਤ ਦੀ ਵਰਤੋਂ ਕੀਤੀ। ਸ਼ਾਇਦ ਇਸੇ ਕਰਕੇ ਹੀ ਸੀਪੀਐਮ ਦੇ ਆਗੂਆਂ ਨੂੰ ਰੇਮਨ ਮੈਗਸੇਸੇ ਪੁਰਸਕਾਰ ਲੈਣ 'ਚ ਦਿੱਕਤ ਹੈ।"
ਇਹ ਵੀ ਪੜ੍ਹੋ-
ਅਮਰੀਕਾ ਦੇ ਪਸੰਦੀਦਾ ਆਗੂ
ਕੌਲ ਦਾ ਇਹ ਵੀ ਕਹਿਣਾ ਹੈ ਕਿ ਕਈ ਕਿਤਾਬਾਂ 'ਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਜਦੋਂ ਰੇਮਨ ਮੈਗਸੇਸੇ ਫਿਲੀਪੀਨਜ਼ ਦਾ ਰੱਖਿਆ ਸਕੱਤਰ ਬਣੇ ਤਾਂ ਕਮਿਊਨਿਸਟ ਲਹਿਰ ਨੂੰ ਦਬਾਉਣ 'ਚ ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ।
ਇਸ ਕਾਰਨ ਹੀ ਅਮਰੀਕੀ ਖੁਫ਼ੀਆ ਏਜੰਸੀ ਸੀਆਈਏ ਦੀ ਇੱਛਾ ਸੀ ਕਿ ਉਹ ਫਿਲੀਪੀਨਜ਼ ਦੇ ਰਾਸ਼ਟਰਪਤੀ ਬਣਨ।
ਉਨ੍ਹਾਂ ਨੂੰ ਅਮਰੀਕਾ ਦੇ ਬਹੁਤ ਕਰੀਬੀ ਮੰਨਿਆ ਜਾਂਦਾ ਸੀ।ਮੈਗਸੇਸੇ ਦੇ ਰਾਸ਼ਟਰਪਤੀ ਬਣਦਿਆਂ ਹੀ ਇੱਕ ਸਾਲ ਦੇ ਅੰਦਰ ਹੀ ਕਮਿਊਨਿਸਟ ਲਹਿਰ ਭਾਵ ਹੁਕ ਮੂਵਮੈਂਟ ਦਾ ਇਕ ਤਰ੍ਹਾਂ ਨਾਲ ਸਫਾਇਆ ਹੀ ਹੋ ਗਿਆ ਸੀ।
ਇਸ ਅੰਦੋਲਨ ਦੇ ਆਗੂ ਲੁਈ ਤਾਰੂਕ ਨੇ ਆਤਮ ਸਮਰਪਣ ਕਰ ਦਿੱਤਾ ਸੀ।
ਪਰ ਮਨਮੋਹਿਨੀ ਕੌਲ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਕਈ ਚੰਗੇ ਸੁਧਾਰ ਦੇ ਕੰਮ ਵੀ ਕੀਤੇ, ਜਿਵੇਂ ਕਿ ਕੁਝ ਗਰੀਬ ਲੋਕਾਂ ਨੂੰ ਜ਼ਮੀਨ ਦੀ ਮਾਲਕੀ ਦਾ ਹੱਕ ਵੀ ਦਿੱਤਾ।
ਮੈਗਸੇਸੇ ਆਪ ਵੀ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਉਨ੍ਹਾਂ ਨੇ ਸਿਰਫ ਕਮਿਊਨਿਸਟਾਂ ਖਿਲਾਫ ਹੀ ਸਖਤੀ ਵਰਤੀ ਸੀ।
ਇੰਨ੍ਹਾਂ ਸੁਧਾਰਾਂ ਦੇ ਕਾਰਨ ਹੀ ਉਨ੍ਹਾਂ ਦੀ ਗਿਣਤੀ ਫਿਲੀਪੀਨਜ਼ ਦੇ ਚੰਗੇ ਸ਼ਾਸਕਾਂ 'ਚ ਹੁੰਦੀ ਹੈ।
ਇਹ ਪੁਰਸਕਾਰ ਕਿਉਂ ਦਿੱਤਾ ਜਾਂਦਾ ਹੈ ?
ਰੇਮਨ ਮੈਗਸੇਸੇ ਐਵਾਰਡ ਦੀ ਸਥਾਪਨਾ 1957 'ਚ ਫਿਲੀਪੀਨਜ਼ ਦੇ ਸੱਤਵੇਂ ਰਾਸ਼ਟਰਪਤੀ ਰੇਮਨ ਮੈਗਸੇਸੇ ਦੀ ਯਾਦ 'ਚ ਕੀਤੀ ਗਈ ਸੀ ਤਾਂ ਜੋ ਏਸ਼ੀਆ 'ਚ ਸਰਕਾਰ ਚਲਾਉਣ ਜਾਂ ਸਮਾਜਿਕ ਸੁਧਾਰਾਂ ਦੇ ਖੇਤਰ 'ਚ ਕੀਤੇ ਜਾ ਰਹੇ ਚੰਗੇ ਕੰਮਾਂ ਨੂੰ ਸਨਮਾਨਿਤ ਕੀਤਾ ਜਾ ਸਕੇ।
ਇਸ ਪੁਰਸਕਾਰ ਦੀ ਸਥਾਪਨਾ ਪਿੱਛੇ ਫਿਲੀਪੀਨਜ਼ ਸਰਕਾਰ ਦੇ ਨਾਲ-ਨਾਲ ਰੌਕਫ਼ਲੇਰ ਸੁਸਾਇਟੀ ਦਾ ਵੀ ਯੋਗਦਾਨ ਹੈ। ਇਹ ਸੁਸਾਇਟੀ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸਥਿਤ ਹੈ।
ਇਸ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਵੀ ਕਿਹਾ ਜਾਂਦਾ ਹੈ।
ਪਿਛਲੇ ਛੇ ਦਹਾਕਿਆਂ 'ਚ ਇਹ ਐਵਾਰਡ 300 ਤੋਂ ਵੀ ਵੱਧ ਵਿਅਕਤੀਆਂ ਅਤੇ ਸੰਗਠਨਾਂ ਨੂੰ ਦਿੱਤਾ ਜਾ ਚੁੱਕਾ ਹੈ।
2008 ਤੱਕ ਇਹ ਪੁਰਸਕਾਰ ਸਿਰਫ 5 ਸ਼੍ਰੇਣੀਆਂ, ਸਰਕਾਰੀ ਕੰਮਕਾਜ 'ਚ ਯੋਗਦਾਨ , ਸਮਾਜ ਸੇਵਾ, ਭਾਈਚਾਰਕ ਅਗਵਾਈ, ਪੱਤਰਕਾਰੀ-ਸਾਹਿਤ ਕਲਾ, ਸ਼ਾਂਤੀ ਅਤੇ ਅੰਤਰਰਾਸ਼ਟਰੀ ਸਦਭਾਵਨਾ ਦੇ ਖੇਤਰ 'ਚ ਦਿੱਤਾ ਜਾਂਦਾ ਸੀ।
ਸਾਲ 2000 'ਚ ਇਸ 'ਚ ਇੱਕ ਹੋਰ ਸ਼੍ਰੇਣੀ ਜੋੜੀ ਗਈ ਹੈ, ਜਿਸ ਦਾ ਸਿਰਲੇਖ 'ਉਭਰਦੇ ਆਗੂ' ਹੈ।
ਇਸ ਸ਼੍ਰੇਣੀ ਹੇਠ ਉਨ੍ਹਾਂ 40 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿੰਨ੍ਹਾਂ ਨੇ ਆਪਣੇ ਸਮਾਜ ਦੇ ਲੋਕਾਂ ਲਈ ਜ਼ਿਕਰਯੋਗ ਕੰਮ ਕੀਤਾ ਹੋਵੇ ਅਤੇ ਜਿੰਨ੍ਹਾਂ ਬਾਰੇ ਉਸ ਸਮਾਜ ਤੋਂ ਬਾਹਰਲੇ ਲੋਕਾਂ ਨੂੰ ਵਧੇਰੇ ਜਾਣਕਾਰੀ ਨਾ ਹੋਵੇ।
ਹਾਲਾਂਕਿ 2009 ਤੋਂ ਬਾਅਧ, ਪਹਿਲੀਆਂ ਪੰਜ ਸ਼੍ਰੇਣੀਆਂ ਦੀ ਕੋਈ ਵਧੇਰੇ ਮਹੱਤਤਾ ਨਹੀਂ ਰਹਿ ਗਈ ਹੈ।
ਮੈਗਸੇਸੇ ਐਵਾਰਡ 'ਚ ਉਭਰਦੇ ਆਗੂ ਦੀ ਛੇਵੀਂ ਸ਼੍ਰੇਣੀ ਸਾਲ 2000 'ਚ ਸ਼ੁਰੂ ਕੀਤੀ ਗਈ ਸੀ। ਇਸ ਸ਼੍ਰੇਣੀ ਦੇ ਜੇਤੂ ਵਿਅਕਤੀ ਨੂੰ ਫੋਰਡ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਰਕਮ ਵੀ ਇਨਾਮ ਵੱਜੋਂ ਦਿੱਤੀ ਜਾਂਦੀ ਹੈ।
ਫੋਰਡ ਫਾਊਂਡੇਸ਼ਨ ਇੱਕ ਅਮਰੀਕੀ ਸੰਸਥਾ ਹੈ। ਇਸ ਪੁਰਸਕਾਰ ਨੂੰ ਹਾਸਲ ਕਰਨ ਵਾਲੇ ਨੂੰ ਇੱਕ ਪ੍ਰਮਾਣ ਪੱਤਰ ਅਤੇ ਇੱਕ ਮੈਡਲ ਵੀ ਦਿੱਤਾ ਜਾਂਦਾ ਹੈ, ਜਿਸ 'ਚ ਫਿਲੀਪੀਨਜ਼ ਦੇ ਆਗੂ ਰੇਮਨ ਮੈਗਸੇਸੇ ਦੀ ਤਸਵੀਰ ਹੁੰਦੀ ਹੈ।
ਵੀਡੀਓ- ਭਾਰਤੀ ਪੱਤਰਕਾਰ ਰਵੀਸ਼ ਨੂੰ ਵੀ ਮੈਗਸੇਸੇ ਮਿਲਿਆ ਹੈ
ਕਿਵੇਂ ਹੁੰਦੀ ਹੈ ਨਾਮਜ਼ਦਗੀ ?
ਇਸ ਪੁਰਸਕਾਰ ਲਈ ਕਿਸੇ ਵੀ ਵਿਅਕਤੀ ਜਾਂ ਸੰਗਠਨ ਦੀ ਨਾਮਜ਼ਦਗੀ ਲਈ ਇੱਕ ਬਰਾਬਰ ਨਾਮਜ਼ਦਗੀ ਪ੍ਰਕਿਰਿਆ ਹੁੰਦੀ ਹੈ।
ਰੇਮਨ ਮੈਗਸੇਸੇ ਪੁਰਸਕਾਰ ਫਾਊਨਡੇਸ਼ਨ ਨੇ ਦੁਨੀਆ ਭਰ 'ਚ ਨਾਮਜ਼ਦ ਕਰਨ ਵਾਲਿਆ ਦਾ ਇੱਕ ਪੂਲ/ ਸਮੂਹ ਤਿਆਰ ਕੀਤਾ ਹੈ, ਜਿੰਨ੍ਹਾਂ ਦੇ ਨਾਮ ਗੁਪਤ ਰੱਖੇ ਗਏ ਹਨ।
ਇਹ ਗੁਪਤ ਚੋਣਕਾਰ ਇਸ ਪੁਰਸਕਾਰ ਲਈ ਸੰਭਾਵਿਤ ਨਾਵਾਂ ਦੀ ਸੂਚੀ ਤਿਆਰ ਕਰਦੇ ਹਨ ਅਤੇ ਫਿਰ ਪੁਰਸਕਾਰ ਫਾਊਂਡੇਸ਼ਨ ਇਨ੍ਹਾਂ ਨਾਵਾਂ ਦੀ ਵਿਸਥਾਰ 'ਚ ਜਾਂਚ ਪੜਤਾਲ ਕਰਦਾ ਹੈ ਅਤੇ ਇੱਕ ਅੰਤਿਮ ਸੂਚੀ ਤਿਆਰ ਕਰਦਾ ਹੈ।
ਇਸ ਪੁਰਸਕਾਰ ਲਈ ਆਮ ਲੋਕਾਂ ਤੋਂ ਨਾਮਜ਼ਦਗੀਆਂ ਨਹੀਂ ਮੰਗੀਆਂ ਜਾਂਦੀਆਂ ਹਨ।
ਇਸ ਪੁਰਸਕਾਰ ਦਾ ਐਲਾਨ ਹਰ ਸਾਲ 31 ਅਗਸਤ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਖੇ ਮੈਗਸੇਸੇ ਦੇ ਜਨਮ ਦਿਨ ਵੱਲੇ ਦਿਨ ਕੀਤਾ ਜਾਂਦਾ ਹੈ।
ਇਸ ਸਾਲ ਇਹ ਪੁਰਸਕਾਰ ਚਾਰ ਲੋਕਾਂ ਨੂੰ ਦਿੱਤਾ ਗਿਆ ਹੈ, ਜਿੰਨ੍ਹਾਂ 'ਚ ਕੰਬੋਡੀਆ ਦੇ ਮਨੋਵਿਗਿਆਨੀ ਸੋਥਿਆਰਾ ਛਿਮ, ਜਾਪਾਨ ਦੇ ਅੱਖਾਂ ਦੇ ਰੋਗਾਂ ਦੇ ਮਾਹਰ ਤਦਾਸ਼ੀ ਹਤੋਰੀ, ਫਿਲੀਪੀਨਜ਼ ਦੇ ਬਾਲ ਰੋਗ ਮਾਹਰ ਬਰਨਾਡੇਟ ਜੇ ਮੈਡਰਿਡ ਅਤੇ ਇੰਡਨੇਸ਼ੀਆ 'ਚ ਰਹਿਣ ਵਾਲੇ ਫਰਾਂਸੀਸੀ ਵਾਤਾਵਰਣ ਕਾਰਕੁਨ ਗੈਰੀ ਬੈਂਚੇਗੀ ਸ਼ਾਮਲ ਹਨ।
ਭਾਰਤ 'ਚ ਇਹ ਪੁਰਸਕਾਰ ਵਿਨੋਬਾ ਭਾਵੇ, ਮਦਰ ਟੈਰੇਸਾ, ਅਰੁਣ ਸ਼ੌਰੀ, ਕਿਰਨ ਬੇਦੀ, ਸੰਦੀਪ ਪਾਂਡੇ, ਰਾਜੇਂਦਰ ਸਿੰਘ, ਅਰੁਣਾ ਰਾਏ, ਮਹਾਸ਼ਵੇਤਾ ਦੇਵੀ, ਅਰਵਿੰਦ ਕੇਜਰੀਵਾਲ, ਪੀ ਸਾਈਂਨਾਥ, ਰਵੀਸ਼ ਕੁਮਾਰ ਵਰਗੀਆਂ ਨਾਮੀ ਸਖ਼ਸੀਅਤਾਂ ਨੂੰ ਮਿਲਿਆ ਹੈ।
ਕੇ ਕੇ ਸ਼ੈਲਜਾ ਕੌਣ ਹਨ ?
ਕੇ ਕੇ ਸ਼ੈਲਜਾ ਜੋ ਕਿ ਕੇਰਲ ਦੀ ਸਾਬਕਾ ਸਿਹਤ ਮੰਤਰੀ ਹਨ, ਉਨ੍ਹਾਂ ਨੂੰ ਸੂਬੇ 'ਚ ਕੋਵਿਡ-19 ਨਾਲ ਨਜਿੱਠਣ ਲਈ ਕੀਤੇ ਗਏ ਯਤਨਾਂ ਅਤੇ ਤਰੀਕਿਆਂ ਲਈ 'ਰੌਕਸਟਾਰ ਕਿਹਾ ਜਾ ਰਿਹਾ ਸੀ।
ਕੋਰੋਨਾ ਮਹਾਮਾਰੀ ਤੋਂ ਬਾਅਦ ਸੂਬੇ 'ਚ ਹੋਈਆਂ ਚੋਣਾਂ 'ਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ। ਪਾਰਟੀ ਮੁੜ ਸੱਤਾ 'ਚ ਆਈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੁੱਖ ਮੰਤਰੀ ਪਿਨਰਾਈ ਵਿਜਯਨ ਦੀ ਵਜ਼ਾਰਤ 'ਚ ਜਗ੍ਹਾ ਨਹੀਂ ਮਿਲੀ।
ਉਸ ਸਮੇਂ ਵੀ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ।
ਅੱਜ ਵੀ ਰੇਮਨ ਮੈਗਸੇਸੇ ਪੁਰਸਕਾਰ ਸਵੀਕਾਰ ਨਾ ਕਰਨ ਕਰਕੇ ਕਾਫ਼ੀ ਚਰਚਾ ਹੋ ਰਹੀ ਹੈ।
ਸੀਨੀਅਰ ਪੱਤਰਕਾਰ ਵਰਖਾ ਦੱਤ ਨੇ ਟਵੀਟ ਕਰਕੇ ਕਿਹਾ ਹੈ ਕਿ ਸ਼ੈਲਜਾ ਦੀ ਪਾਰਟੀ 'ਇਨਸਿਕਿਓਰ ਬੁਆਏਜ਼ ਕਲੱਬ' ਵਾਂਗ ਵਿਵਹਾਰ ਕਰ ਰਹੀ ਹੈ।
ਇਸ ਤਾਜ਼ਾ ਘਟਨਾਕ੍ਰਮ 'ਤੇ ਗੱਲ ਕਰਦਿਆਂ ਸਿਆਸੀ ਵਿਸ਼ਲੇਸ਼ਕ ਬੀਆਰਪੀ ਭਾਸਕਰ ਨੇ ਬੀਬੀਸੀ ਹਿੰਦੀ ਦੇ ਸਹਿਯੋਗੀ ਪੱਤਰਕਾਰ ਇਮਰਾਨ ਕੁਰੈਸ਼ੀ ਨੂੰ ਦੱਸਿਆ, "ਇਸ ਪੁਰਸਕਾਰ ਦੀ ਸਥਾਪਨਾ ਅਮਰੀਕਾ ਦੀ ਮਦਦ ਨਾਲ ਕੀਤੀ ਗਈ ਸੀ।"
"ਅਜਿਹੇ ਇਹ ਸਮਝਣਾ ਮੁਸ਼ਕਲ ਨਹੀਂ ਹੈ ਕਿ ਸੀਪੀਐਮ ਦੇ ਨੁਮਾਇੰਦੇ ਕਿਉਂ ਸ਼ੈਲਜਾ ਨੂੰ ਇਹ ਪੁਰਸਕਾਰ ਸਵੀਕਾਰ ਨਹੀਂ ਕਰਨ ਦੇਣਾ ਚਾਹੁੰਦੇ ਹਨ।"
"ਪਰ ਸੱਚਾਈ ਤਾਂ ਇਹ ਹੈ ਕਿ ਕੋਵਿਡ ਮਹਾਮਾਰੀ ਦੌਰਾਨ ਸ਼ੈਲਜਾ ਨੇ ਜੋ ਵੀ ਕੰਮ ਕੀਤਾ , ਉਸ ਦੀ ਸ਼ਲਾਘਾ ਅੱਜ ਵੀ ਹੋ ਰਹੀ ਹੈ। ਪੁਰਸਕਾਰ ਠੁਕਰਾਉਣ ਨਾਲ ਉਨ੍ਹਾਂ ਦੀ ਪ੍ਰਸਿੱਧੀ 'ਚ ਕੋਈ ਕਮੀ ਨਹੀਂ ਆਵੇਗੀ।"
ਭਾਸਕਰ ਅੱਗੇ ਕਹਿੰਦੇ ਹਨ, "ਮੈਗਸੇਸੇ ਨੂੰ ਫਿਲੀਪੀਨਜ਼ 'ਚ ਕਮਿਊਨਿਸਟ ਪਾਰਟੀ ਦੇ ਦਮਨ ਲਈ ਜਾਣਿਆ ਜਾਂਦਾ ਹੈ। ਇਸੇ ਕਰਕੇ ਅਮਰੀਕੀਆਂ ਨੇ ਉਨ੍ਹਾਂ ਦੇ ਨਾਮ 'ਤੇ ਇਸ ਪੁਰਸਕਾਰ ਨੂੰ ਦੇਣ ਦਾ ਐਲਾਨ ਕੀਤਾ ਸੀ।"
ਇਹ ਵੀ ਪੜ੍ਹੋ :
ਇਹ ਵੀਡੀਓ ਵੀ ਦੇਖੋ :