You’re viewing a text-only version of this website that uses less data. View the main version of the website including all images and videos.
ਇੰਦਰਜੀਤ ਨਿੱਕੂ ਨੂੰ ਦਲਜੀਤ ਤੇ ਹੋਰ ਹਸਤੀਆਂ ਨੇ ਜਦੋਂ ਹਿੰਮਤ ਦਿੱਤੀ ਤਾਂ ਨਿੱਕੂ ਦਾ ਇਹ ਜਵਾਬ ਆਇਆ
ਪੰਜਾਬੀ ਗਾਇਕ ਇੰਦਰਜੀਤ ਨਿੱਕੂ ਆਪਣੇ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਚਰਚਾ ਵਿੱਚ ਆ ਗਏ ਹਨ।
ਉਨ੍ਹਾਂ ਦੀ ਇੱਕ ਵੀਡੀਓ ਇੰਟਰਨੈੱਟ ਉੱਤੇ ਤੇਜ਼ੀ ਨਾਲ ਵਾਇਰਲ ਹੋਈ ਹੈ, ਜਿਸ ਵਿੱਚ ਉਹ ਇੱਕ ਸਤਸੰਗ ਦੇ ਸੰਚਾਲਕ ਨੂੰ ਆਪਣੀ ਪਰੇਸ਼ਾਨੀ ਦੱਸਦੇ ਨਜ਼ਰ ਆਏ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨਿੱਕੂ ਸਤਸੰਗ ਸੰਚਾਲਕ ਨੂੰ ਆਪਣੀਆਂ ਨਿੱਜੀ ਤੇ ਕੰਮ ਸਬੰਧੀ ਸਮੱਸਿਆਵਾਂ ਦੱਸ ਰਹੇ ਹਨ।
ਆਪਣੀਆਂ ਪਰੇਸ਼ਾਨੀਆਂ ਦੱਸਦੇ ਹੋਏ ਨਿੱਕੂ ਇਸ ਦੌਰਾਨ ਭਾਵੁਕ ਵੀ ਹੋਏ। ਸਤਸੰਗ ਦੇ ਸੰਚਾਲਕ ਨੂੰ ਜਦੋਂ ਪਤਾ ਲਗਿਆ ਕਿ ਉਹ ਇੱਕ ਗਾਇਕ ਹਨ ਤਾਂ ਉਨ੍ਹਾਂ ਨੂੰ ਇੰਦਰਜੀਤ ਨਿੱਕੂ ਨੂੰ ਗਾਣਾ ਵੀ ਸੁਣਾਉਣ ਨੂੰ ਕਿਹਾ।
ਸੰਚਾਲਕ ਦੀ ਇਸ ਫਰਮਾਇਸ਼ ਮਗਰੋਂ ਵੀ ਨਿੱਕੂ ਕਾਫੀ ਭਾਵੁਕ ਹੋ ਗਏ ਸਨ। ਫਿਰ ਉਨ੍ਹਾਂ ਨੇ ਆਪਣੇ ਜਜ਼ਬਾਤਾਂ ਨੂੰ ਕਾਬੂ ਵਿੱਚ ਰੱਖ ਕੇ ਗਾਣਾ ਵੀ ਗਾਇਆ।
ਸੋਸ਼ਲ ਮੀਡੀਆ ਦੀ ਸਾਈਟ ਇੰਸਟਾਗ੍ਰਾਮ 'ਤੇ 'ਕਈ ਪੇਜਾਂ ਤੋਂ ਇਸ ਵੀਡੀਓ ਦਾ ਕੁਝ ਹਿੱਸਾ ਸ਼ੇਅਰ ਕੀਤਾ ਗਿਆ ਜਿਸ ਤੋਂ ਬਾਅਦ ਹੀ ਨਿੱਕੂ ਨੂੰ ਰਲ਼ੀਆਂ-ਮਿਲੀਆਂ ਪ੍ਰਤੀਕਿਰਿਆਵਾਂ ਮਿਲਣੀਆਂ ਸ਼ੁਰੂ ਹੋ ਗਈਆਂ।
ਕੁਝ ਲੋਕਾਂ ਨੇ ਉਨ੍ਹਾਂ ਨੂੰ ਇਸ ਗੱਲ ਉੱਤੇ ਟਰੋਲ ਕੀਤਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸਮਾਗਮ 'ਚ ਅਤੇ ਬਿਨਾਂ ਦਸਤਾਰ ਦੇ ਨਹੀਂ ਜਾਣਾ ਚਾਹੀਦਾ ਸੀ, ਜਦਕਿ ਕਈਆਂ ਨੇ ਉਨ੍ਹਾਂ ਨੂੰ ਮਾੜੇ ਸਮੇਂ ਵਿੱਚ ਹੌਸਲਾ ਰੱਖਣ ਦੀ ਗੱਲ ਕਹੀ।
ਨਿੱਕੂ ਦੇ ਸਮਰਥਨ 'ਚ ਆਏ ਪੰਜਾਬੀ ਕਲਾਕਾਰ
ਇੰਦਰਜੀਤ ਨਿੱਕੂ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੰਜਾਬ ਦੇ ਕਈ ਕਲਾਕਾਰ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਅੱਗੇ ਆਏ।
ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, ''ਵੀਰੇ ਨੂੰ ਦੇਖ ਕੇ ਪਤਾ ਨੀ ਕਿੰਨੇ ਮੁੰਡਿਆਂ ਨੇ ਪੱਗ ਬੰਨ੍ਹਣੀ ਸ਼ੁਰੂ ਕੀਤੀ, ਜਿਨ੍ਹਾਂ 'ਚੋਂ ਮੈਂ ਵੀ ਇੱਕ ਹਾਂ।''
ਉਨ੍ਹਾਂ ਅੱਗੇ ਲਿਖਿਆ, ''ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਵੀਰੇ। ਮੇਰੀ ਅਗਲੀ ਫ਼ਿਲਮ ਜੋ ਵੀ ਸ਼ੂਟ ਕਰਾਂਗੇ ਅਸੀਂ, ਪਲੀਜ਼ ਇੱਕ ਗਾਣਾ ਸਾਡੇ ਲਈ ਜ਼ਰੂਰ।''
ਇਸੇ ਤਰ੍ਹਾਂ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਲਿਖਿਆ, ''ਭਾਜੀ, ਹਮੇਸ਼ਾ ਤੁਹਾਡੇ ਨਾਲ। ਗਾਣੇ ਤੇ ਗਾਣੇ ਆਉਣਗੇ।''
ਹਰਭਜਨ ਮਾਨ ਨੇ ਨਿੱਕੂ ਨੂੰ ਔਖੇ ਵੇਲੇ ਪਰਮਾਤਮਾ 'ਤੇ ਡੋਰੀਆਂ ਛੱਡਣ ਦੀ ਗੱਲ ਆਖੀ। ਉਨ੍ਹਾਂ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, ''ਛੋਟੇ ਵੀਰ ਡੋਲਣਾ ਨਹੀਂ। ਅਕਾਲ ਪੁਰਖ, ਦਸ਼ਮੇਸ਼ ਪਿਤਾ ਦਾ ਓਟ ਆਸਰਾ ਲੈਣਾ, ਵਾਹਿਗੁਰੂ 'ਚ ਵਿਸ਼ਵਾਸ ਰੱਖਣਾ, ਹਰ ਪੱਖ ਤੋਂ ਤੇਰੇ ਨਾਲ ਹਾਂ।''
ਇਸ ਤੋਂ ਇਲਾਵਾ ਗਾਇਕ ਰਣਜੀਤ ਬਾਵਾ ਨੇ ਨਿੱਕੂ ਨੂੰ ਹਿੰਮਤ ਰੱਖਣ ਦੀ ਗੱਲ ਆਖੀ ਤੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਜਾਰੀ ਕੀਤਾ।
ਵੀਡੀਓ ਵਿੱਚ ਅਨਮੋਲ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਨਿੱਕੂ ਨੂੰ ਲੈ ਕੇ ਨਕਾਰਾਤਮਕ ਵਿਚਾਰ ਨਾ ਰੱਖਣ। ਉਨ੍ਹਾਂ ਕਿਹਾ, ''ਜਿਸ 'ਤੇ ਭੀੜ ਪੈਂਦੀ ਹੈ ਉਸ ਨੂੰ ਪਤਾ ਹੁੰਦਾ ਹੈ।''
ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਨਿੱਕੂ 'ਤੇ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਜਤਾਈ ਕਿ ਉਹ ਸਤਸੰਗ ਵਿੱਚ ਕਿਉਂ ਗਏ। ਕਈਆਂ ਨੇ ਕਿਹਾ ਕਿ ਉਨ੍ਹਾਂ ਨੂੰ ਦਸਤਾਰ ਤੋਂ ਬਿਨਾਂ ਨਹੀਂ ਜਾਣਾ ਚਾਹੀਦਾ ਸੀ।
ਨਿੱਕੂ ਨੇ ਕੀਤਾ ਧੰਨਵਾਦ
ਇਸ ਤੋਂ ਬਾਅਦ ਨਿੱਕੂ ਨੇ ਵੀ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਹੌਸਲਾ ਵਧਾਉਣ ਵਾਲੇ ਸਾਥੀ ਕਲਾਕਾਰਾਂ ਅਤੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ।
ਉਨ੍ਹਾਂ ਲਿਖਿਆ, ''ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ।''
''ਜਿਵੇਂ ਤੁਸੀਂ ਪਿਆਰ ਤੇ ਸਾਥ ਦੇ ਰਹੇ ਓਂ, ਮੇਰਾ ਪੂਰਾ ਪਰਿਵਾਰ ਇਹ ਖੁਸ਼ੀ ਤੇ ਹੌਸਲੇ ਦਾ ਅਹਿਸਾਸ ਬਿਆਨ ਨਹੀਂ ਕਰ ਸਕਦਾ।''
‘ਇਸ ਦੇ ਨਾਲ ਹੀ ਉਨ੍ਹਾਂ ਇਹ ਬੇਨਤੀ ਵੀ ਕੀਤੀ ਕਿ ਉਨ੍ਹਾਂ ਨੂੰ ਪੈਸੇ ਨਹੀਂ ਬਲਕਿ ਸਭ ਦਾ ਸਾਥ ਚਾਹੀਦਾ ਹੈ। ਆਪਣੀਆਂ ਖੁਸ਼ੀਆਂ ਵਿੱਚ ਪਹਿਲਾਂ ਵਾਂਗ ਫੇਰ ਸ਼ਾਮਿਲ ਕਰ ਲਓ, ਦੇਸ-ਪ੍ਰਦੇਸਾਂ ਵਿੱਚ ਫਿਰ ਪੰਜਾਬੀਆਂ ਦੇ ਆਹਮਣੇ-ਸਾਹਮਣੇ, ਰੂਬਰੂ ਹੋ ਕੇ ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦਿਓ।”
ਇਹ ਵੀ ਪੜ੍ਹੋ-