ਯੂਆਨ ਵਾਂਗ 5: ਚੀਨ ਦੇ ਇਸ 'ਜਾਸੂਸੀ ਜਹਾਜ਼' ਬਾਰੇ ਜਾਣੋ ਜੋ ਭਾਰਤ ਲਈ ਸਿਰਦਰਦੀ ਬਣ ਗਿਆ ਹੈ

ਯੂਆਨ ਵਾਂਗ 5
    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ

ਚੀਨ ਇਸ ਨੂੰ "ਖੋਜੀ ਜਹਾਜ਼" ਕਹਿੰਦਾ ਹੈ। ਯਾਨੀ ਸਮੁੰਦਰੀ ਜਹਾਜ਼ ਜਿਸ ਦਾ ਕੰਮ ਸਮੁੰਦਰ ਵਿੱਚ ਵਿਗਿਆਨਕ ਖੋਜ ਕਰਨਾ ਹੈ।

ਭਾਰਤ ਅਤੇ ਅਮਰੀਕਾ ਵਰਗੇ ਦੇਸ਼ ਇਸ ਨੂੰ 'ਜਾਸੂਸੀ ਜਹਾਜ਼' ਮੰਨਦੇ ਹਨ। ਯਾਨੀ ਕਿ ਇੱਕ ਅਜਿਹਾ ਜਹਾਜ਼ ਜੋ ਹੋਰ ਦੇਸ਼ਾਂ ਦੀ ਜਾਸੂਸੀ ਲਈ ਤਾਇਨਾਤ ਹੈ।

16 ਅਗਸਤ ਨੂੰ ਯੁਆਨ ਵੈਂਗ 5 ਨਾਂ ਦੇ ਚੀਨ ਦੇ ਇੱਕ ਸਮੁੰਦਰੀ ਜਹਾਜ਼ ਦਾ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ 'ਤੇ ਪਹੁੰਚਣਾ ਭਾਰਤ ਲਈ ਸਿਰਦਰਦੀ ਬਣ ਗਿਆ ਹੈ।

ਚੀਨ ਦਾ ਕਹਿਣਾ ਹੈ ਕਿ ਇਹ ਜਹਾਜ਼ ਜ਼ਰੂਰੀ ਵਸਤਾਂ ਦੀ ਸਪਲਾਈ ਲੈਣ ਲਈ ਹੰਬਨਟੋਟਾ ਵਿੱਚ ਰੁਕਿਆ ਹੈ।

ਇਸ ਦੇ ਨਾਲ ਹੀ ਚੀਨ ਨੇ ਕਿਹਾ ਹੈ ਕਿ ਸਮੁੰਦਰੀ ਵਿਗਿਆਨਕ ਖੋਜ ਨਾਲ ਸਬੰਧਤ ਜਿਸ ਤਰ੍ਹਾਂ ਦਾ ਕੰਮ ਇਹ ਜਹਾਜ਼ ਕਰਦਾ ਹੈ, ਉਹ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਹੈ।

ਚੀਨ ਨੇ ਇਹ ਵੀ ਕਿਹਾ ਹੈ ਕਿ ਇਸ ਜਹਾਜ਼ ਦੀਆਂ ਗਤੀਵਿਧੀਆਂ ਕਿਸੇ ਵੀ ਦੇਸ਼ ਦੀ ਸੁਰੱਖਿਆ ਅਤੇ ਆਰਥਿਕ ਹਿੱਤਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਹਨ।

ਹਾਲਾਂਕਿ ਭਾਰਤ ਵਿੱਚ ਚਿੰਤਾ ਜਾਹਰ ਕੀਤੀ ਜਾ ਰਹੀ ਹੈ ਕਿ ਕੀ ਹੰਬਨਟੋਟਾ ਬੰਦਰਗਾਹ 'ਤੇ ਯੁਆਨ ਵੈਂਗ 5 ਦੇ ਸੱਤ ਦਿਨਾਂ ਦੇ ਪੜਾਅ ਨਾਲ ਜਹਾਜ਼ ਨੂੰ ਭਾਰਤ ਦੀ ਨੇੜਿਓਂ ਜਾਸੂਸੀ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਭਾਰਤ ਦੇ ਸੁਰੱਖਿਆ ਹਿੱਤਾਂ ਨੂੰ ਖ਼ਤਰਾ ਹੋ ਸਕਦਾ ਹੈ।

ਹੰਬਨਟੋਟਾ ਤੋਂ ਭਾਰਤ ਕਿੰਨੀ ਦੂਰ ਹੈ

ਸ਼੍ਰੀਲੰਕਾ ਦੀ ਹੰਬਨਟੋਟਾ ਬੰਦਰਗਾਹ ਤੋਂ ਭਾਰਤ ਦੀ ਚੇੱਨਈ ਬੰਦਰਗਾਹ ਤੱਕ ਦੀ ਦੂਰੀ ਲਗਭਗ 535 ਸਮੁੰਦਰੀ ਮੀਲ (ਨੌਟੀਕਲ ਮੀਲ) ਜਾਂ 990 ਕਿਲੋਮੀਟਰ ਹੈ।

ਇਸੇ ਤਰ੍ਹਾਂ, ਹੰਬਨਟੋਟਾ ਅਤੇ ਕੋਚੀ ਬੰਦਰਗਾਹ ਵਿਚਕਾਰ ਦੂਰੀ ਲਗਭਗ 609 ਸਮੁੰਦਰੀ ਮੀਲ ਜਾਂ 1128 ਕਿਲੋਮੀਟਰ ਹੈ।

ਹੰਬਨਟੋਟਾ ਬੰਦਰਗਾਹ ਬਾਰੇ ਜਾਣਕਾਰੀ

ਤਸਵੀਰ ਸਰੋਤ, Getty Images/BBC

ਵਿਸ਼ਾਖਾਪਟਨਮ ਬੰਦਰਗਾਹ ਹੰਬਨਟੋਟਾ ਤੋਂ 802 ਸਮੁੰਦਰੀ ਮੀਲ ਜਾਂ ਲਗਭਗ 1485 ਕਿਲੋਮੀਟਰ ਦੂਰ ਹੈ।

ਸਤੀਸ਼ ਧਵਨ ਸਪੇਸ ਸੈਂਟਰ, ਜੋ ਭਾਰਤੀ ਪੁਲਾੜ ਪ੍ਰੋਗਰਾਮ ਲਈ ਲਾਂਚ ਬੇਸ ਬੁਨਿਆਦੀ ਢਾਂਚਾ ਪ੍ਰਦਾਨ ਕਰਦਾ ਹੈ, ਸ਼੍ਰੀਹਰੀਕੋਟਾ ਵਿੱਚ ਸਥਿਤ ਹੈ, ਹੰਬਨਟੋਟਾ ਤੋਂ ਲਗਭਗ 1100 ਕਿਲੋਮੀਟਰ ਦੂਰ ਹੈ।

ਯੂਆਨ ਵੈਂਗ 5 ਨੇ ਪਿਛਲੇ ਹਫਤੇ ਹੰਬਨਟੋਟਾ ਬੰਦਰਗਾਹ 'ਤੇ ਡੌਕ ਕਰਨ ਦੀ ਇਜਾਜ਼ਤ ਮੰਗੀ ਸੀ। ਪਰ ਇਸ ਜਹਾਜ਼ ਬਾਰੇ ਭਾਰਤ ਦੀਆਂ ਚਿੰਤਾਵਾਂ ਦਰਜ ਹੋਣ ਤੋਂ ਬਾਅਦ ਇਹ ਇਜਾਜ਼ਤ ਨਹੀਂ ਮਿਲੀ।

ਇਸ ਦੌਰਾਨ ਭਾਰਤ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੇ ਹੰਬਨਟੋਟਾ ਵਿੱਚ ਜਹਾਜ਼ ਦੇ ਰੁਕਣ ਦੇ ਮੁੱਦੇ 'ਤੇ ਸ਼੍ਰੀਲੰਕਾ ਉੱਪਰ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਹੈ।

ਜਹਾਜ਼ ਦੇ ਹੰਬਨਟੋਟਾ ਬੰਦਰਗਾਹ 'ਤੇ ਪਹੁੰਚਣ ਤੋਂ ਬਾਅਦ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮ ਸਿੰਘੇ ਨੇ ਕਿਹਾ ਹੈ ਕਿ ਚੀਨ ਨੂੰ ਹੰਬਨਟੋਟਾ ਬੰਦਰਗਾਹ ਨੂੰ ਫੌਜੀ ਉਦੇਸ਼ਾਂ ਲਈ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਸ਼੍ਰੀਲੰਕਾ ਦੇ ਦੱਖਣ ਵਿੱਚ ਸਥਿਤ ਹੰਬਨਟੋਟਾ ਬੰਦਰਗਾਹ ਨੂੰ ਉੱਚ ਵਿਆਜ ਵਾਲੇ ਚੀਨੀ ਕਰਜ਼ਿਆਂ ਦੀ ਮਦਦ ਨਾਲ ਬਣਾਇਆ ਗਿਆ ਸੀ।

ਜਦੋਂ ਸ੍ਰੀਲੰਕਾ ਚੀਨ ਤੋਂ ਲਏ ਗਏ ਕਰਜ਼ੇ ਦੀ ਅਦਾਇਗੀ ਕਰਨ ਵਿੱਚ ਅਸਫਲ ਰਿਹਾ, ਤਾਂ ਬੰਦਰਗਾਹ ਨੂੰ 99 ਸਾਲਾਂ ਦੀ ਲੀਜ਼ 'ਤੇ ਚੀਨ ਨੂੰ ਸੌਂਪ ਦਿੱਤਾ ਗਿਆ।

Banner

ਇਹ ਵੀ ਪੜ੍ਹੋ-

Banner
ਯੂਆਨ ਵਾਂਗ 5

ਤਸਵੀਰ ਸਰੋਤ, Getty Images

ਕੀ ਹੈ ਯੂਆਨ ਵੈਂਗ 5

ਯੁਆਨ ਵੈਂਗ 5 ਚੀਨ ਦੇ ਸਪੇਸ-ਟਰੈਕਿੰਗ ਜਹਾਜ਼ਾਂ ਵਿੱਚੋਂ ਇੱਕ ਹੈ ਜੋ ਉਪਗ੍ਰਹਿ, ਰਾਕੇਟ ਅਤੇ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ ਦੇ ਲਾਂਚ ਦੀ ਨਿਗਰਾਨੀ ਕਰਨ ਲਈ ਵਰਤਿਆ ਜਾਂਦਾ ਹੈ।

ਇਹ ਜਹਾਜ਼ ਯੁਆਨ ਵੈਂਗ ਸੀਰੀਜ਼ ਦਾ ਥਰਡ ਜਨਰੇਸ਼ਨ ਦਾ ਟਰੈਕਿੰਗ ਜਹਾਜ਼ ਹੈ।

ਇਹ 2007 ਵਿੱਚ ਚੀਨੀ ਫ਼ੌਜ ਵਿੱਚ ਸ਼ਾਮਲ ਹੋਇਆ ਸੀ। ਇਸ ਜਹਾਜ਼ ਨੂੰ ਜਿਆਂਗਨਾਨ ਸ਼ਿਪਯਾਰਡ 'ਚ ਬਣਾਇਆ ਗਿਆ ਹੈ।

ਚੀਨ ਦੇ ਸਰਕਾਰੀ ਪ੍ਰਸਾਰਕ CGTN ਦੀ ਇੱਕ ਰਿਪੋਰਟ ਦੇ ਅਨੁਸਾਰ, ''ਸਾਲ 2020 ਵਿੱਚ, ਯੁਆਨ ਵੈਂਗ 5 ਜਹਾਜ਼ ਨੇ ਚੀਨ ਦੇ ਲਾਂਗ ਮਾਰਚ-5ਬੀ ਰਾਕੇਟ ਦੇ ਲਾਂਚ ਵਿੱਚ ਹਿੱਸਾ ਲਿਆ ਸੀ ਅਤੇ 81 ਦਿਨਾਂ ਤੱਕ ਪ੍ਰਸ਼ਾਂਤ ਮਹਾਂ ਸਾਗਰ ਵਿੱਚ 20,000 ਨੌਟੀਕਲ ਮੀਲ ਤੋਂ ਵੱਧ ਦਾ ਸਫ਼ਰ ਕਰਨ ਤੋਂ ਬਾਅਦ ਵਾਪਸ ਪਰਤਿਆ ਸੀ।''

ਯੂਆਨ ਵਾਂਗ 5

CGTN ਦੇ ਮੁਤਾਬਕ ਯੁਆਨ ਵੈਂਗ 5 ਨੇ ਇਸ 81 ਦਿਨਾਂ ਦੀ ਲੰਬੀ ਯਾਤਰਾ ਦੌਰਾਨ ਕਿਸੇ ਬੰਦਰਗਾਹ 'ਤੇ ਪੜਾਅ ਨਹੀਂ ਕੀਤਾ।

ਭਾਰਤੀ ਜਲ ਸੈਨਾ ਦੇ ਇੱਕ ਸੀਨੀਅਰ ਸੇਵਾਮੁਕਤ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨਾਲ ਗੱਲ ਕੀਤੀ।

ਉਨ੍ਹਾਂ ਨੇ ਕਿਹਾ, "ਇਹ ਜਹਾਜ਼ ਤੁਹਾਡੇ ਨੱਕ 'ਤੇ ਪਹੁੰਚ ਗਿਆ ਹੈ। ਭਾਰਤ ਕੋਲ ਚਿੰਤਾ ਦਾ ਹਰ ਕਾਰਨ ਹੈ।"

ਯੁਆਨ ਵੈਂਗ 5 ਦੀ ਸਮਰੱਥਾ ਬਾਰੇ ਉਹ ਕਹਿੰਦੇ ਹਨ "ਅਜਿਹੇ ਜਹਾਜ਼ ਸਮੁੰਦਰ ਦੀ ਡੂੰਘਾਈ ਤੱਕ ਕਈ ਪੱਧਰਾਂ 'ਤੇ ਨਿਗਰਾਨੀ ਕਰਦੇ ਹਨ, ਜਿਨ੍ਹਾਂ ਤੱਕ ਪਣਡੁੱਬੀਆਂ ਨੂੰ ਤੈਨਾਤ ਕੀਤਾ ਜਾ ਸਕਦਾ ਹੈ। ਪਣਡੁੱਬੀਆਂ ਦੀ ਤਾਇਨਾਤੀ ਦੇ ਪੈਟਰਨ ਪਾਣੀ ਦੇ ਹੇਠਲੇ ਤਾਪਮਾਨ 'ਤੇ ਨਿਰਭਰ ਕਰਦੇ ਹਨ। ਅਤੇ ਉਹ ਤਾਪਮਾਨ' ਇੱਕ ਦਿਨ ਵਿੱਚ ਨਹੀਂ ਲਿਆ ਜਾਂਦਾ। ਇਹ ਮਹੀਨਿਆਂ ਤੱਕ ਅਤੇ ਵੱਖ-ਵੱਖ ਮੌਸਮਾਂ ਵਿੱਚ ਲਿਆ ਜਾਂਦਾ ਹੈ। ਹਿੰਦ ਮਹਾਸਾਗਰ ਖੇਤਰ ਵਿੱਚ ਅਜਿਹਾ ਜਹਾਜ਼ ਮਹੀਨਿਆਂ ਤੱਕ ਰੁਕ ਸਕਦਾ ਹੈ।"

ਇੱਕ ਸੀਨੀਅਰ ਰਿਟਾਇਰਡ ਨੇਵੀ ਅਫਸਰ ਦਾ ਕਹਿਣਾ ਹੈ ਕਿ ਇਹ ਜਹਾਜ਼ ਬੈਲਿਸਟਿਕ ਮਿਜ਼ਾਈਲਾਂ ਨੂੰ ਟਰੈਕ ਕਰਦਾ ਹੈ। ਇਸਦਾ ਮਤਲਬ ਹੈ ਕਿ ਇਸ ਜਹਾਜ਼ ਦੇ ਰਾਡਾਰ ਅਤੇ ਸੈਂਸਰ ਬਹੁਤ ਸ਼ਕਤੀਸ਼ਾਲੀ ਹਨ।

ਯੂਆਨ ਵਾਂਗ 5

ਤਸਵੀਰ ਸਰੋਤ, Getty Images

ਭਾਰਤ ਲਈ ਕਿੰਨੀ ਵੱਡੀ ਚਿੰਤਾ?

ਭਾਰਤ ਦੀ ਪੂਰਬੀ ਜਲ ਸੈਨਾ ਕਮਾਂਡ ਦੇ ਸਾਬਕਾ ਕਮਾਂਡਰ-ਇਨ-ਚੀਫ਼ ਵਾਈਸ ਐਡਮਿਰਲ ਅਨੂਪ ਸਿੰਘ ਕਹਿੰਦੇ ਹਨ, "ਇਹ ਚਿੰਤਾ ਦਾ ਵਿਸ਼ਾ ਹੈ ਕਿ ਸ਼੍ਰੀਲੰਕਾ ਇੱਕ ਅਜਿਹੇ ਜਹਾਜ਼ ਨੂੰ ਇਜਾਜ਼ਤ ਕਿਉਂ ਦੇ ਰਿਹਾ ਹੈ ਜੋ ਕਿ ਇੱਕ ਫੌਜੀ ਜਹਾਜ਼ ਤੋਂ ਕਿਤੇ ਜ਼ਿਆਦਾ ਹੈ। ਇਸ ਜਹਾਜ਼ ਨੂੰ ਦੋਹਰੀ ਵਰਤੋਂ ਵਾਲਾ ਜਾਸੂਸੀ ਜਹਾਜ਼ ਮੰਨਿਆ ਜਾਂਦਾ ਹੈ। ਇਹ ਕਈ ਹੋਰ ਕੰਮ ਕਰ ਸਕਦਾ ਹੈ ਜਿਵੇਂ ਕਿ ਸਮੁੰਦਰੀ ਤਲ ਦਾ ਨਿਰੀਖਣ ਕਰਨਾ।

ਅਨੂਪ ਸਿੰਘ ਅਨੁਸਾਰ ਜਦੋਂ ਹੰਬਨਟੋਟਾ ਬੰਦਰਗਾਹ 'ਤੇ ਚੀਨੀਆਂ ਦਾ ਕਬਜ਼ਾ ਸੀ ਤਾਂ ਭਾਰਤ ਨੂੰ ਚਿੰਤਾ ਸੀ ਕਿ ਚੀਨ ਹੁਣ ਇਸ ਬੰਦਰਗਾਹ ਨੂੰ ਆਪਣੇ ਪੀਐੱਲਏ-ਨੇਵੀ ਦੇ ਜਹਾਜ਼ਾਂ ਅਤੇ ਪਣਡੁੱਬੀਆਂ ਲਈ ਆਰਾਮ ਕਰਨ ਜਾਂ ਰਿਫਿਊਲ ਭਰਨ ਦੇ ਨਾਂ 'ਤੇ ਵਰਤਣਗੇ।

ਉਹ ਕਹਿੰਦੇ ਹਨ, "ਚੀਨ ਨੇ ਕਈ ਵਾਰ ਕਿਹਾ ਹੈ ਕਿ ਉਹ ਇਸ ਬੰਦਰਗਾਹ ਨੂੰ ਪੀਐਲਏ ਨੇਵਲ ਬੇਸ ਵਜੋਂ ਨਹੀਂ ਵਰਤਣਗੇ, ਪਰ ਕੌਣ ਜਾਣਦਾ ਹੈ ਕਿ ਉਹ ਕੀ ਕਹਿੰਦੇ ਹਨ ਅਤੇ ਉਹਨਾਂ ਦਾ ਅਸਲ ਵਿੱਚ ਕੀ ਮਤਲਬ ਹੈ?"

ਯੂਆਨ ਵਾਂਗ 5

ਤਸਵੀਰ ਸਰੋਤ, Getty Images

ਕੀ ਇਹ ਜਹਾਜ਼ ਪੁਲਾੜ ਯੁੱਧ ਦੀ ਤਿਆਰੀ ਦਾ ਹਿੱਸਾ ਹੈ?

ਅਮਰੀਕੀ ਰੱਖਿਆ ਵਿਭਾਗ ਦੇ ਅਨੁਸਾਰ ਚੀਨ ਨੇ ਆਪਣੇ 2015 ਦੇ ਰੱਖਿਆ ਵ੍ਹਾਈਟ ਪੇਪਰ ਵਿੱਚ ਅਧਿਕਾਰਤ ਤੌਰ 'ਤੇ ਪੁਲਾੜ ਨੂੰ ਜੰਗ ਦੇ ਇੱਕ ਨਵੇਂ ਡੋਮੇਨ ਵਜੋਂ ਨਾਮਜ਼ਦ ਕੀਤਾ ਹੈ।

ਅਮਰੀਕਾ ਦਾ ਕਹਿਣਾ ਹੈ ਕਿ ਚੀਨ ਉਮੀਦ ਕਰਦਾ ਹੈ ਕਿ ਪੁਲਾੜ ਦੁਨੀਆਂ ਦੇ ਦੇਸ਼ਾਂ ਵਿਚਾਲੇ ਭਵਿੱਖੀ ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਏਗਾ, ਜਿੱਥੇ ਲੰਬੀ ਦੂਰੀ ਦੇ ਸਟੀਕ ਹਮਲੇ ਕਰਨ ਅਤੇ ਹੋਰ ਫੌਜਾਂ ਦੀ ਸੰਚਾਰ ਸਮਰੱਥਾ ਨੂੰ ਨਸ਼ਟ ਕਰਨ ਦੀ ਸਮਰੱਥਾ 'ਤੇ ਜ਼ੋਰ ਦਿੱਤਾ ਜਾਵੇਗਾ।

Banner

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)