ਅਰਪਿਤਾ ਮੁਖਰਜੀ ਕੌਣ ਹਨ ਜਿੰਨ੍ਹਾਂ ਦੇ ਫਲੈਟ 'ਚੋ ਈਡੀ ਨੂੰ ਮਿਲੇ ਕਰੋੜਾਂ ਰੁਪਏ ਕੈਸ਼ ਅਤੇ ਸੋਨਾ

ਇਨਫੋਰਸਮੈਂਟ ਡਾਇਰੈਟੋਕੇਟ (ਈਡੀ) ਵੱਲੋਂ ਬੁੱਧਵਾਰ ਨੂੰ ਅਦਾਕਾਰਾ ਅਰਪਿਤਾ ਮੁਖਰਜੀ ਦੇ ਇੱਕ ਫਲੈਟ ਵਿੱਚੋਂ 27.9 ਕਰੋੜ ਰੁਪਏ ਕੈਸ਼ ਅਤੇ 4.31 ਕਰੋੜ ਰੁਪਏ ਦੀ ਕੀਮਤ ਦਾ ਸੋਨਾ ਅਤੇ ਗਹਿਣੇ ਫੜਨ ਦਾ ਦਾਅਵੇ ਕੀਤਾ ਗਿਆ ਹੈ।

ਖ਼ਬਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵੇਲੇ ਨਾਲ ਦੱਸਿਆ ਹੈ ਕਿ ਅਰਪਿਤਾ ਮੁਖਰਜੀ ਪੰਛਮੀ ਬੰਗਾਲ ਦੇ ਮੰਤਰੀ ਪਾਰਥਾ ਚੈਟਰਜੀ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਸਨ।

ਜਾਂਚ ਏਜੰਸੀ ਵੱਲੋਂ ਪਾਰਥਾ ਚੈਟਰਜੀ ਨੂੰ ਬੰਗਾਲ ਦੇ ਸਕੂਲਾਂ ਵਿੱਚ ਹੋਈ ਭਰਤੀ 'ਚ ਕਥਿਤ ਅਨਿਯਮਤੀਆਂ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਰਪਿਤਾ ਕੀ ਕਰਦੇ ਹਨ?

ਅਰਪਿਤਾ ਕੀ ਕਰਦੇ ਹਨ? ਉਨ੍ਹਾਂ ਕੋਲ ਇੰਨੇ ਪੈਸੇ ਕਿੱਥੋਂ ਆਏ? ਮੰਤਰੀ ਪਾਰਥਾ ਚੈਟਰਜੀ ਨਾਲ ਉਨ੍ਹਾਂ ਦੇ ਰਿਸ਼ਤੇ ਕਿਵੇਂ ਹਨ?

ਹੁਣ ਅਜਿਹੇ ਕਈ ਸਵਾਲ ਉੱਠ ਰਹੇ ਹਨ। ਅਰਪਿਤਾ ਨੇ ਦਾਅਵਾ ਕੀਤਾ ਹੈ ਕਿ ਉਹ ਇੱਕ ਅਦਾਕਾਰਾ ਹਨ ਅਤੇ ਅਦਾਕਾਰੀ ਉਨ੍ਹਾਂ ਦੀ ਕਮਾਈ ਦਾ ਸਰੋਤ ਹੈ। ਉਨ੍ਹਾਂ ਨੇ ਈਡੀ ਦੀ ਪੁੱਛਗਿੱਛ ਵਿੱਚ ਇਹ ਦਾਅਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਖੁਦ ਨੂੰ ਅਦਾਕਾਰਾ ਦੱਸਿਆ ਹੈ।

ਅਰਪਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2005 ਵਿੱਚ ਮਾਡਲਿੰਗ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਬੰਗਾਲੀ ਅਤੇ ਉੜੀਆ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

ਉਨ੍ਹਾਂ ਨੇ ਪ੍ਰਸੇਨਜੀਤ ਸਟਾਰਰ 'ਮਾਮਾ-ਭਾਗਨੇ (ਮਾਮਾ-ਭਾਣਜਾ)' ਅਤੇ ਦੇਵ ਸਟਾਰਰ 'ਪਾਰਟਨਰ' ਵਿੱਚ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ। ਸਾਲ 2008 'ਚ 'ਪਾਰਟਨਰ' ਉਨ੍ਹਾਂ ਦੀ ਪਹਿਲੀ ਬੰਗਾਲੀ ਫਿਲਮ ਸੀ।

ਅਰਪਿਤਾ ਦੀ ਮਾਂ ਮਿਨਤੀ ਮੁਖਰਜੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਉੜੀਆ ਅਤੇ ਤਾਮਿਲ ਫਿਲਮਾਂ 'ਚ ਵੀ ਕੰਮ ਕੀਤਾ ਹੈ। ਅਰਪਿਤਾ ਨੇ ਕੁਝ ਵਿਗਿਆਪਨਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਨੇਲ ਆਰਟ ਦੀ ਸਿਖਲਾਈ ਵੀ ਲਈ ਹੈ।

ਅਰਪਿਤਾ ਦੀ ਮਾਂ ਨੇ ਕੀ ਕਿਹਾ?

ਅਰਪਿਤਾ ਦੀ ਮਾਂ ਮਿਨਤੀ ਮੁਖਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ 'ਮਾਡਲਿੰਗ ਦੇ ਨਾਲ-ਨਾਲ ਫਿਲਮਾਂ 'ਚ ਵੀ ਕੰਮ ਕਰਦੀ ਸੀ। ਪਰ ਉਹ ਨਹੀਂ ਜਾਣਦੇ ਕਿ ਉਹ ਇਸ ਤੋਂ ਇਲਾਵਾ ਹੋਰ ਕੀ ਕਰਦੀ ਸੀ।

ਉਨ੍ਹਾਂ ਕਿਹਾ, "ਮੈਂ ਕਦੇ ਅਰਪਿਤਾ ਦੀ ਜ਼ਿੰਦਗੀ ਅਤੇ ਹੋਰ ਗਤੀਵਿਧੀਆਂ ਬਾਰੇ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ।"

ਇਹ ਵੀ ਪੜ੍ਹੋ:

ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਈਡੀ ਦੇ ਇੱਕ ਅਧਿਕਾਰੀ ਨੇ ਦੱਸਿਆ, "ਅਰਪਿਤਾ ਦਾ ਨਾਮ ਸ਼ੁਰੂਆਤੀ ਸੂਚੀ ਵਿੱਚ ਵੀ ਨਹੀਂ ਸੀ। ਪਾਰਥ ਦੇ ਘਰ ਦੀ ਤਲਾਸ਼ੀ ਦੌਰਾਨ ਇੱਕ ਕਾਗਜ਼ ਬਰਾਮਦ ਹੋਇਆ, ਜਿਸ 'ਤੇ ਅਰਪਿਤਾ ਦਾ ਨਾਮ ਅਤੇ ਪਤਾ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਹੀ ਅਰਪਿਤਾ ਦੇ ਘਰ 'ਤੇ ਛਾਪਾ ਮਾਰਨ ਦਾ ਫੈਸਲਾ ਕੀਤਾ ਗਿਆ ਸੀ।"

ਮੰਤਰੀ ਨਾਲ ਸੰਪਰਕ ਬਾਰੇ ਈਡੀ ਨੇ ਕੀ ਕੀਤਾ ਦਾਅਵਾ?

ਉਹ ਦੱਖਣੀ ਕੋਲਕਾਤਾ ਵਿੱਚ ਨਕਟਾਲਾ ਉਦਯਨ ਸੰਘ ਦੀ ਦੁਰਗਾ ਪੂਜਾ ਲਈ ਇਸ਼ਤਿਹਾਰਾਂ ਵਿੱਚ ਵੀ ਦਿਖਾਈ ਦਿੱਤੇ ਹਨ। ਮੰਤਰੀ ਪਾਰਥ ਚੈਟਰਜੀ ਇਸ ਕਮੇਟੀ ਦੇ ਮੁਖੀ ਸਨ, ਜੋ ਕੋਲਕਾਤਾ ਦੀ ਸਭ ਤੋਂ ਵੱਧ ਮਾਨਤਾ ਵਾਲੀ ਪੂਜਾ ਵਿੱਚ ਗਿਣੀ ਜਾਂਦੀ ਸੀ।

ਇਹ ਪੂਜਾ ਮੰਤਰੀ ਦੇ ਇਲਾਕੇ ਵਿੱਚ ਕੀਤੀ ਜਾਂਦੀ ਹੈ। ਈਡੀ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਨਾਲ ਸ਼ਾਇਦ ਦੋਵਾਂ ਵਿਚਾਲੇ ਨੇੜਤਾ ਵੱਧ ਗਈ। ਜਦੋਂ ਮਮਤਾ ਬੈਨਰਜੀ ਨੇ ਇਸ ਪੂਜਾ ਦਾ ਉਦਘਾਟਨ ਕੀਤਾ ਤਾਂ ਅਰਪਿਤਾ ਵੀ ਸਮਾਰੋਹ 'ਚ ਮੰਤਰੀ ਨਾਲ ਸਟੇਜ 'ਤੇ ਬੈਠੇ ਨਜ਼ਰ ਆਏ ਸਨ।

ਅਰਪਿਤਾ ਵੀ ਮੰਤਰੀ ਪਾਰਥਾ ਚੈਟਰਜੀ ਨਾਲ ਚੋਣ ਪ੍ਰਚਾਰ ਕਰਦੇ ਰਹੇ ਹਨ। ਹੁਣ ਲਾਈਮਲਾਈਟ ਵਿੱਚ ਆਉਣ ਤੋਂ ਬਾਅਦ ਪਾਰਥ ਨਾਲ ਹੱਥ ਮਿਲਾ ਕੇ ਵੋਟਾਂ ਮੰਗਣ ਵਾਲੀਆਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਸ ਤੋਂ ਇਲਾਵਾ ਉਹ ਅਜਿਹੇ ਦਰਜਨਾਂ ਪ੍ਰੋਗਰਾਮਾਂ 'ਚ ਵੀ ਮੌਜੂਦ ਰਹੀ ਹੈ, ਜਿੱਥੇ ਮੁੱਖ ਮਹਿਮਾਨ ਪਾਰਥਾ ਚੈਟਰਜੀ ਸਨ।

ਅਰਪਿਤਾ ਆਪਣੀ ਸਿਹਤ ਨੂੰ ਲੈ ਕੇ ਕਾਫੀ ਸੁਚੇਤ ਸੀ। ਉਹ ਨਿਯਮਿਤ ਤੌਰ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਯੋਗਾ ਅਤੇ ਵਰਕਆਊਟ ਕਰਦੇ ਹੋਏ ਕਈ ਤਸਵੀਰਾਂ ਪੋਸਟ ਕਰਦੇ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)