“ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ..”, ਵਾਲੇ ਭੁਪਿੰਦਰ ਸਿੰਘ ਜਦੋਂ ਐਕਟਿੰਗ ਤੋਂ ਡਰ ਕੇ ਭੱਜ ਗਏ ਸੀ

ਮਸ਼ਹੂਰ ਗਜ਼ਲ ਗਾਇਕ ਭੁਪਿੰਦਰ ਸਿੰਘ ਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਸੋਮਵਾਰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਉਮਰ 82 ਸਾਲ ਹੈ। ਅੰਮ੍ਰਿਤਸਰ ਦੇ ਜੰਮਪਲ ਭੁਪਿੰਦਰ ਸਿੰਘ ਕਲੋਨ ਕੈਂਸਰ ਤੋਂ ਪੀੜਤ ਸਨ। ਭੁਪਿੰਦਰ ਸਿੰਘ ਦੀ ਮੌਤ ਦੀ ਜਾਣਕਾਰੀ ਉਹਨਾਂ ਦੀ ਪਤਨੀ ਮਿਤਾਲੀ ਸਿੰਘ ਨੇ ਸਾਂਝੀ ਕੀਤੀ।

ਜਦੋਂ ਭੁਪਿੰਦਰ ਸਿੰਘ ਦੇ ਪਿਤਾ ਉਹਨਾਂ ਨੂੰ ਸੰਗੀਤ ਸਿਖਾਉਂਦੇ ਸਨ ਤਾਂ ਬਹੁਤ ਮਾਰਦੇ ਸਨ। ਇਸੇ ਮਾਰ ਕਾਰਨ ਉਹਨਾਂ ਨੂੰ ਸੰਗੀਤ ਤੋਂ ਪ੍ਰਹੇਜ਼ ਸੀ।

ਪਰ ਕਿਸਮਤ ਤੋਂ ਕੋਈ ਸ਼ਾਇਦ ਹੀ ਕੋਈ ਭੱਜ ਸਕਦਾ ਹੋਵੇ। ਭੁਪਿੰਦਰ ਸਿੰਘ ਵੀ ਬਚ ਨਹੀਂ ਸਕੇ ਸਨ।

'ਨਾਮ ਗੁਮ ਜਾਏਗਾ..,' 'ਬੀਤੀ ਨਾ ਬਿਤਾਈ ਰੈਨਾ..,' 'ਦਿਲ ਡੂੰਡਤਾ ਹੈ..,' 'ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ..,' ਵਰਗੇ ਗਾਣੇ ਗਾਉਣ ਵਾਲੇ ਭੁਪਿੰਦਰ ਸਿੰਘ ਦੇ ਕਰੀਅਰ ਵਿੱਚ ਅਜਿਹੇ ਕੁਝ ਹੀ ਗੀਤ ਹਨ ਪਰ ਫਿਰ ਵੀ ਇਹ ਗਾਣੇ ਅੱਜ ਤੱਕ ਤੁਹਾਡੀ ਮਨਪਸੰਦ ਗੀਤਾਂ ਦੀ ਸੂਚੀ ਵਿੱਚ ਮੌਜੂਦ ਰਹਿਣਗੇ।

ਭੁਪਿੰਦਰ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ

ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਦੀ ਪਤਨੀ ਮਿਤਾਲੀ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।

ਬੀਬੀਸੀ ਦੀ ਸਹਿਯੋਗੀ ਪੱਤਰਕਾਰ ਸ਼ਵੇਤਾ ਪਾਂਡੇ ਨੇ ਸਾਲ 2015 ਵਿੱਚ ਉਹਨਾਂ ਦੀ ਇੰਟਰਵਿਊ ਕੀਤੀ ਸੀ। ਇਸ ਵੇਲੇ ਉਹ ਆਪਣੇ ਇੱਕ ਸੰਗੀਤ ਸਮਾਗਮ 'ਰੰਗ-ਏ-ਗ਼ਜ਼ਲ' ਦੀ ਤਿਆਰੀ ਕਰ ਰਹੇ ਸਨ।

ਇਹ ਵੀ ਪੜ੍ਹੋ:

ਭੁਪਿੰਦਰ ਸਿੰਘ ਹੋਣ ਦੇ ਅਰਥ

ਭੁਪਿੰਦਰ ਸਿੰਘ ਖੁਦ ਇੱਕ ਸੰਗੀਤਕਾਰ ਸਨ। ਉਹ ਮੰਨਦੇ ਸਨ ਕਿ ਗ਼ਜ਼ਲ ਦੇ ਘੱਟ ਚੱਲਣ ਦਾ ਕਾਰਨ ਅੱਜਕੱਲ ਦੀ ਸੰਗੀਤ ਸੈਲੀ ਹੈ।

ਉਹ ਕਹਿੰਦੇ ਸਨ, "ਗ਼ਜ਼ਲ ਸ਼ਾਇਰ ਦਾ ਵਿਚਾਰ ਹੈ, ਉਸ ਦੀ ਸੋਚ ਹੁੰਦੀ ਹੈ ਅਤੇ ਉਸ ਦਾ ਤਸੱਵਰ ਹੁੰਦੀ ਹੈ ਜੋ ਇਸ ਨੂੰ ਗਾਉਂਦਾ ਅਤੇ ਰਚਨਾ ਕਰਦਾ ਹੈ ਪਰ ਜੇਕਰ ਉਹ ਇਸ ਨੂੰ ਸਮਝੇ ਬਿਨਾਂ ਗਾਉਂਦਾ ਹੈ ਤਾਂ ਗ਼ਜ਼ਲ ਚੰਗੀ ਨਹੀਂ ਬਣੇਗੀ।"

ਭੁਪਿੰਦਰ ਸਿੰਘ ਦੀ ਪਤਨੀ ਮਿਤਾਲੀ ਸਿੰਘ ਵੀ ਭਾਰਤੀ ਗ਼ਜ਼ਲ ਗਾਇਕੀ ਵਿੱਚ ਵੱਡਾ ਨਾਮ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਭੁਪਿੰਦਰ ਸਿੰਘ ਨੇ ਕਿਹਾ, "ਅੱਜਕੱਲ ਗ਼ਜ਼ਲ ਸੁਨਣ ਅਤੇ ਲਿਖਣ ਵਾਲਿਆਂ ਦਾ ਪਹਿਲਾਂ ਵਰਗਾ ਮਹੌਲ ਨਹੀਂ ਰਿਹਾ। ਅੱਜ ਲੋਕ ਤੁਫਾਨ ਮੇਲ ਹਨ। ਉਹ ਧੀਰਜ ਵਾਲੀਆਂ ਚੀਜਾਂ ਪਸੰਦ ਨਹੀਂ ਕਰਦੇ।"

"ਅਸੀਂ ਸਟੂਡੀਓ ਵਿੱਚ ਜਾਂਦੇ ਸੀ। ਫਿਰ ਗੀਤਕਾਰ, ਸੰਗੀਤਕਾਰ, ਗਾਇਕ, ਨਿਰਦੇਸ਼ਕ ਅਤੇ ਕਈ ਵਾਰੀ ਅਦਾਕਾਰ ਵੀ ਆ ਕੇ ਇਕੱਠੇ ਬੈਠ ਜਾਂਦੇ ਸਨ। ਗੀਤਾਂ ਦੀ ਹਰਕਤ 'ਤੇ ਕੰਮ ਹੁੰਦਾ ਸੀ, ਤਾਲ 'ਤੇ ਕੰਮ ਹੁੰਦਾ ਸੀ ਅਤੇ ਫਿਰ ਇਕ ਮਾਸਟਰਪੀਸ ਬਣਦਾ ਸੀ।"

ਉਹਨਾਂ ਦਾ ਕਹਿਣਾ ਸੀ ਕਿ ਅੱਜਕੱਲ ਨਾ ਤਾਂ ਬਣਾਉਣ ਵਾਲਿਆਂ ਕੋਲ ਸਮਾਂ ਹੈ ਅਤੇ ਨਾ ਹੀ ਸੁਨਣ ਵਾਲਿਆ ਕੋਲ। ਪਰ ਭੁਪਿੰਦਰ ਸਿੰਘ ਆਪਣੇ ਸੁਨਣ ਵਾਲਿਆਂ ਵਿੱਚ ਇੱਕ ਵੱਡਾ ਬਦਲਾਅ ਦੇਖਦੇ ਸਨ।

ਉਸ ਸਮੇਂ ਉਹਨਾਂ ਨੇ ਕਿਹਾ ਸੀ, "60-70 ਦੇ ਦਹਾਕੇ ਵਿੱਚ ਰਿਟਾਇਰ ਲੋਕ ਗ਼ਜ਼ਲ ਸੁਣਦੇ ਸਨ ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਕੁਝ ਨੌਜਵਾਨ ਵੀ ਇਸ ਵੱਲ ਦਿਲਚਸਪੀ ਲੈਂਦੇ ਹਨ, ਸੰਗੀਤ ਸਮਾਗਮ ਵਿੱਚ ਆਉਂਦੇ ਹਨ ਪਰ ਇਹੋ ਜਿਹੇ ਲੋਕ ਘੱਟ ਹਨ।"

ਮਾਹੌਲ ਉਪਰ ਗ਼ਜ਼ਲ

ਭੁਪਿੰਦਰ ਸਿੰਘ ਕਹਿੰਦੇ ਸਨ ਕਿ ਗੀਤਕਾਰ ਅਤੇ ਸੰਗੀਤਕਾਰ ਫ਼ਿਲਮਾਂ ਵਿੱਚ ਗ਼ਜ਼ਲ ਪਾਉਣ ਲਈ ਮੌਕਾ ਲੱਭਦੇ ਸੀ। ਉਹ ਨਿਰਦੇਸ਼ਕ ਨੂੰ ਇਹੋ ਜਿਹਾ ਮਹੌਲ ਬਣਾਉਣ ਲਈ ਕਹਿੰਦੇ ਸਨ।

ਉਹਨਾਂ ਨੇ ਕਿਹਾ, "ਭਾਵੇਂ ਇਹ 'ਅਰਥ' ਪਾਰਟੀ ਦੀ 'ਕੋਈ ਯੇ ਕੈਸੇ ਬਤਾਏ' ਹੋਵੇ ਜਾਂ 'ਇਤਬਾਰ' ਦੀ 'ਕਿਸੀ ਨਜ਼ਰ ਕੋ ਤੇਰਾ', ਉਹ ਗ਼ਜ਼ਲਾਂ ਦਿਲ ਨੂੰ ਛੂਹ ਜਾਂਦੀਆਂ ਸਨ ਕਿਉਂਕਿ ਪਰਦੇ 'ਤੇ ਉਨ੍ਹਾਂ ਲਈ ਇਹੋ ਮਾਹੌਲ ਬਣਾਇਆ ਗਿਆ ਸੀ।"

ਭੁਪਿੰਦਰ ਸਿੰਘ ਨੇ ਦੱਸਿਆ, "ਅੱਜ ਫ਼ਿਲਮਾਂ ਵਿੱਚ ਨਾਮੀ ਅਤੇ ਗੁਣਵਾਨ ਕੰਪੋਜ਼ਰ ਹਨ ਪਰ ਨਾ ਉਹ ਮਾਹੌਲ ਬਣਦਾ ਹੈ ਅਤੇ ਨਾ ਹੀ ਉਸ ਤਰ੍ਹਾਂ ਦੇ ਵਿਸ਼ੇ ਹਨ ਕਿ ਗ਼ਜ਼ਲ ਦਾ ਪ੍ਰਯੋਗ ਹੋ ਸਕੇ। ਗ਼ਜ਼ਲ ਦਾ ਕੰਮ ਸ਼ਾਇਦ ਸਲੋ-ਰੋਮਾਂਟਿੰਕ ਗੀਤਾਂ ਨੇ ਲੈ ਲਈ ਹੈ।

ਐਕਟਿੰਗ ਤੋਂ ਭੱਜੇ ਸਨ

ਭੁਪਿੰਦਰ ਨੇ ਆਪਣੇ ਕਰੀਅਰ ਵਿੱਚ ਇੱਕ ਦੋ ਵਾਰ ਅਦਾਕਾਰੀ ਵੀ ਕੀਤੀ ਸੀ ਪਰ ਉਨ੍ਹਾਂ ਨੂੰ ਇਹ ਪਸੰਦ ਨਹੀਂ ਆਇਆ।

ਉਹ ਹੱਸਦੇ ਹੋਏ ਕਹਿੰਦੇ ਸਨ, ''ਮੈਂ ਤਾਂ ਐਕਟਿੰਗ ਦੇ ਆਫਰ ਆਉਂਦੇ ਹੀ ਦਿੱਲੀ ਭੱਜ ਜਾਂਦਾ ਸੀ ਅਤੇ ਫਿਰ ਦੋ-ਤਿੰਨ ਮਹੀਨੇ ਵਾਪਸ ਨਹੀਂ ਆਇਆ ਕਿਉਂਕਿ ਉਸ ਸਮੇਂ ਲੋਕਾਂ ਨੂੰ ਦੱਸਿਆ ਵੀ ਨਹੀਂ ਗਿਆ ਸੀ।''

ਭੁਪਿੰਦਰ ਸਿੰਘ ਬੀਤੇ ਸਮੇਂ ਨੂੰ ਯਾਦ ਕਰਦੇ ਹੋਏ ਕਹਿੰਦੇ ਸਨ, "ਇਕ ਵਾਰ ਚੇਤਨ ਆਨੰਦ ਨੇ ਹਕੀਕਤ ਦੇ ਮੇਰੇ ਸ਼ੂਟ ਤੋਂ ਬਾਅਦ ਸੈੱਟ 'ਤੇ ਇਕ ਸਟੂਲ ਉਪਰ ਖੜ੍ਹੇ ਹੋ ਕੇ ਐਲਾਨ ਕੀਤਾ ਸੀ ਕਿ ਉਹ ਫ਼ਿਲਮ ਜਗਤ ਨੂੰ (ਭੁਪਿੰਦਰ ਵੱਲ ਇਸ਼ਾਰਾ ਕਰਦੇ ਹੋਏ) ਦੂਜੇ ਕੇਐੱਲ ਸਹਿਗਲ ਦੇਣਗੇ। ਫਿਰ ਮੈਂ ਸੋਚਿਆ ਇਸ ਨੂੰ ਇਹ ਵੀ ਨਹੀਂ ਪਤਾ ਕਿ ਕੱਲ੍ਹ ਮੈਂ ਦਿੱਲੀ ਨੂੰ ਭੱਜਣਾ ਹੈ।”

ਜਦੋਂ ਭੁਪਿੰਦਰ ਸਿੰਘ ਕੋਲੋਂ ਕੁਝ ਪਸੰਦੀਦਾ ਗੀਤਾਂ ਨਾਲ ਜੁੜੀਆਂ ਯਾਦਾਂ ਬਾਰੇ ਪੁੱਛਿਆ ਤਾਂ ਲੱਗਦਾ ਸੀ ਕਿ ਉਹ ਬਹੁਤ ਸਾਰੀਆਂ ਗੱਲਾਂ ਭੁੱਲ ਗਏ ਹੋਣ। ਪਰ ਉਹਨਾਂ ਨੇ ਆਪਣਾ ਪਸੰਦੀਦਾ ਗੀਤ 'ਦੋ ਦੀਵਾਨੇ ਸ਼ਹਿਰ ਮੇਂ, ਰਾਤ ਮੇਂ ਔਰ ਦੁਪਹਿਰ ਮੇਂ...' ਗਾਇਆ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)