You’re viewing a text-only version of this website that uses less data. View the main version of the website including all images and videos.
Wadali Brothers: ਜਦੋਂ ਵਡਾਲੀ ਭਰਾਵਾਂ ਨੂੰ ਹਰਬੱਲਭ ਸੰਗੀਤ ਸੰਮੇਲਨ 'ਚ ਗਾਉਣ ਨਾ ਦਿੱਤਾ ਗਿਆ
ਉੱਘੇ ਸੂਫ਼ੀ ਗਾਇਕ ਵਡਾਲੀ ਭਰਾਵਾਂ ਦੀ ਜੋੜੀ ਵਿੱਚੋਂ ਛੋਟੇ ਭਰਾ, ਉਸਤਾਦ ਪਿਆਰੇ ਲਾਲ ਵਡਾਲੀ ਦਾ ਦਿਹਾਂਤ ਹੋ ਗਿਆ ਹੈ। ਉਹ 66 ਸਾਲਾਂ ਦੇ ਸਨ।
ਉਨ੍ਹਾਂ ਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਗੁਰੂ ਕੀ ਵਡਾਲੀ ਵਿੱਚ ਹੋਇਆ ਸੀ।
ਖ਼ਬਰਾਂ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਜ਼ੇਰੇ ਇਲਾਜ ਸਨ। ਉਹ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ।
ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਅੱਜ ਮੌਤ ਹੋ ਗਈ।
ਵਡਾਲੀ ਭਰਾਵਾਂ ਨੇ ਆਪਣੀ ਸੂਫ਼ੀ ਗਾਇਕੀ ਸਦਕਾ ਦੇਸ-ਵਿਦੇਸ਼ ਨਾਮਣਾ ਖੱਟਿਆ ਸੀ।
ਵਡਾਲੀ ਭਰਾਵਾਂ ਦੀ ਵੈੱਬਸਾਈਟ ਮੁਤਾਬਕ ਉਹ ਸੰਗੀਤਕ ਘਰਾਣੇ ਦੀ ਪੰਜਵੀਂ ਪੀੜ੍ਹੀ ਤੋਂ ਸਨ।
ਬਹੁਤ ਘਾਲਣਾ ਘਾਲਣ ਤੋਂ ਬਾਅਦ ਉਹ ਇਸ ਮੁਕਾਮ 'ਤੇ ਪਹੁੰਚੇ ਸਨ।
ਸੂਫ਼ੀ ਸੰਗੀਤ
ਵੱਡੇ ਭਰਾ ਪਦਮਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਕੁਸ਼ਤੀ ਵੀ ਕਰਦੇ ਰਹੇ ਹਨ। ਪਿਆਰੇ ਲਾਲ ਵਡਾਲੀ ਪਿੰਡ ਦੀ ਰਾਸਲੀਲਾ ਵਿੱਚ ਕ੍ਰਿਸ਼ਨ ਦਾ ਕਿਰਦਾਰ ਨਿਭਾਉਂਦੇ ਸਨ, ਜੋ ਕਿ ਉਨ੍ਹਾਂ ਦੀ ਕਮਾਈ ਦਾ ਇੱਕ ਸਾਧਨ ਵੀ ਸੀ।
ਉਨ੍ਹਾਂ ਦੇ ਪਿਤਾ ਠਾਕੁਰ ਦਾਸ ਨੇ ਉਸਤਾਦ ਪੂਰਨ ਚੰਦ ਵਡਾਲੀ ਨੂੰ ਸੂਫ਼ੀ ਸੰਗੀਤ ਲਈ ਪ੍ਰੇਰਿਆ, ਹਾਲਾਂਕਿ ਉਨ੍ਹਾਂ ਦੀ ਦਿਲਚਸਪੀ ਕੁਸ਼ਤੀ ਵਿੱਚ ਸੀ।
ਦੋਵਾਂ ਭਰਾਵਾਂ ਵਿੱਚੋਂ ਕੋਈ ਵੀ ਸਕੂਲ ਨਹੀਂ ਗਿਆ। ਪਰ ਸੂਫ਼ੀ ਸੰਗੀਤ ਵਿੱਚ ਉਨ੍ਹਾਂ ਇਹ ਮੁਹਾਰਤ ਸੂਫ਼ੀ ਸੰਗੀਤ ਲਈ ਸਮਰਪਣ ਅਤੇ ਅਣਥੱਕ ਰਿਆਜ਼ ਨਾਲ ਹਾਸਿਲ ਕੀਤੀ।
ਉਸਤਾਦ ਪੂਰਨ ਚੰਦ ਵਡਾਲੀ ਨੇ ਪਟਿਆਲਾ ਘਰਾਣੇ ਦੇ ਪੰਡਿਤ ਦੁਰਗਾ ਦਾਸ ਤੋਂ ਸੰਗੀਤ ਦੀ ਸਿੱਖਿਆ ਹਾਸਿਲ ਕੀਤੀ।
ਇਸ ਤੋਂ ਬਾਅਦ ਪਿਆਰੇ ਲਾਲ ਵਡਾਲੀ ਨੇ ਆਪਣੇ ਵੱਡੇ ਭਰਾ ਉਸਤਾਦ ਪੂਰਨ ਚੰਦ ਵਡਾਲੀ ਤੋਂ ਸੰਗੀਤਕ ਸਿੱਖਿਆ ਲਈ। ਉਹ ਉਨ੍ਹਾਂ ਨੂੰ ਹੀ ਆਪਣਾ ਗੁਰੂ ਮੰਨਦੇ ਸਨ।
ਪਹਿਲੀ ਰੇਡੀਓ ਪੇਸ਼ਕਾਰੀ
ਪਹਿਲੀ ਵਾਰ ਦੋਵੇਂ ਭਰਾ ਜਲੰਧਰ ਦੇ ਹਰਬੱਲਭ ਸੰਗੀਤ ਸੰਮੇਲਨ ਵਿੱਚ ਪੇਸ਼ਕਾਰੀ ਲਈ ਗਏ ਸਨ।
ਉਨ੍ਹਾਂ ਨੂੰ ਉਨ੍ਹਾਂ ਦੀ ਦਿੱਖ ਕਰ ਕੇ ਪੇਸ਼ਕਾਰੀ ਤੋਂ ਮਨ੍ਹਾਂ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਆਲ ਇੰਡੀਆ ਰੇਡੀਓ ਦੇ ਇੱਕ ਅਫ਼ਸਰ ਨੇ ਉਨ੍ਹਾਂ ਦਾ ਸੰਗੀਤ ਸੁਣਿਆ ਅਤੇ ਜਲੰਧਰ ਰੇਡੀਓ 'ਤੇ ਉਨ੍ਹਾਂ ਨੂੰ ਗਾਉਣ ਦਾ ਮੌਕਾ ਦਿੱਤਾ।
ਵਡਾਲੀ ਭਰਾਵਾਂ ਨੇ ਪਹਿਲੀ ਰਿਕਾਰਡਿੰਗ ਜਲੰਧਰ ਰੇਡੀਓ ਸਟੇਸ਼ਨ 'ਤੇ ਹੀ ਕੀਤੀ ਸੀ।
ਸੰਗੀਤ ਦੇ ਵਪਾਰ 'ਚ ਸ਼ਮੂਲੀਅਤ ਨਹੀਂ
ਆਮ ਗਾਇਕਾਂ ਵਾਂਗ ਉਨ੍ਹਾਂ ਸੰਗੀਤ ਦੇ ਵਪਾਰ ਵਿੱਚ ਦਿਲਚਸਪੀ ਘੱਟ ਹੀ ਦਿਖਾਈ।
ਇਸੇ ਲਈ ਉਨ੍ਹਾਂ ਨੇ ਬਹੁਤ ਘੱਟ ਗੀਤ ਰਿਕਾਰਡ ਕਰਵਾਏ ਅਤੇ ਜ਼ਿਆਦਾਤਰ ਲਾਈਵ ਸਮਾਗਮ ਹੀ ਕੀਤੇ।
ਵਡਾਲੀ ਭਰਾਵਾਂ ਦਾ ਮੰਨਣਾ ਸੀ ਕਿ ਸੰਗੀਤ ਪ੍ਰਮਾਤਮਾ ਦੀ ਬੰਦਗੀ ਵਾਂਗ ਆਜ਼ਾਦ ਹੈ। ਉਹ ਜ਼ਿਆਦਾ ਬਿਜਲੀ ਦੇ ਉਪਕਰਨ ਵਰਤਣ ਵਿੱਚ ਅਸੁਖਾਵਾਂ ਮਹਿਸੂਸ ਕਰਦੇ ਸਨ।
ਬਾਲੀਵੁੱਡ ਸਫ਼ਰ
ਉਨ੍ਹਾਂ ਬਾਬਾ ਫ਼ਰੀਦ, ਬਾਬਾ ਬੁੱਲੇ ਸ਼ਾਹ, ਸ਼ਾਹ ਹੁਸੈਨ, ਸੈਫ਼ ਉੱਲ-ਮਲੂਕ, ਸ਼ਿਵ ਕੁਮਾਰ ਬਟਾਲਵੀ, ਦੀਆਂ ਰਚਨਾਵਾਂ ਨੂੰ ਸੰਗੀਤਕ ਰੰਗ ਦਿੱਤਾ।
ਇਸ ਤੋਂ ਇਲਾਵਾ ਉਨ੍ਹਾਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਆਪਣੇ ਸੰਗੀਤ ਦੇ ਜੌਹਰ ਵਿਖਾਏ।
ਵਡਾਲੀ ਭਰਾਵਾਂ ਨੇ ਪਿੰਜਰ, ਧੂਪ, ਤਨੂੰ ਵੈੱਡਜ਼ ਮਨੂੰ, ਮੌਸਮ, ਟੀਨਾ ਕੀ ਚਾਬੀ ਅਤੇ ਕਲਾਸਮੇਟ ਵਰਗੀਆਂ ਫ਼ਿਲਮਾਂ ਵਿੱਚ ਵੀ ਆਪਣੀ ਸੂਫ਼ੀ ਗਾਇਕੀ ਦੀ ਧਾਕ ਜਮਾਈ।
ਦੁੱਖ ਦਾ ਪ੍ਰਗਟਾਵਾ
ਪਿਆਰੇ ਲਾਲ ਵਡਾਲੀ ਦੀ ਮੌਤ ਉੱਤੇ ਕਲਾ ਤੇ ਸੰਗੀਤ ਜਗਤ ਵਿੱਚ ਦੁੱਖ ਦੀ ਲਹਿਰ ਫੈਲ ਗਈ ਹੈ। ਪੰਜਾਬ ਦੇ ਸਾਬਕਾ ਉੱਪ-ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਪਿਆਰੇ ਲਾਲ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟਾਇਆ ਹੈ।
ਜਾਣੇ-ਪਛਾਣੇ ਪੰਜਾਬੀ ਗਾਇਕ ਕੰਠ ਕਲੇਰ ਨੇ ਵੀ ਟਵੀਟ ਰਾਹੀ ਪਿਆਰੇ ਲਾਲ ਵਡਾਲੀ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ ਹੈ।