You’re viewing a text-only version of this website that uses less data. View the main version of the website including all images and videos.
ਕੋਕਾ ਕੋਲਾ ਹੁਣ ਸ਼ਰਾਬ ਦੀ ਮਾਰਕੀਟ 'ਚ ਉਤਰਨ ਦੀ ਤਿਆਰੀ 'ਚ
ਆਪਣੇ 125 ਸਾਲਾਂ ਦੇ ਇਤਿਹਾਸ ਵਿੱਚ ਕੋਕਾ ਕੋਲਾ ਪਹਿਲੀ ਵਾਰ ਸ਼ਰਾਬ ਦੀ ਮਾਰਕੀਟ ਵਿੱਚ ਉਤਰਨ ਜਾ ਰਿਹਾ ਹੈ।
ਇਹ ਉਤਪਾਦ ਪਹਿਲਾਂ ਜਪਾਨ ਦੇ ਬਾਜ਼ਾਰਾਂ ਵਿੱਚ ਉਤਾਰਿਆ ਜਾਵੇਗਾ।
ਕੰਪਨੀ ਜਪਾਨ ਵਿੱਚ ਪਸੰਦ ਕੀਤੀ ਜਾਂਦੀ ਡਰਿੰਕ ਚੂ-ਹੀ ਦੀ ਵਧਦੀ ਮੰਗ ਤੋਂ ਲਾਭ ਉਠਾਉਣਾ ਚਾਹੁੰਦਾ ਹੈ।
ਇਸ ਵਿੱਚ 3 ਤੋਂ 8 ਫੀਸਦੀ ਸ਼ਰਾਬ ਹੁੰਦੀ ਹੈ।
ਕੋਕ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰਕਾਰ ਕੰਪਨੀ ਆਪਣੀ ਮਾਰਕਿਟ ਦੇ ਇੱਕ ਸੀਮਿਤ ਹਿੱਸੇ ਵਿੱਚ ਤਜ਼ਰਬਾ ਕਰਕੇ ਦੇਖ ਰਹੀ ਹੈ।
ਕੰਪਨੀ ਨਵੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ
ਕੋਕਾ ਕੋਲਾ ਜਾਪਾਨ ਦੇ ਪ੍ਰੈਜ਼ੀਡੈਂਟ ਜੋਰਗੇ-ਗਾਰਡੂਨੋ ਨੇ ਦੱਸਿਆ, 'ਅਸੀਂ ਇਸ ਤੋਂ ਪਹਿਲਾਂ ਘੱਟ ਮਿਕਦਾਰ ਵਿੱਚ ਸ਼ਰਾਬ ਵਾਲੇ ਉਤਪਾਦਾਂ ਵਿੱਚ ਕੋਈ ਤਜੁਰਬਾ ਨਹੀਂ ਕੀਤਾ ਪਰ ਇਹ ਇੱਕ ਮਿਸਾਲ ਹੈ ਕਿ ਅਸੀਂ ਕਿਵੇਂ ਆਪਣੇ ਕੋਰ ਉਤਪਾਦ ਤੋਂ ਬਾਹਰ ਸੰਭਾਵਨਾਵਾਂ ਤਲਾਸ਼ ਸਕਦੇ ਹਾਂ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਡਰਿੰਕ ਦੇ ਜਪਾਨ ਤੋਂ ਬਾਹਰ ਵੇਚੇ ਜਾਣ ਦੀ ਸੰਭਾਵਨਾ ਨਹੀਂ ਹੈ।
ਜਪਾਨ ਵਿੱਚ ਚੂ-ਹੀ ਉਤਪਾਦ ਬੀਅਰ ਦੇ ਬਦਲ ਵਜੋਂ ਵੇਚੀ ਜਾਂਦੀ ਹੈ ਤੇ ਔਰਤਾਂ ਵਿੱਚ ਕਾਫ਼ੀ ਪਸੰਦ ਕੀਤੀ ਜਾਂਦੀ ਹੈ।
ਪਹਿਲਾਂ ਵੀ ਵਿਕੇ ਹਨ ਅਜਿਹੇ ਉਤਪਾਦ
ਹੁਣ ਕਿਉਂਕਿ ਨਵੀਂ ਪੀੜ੍ਹੀ ਸਿਹਤ ਬਾਰੇ ਚੇਤਨ ਹੋ ਰਹੀ ਹੈ ਕੰਪਨੀ ਆਪਣੇ ਰਵਾਇਤੀ ਉਤਪਾਦ ਕੋਕਾ ਕੋਲਾ ਦੇ ਨਾਲ-ਨਾਲ ਹੋਰ ਉਤਪਾਦ ਵੀ ਬਣਾਉਣ ਲੱਗੀ ਹੈ। ਜਿਵੇਂ ਕਿ ਚਾਹ ਤੇ ਮਿਲਰਲ ਪਾਣੀ ਆਦਿ।
ਪਿਛਲੇ ਨਵੰਬਰ ਵਿੱਚ ਹੀ ਵੈਲਸ ਫਾਰਗੋ (ਲਾਸ ਏਂਜਲਸ ਆਧਾਰਿਤ ਇੱਕ ਵਿੱਤੀ ਕੰਪਨੀ) ਦੇ ਵਿਸ਼ਲੇਸ਼ਕ ਬੋਨੀ ਹਰਜ਼ੋਗ ਨੇ ਉਮੀਦ ਜਤਾਈ ਸੀ ਕਿ ਕੋਕਾ-ਕੋਲਾ ਸ਼ਰਾਬ ਦੀ ਮੰਡੀ ਵਿੱਚ ਆ ਸਕਦੀ ਹੈ।
ਐਲਕੋਪੋਪ ਨਾਮ ਉਨ੍ਹਾਂ ਉਤਪਾਦਾਂ ਨੂੰ ਦਿੱਤਾ ਜਾਂਦਾ ਹੈ, ਜੋ ਮਿੱਠੇ ਹੁੰਦੇ ਹਨ ਪਰ ਇਨ੍ਹਾਂ ਵਿੱਚ ਸ਼ਰਾਬ ਵੀ ਹੁੰਦੀ ਹੈ। 1990 ਦੇ ਦਹਾਕੇ ਵਿੱਚ ਬਰਾਤਾਨੀਆ ਵਿੱਚ ਅਜਿਹੇ ਕਈ ਉਤਪਾਦ ਪ੍ਰਸਿੱਧ ਰਹੇ ਹਨ।
ਹਾਲਾਂ ਕਿ ਇਨ੍ਹਾਂ ਦੁਆਲੇ ਵਿਵਾਦ ਵੀ ਉਠਦੇ ਰਹੇ ਕਿ ਇਹ ਨੌਜਵਾਨਾਂ ਵਿੱਚ ਸ਼ਰਾਬ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਗੇ।