ਬੀਬੀਸੀ ਪੱਤਰਕਾਰ ਵੱਲੋਂ ਰੂਸ ਦੇ ਐੱਮਪੀ 'ਤੇ ਸ਼ੋਸ਼ਣ ਦੇ ਇਲਜ਼ਾਮ

    • ਲੇਖਕ, ਨੀਨਾ ਨਜ਼ਰੋਵਾ
    • ਰੋਲ, ਬੀਬੀਸੀ ਰੂਸੀ ਸੇਵਾ

ਬੀਬੀਸੀ ਦੀ ਇੱਕ ਪੱਤਰਕਾਰ ਨੇ ਇਲਜ਼ਾਮ ਲਾਇਆ ਸੀ ਕਿ ਇੱਕ ਸੀਨੀਅਰ ਸਿਆਸੀ ਆਗੂ ਲਿਓਨੀਡ ਸਲਤਸਕੀ ਨੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਬੀਬੀਸੀ ਦੀ ਰੂਸੀ ਸੇਵਾ ਦੀ ਫਰੀਦਾ ਰੁਸਤਾਮੋਵਾ ਉਨ੍ਹਾਂ ਉੱਪਰ ਅਜਿਹੇ ਇਲਜ਼ਾਮ ਲਾਉਣ ਵਾਲੀ ਤੀਜੀ ਪੱਤਰਕਾਰ ਹੈ।

ਲਿਓਨੀਡ ਸਲਤਸਕੀ ਨੇ ਇਲਜ਼ਾਮਾਂ ਨੂੰ ਖਾਰਿਜ ਕਰਦਿਆਂ ਮਹਿਲਾ ਨੂੰ ਮੁੱਕਦਮੇਬਾਜ਼ੀ ਦੀ ਧਮਕੀ ਦਿੱਤੀ ਹੈ।

ਰੂਸ ਵਿੱਚ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਓਨੀ ਵੱਡੀ ਬਹਿਸ ਨਹੀਂ ਛਿੜੀ ਹੈ ਜਿੰਨੀ ਯੂਰਪ ਅਤੇ ਅਮਰੀਕਾ ਹੁੰਦੀ ਹੈ।

ਬੀਬੀਸੀ ਕੋਲ ਰਿਕਾਰਡਿੰਗ ਮੌਜੂਦ

ਫਰੀਦਾ ਰੁਸਤਾਮੋਵਾ ਨੇ ਇੱਕ ਸਾਲ ਪਹਿਲਾਂ ਹੋਈ ਇਸ ਘਟਨਾ ਦੀ ਆਵਾਜ਼ ਰਿਕਾਰਡ ਕਰ ਲਈ ਸੀ।

ਇਹ ਰਿਕਾਰਡਿੰਗ ਬੀਬੀਸੀ ਕੋਲ ਹੈ ਜਿਸ ਨੇ ਇਸਨੂੰ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਲਿਆ।

ਫਰੀਦਾ ਰੁਸਤਾਮੋਵਾ 24 ਮਾਰਚ 2017 ਨੂੰ ਲਿਓਨੀਡ ਸਲਤਸਕੀ ਨੂੰ ਮਿਲੀ ਸੀ।

ਸਲਤਸਕੀ ਉਸ ਸਮੇਂ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ ਸਨ, ਨੂੰ

ਉਸ ਸਮੇਂ ਫਰਾਂਸ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਰੀਨ ਲੇ ਪੈਨ ਨੇ ਰੂਸੀ ਫੇਰੀ ਉੱਤੇ ਆਉਣਾ ਸੀ।

ਫਰੀਦਾ ਰੁਸਤਾਮੋਵਾ ਇਸ ਬਾਰੇ ਸਲਤਸਕੀ ਦੇ ਵਿਚਾਰ ਜਾਨਣ ਗਏ ਸਨ।

ਕੀ ਹੈ ਰਿਕਾਰਡਿੰਗ ਵਿੱਚ ?

ਗੱਲਬਾਤ ਦੌਰਾਨ ਸਲਤਸਕੀ ਨੇ ਅਚਾਨਕ ਫਰੀਦਾ ਰੁਸਤਾਮੋਵਾ ਨੂੰ ਪੁੱਛਿਆ ਕਿ ਕੀ ਉਹ ਉਨ੍ਹਾਂ ਨਾਲ ਕੰਮ ਕਰਨ ਲਈ ਬੀਬੀਸੀ ਛੱਡ ਦੇਣਗੇ।

ਜਦੋਂ ਫਰੀਦਾ ਰੁਸਤਾਮੋਵਾ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਤਾਂ ਸਲਤਕੀ ਨੇ ਸ਼ਕਾਇਤ ਦੇ ਲਹਿਜ਼ੇ ਵਿੱਚ ਕਿਹਾ," ਤੁਸੀਂ ਮੈਥੋਂ ਦੂਰ ਹੋਣ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਮੈਨੂੰ ਕਿਸ ਨਹੀਂ ਕਰਨਾ ਚਾਹੁੰਦੇ, ਤੁਸੀਂ ਮੇਰੀਆ ਭਾਵਨਾਵਾਂ ਠੇਸ ਪਹੁੰਚਾਈ ਹੈ।"

ਰਿਕਾਰਡਿੰਗ ਵਿੱਚ ਫਰੀਦਾ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਨ੍ਹਾਂ ਦਾ ਇੱਕ ਬੁਆਏ ਫਰੈਂਡ ਹੈ ਜਿਸ ਨਾਲ ਉਹ ਵਿਆਹ ਕਰਾਉਣਾ ਚਾਹੁੰਦੇ ਹਨ।

ਇਸ 'ਤੇ ਸਲਤਸਕੀ ਨੇ ਕਿਹਾ, "ਵਧੀਆ ਤੁਸੀਂ ਉਸਦੀ ਪਤਨੀ ਤੇ ਮੇਰੀ ਰਖੇਲ ਬਣੋਗੇ।"

ਸਾਡੇ ਪੱਤਰਕਾਰ ਨੇ ਦੱਸਿਆ ਕਿ ਆਗੂ ਉਨ੍ਹਾਂ ਕੋਲ ਆਇਆ ਤੇ ਉਨ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕੀਤੀ।

ਫਰੀਦਾ ਰੁਸਤਾਮੋਵਾ ਨੇ ਦੱਸਿਆ ਕਿ ਮੈਨੂੰ ਨਹੀਂ ਪਤਾ ਕਿ ਕੀ ਹੋਇਆ ਸੀ।

"ਮੇਰੀ ਜਿਵੇਂ ਆਵਾਜ਼ ਹੀ ਬੰਦ ਹੋ ਗਈ ਸੀ, ਬੋਲਿਆ ਹੀ ਨਹੀਂ ਸੀ ਜਾ ਰਿਹਾ।"

ਲਿਓਨੀਡ ਸਲਤਕੀ ਪੱਤਰਕਾਰ ਦੇ ਵੇਰਵਿਆਂ ਨਾਲ ਸਹਿਮਤ ਨਹੀਂ ਸਨ।

ਉਨ੍ਹਾਂ ਕਿਹਾ ਕਿ ਮੈਂ ਅਜਿਹਾ ਨਹੀਂ ਕੀਤਾ।

ਸਲਤਸਕੀ ਨੇ ਕੋਈ ਪ੍ਰਤਕਿਰਿਆ ਨਹੀਂ ਦਿੱਤੀ

ਬੀਬੀਸੀ ਨੇ ਸਲਤਸਕੀ ਨੂੰ ਉਨ੍ਹਾਂ ਦਾ ਪੱਖ ਜਾਨਣ ਲਈ ਕਿਹਾ ਪਰ ਕੋਈ ਉੱਤਰ ਨਹੀਂ ਆਇਆ।

ਫਰੀਦਾ ਰੁਸਤਾਮੋਵਾ ਤੋਂ ਪਹਿਲਾਂ ਯਕਟਰੀਨਾ ਕਟੋਰੀਕਡਜ਼ਾ ਜੋ ਕਿ ਆਰਟੀਵੀਆਈ ਦੀ ਉਪ ਸੰਪਾਦਕ ਹੈ ਅਤੇ ਟੀਵੀ ਰੇਨ ਦੀ ਨਿਰਦੇਸ਼ਕ ਦਾਰੀਆ ਜ਼ੁਕ ਨੇ ਸਲਤਸਕੀ ਉੱਪਰ ਪਿਛਲੇ ਦੋ ਹਫਤਿਆਂ ਦੌਰਾਨ ਜਿਨਸੀ ਦੁਰਵਿਹਾਰ ਦੇ ਇਲਜ਼ਾਮ ਲਾਏ ਹਨ।

ਰਾਸ਼ਟਰਪਤੀ ਪੂਤਿਨ ਦੀਆਂ ਚੋਣਾਂ ਤੋਂ ਬਾਅਦ ਸਲਤਸਕੀ ਇਨ੍ਹਾਂ ਇਲਜ਼ਾਮਾਂ ਨੂੰ ਸਿਆਸੀ ਤੌਰ 'ਤੇ ਪ੍ਰੇਰਿਤ ਦੱਸਿਆ। ਉਨ੍ਹਾਂ ਬੀਬੀਸੀ ਪੱਤਰਕਾਰਾਂ ਨੂੰ ਦੱਸਿਆ, "ਉਨ੍ਹਾਂ ਤੋਂ ਇਹ ਸਭ ਲਿਖਵਾਇਆ ਗਿਆ ਹੈ।"

ਰੂਸ ਦੇ ਹੇਠਲੇ ਸਦਨ ਨੇ ਇਲਜ਼ਾਮ ਲਾਉਣ ਵਾਲੀਆਂ ਪੱਤਰਕਾਰਾਂ ਨੂੰ ਕਿਹਾ ਹੈ ਕਿ ਸਲਤਸਕੀ ਖਿਲਾਫ਼ ਇਲਜ਼ਾਮ ਸਾਬਤ ਨਹੀਂ ਹੋਏ ਤੇ ਉਹ ਸੰਸਦ ਦੀ ਨੈਤਿਕਤਾ ਕਮੇਟੀ ਨੂੰ ਰਿਪੋਰਟ ਕਰਨ।

ਡੂਮਾ ਦੇ ਸਪੀਕਰ ਨੇ ਰੂਸੀ ਅਖ਼ਬਾਰ ਵੈਡੋਮੋਸਤੀ ਨੂੰ ਕਿਹਾ, "ਸਿਆਸਤ ਸਿਆਸਤਦਾਨਾਂ ਲਈ ਛੱਡ ਦੇਈਏ ਪਰ ਹਰ ਕਹਾਣੀ ਦੇ ਦੋ ਪਹਿਲੂ ਹੁੰਦੇ ਹਨ।"

"ਇਸ ਲਈ ਜੇ ਜਾਂਚ ਮਗਰੋਂ ਇਹ ਉਕਸਾਹਟ ਦਾ ਮਾਮਲਾ ਨਿਕਲਿਆ ਤਾਂ ਫੇਰ ਅਸੀਂ ਕੀ ਕਰਾਂਗੇ? ਜੇ ਤੁਸੀਂ ਕਿਸੇ ਨੂੰ ਦੁਖੀ ਕੀਤਾ ਹੈ ਤਾਂ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਜੇ ਤੁਸੀਂ ਕਿਸੇ ਨੂੰ ਉਕਸਾਇਆ ਹੈ ਤਾਂ ਤੁਹਾਨੂੰ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ।"

ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀਆਂ ਪੱਤਰਕਾਰਾਂ ਨੂੰ ਰੂਸੀ ਸੰਸਦ ਨੂੰ ਕਵਰ ਕਰਨ ਵਿੱਚ ਡਰ ਲਗਦਾ ਹੈ ਉਨ੍ਹਾਂ ਨੂੰ ਕਿਤੇ ਹੋਰ ਕੰਮ ਕਰਨਾ ਚਾਹੀਦਾ ਹੈ।

ਫਰੀਦਾ ਰੁਸਤਾਮੋਵਾ ਫਿਲਹਾਲ ਸੰਸਦ ਦੀ ਨੈਤਿਕਤਾ ਕਮੇਟੀ ਨੂੰ ਰਿਪੋਰਟ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਸਲਤਸਕੀ ਨੇ ਕਦੇ ਵੀ ਮਾਫੀ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ।

ਰੂਸ ਦੇ ਕਾਨੂੰਨ ਵਿੱਚ ਜਿਨਸੀ ਸ਼ੋਸ਼ਣ ਸ਼ਾਮਲ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)