You’re viewing a text-only version of this website that uses less data. View the main version of the website including all images and videos.
Ground Report: ਮਾਰਕਸਵਾਦ ਦੇ ਗੜ੍ਹ 'ਚ 'ਲੈਨਿਨ' ਅਸੁਰੱਖਿਅਤ?
- ਲੇਖਕ, ਸਲਮਾਨ ਰਾਵੀ
- ਰੋਲ, ਬੀਬੀਸੀ ਪੱਤਰਕਾਰ
"ਲੈਨਿਨ, ਸਟਾਲਿਨ, ਸਭ ਨੂੰ ਜਾਣਾ ਹੋਵੇਗਾ। ਮੂਰਤੀਆਂ ਖਤਮ ਅਤੇ ਹੁਣ ਉਨ੍ਹਾਂ ਦੇ ਨਾਂ ਵਾਲੀਆਂ ਸੜਕਾਂ ਵੀ ਖਤਮ ਹੋਣਗੀਆਂ।''
ਇਹ ਸ਼ਬਦ ਤ੍ਰਿਪੁਰਾ ਦੇ ਬੇਲੋਨੀਆ ਤੋਂ ਭਾਜਪਾ ਦੇ ਨਵੇਂ ਚੁਣੇ ਗਏ ਵਿਧਾਇਕ ਅਰੁਣ ਚੰਦਰ ਭੌਮਿਕ ਦੇ ਹਨ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਿਤਾਬਾਂ 'ਚੋਂ ਵੀ ਇਨ੍ਹਾਂ ਨੂੰ ਮਿਟਾਇਆ ਜਾਏਗਾ ਕਿਉਂਕਿ ਇਹ ਸਾਡੇ ਵਿਰਸੇ ਦਾ ਹਿੱਸਾ ਨਹੀਂ ਹਨ।
ਲੈਨਿਨਗ੍ਰੇਡ ਮੰਨੇ ਜਾਣ ਵਾਲੇ ਤ੍ਰਿਪੁਰਾ ਦਾ ਦੱਖਣੀ ਹਿੱਸਾ ਹੁਣ ਲੈਨਿਨ ਦੇ ਬਿਨਾਂ ਹੀ ਰਹਿ ਗਿਆ ਹੈ।
ਕਮਿਊਨਿਸਟ ਦਾ ਗੜ੍ਹ ਰਹੇ ਉੱਤਰ ਪੂਰਬੀ ਭਾਰਤ ਵਿੱਚ ਇੱਕ ਤੋਂ ਬਾਅਦ ਇੱਕ ਲੈਨਿਨ ਦੀਆਂ ਮੂਰਤੀਆਂ ਢਾਈਆਂ ਜਾ ਰਹੀਆਂ ਹਨ।
ਭਾਜਪਾ ਦੇ ਗਠਬੰਧਨ ਦੀ ਜਿੱਤ ਤੋਂ ਬਾਅਦ ਸੂਬੇ ਵਿੱਚ ਹਾਲਾਤ ਬਦਲ ਰਹੇ ਹਨ।
ਦੋ ਦਹਾਕਿਆਂ ਤਕ ਸੱਤਾ ਵਿੱਤ ਰਹਿਣ ਵਾਲੇ ਕਮਿਊਨਿਸਟ ਪਾਰਟੀ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਦੱਖਣਪੰਥੀ ਉਨ੍ਹਾਂ ਦੇ ਪਾਰਟੀ ਦਫਤਰਾਂ ਅਤੇ ਕਾਰਜਕਰਤਾਵਾਂ 'ਤੇ ਹਮਲੇ ਕਰ ਰਹੇ ਹਨ।
ਲੈਨਿਨ ਦੀ ਪਹਿਲੀ ਮੂਰਤੀ ਦੱਖਣੀ ਤ੍ਰਿਪੁਰਾ ਦੇ ਬੇਲੋਨੀਆ ਕਾਲਜ ਸਕੁਏਰ ਵਿੱਚ ਢਾਈ ਗਈ।
ਇਸੇ ਖੇਤਰ ਤੋਂ ਲੈਫਟ ਦੇ ਨੇਤਾ ਬਸੁਦੇਬ ਮਜੂਮਦਾਰ ਚਾਰ ਵਾਰ ਵਿਧਾਇਕ ਰਹਿ ਚੁਕੇ ਹਨ ਪਰ ਇਸ ਵਾਰ ਭਾਜਪਾ ਦੇ ਅਰੁਣ ਚੰਦਰ ਭੌਮਿਕ ਤੋਂ ਸਿਰਫ 735 ਵੋਟਾਂ ਤੋਂ ਹਾਰ ਗਏ।
ਸੁੰਨਸਾਨ ਸੜਕਾਂ, ਡਰ ਵਿੱਕ ਲੋਕ
ਰਵਿਵਾਰ ਸਵੇਰੇ ਭੌਮਿਕ ਦੀ ਜਿੱਤ ਦਾ ਜਸ਼ਨ ਮਨਾ ਰਹੀ ਭੀੜ ਨੇ ਲੈਨਿਨ ਦੀ ਮੂਰਤੀ 'ਤੇ ਬੁਲਡੋਜ਼ਰ ਚੜ੍ਹਾ ਦਿੱਤਾ।
ਸੋਮਵਾਰ ਸ਼ਾਮ ਨੂੰ ਅਗਰਤਲਾ ਤੋਂ 150 ਕਿਲੋਮੀਟਰ ਦੀ ਦੂਰੀ 'ਤੇ ਸਬਰੂਮ ਵਿੱਚ ਵੀ ਲੈਨਿਨ ਦੀ ਮੂਰਤੀ ਤੋੜੀ ਗਈ ਸੀ।
ਮੰਗਲਵਾਰ ਨੂੰ ਬੇਲੋਨੀਆ ਦੇ ਜ਼ਿਲਾ ਪ੍ਰਸ਼ਾਸਨ ਨੇ ਸ਼ਾਂਤੀ ਸਥਾਪਤ ਕਰਨ ਲਈ ਸਾਰੀਆਂ ਪਾਰਟੀਆਂ ਦੀ ਮੀਟਿੰਗ ਸੱਦੀ, ਧਾਰਾ 144 ਵੀ ਲਾਗੂ ਸੀ।
ਸੜਕਾਂ ਸੁੰਨਸਾਨ ਸਨ ਅਤੇ ਦੁਕਾਨਾਂ ਬੰਦ ਕਿਉਂਕਿ ਲੋਕ ਘਰਾਂ ਵਿੱਚ ਰਹਿਣਾ ਹੀ ਮੁਨਾਸਿਬ ਸਮਝ ਰਹੇ ਸਨ।
ਕਾਲੇਜ ਸਕੁਏਰ ਦੇ ਨੇੜੇ ਸਿਰਫ ਇੱਕ ਦੁਕਾਨ ਖੁੱਲੀ ਸੀ ਜਿਸ 'ਤੇ ਨੌਜਵਾਨ ਕੁੜੀ ਬੈਠੀ ਸੀ।
ਕੈਮਰਾ ਵੇਖ ਉਹ ਇੱਕ ਦਮ ਬੋਲੀ, ''ਮੈਂ ਉੱਥੇ ਨਹੀਂ ਸੀ। ਮੇਰੇ ਪਰਿਵਾਰ ਦਾ ਵੀ ਕੋਈ ਨਹੀਂ ਸੀ, ਅਸੀਂ ਕੁਝ ਨਹੀਂ ਵੇਖਿਆ।''
ਮੂਰਤੀ ਢਾਉਣ ਵਾਲੀ ਥਾਂ ਦੇ ਕੋਲ ਹੀ ਇੱਕ ਪੁਲਿਕ ਬੈਰਕ, ਸਥਾਨਕ ਐਸਪੀ ਅਤੇ ਡੀਐਮ ਦਾ ਦਫਤਰ ਹੈ।
ਇੱਕ ਸਥਾਨਕ ਚਸ਼ਮਦੀਦ ਨੇ ਦੱਸਿਆ ਇਸ ਦੇ ਬਾਵਜੂਦ ਭੀੜ ਨੇ ਆਪਣਾ ਕੰਮ ਜਾਰੀ ਰੱਖਿਆ।
ਕੁਝ ਹੀ ਦੂਰੀ 'ਤੇ ਸੀਪੀਐਮ ਦੇ ਪਾਰਟੀ ਦਫਤਰ 'ਤੇ ਤਾਲਾ ਲੱਗਿਆ ਹੋਇਆ ਹੈ।
ਇੱਥੇ ਕੁਝ ਬਾਈਕ ਸਵਾਰ ਲੋਕਾਂ ਨੇ ਮੇਰੇ ਤੋਂ ਪੁੱਛਗਿੱਛ ਕੀਤੀ। ਮੇਰੇ ਪੁੱਛਣ 'ਤੇ ਉਨ੍ਹਾਂ ਘਟਨਾ ਬਾਰੇ ਕੁਝ ਨਹੀਂ ਦੱਸਿਆ।
ਜਦ ਉਹ ਚਲੇ ਗਏ ਤਾਂ ਇੱਕ ਸਥਾਨਕ ਦੁਕਾਨਦਾਰ ਨੇ ਦੱਸਿਆ ਕਿ ਇਨ੍ਹਾਂ 'ਚੋਂ ਕੁਝ ਉਸ ਵੇਲੇ ਉੱਥੇ ਮੌਜੂਦ ਸਨ ਜਦ ਲੈਨਿਨ ਦੀ ਮੂਰਤੀ ਢਾਈ ਜਾ ਰਹੀ ਸੀ।
ਲੈਫਟ 'ਤੇ ਭਾਜਪਾ ਨੂੰ ਬਦਨਾਮ ਕਰਨ ਦਾ ਆਰੋਪ
ਭਾਜਪਾ ਦੇ ਸਥਾਨਕ ਪਾਰਟੀ ਦਫਤਰ ਵਿੱਚ ਕਾਫੀ ਗਹਿਮਾਗਹਿਮੀ ਸੀ।
ਦਫ਼ਤਰ ਦੇ ਮੈਨੇਜਰ ਸ਼ਾਨਤਨੂ ਦੱਤਾ ਨੇ ਕਿਹਾ ਕਿ ਭਾਜਪਾ ਦੇ ਸਦੱਸਿਆਂ ਦਾ ਮੂਰਤੀ ਢਾਉਣ ਵਿੱਚ ਕੋਈ ਹੱਥ ਨਹੀਂ ਹੈ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਸੀਪੀਆਈਐਮ ਦੇ ਵਰਕਰਾਂ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਭਾਜਪਾ ਦੀਆਂ ਹੀ ਟੀ-ਸ਼ਰਟਾਂ ਪਾ ਕੇ ਇਹ ਕੰਮ ਕੀਤਾ।
2014 ਵਿੱਚ ਯੂਕਰੇਨ ਵਿਖੇ ਵੀ ਕਈ ਮੂਰਤੀਆਂ ਢਾਈਆਂ ਗਈਆਂ ਸਨ।
ਸੀਪੀਆਈਐਮ ਦੇ ਦੀਪਾਂਕਰ ਸੇਨ ਕਹਿੰਦੇ ਹਨ ਕਿ ਮੂਰਤੀ ਜਨਤਾ ਦੇ ਪੈਸੇ ਤੋਂ ਬਣਾਈ ਗਈ ਸੀ ਅਤੇ ਸਥਾਨਕ ਨਗਰਪਾਲਿਕਾ ਨੇ ਉਨ੍ਹਾਂ ਦਾ ਨਿਰਮਾਣ ਕੀਤਾ ਸੀ।
ਉਨ੍ਹਾਂ ਬੀਬੀਸੀ ਨੂੰ ਦੱਸਿਆ ਕਿ ਇਸ ਵਜ੍ਹਾ ਕਰਕੇ ਕਮਿਊਨਿਸਟ ਨੇਤਾ ਅਤੇ ਵਰਕਰ ਡਰੇ ਹੋਏ ਹਨ।
ਅਰੁਣ ਚੰਦਰ ਭੌਮਿਕ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੁਣ ਅੰਗਰੇਜ਼ਾਂ ਨਾਲ ਲੜਣ ਵਾਲੇ ਜਾਂ ਫਿਰ ਪੰਡਿਤ ਦੀਨਦਯਾਲ ਵਰਗੇ ਦੱਖਣਪੰਥੀ ਵਿਚਾਰਕਾਂ ਦੀਆਂ ਮੂਰਤੀਆਂ ਲਗਵਾਉਣਗੇ।
ਕੁਝ ਕਮਿਊਨਿਸਟ ਨੇਤਾ ਇਹ ਕਹਿ ਰਹੇ ਹਨ ਕਿ ਇਹ ਸਭ ਗਵਰਨਰ ਤਥਾਗਤ ਰਾਇ ਦੇ ਟਵੀਟ ਤੋਂ ਬਾਅਦ ਹੋਇਆ ਹੈ।
ਟਵੀਟ ਵਿੱਚ ਲਿਖਿਆ ਸੀ, ''ਜੋ ਕੰਮ ਲੋਕਤੰਤਰ ਦੇ ਤਰੀਕੇ ਨਾਲ ਚੁਣੀ ਹੋਈ ਸਰਕਾਰ ਕਰ ਸਕਦੀ ਹੈ, ਉਸ ਕੰਮ ਨੂੰ ਲੋਕਤੰਤਰ ਦੇ ਤਰੀਕੇ ਨਾਲ ਚੁਣੀ ਹੋਈ ਸਰਕਾਰ ਤਬਾਹ ਵੀ ਕਰ ਸਕਦੀ ਹੈ।''