ਸੁੱਚਾ ਸਿੰਘ ਲੰਗਾਹ ਵਾਲਾ ਕੇਸ ਮੁੜ ਚਰਚਾ 'ਚ ਕਿਉਂ ਹੈ ?

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਨੇਤਾ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਬਲਾਤਕਾਰ, ਧੋਖਾਧੜੀ ਦੇ ਇਲਜ਼ਾਮਾਂ ਅਤੇ ਪੀੜਤ ਔਰਤ ਵੱਲੋਂ ਅਦਾਲਤ 'ਚ ਮੁਕਰਨ ਵਾਲਾ ਮਾਮਲਾ ਇੱਕ ਵਾਰ ਫ਼ਿਰ ਚਰਚਾ ਵਿੱਚ ਆ ਗਿਆ ਹੈ।

ਪੰਜਾਬ ਹਿਊਮਨ ਰਾਈਟਸ ਆਰਗਨਾਈਜੇਸ਼ਨ ਦੇ ਚੇਅਰਮੈਨ ਜਸਟਿਸ ਅਜੀਤ ਸਿੰਘ ਬੈਂਸ (ਰਿਟਾ.) ਨੇ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।

ਉਨ੍ਹਾਂ ਪੰਜਾਬ ਦੇ ਡੀਜੀਪੀ ਅਤੇ ਗ੍ਰਹਿ ਮੰਤਰਾਲੇ ਤੇ ਨਿਆਂ ਵਿਭਾਗ ਦੇ ਸਕੱਤਰ ਨੂੰ ਇਸ ਮਾਮਲੇ ਨੂੰ ਲੈ ਕੇ ਚਿੱਠੀ ਲਿਖੀ ਹੈ।

ਆਪਣੇ ਪੱਧਰ 'ਤੇ ਕਰਵਾਈ ਗਈ ਜਾਂਚ ਦੇ ਆਧਾਰ 'ਤੇ ਜਸਟਿਸ ਬੈਂਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਦੀ ਕਾਰਗੁਜ਼ਾਰੀ ਦੀ ਮੁਕੰਮਲ ਜਾਂਚ ਹੋਵੇ।

ਇਸ ਸੰਬੰਧ ਵਿੱਚ ਜਸਟਿਸ ਬੈਂਸ ਨੇ ਆਪਣੇ ਦਾਅਵਿਆਂ ਨੂੰ ਮਜ਼ਬੂਤ ਕਰਨ ਲਈ ਕੁਝ ਦਸਤਾਵੇਜ਼ ਅਤੇ ਕੁਝ ਤਾਰੀਖਾਂ ਦਾ ਹਵਾਲਾ ਵੀ ਦਿੱਤਾ ਹੈ।

ਲੰਗਾਹ ਖ਼ਿਲਾਫ਼ ਕੀ ਸੀ ਮਾਮਲਾ?

ਪਿਛਲੇ ਸਾਲ ਅਕਤੂਬਰ ਵਿੱਚ ਜ਼ਿਲਾ ਗੁਰਦਾਸਪੁਰ ਦੀ ਰਹਿਣ ਵਾਲੀ ਇੱਕ ਵਿਧਵਾ ਔਰਤ ਨੇ ਲੰਗਾਹ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ।

ਸ਼ਿਕਾਇਤ 'ਚ ਉਸ ਔਰਤ ਨੇ ਕਿਹਾ ਸੀ ਕਿ ਲੰਗਾਹ ਉਸ ਨਾਲ 2009 ਤੋਂ ਬਲਾਤਕਾਰ ਕਰ ਰਹੇ ਸਨ।

ਪੀੜਤ ਔਰਤ ਨੇ ਲੰਗਾਹ 'ਤੇ ਪੈਸੇ ਹੜੱਪਣ ਦੇ ਵੀ ਇਲਜ਼ਾਮ ਲਾਏ ਸਨ।

ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ 2008 'ਚ ਉਸਦੇ ਪਤੀ ਦੀ ਮੌਤ ਹੋ ਗਈ ਸੀ।

ਇਸ ਸੰਬੰਧ ਵਿੱਚ ਗੁਰਦਾਸਪੁਰ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਹੀ ਮਹਿਲਾ ਅਤੇ ਲੰਗਾਹ ਦਾ ਕਥਿਤ ਤੌਰ 'ਤੇ ਇੱਕ ਅਸ਼ਲੀਲ ਵੀਡੀਓ ਵੀ ਵਾਇਰਲ ਹੋਇਆ ਸੀ।

ਅਦਾਲਤ ਵਿੱਚ ਕੀ ਹੋਇਆ?

28 ਫ਼ਰਵਰੀ 2018 ਨੂੰ ਔਰਤ ਗੁਰਦਾਸਪੁਰ ਦੀ ਅਦਾਲਤ ਵਿੱਚ ਲੰਗਾਹ 'ਤੇ ਲਗਾਏ ਗਏ ਇਲਜ਼ਾਮਾਂ ਤੋਂ ਮੁੱਕਰ ਗਈ।

ਮਹਿਲਾ ਨੇ ਕਿਹਾ ਸੀ ਕਿ ਉਸਤੋਂ ਸਭ ਕੁਝ ਜ਼ਬਰਨ ਕਰਵਾਇਆ ਗਿਆ ਸੀ।

ਇਸ ਕੇਸ ਦੀ ਅਗਲੀ ਸੁਣਵਾਈ 12 ਮਾਰਚ ਨੂੰ ਹੋਵੇਗੀ।

ਲੰਗਾਹ ਨੂੰ ਲੱਗੇ ਸੀ ਸਿਆਸੀ ਤੇ ਪੰਥਕ ਝਟਕੇ

  • ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਆਗੂ ਨੂੰ ਰਹਿਤ ਮਰਿਆਦਾ 'ਚ ਦਰਜ ਬੱਜਰ ਕੁਰਹਿਤ ਦਾ ਦੋਸ਼ੀ ਪਾਇਆ ਗਿਆ।
  • ਸੁੱਚਾ ਸਿੰਘ ਲੰਗਾਹ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ।
  • ਲੰਗਾਹ ਐੱਸਜੀਪੀਸੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਵੀ ਸਨ।
  • ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲੱਗਣ ਤੋਂ ਬਾਅਦ ਪਾਰਟੀ ਵਿੱਚੋਂ ਕੱਢ ਦਿੱਤਾ ਸੀ।

ਹੁਣ ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਕੀਤੀ ਮੰਗ ਨੇ ਇਸ ਕੇਸ ਨੂੰ ਲੈ ਕੇ ਨਵੇਂ ਸਿਰੇ ਤੋਂ ਚਰਚਾ ਛੇੜ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)