You’re viewing a text-only version of this website that uses less data. View the main version of the website including all images and videos.
ਹੁਣ ਪਹਿਲਵਾਨ ਨਵਜੋਤ ਕੌਰ ਦੇ ਮੋਢਿਆਂ 'ਤੇ ਚਮਕਣਗੇ ਸਿਤਾਰੇ
- ਲੇਖਕ, ਜਸਪਾਲ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਨਵਜੋਤ ਕੌਰ ਨੂੰ ਪੰਜਾਬ ਸਰਕਾਰ ਨੇ ਪੁਲਿਸ ਵਿੱਚ ਡੀਐੱਸਪੀ ਦਾ ਅਹੁਦਾ ਦੇਣ ਦਾ ਐਲਾਨ ਕੀਤਾ ਹੈ।
ਨਵਜੋਤ ਕੌਰ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ।
ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਹੈ ਨਵਜੋਤ ਕੌਰ।
ਨਵਜੋਤ ਕੌਰ ਦੇ ਪਿਤਾ ਦਾ ਲੋਕਾਂ ਦੀਆਂ ਵਧਾਈਆਂ ਸਵੀਕਾਰ ਕਰਦੇ-ਕਰਦੇ ਗਲਾ ਖ਼ਰਾਬ ਹੋ ਗਿਆ ਸੀ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਵੀ ਖ਼ਰਾਬ ਗਲੇ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਸੀ। ਪਰ ਕੌਮਾਂਤਰੀ ਅਖਾੜੇ ਵਿੱਚ ਉਨ੍ਹਾਂ ਦੀ ਧੀ ਦੀ ਜਿੱਤ ਦਾ ਡੰਕਾ ਪੂਰੀ ਦੁਨੀਆਂ ਵਿੱਚ ਵੱਜ ਗਿਆ।
ਦਿੱਲੀ ਵਿੱਚ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ ਨਵਜੋਤ ਕੌਰ ਨੇ। ਨਵਜੋਤ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਾਗੜੀਆਂ ਪਿੰਡ ਦੀ ਰਹਿਣ ਵਾਲੀ ਹੈ।
ਰੈਸਲਰ ਬਣਨ ਦੇ ਲਈ ਤੁਹਾਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ?
ਨਵਜੋਤ: ਸਭ ਤੋਂ ਜ਼ਰੂਰੀ ਹੁੰਦਾ ਹੈ ਪਰਿਵਾਰ ਦਾ ਸਮਰਥਨ। ਮੇਰੇ ਪਿਤਾ ਅਤੇ ਭੈਣ ਨੇ ਮੇਰੀ ਬਹੁਤ ਮਦਦ ਕੀਤੀ।
ਜਦੋਂ ਮੈਂ ਰੈਸਲਿੰਗ ਸ਼ੁਰੂ ਕੀਤੀ ਸੀ ਤਾਂ ਲੋਕ ਮੇਰੇ ਪਿਤਾ ਨੂੰ ਬੋਲਦੇ ਸਨ ਕਿ ਇਹ ਤਾਂ ਮੁੰਡਿਆਂ ਦੀ ਖੇਡ ਹੈ।
ਕੁੜੀਆਂ ਰੈਸਲਿੰਗ ਕਰਦੀਆਂ ਚੰਗੀਆਂ ਨਹੀਂ ਲਗਦੀਆਂ ਪਰ ਮੈਂ ਕਿਸੇ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ।
ਮੈਂ ਚਾਹੁੰਦੀ ਸੀ ਕਿ ਲੋਕ ਮੇਰੇ ਪਿੰਡ ਬਾਗੜੀਆਂ ਨੂੰ ਵੀ ਜਾਣਨ। ਅੱਜ ਸਭ ਤਰਨ ਤਾਰਨ ਨੂੰ ਜਾਣਦੇ ਹਨ।
ਤੁਸੀਂ ਫਿਟਨੈੱਸ ਲਈ ਕੀ ਕਰਦੇ ਹੋ?
ਖਾਣ-ਪੀਣ ਦਾ ਧਿਆਨ ਬਹੁਤ ਜ਼ਰੂਰੀ ਹੈ। ਤਾਕਤ ਦੀ ਲੋੜ ਹੁੰਦੀ ਹੈ ਇਸ ਲਈ ਦੁਧ-ਘਿਓ ਖਾਓ।
ਰੈਸਲਿੰਗ ਲਈ ਲੋੜੀਂਦਾ ਭਾਰ ਸੈੱਟ ਕਰਨ ਵੇਲੇ ਕੋਈ ਵੀ ਜੰਕ ਫੂਡ ਨਹੀਂ ਖਾਈ ਦਾ।
ਕਸਰਤ ਬਹੁਤ ਜ਼ੂਰੂਰੀ ਹੈ। ਮੈਂ ਪ੍ਰੈਕਟਿਸ ਵੇਲੇ ਸਵੇਰੇ ਤਿੰਨ ਘੰਟੇ ਅਤੇ ਤਿੰਨ ਘੰਟੇ ਸ਼ਾਮ ਨੂੰ ਕਸਰਤ ਕਰਦੀ ਹਾਂ।
ਤੁਹਾਡਾ ਪਸੰਦੀਦਾ ਖਾਣਾ ਕਿਹੜਾ ਹੈ?
ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਲੱਸੀ, ਮੱਖਣ ਮੈਨੂੰ ਬਹੁਤ ਪਸੰਦ ਹੈ।
ਟੂਰਨਾਮੈਂਟਾਂ ਕਰਕੇ ਬਾਹਰ ਰਹਿਣ ਕਾਰਨ ਜਦੋਂ ਹੀ ਘਰ ਆਉਂਦੀ ਹਾਂ ਪਸੰਦੀਦਾ ਖਾਣਾ ਬਣਿਆ ਹੁੰਦਾ ਹੈ।
ਤਿਆਰੀ ਲਈ ਤੁਹਾਡੀ ਰੁਟੀਨ ਕੀ ਰਹਿੰਦੀ ਹੈ?
ਮੈਂ ਪ੍ਰੈਕਟਿਸ ਤੋਂ ਪਹਿਲਾਂ ਸਵੇਰੇ ਉੱਠ ਕੇ ਕੁਝ ਨਹੀਂ ਖਾਂਦੀ ਸੀ। ਵੱਧ ਤੋਂ ਵੱਧ ਇੱਕ ਕੇਲਾ ਖਾ ਲੈਂਦੀ ਸੀ।
ਪ੍ਰੈਕਟਿਸ ਤੋਂ ਆ ਕੇ ਪਹਿਲਾਂ ਪ੍ਰੋਟੀਨ ਸ਼ੇਕ ਪੀਂਦੀ ਹਾਂ। 11 ਵੱਜ ਜਾਂਦੇ ਹਨ ਤਾਂ ਸਿੱਧਾ ਦੁਪਹਿਰ ਦਾ ਖਾਣਾ ਹੀ ਖਾਂਦੀ ਹਾਂ ਅਤੇ ਖਾਣਾ ਬਿਲਕੁਲ ਸਾਦਾ ਹੁੰਦਾ ਹੈ। ਜ਼ਿਆਾਦਤਰ ਦਾਲ-ਰੋਟੀ ਜਾਂ ਸਬਜ਼ੀ ਖਾਂਦੀ ਹਾਂ।
ਇੱਕ ਦੋ ਘੰਟੇ ਆਰਾਮ ਕਰਦੀ ਹਾਂ ਫਿਰ ਪ੍ਰੈਕਟਿਸ ਤੋਂ ਬਾਅਦ ਆ ਕੇ ਰਾਤ ਦਾ ਖਾਣਾ ਖਾਂਦੀ ਹਾਂ।
ਪਿੰਡ 'ਚ ਸਹੂਲਤਾਂ ਕਿਵੇਂ ਦੀਆਂ ਸਨ?
ਪਿੰਡ 'ਚ ਸਿਰਫ਼ 6 ਮੈਟ ਸਨ। ਹੌਲੀ-ਹੌਲੀ ਹਾਲਾਤ ਬਦਲੇ।
ਮੈਂ ਚਾਹੁੰਦੀ ਹਾਂ ਕਿ ਜਿਹੜੇ ਹਾਲਾਤਾਂ ਵਿੱਚੋਂ ਮੈਂ ਨਿਕਲੀ ਹਾਂ ਉਨ੍ਹਾਂ ਹਲਾਤਾਂ ਵਿੱਚੋਂ ਕੋਈ ਹੋਰ ਨਾ ਨਿਕਲੇ।
ਰੈਸਲਿੰਗ ਦੀ ਤਿਆਰੀ ਲਈ ਹੋਣ ਵਾਲਾ ਖਰਚ ਕਿਵੇਂ ਚੁੱਕਿਆ?
ਕੋਈ ਵੀ ਖੇਡ ਪੈਸੇ ਬਿਨਾਂ ਪੂਰਾ ਨਹੀਂ ਹੋ ਸਕਦਾ। ਮੇਰੇ ਪਿਤਾ ਨੇ ਉਧਾਰੀ ਲੈ ਕੇ ਮੇਰਾ ਸੁਪਨਾ ਪੂਰਾ ਕੀਤਾ ਪਰ ਉਨ੍ਹਾਂ ਨੇ ਮੁਸ਼ਕਿਲਾਂ ਮੇਰੇ ਤੱਕ ਨਹੀਂ ਆਉਣ ਦਿੱਤੀਆਂ।
ਮੇਰੀ ਭੈਣ ਨੇ ਦੱਸਿਆ ਕਿ ਪਿਤਾ ਕਰਜ਼ਾ ਲੈ ਕੇ ਖਿਡਾ ਰਹੇ ਹਨ। ਫਿਰ ਮੈਂ ਸੋਚਿਆ ਕਿ ਕੀ ਫਾਇਦਾ ਖੇਡ ਦਾ ਜੇ ਪਿਤਾ ਨੂੰ ਕਰਜ਼ਾ ਹੀ ਲੈਣਾ ਪੈ ਰਿਹਾ ਹੈ।
ਮੇਰੇ ਪਿਤਾ ਨੇ ਹਿੰਮਤ ਦਿੰਦਿਆ ਕਿਹਾ ਕਿ ਵਾਹਿਗੁਰੂ ਸਭ ਨੂੰ ਦਿੰਦਾ ਹੈ, ਸਾਨੂੰ ਵੀ ਦਏਗਾ ਇਸ ਲਈ ਆਪਣੇ ਖੇਡ ਤੇ ਹੀ ਫੋਕਸ ਕਰੋ।
ਤੁਹਾਡਾ ਆਦਰਸ਼ ਕੌਣ ਹੈ?
ਸੁਸ਼ੀਲ ਕੁਮਾਰ ਨੇ ਜਦੋਂ 2008 'ਚ ਮੈਡਲ ਜਿੱਤਿਆ ਤਾਂ ਮੈਂ ਉਨ੍ਹਾਂ ਦੀ ਫੈਨ ਹੋ ਗਈ।
ਇਸ ਤੋਂ ਇਲਾਵਾ ਗੀਤੀਕਾ ਜਾਖੜ, ਅਲਕਾ ਤੋਮਰ ,ਜੋਗੇਸ਼ਵਰ ਦੱਤ, ਨਰਸਿੰਘ ਯਾਦਵ, ਸਾਕਸ਼ੀ ਮਲਿਕ, ਵਿਨੇਸ਼ ਹਰ ਕਿਸੇ ਰੈਸਲਰ ਤੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਰਿਹਾ ਹੈ।
ਹੁਣ ਅਗਲੀ ਤਿਆਰੀ ਕਿਹੜੀ?
10 ਮਾਰਚ ਤੋਂ ਮੈਂ ਓਲੰਪਿਕਜ਼ ਲਈ ਤਿਆਰੀ ਸ਼ੁਰੂ ਕਰਾਂਗੀ।
ਸਾਕਸ਼ੀ ਮਲਿਕ ਨੇ 2016 'ਚ ਕਾਂਸੀ ਦਾ ਤਗਮਾ ਲਿਆਂਦਾ ਸੀ ਮੈਂ ਉਸ ਦਾ ਰੰਗ ਬਦਲਣਾ ਚਾਹੁੰਦੀ ਹਾਂ।
ਮੈਂ ਚਾਹੁੰਦੀ ਹਾਂ ਕਿ ਮੈਂ ਗੋਲਡ ਮੈਡਲ ਜਿੱਤਾਂ।
ਜ਼ਿਆਦਾਤਰ ਰੈਸਰਲ ਪੰਜਾਬ 'ਚੋਂ ਕਿਉਂ ਨਹੀਂ ਨਿਕਲਦੇ ਹਰਿਆਣਾ ਤੋਂ ਕਿਉਂ?
ਹਰਿਆਣਾ ਵਿੱਚ ਖਿਡਾਰੀਆਂ ਨੂੰ ਸਮਰਥਨ ਜ਼ਿਆਦਾ ਮਿਲਦਾ ਹੈ। ਉੱਥੇ ਹਰ ਘਰ ਵਿੱਚ ਪਹਿਲਵਾਨ ਹੈ।
ਪਹਿਲਾਂ ਪੰਜਾਬ ਵਿੱਚ ਵੀ ਬਹੁਤ ਪਹਿਲਵਾਨ ਹੁੰਦੇ ਸਨ ਪਰ ਹੁਣ ਮੁੰਡੇ ਪਹਿਲਵਾਨ ਵੀ ਘੱਟ ਹਨ।
ਸਰਕਾਰ ਨੂੰ ਕੁਝ ਅਜਿਹੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਪੈਸੇ ਦੀ ਤੰਗੀ ਨਾ ਹੋਵੇ।
ਇਸ ਦੇ ਨਾਲ ਹੀ ਪਰਿਵਾਰ ਦਾ ਸਮਰਥਨ ਵੀ ਉਨ੍ਹਾਂ ਹੀ ਜ਼ਰੂਰੀ ਹੈ।
ਕੁੜੀਆਂ ਦੇ ਸ਼ੋਸ਼ਣ ਦੀਆਂ ਖਬਰਾਂ ਆਉਂਦੀਆਂ ਹਨ। ਕਦੇ ਤੁਹਾਨੂੰ ਪਰੇਸ਼ਾਨੀ ਆਈ?
ਮੇਰੇ ਪਿਤਾ ਨੇ ਮੈਨੂੰ ਖੇਡਣ ਲਈ ਇਕੱਲ੍ਹੇ ਹੀ ਭੇਜਿਆ ਸੀ ਪਰ ਮੇਰੇ ਨਾਲ ਅਜਿਹਾ ਨਹੀਂ ਹੋਇਆ।
ਸ਼ਾਇਦ ਉਹ ਪਹਿਲਵਾਨ ਤੋਂ ਡਰਦੇ ਹਨ। ਜੇ ਕੁੜੀਆਂ ਪਲਟ ਕੇ ਸ਼ਰਾਰਤੀ ਅਨਸਰਾਂ ਨੂੰ ਜਵਾਬ ਦੇਣ ਤਾਂ ਕਿਸੇ ਦੀ ਹਿੰਮਤ ਨਹੀਂ ਹੁੰਦੀ।
ਕੁੜੀਆਂ ਨੂੰ ਸਰੀਰਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ। ਤਕੜੇ ਸਰੀਰ ਨਾਲ ਗਲਤ ਅਨਸਰਾਂ ਨੂੰ ਜਵਾਬ ਦੇਣ 'ਚ ਮਦਦ ਮਿਲਦੀ ਹੈ।