ਏਅਰ ਇੰਡੀਆ ਕਨਿਸ਼ਕ ਕਾਂਡ: ਰਿਪੁਦਮਨ ਸਿੰਘ ਮਲਿਕ ਤੇ ਬਾਗੜੀ ਨੂੰ ਬਰੀ ਕਰਦੇ ਹੋਏ ਕੈਨੇਡਾ ਦੇ ਜੱਜ ਨੇ ਇਹ ਕਿਹਾ ਸੀ

ਤਸਵੀਰ ਸਰੋਤ, JEFF VINNICK/GETTY IMAGES
- ਲੇਖਕ, ਦਲੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕੈਨੇਡਾ ਦੇ ਸਰੀ ਵਿੱਚ ਹੋਏ ਰਿਪੁਦਮਨ ਸਿੰਘ ਮਲਿਕ ਦੇ ਕਤਲ ਨੇ 1985 ਵਿੱਚ ਵਾਪਰੇ ਕਨਿਸ਼ਕ ਕਾਂਡ ਦੀਆਂ ਯਾਦਾਂ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ।
1985 ਵਿੱਚ ਏਅਰ ਇੰਡੀਆ ਦੀ ਫਲਾਈਟ ਕੈਨੇਡਾ ਤੋਂ ਭਾਰਤ ਆ ਰਹੀ ਸੀ, ਜਿਸ ਵਿੱਚ ਬਲਾਸਟ ਹੋਇਆ ਅਤੇ ਜਹਾਜ਼ ਦੇ ਅਮਲੇ ਸਣੇ 329 ਲੋਕਾਂ ਦੀ ਮੌਤ ਹੋ ਗਈ ਸੀ।
ਫਲਾਈਟ ਵਿੱਚ ਕਈ ਬੱਚੇ, ਔਰਤਾਂ ਅਤੇ ਬਜ਼ੁਰਗ ਵੀ ਸਨ। ਉਸ ਕੇਸ ਵਿੱਚ ਰਿਪੁਦਮਨ ਸਿੰਘ ਮਲਿਕ ਨੂੰ ਮੁਖ ਮੁਲਜ਼ਮ ਬਣਾਇਆ ਗਿਆ ਸੀ ਪਰ ਅਦਾਲਤ ਨੇ ਉਨ੍ਹਾਂ ਸਬੂਤਾਂ ਦੀ ਘਾਟ ਹੋਣ ਕਰ ਕੇ ਬਰੀ ਕਰ ਦਿੱਤਾ ਸੀ।
ਰਿਪੁਦਮਨ ਸਿੰਘ ਨੂੰ ਸਰੀ ਦੇ ਉਨ੍ਹਾਂ ਦੇ ਦਫ਼ਤਰ ਬਾਹਰ ਕਾਰ ਵਿੱਚ ਬੈਠਿਆਂ ਨੂੰ ਗੋਲੀ ਮਾਰ ਦਿੱਤੀ ਗਈ, ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਕੈਨੇਡੀਅਨ ਪੁਲਿਸ ਇਸ ਨੂੰ ਟਾਰਗੇਟਡ ਕਿਲਿੰਗ ਦਾ ਮਾਮਲਾ ਦੱਸ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੇ ਨੇੜੇ ਹੀ ਇੱਕ ਸ਼ੱਕੀ ਵਾਹਨ ਨੂੰ ਕੁਝ ਹੀ ਪਲਾਂ ਬਾਅਦ ਅੱਗ ਲਗਾ ਦਿੱਤੀ ਗਈ। ਪੁਲਿਸ ਘਟਨਾ ਵਿੱਚ ਵਰਤੇ ਗਏ ਇੱਕ ਹੋਰ ਵਾਹਨ ਅਤੇ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ।
ਤਕਰੀਬਨ ਚਾਰ ਦਹਾਕੇ ਪਹਿਲਾਂ ਵਾਪਰਿਆਂ ਕਨਿਸ਼ਕ ਕਾਂਡ ਕੀ ਸੀ, ਇਸ ਵਿੱਚ ਕੌਣ ਦੋਸ਼ੀ ਸਾਬਤ ਹੋਇਆ ਅਤੇ ਕੌਣ-ਕੌਣ ਬਰੀ ਹੋ ਗਿਆ ਇਸ ਬਾਰੇ ਅਸੀਂ ਅੱਗੇ ਗੱਲ ਕਰਾਂਗੇ।
ਕੌਣ ਸਨ ਰਿਪੁਦਮਨ ਸਿੰਘ ਮਲਿਕ
1947 ਵਿੱਚ ਜੰਮੇ ਮਲਿਕ ਸਾਲ 1972 ਵਿੱਚ ਕੈਨੇਡਾ ਆਏ ਸਨ ਅਤੇ ਉੱਥੇ ਉਨ੍ਹਾਂ ਨੇ ਇੱਕ ਟੈਕਸੀ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ।
ਫਿਰ ਉਹ ਇੱਕ ਸਫ਼ਲ ਕਾਰੋਬਾਰੀ ਵਜੋਂ ਉੱਭਰੇ ਅਤੇ ਵੈਨਕੂਵਰ ਦੀ ਖ਼ਾਲਸਾ ਕ੍ਰੈਡਿਟ ਯੂਨੀਅਨ ਦੀ ਸਥਾਪਨਾ ਕੀਤੀ।

ਤਸਵੀਰ ਸਰੋਤ, AFP
ਰਿਪੁਦਮਨ ਸਿੰਘ ਮਲਿਕ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਇੱਕ ਨਾਮੀ ਹਸਤੀ ਸਨ। ਮਲਿਕ ਕੈਨੇਡਾ ਵਿੱਚ ਸਤਨਾਮ ਐਜੂਕੇਸ਼ਨ ਸੋਸਾਇਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਵੀ ਸਨ।
1985 ਦੇ ਕਨਿਸ਼ਕ ਕਾਂਡ ਵਿੱਚ ਰਿਪੁਦਮਨ ਸਿੰਘ ਵੀ ਮੁਲਜ਼ਮ ਸਨ। ਕੈਨੇਡਾ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਸਾਲ 2005 ਵਿੱਚ ਸਾਜਿਸ਼ ਅਤੇ ਕਤਲ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ-
ਕਨਿਸ਼ਕ ਕਾਂਡ
ਅਮਰੀਕਾ ਵਿੱਚ ਹੋਏ 9/11 ਤੋਂ ਪਹਿਲਾਂ ਇਹ ਸਭ ਤੋਂ ਵੱਡੀ ਅੱਤਵਾਦੀ ਘਟਨਾ ਮੰਨੀ ਜਾਂਦੀ ਹੈ।
ਕਨਿਸ਼ਕ ਕਾਂਡ ਬਾਰੇ ਵਕੀਲ ਅਤੇ ਸੰਯੁਕਤ ਰਾਸ਼ਟਰ ਵਿੱਚ ਕੈਨੇਡਾ ਦੇ ਅੰਬੈਸਡਰ ਰਹੇ ਬੌਬ ਰਾਏ ਨੇ ਆਜ਼ਾਦ ਸਲਾਹਕਾਰ ਦੇ ਤੌਰ 'ਤੇ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਨੂੰ ਰਿਪੋਰਟ ਸੌਂਪੀ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਇਹ ਸਾਜ਼ਿਸ਼ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਇੱਕ ਕੱਟੜਪੰਥੀ ਧੜੇ ਵੱਲੋਂ ਰਚੀ ਗਈ ਸੀ।

ਤਸਵੀਰ ਸਰੋਤ, AFP
ਇਸ ਦਾ ਮੰਤਵ ਭਾਰਤੀ ਸੂਬੇ ਪੰਜਾਬ ਨੂੰ ਇੱਕ ਆਜ਼ਾਦ ਮੁਲਕ ਬਣਾਉਣ ਦੇ ਟੀਚੇ ਨੂੰ ਹਾਸਿਲ ਕਰਨਾ ਸੀ, ਜਿਸ ਨੂੰ ਖਾਲਿਸਤਾਨ ਦਾ ਨਾਂ ਦਿੱਤਾ ਜਾਂਦਾ ਹੈ।
ਵੈਂਕੂਅਰ ਤੋਂ ਉੱਡਣ ਵਾਲੇ ਦੋ ਜਹਾਜ਼ਾਂ ਵਿੱਚ ਡਾਇਨਾਮਾਈਟ ਅਤੇ ਟਾਈਮਰਸ ਨਾਲ ਭਰੇ ਦੋ ਸੂਟਕੇਸ ਚੈਕ-ਇਨ ਕਰਵਾਏ ਗਏ।
ਇਨ੍ਹਾ ਸੂਟਕੇਸਾਂ 'ਤੇ ਲਿਖਿਆ ਸੀ ਐੱਮ ਸਿੰਘ ਅਤੇ ਐੱਲ ਸਿੰਘ। ਇੱਕ ਜਹਾਜ਼ ਨੇ ਪੱਛਮੀ ਟੋਕਿਓ ਲਈ ਉਡਾਣ ਭਰੀ ਤਾਂ ਜੋਂ ਏਅਰ ਇੰਡੀਆਂ ਦੀ ਬੈਂਕਾਕ ਅਤੇ ਮੁੰਬਈ ਜਾਣ ਵਾਲੀ ਫਲਾਈਟ ਨਾਲ ਕਨੈਕਟ ਕਰ ਸਕੇ।
ਦੂਜਾ ਜਹਾਜ਼ ਪੂਰਬ ਵੱਲ ਉੱਡਿਆ ਤਾਂ ਜੋ ਟੋਰੰਟੋ ਅਤੇ ਮੌਂਟਰੀਅਲ ਤੋਂ ਲੰਡਨ ਅਤੇ ਨਵੀਂ ਦਿੱਲੀ ਜਾਣ ਵਾਲੀ ਫਲਾਈਟ ਨਾਲ ਕਨੈਕਟ ਕਰ ਸਕੇ।
ਕਿਸੇ ਦਾ ਧਿਆਨ ਇਸ ਪਾਸੇ ਨਹੀਂ ਗਿਆ ਕਿ ਚੈੱਕ-ਇਨ ਕਰਨ ਵਾਲੇ ਦੋ ਯਾਤਰੀ ਐੱਮ ਸਿੰਘ ਅਤੇ ਐੱਲ ਸਿੰਘ ਜਹਾਜ਼ ਵਿੱਚ ਨਹੀਂ ਬੈਠੇ। ਚੈੱਨ-ਇਨ ਕਰਨ ਤੋਂ ਬਾਅਦ ਉਹ ਹਵਾਈ ਅੱਡੇ ਤੋਂ ਗਾਇਬ ਹੋ ਗਏ।
ਬੌਬ ਰਾਏ ਦੀ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਐੱਲ ਸਿੰਘ ਜਿਸ ਬੈਗ਼ 'ਤੇ ਲਿਖਿਆ ਸੀ ਉਹ ਇੰਦਰਜੀਤ ਸਿੰਘ ਰਿਆਤ ਅਤੇ ਤਲਵਿੰਦਰ ਸਿੰਘ ਪਰਮਾਰ ਨਾਲ ਸਬੰਧਤ ਸੀ ਜਿਸ ਵਿੱਚ ਧਮਾਕਾਖੇਜ ਸਮੱਗਰੀ ਸੀ ਅਤੇ ਜਿਸ ਬੈਗ਼ ਤੇ ਐੱਮ ਸਿੰਘ ਲਿਖਿਆ ਸੀ ਉਸ ਵਿੱਚ ਸ਼ਾਇਦ ਧਮਾਕਾਖੇਜ ਸਮਗੱਰੀ ਤੋਂ ਇਲਾਵਾ ਕੁਝ ਹੋਰ ਵੀ ਸੀ।

ਤਸਵੀਰ ਸਰੋਤ, Harper colins
ਹਾਲ 'ਚ ਹੀ ਪ੍ਰਕਾਸ਼ਿਤ ਹੋਈ ਕਿਤਾਬ 'ਬਲੱਡ ਫ਼ਾਰ ਬਲੱਡ ਫ਼ਿਫ਼ਟੀ ਈਅਰਜ਼ ਆਫ਼ ਗਲੋਬਲ ਖ਼ਾਲਿਸਤਾਨ ਪ੍ਰੋਜਕੈਟ' ਦੇ ਲੇਖਕ ਕੈਨੇਡੀਅਨ ਪੱਤਰਕਾਰ ਟੈਰੀ ਮਿਲੇਸਕੀ ਨੇ ਆਪਣੀ ਕਿਤਾਬ 'ਚ ਲਿਖਿਆ ਹੈ, "ਐੱਮ ਸਿੰਘ ਦੇ ਪਿੱਛੇ ਕਤਾਰ 'ਚ ਲੱਗੇ ਯਾਤਰੀ ਨੇ ਯਾਦ ਕਰਦਿਆ ਦੱਸਿਆ ਕਿ ਐੱਮ ਸਿੰਘ ਬਹੁਤ ਹੀ ਸਾਵਧਾਨੀ ਨਾਲ ਆਪਣੇ ਪੈਰ ਦੀ ਉਂਗਲੀ ਨਾਲ ਆਪਣੇ ਸੂਟਕੇਸ ਨੂੰ ਅਗਾਂਹ ਵੱਲ ਧੱਕ ਰਿਹਾ ਸੀ।"
"ਜਿਵੇਂ-ਜਿਵੇਂ ਯਤਾਰੀਆਂ ਦੀ ਕਤਾਰ ਅੱਗੇ ਵੱਧ ਰਹੀ ਸੀ, ਉਸ ਨੇ ਇੱਕ ਵਾਰ ਵੀ ਆਪਣੇ ਸੂਟਕੇਸ ਨੂੰ ਹੱਥ ਨਹੀਂ ਲਾਇਆ ਅਤੇ ਲਗਾਤਾਰ ਆਪਣੇ ਪੈਰ ਨਾਲ ਹੀ ਉਸ ਨੂੰ ਅੱਗੇ ਧੱਕਦਾ ਰਿਹਾ।"
ਇਸ ਤੋਂ ਬਾਅਦ ਉਹ ਹੋਇਆ ਜੋ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ। ਟੋਕੀਓ ਵੱਲ ਜਾ ਰਹੇ ਜਹਾਜ਼ 'ਚ ਨਰਿਟਾ ਹਵਾਈ ਅੱਡੇ 'ਤੇ ਉਸ ਵੇਲੇ ਧਮਾਕਾ ਹੋਇਆ ਜਦੋਂ ਜਹਾਜ਼ ਤੋਂ ਸਮਾਨ ਉਤਾਰ ਕੇ ਏਅਰ ਇੰਡੀਆ ਦੇ ਜਹਾਜ਼ 'ਚ ਲੱਦਿਆ ਜਾ ਰਿਹਾ ਸੀ।
ਇਸ ਧਮਾਕੇ 'ਚ ਸਮਾਨ ਲੱਦਣ ਵਾਲੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਚਾਰ ਲੋਕ ਜ਼ਖਮੀ ਹੋ ਗਏ ਸਨ।
ਨਰਿਟਾ 'ਚ ਹੋਏ ਧਮਾਕੇ ਤੋਂ 55 ਮਿੰਟ ਬਾਅਦ, ਏਅਰ ਇੰਡੀਆ ਦੀ ਫਲਾਈਟ ਨੰਬਰ 182 'ਚ ਆਇਰਲੈਂਡ ਦੇ ਦੱਖਣ-ਪੱਛਮੀ ਤੱਟ 'ਤੇ ਧਮਾਕਾ ਹੋਇਆ, ਜਿਸ 'ਚ ਜਹਾਜ਼ ਦੇ ਅਮਲੇ ਸਮੇਤ 329 ਲੋਕਾਂ ਦੀ ਮੌਤ ਹੋ ਗਈ ਸੀ।
ਏਅਰ ਇੰਡੀਆ ਦੀ ਫਲਾਈਟ ਨੰਬਰ 182 ਨਾਲ ਕੁਝ ਹੋਇਆ ਹੈ ਉਸ ਦਾ ਸਭ ਤੋਂ ਪਹਿਲਾਂ ਅੰਦਾਜ਼ਾ ਸ਼ੈਨਨ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲ ਨੂੰ ਹੋਇਆ ਸੀ।
ਟ੍ਰੈਫਿਕ ਕੰਟਰੋਲਰ ਨੇ ਲਗਾਤਾਰ ਤਿੰਨ ਮਿੰਟ ਤੱਕ ਜਹਾਜ਼ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਜਵਾਬ ਨਾ ਮਿਲਿਆ। ਕੰਟਰੋਲਰ ਨੇ ਉਸੇ ਸਮੇਂ ਪਿੱਛਿਓਂ ਆ ਰਹੇ ਟਰਾਂਸ ਵਰਲਡ ਏਅਰਲਾਈਂਜ਼ ਜਹਾਜ਼ ਦੇ ਪਾਇਲਟ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਪੁੱਛਿਆ ਕਿ ਕੀ ਉਸ ਨੂੰ ਆਪਣੇ ਆਲੇ-ਦੁਆਲੇ ਕੋਈ ਚੀਜ਼ ਵਿਖਾਈ ਦੇ ਰਹੀ ਹੈ ?
ਪਾਇਲਟ ਨੇ ਨਾਂਹ ਵਿੱਚ ਜਵਾਬ ਦਿੱਤਾ। ਜਹਾਜ਼ ਨਾਲੋਂ ਸੰਪਰਕ ਟੁੱਟਿਆਂ 6 ਮਿੰਟ ਹੋ ਚੁੱਕੇ ਸਨ।
ਫਿਰ ਉਨ੍ਹਾਂ ਨੂੰ ਕੈਨੇਡੀਅਨ ਪੈਸੀਫਿਕ ਏਅਰ ਦਾ ਇੱਕ ਜਹਾਜ਼ ਆਉਂਦਾ ਵਿਖਾਈ ਦਿੱਤਾ। ਉਸ ਨੂੰ ਵੀ ਅੱਗੇ ਉੱਡਣ ਵਾਲੇ ਟਰਾਂਸ ਵਰਲਡ ਏਅਰਲਾਈਂਜ਼ ਦੇ ਜਹਾਜ਼ ਦੀ ਤਰ੍ਹਾਂ ਕੁਝ ਵੀ ਨਹੀਂ ਵਿਖਾਈ ਦਿੱਤਾ।
ਕੰਟਰੋਲਰ ਨੇ ਟਰਾਂਸ ਵਰਲਡ ਏਅਰਲਾਈਂਜ਼ ਦੇ ਜਹਾਜ਼ ਦੇ ਪਾਇਲਟ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਉਸ ਖੇਤਰ ਦਾ ਇੱਕ ਚੱਕਰ ਲਗਾਵੇ।
ਪਰ ਸਾਰੀ ਕੋਸ਼ਿਸ਼ ਨਾਕਾਮ ਰਹੀ। ਹੁਣ ਤੱਕ 20 ਮਿੰਟ ਬੀਤ ਚੁੱਕੇ ਸਨ। ਏਅਰ ਇੰਡੀਆ ਦੇ ਜਹਾਜ਼ ਦਾ ਕੁਝ ਪਤਾ ਨਹੀਂ ਸੀ।

ਤਸਵੀਰ ਸਰੋਤ, Reuters
ਏਅਰ ਇੰਡੀਆ ਦੇ ਜਹਾਜ਼ ਦੇ ਹੇਠਾਂ ਡਿੱਗਣ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਬ੍ਰਿਟੇਨ ਦੇ ਇੱਕ ਕਾਰਗੋ ਜਹਾਜ਼ ਨੇ ਸਭ ਤੋਂ ਪਹਿਲਾਂ ਇਸ ਦਾ ਮਲਬਾ ਵੇਖਿਆ।
ਜਹਾਜ਼ 31,000 ਫੁੱਟ ਦੀ ਉਚਾਈ ਤੋਂ ਅਟਲਾਂਟਿਕ ਮਹਾਸਾਗਰ 'ਚ ਡਿੱਗਿਆ ਸੀ। ਇਸ ਰੈਸਕਿਊ ਦੌਰਾਨ ਸਿਰਫ 131 ਲਾਸ਼ਾਂ ਹੀ ਬਾਹਰ ਕੱਢੀਆਂ ਜਾ ਸਕੀਆਂ ਸਨ।
ਹਾਦਸੇ 'ਚ ਮਰਨ ਵਾਲਿਆਂ 'ਚ 268 ਕੈਨੇਡੀਅਨ ਨਾਗਰਿਕ ਸਨ, ਜਿੰਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਸਨ।
ਇੰਨ੍ਹਾਂ 'ਚ 27 ਬ੍ਰਿਟਿਸ਼ ਅਤੇ 24 ਭਾਰਤੀ ਨਾਗਰਿਕ ਸਨ। ਇਸ ਜਹਾਜ਼ ਹਾਦਸੇ 'ਚ ਬੱਚਿਆਂ ਨੇ ਆਪਣੇ ਮਾਤਾ-ਪਿਤਾ ਅਤੇ ਮਾਪਿਆਂ ਨੇ ਆਪਣੇ ਬੱਚੇ ਗੁਆ ਲਏ ਸਨ। ਤਕਰੀਬਨ 300 ਪਰਿਵਾਰਾਂ ਵਿੱਚ ਹਨੇਰਾ ਛਾ ਗਿਆ ਸੀ
ਕੌਣ ਦੋਸ਼ੀ ਸਾਬਤ ਹੋਇਆ ਅਤੇ ਕੌਣ ਬਰੀ ਹੋਇਆ
ਜਾਂਚ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਇਹ ਗੱਲ ਸਾਹਮਣੇ ਆ ਗਈ ਸੀ ਕਿ ਜਹਾਜ਼ 'ਚ ਬੰਬ ਕੈਨੇਡੀਅਨ ਨਾਗਰਿਕਾਂ ਨੇ ਰੱਖੇ ਸਨ।
ਦਰਅਸਲ, 1982 'ਚ ਹੀ ਕੈਨੇਡਾ ਦੇ ਸੁਰੱਖਿਆ ਬਲਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਕੈਨੇਡਾ 'ਚ ਬੱਬਰ ਖਾਲਸਾ ਦੀਆਂ ਗਤੀਵਿਧੀਆਂ ਜਾਰੀ ਹਨ।

ਤਸਵੀਰ ਸਰੋਤ, Reuters
ਉਨ੍ਹਾਂ ਦੇ ਆਗੂ ਤਲਵਿੰਦਰ ਪਰਮਾਰ ਦੀ ਇੱਕ ਕਤਲ ਮਾਮਲੇ 'ਚ ਭਾਲ ਜਾਰੀ ਸੀ। ਇਸ ਮਾਮਲੇ ਵਿੱਚ ਜਾਂਚ ਏਜੰਸੀਆਂ ਦੇ ਹੱਥ ਇੰਦਰਜੀਤ ਸਿੰਘ ਰਿਆਤ, ਤਲਵਿੰਦਰ ਸਿੰਘ ਪਰਮਾਰ, ਅਜੈਬ ਸਿੰਘ ਬਾਗੜੀ ਅਤੇ ਰਿਪੁਦਮਨ ਸਿੰਘ ਮਲਿਕ ਤੱਕ ਪਹੁੰਚ ਗਏ ਸਨ।
ਪੇਸ਼ੇ ਤੋਂ ਮਕੈਨਿਕ ਅਤੇ ਇਲੈਕਟ੍ਰੀਸ਼ੀਅਨ ਇੰਦਰਜੀਤ ਸਿੰਘ ਰਿਆਤ ਦੀ ਇਸ ਘਟਨਾ ਦੇ ਤਿੰਨ ਸਾਲ ਬਾਅਦ ਯੂਕੇ ਤੋਂ ਹਵਾਲਗੀ ਲਈ ਗਈ ਸੀ।
ਰਿਆਤ ਨੂੰ ਦੋਹਾਂ ਜਹਾਜ਼ਾਂ ਲਈ ਬੰਬ ਬਣਾ ਕੇ ਦੇਣ ਦੇ ਇਲਜ਼ਾਮ ਵਿੱਚ ਦੋਸ਼ੀ ਪਾਇਆ ਗਿਆ ਸੀ।
1991 ਵਿੱਚ ਰਿਆਤ ਨੂੰ ਨਰਿਟਾ ਏਅਰਪੋਰਟ ਬਲਾਸਟ ਮਾਮਲੇ ਵਿੱਚ 10 ਸਾਲ ਅਤੇ ਕਨਿਸ਼ਕ ਬਲਾਸਟ ਮਾਮਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਇਸ ਤੋਂ ਬਾਅਦ ਸਾਲ 2000 ਵਿੱਚ ਅਜੈਬ ਸਿੰਘ ਬਾਗੜੀ ਅਤੇ ਰਿਪੁਦਮਨ ਸਿੰਘ ਮਲਿਕ ਕੈਨੇਡਾ ਦੇ ਵੈਂਕੁਅਰ ਤੋਂ ਗ੍ਰਿਫ਼ਤਾਰ ਕਰ ਲਏ ਗਏ ਸਨ।

ਤਸਵੀਰ ਸਰੋਤ, Getty Images
ਸਾਲ 2003 ਵਿੱਚ ਇੰਦਰਜੀਤ ਸਿੰਘ ਰਿਆਤ ਨੂੰ ਇਨ੍ਹਾਂ ਦੋਵਾਂ ਖ਼ਿਲਾਫ਼ 329 ਲੋਕਾਂ ਦੇ ਕਤਲ ਦੇ ਇਲਜ਼ਾਮ ਵਿੱਚ ਗਵਾਹ ਬਣਾਇਆ ਗਿਆ ਸੀ।
ਪਰ ਰਿਆਤ ਨੇ ਇਨ੍ਹਾਂ ਦੀ ਸ਼ਮੂਲੀਅਤ ਬਾਰੇ ਕੋਈ ਵੀ ਪੁਖਤਾ ਗੱਲ ਨਹੀਂ ਦੱਸੀ ਅਤੇ ਕਿਹਾ ਕਿ ਇਨ੍ਹਾਂ ਦੋਵਾਂ ਦੀ ਇਸ ਕਾਂਡ ਵਿੱਚ ਸ਼ਮੂਲੀਅਤ ਬਾਰੇ ਉਸ ਨੂੰ ਸਾਫ਼-ਸਾਫ਼ ਯਾਦ ਨਹੀਂ ਹੈ।
ਸਾਲ 2005 ਵਿੱਚ ਮਲਿਕ ਅਤੇ ਬਾਗੜੀ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਨੇ ਬਰੀ ਕਰ ਦਿੱਤਾ ਸੀ।

ਤਸਵੀਰ ਸਰੋਤ, Reuters
ਅਦਾਲਤ ਨੇ ਰਿਆਤ ਦੇ ਆਪਣੇ ਪਿਛਲੇ ਬਿਆਨ ਤੋਂ ਮੁਕਰ ਜਾਣ ਕਾਰਨ 9 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ।
ਮਲਿਕ ਅਤੇ ਬਾਗੜੀ ਨੂੰ ਬਰੀ ਕਰਦੇ ਹੋਏ ਜੱਜ ਨੇ ਕਿਹਾ ਸੀ, "ਸਰਕਾਰ ਪੱਖ ਦਾ ਵਕੀਲ ਆਪਣਾ ਪੱਖ ਸਾਬਤ ਕਰਨ ਵਿੱਚ ਫੇਲ੍ਹ ਹੋ ਗਿਆ ਹੈ।"
ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੂਜੇ ਮੁਲਜ਼ਮ ਤਲਵਿੰਦਰ ਸਿੰਘ ਪਰਮਾਰ 1985 ਦੇ ਕਨਿਸ਼ਕ ਕਾਂਡ ਤੋਂ ਬਾਅਦ ਭਾਰਤ ਆਏ ਸਨ। ਸਾਲ 1992 ਵਿੱਚ ਪੰਜਾਬ ਪੁਲਿਸ ਨਾਲ ਮੁਕਾਬਲੇ ਵਿੱਚ ਪਰਮਾਰ ਮਾਰੇ ਗਏ ਸਨ।
ਜਦੋਂ ਬਾਗੜੀ ਅਤੇ ਮਲਿਕ ਬਰੀ ਹੋਏ ਤਾਂ ਪੀੜਤ ਪਰਿਵਾਰਾਂ ਦਾ ਗੁੱਸਾ ਵਧ ਗਿਆ।
ਇਸ ਨੂੰ ਦੇਖਦੇ ਹੋਏ 2006 ਵਿੱਚ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਜਾਂਚ ਦੇ ਹੁਕਮ ਦਿੱਤੇ ਸਨ।
ਇਸ ਦੀ ਜਾਂਚ ਦੀ ਅਗਵਾਈ ਕੈਨੇਡਾ ਦੀ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਜੌਹਨ ਮੇਜਰ ਨੇ ਕੀਤੀ ਸੀ।

ਤਸਵੀਰ ਸਰੋਤ, Reuters
ਇਹ ਜਾਂਚ ਰਿਪੋਰਟ ਸਾਲ 2010 ਵਿੱਚ ਸੌਪੀ ਗਈ ਸੀ। ਇਸ ਵਿੱਚ ਕੈਨੇਡੀਅਨ ਪੁਲਿਸ ਅਤੇ ਖੂਫੀਆ ਏਜੰਸੀਆਂ ਦੀਆਂ ਗ਼ਲਤੀਆਂ ਦਾ ਜ਼ਿਕਰ ਹੋਇਆ ਸੀ, ਜੋ ਇਸ ਘਟਨਾ ਨੂੰ ਨਹੀਂ ਰੋਕ ਸਕੀਆਂ ਅਤੇ ਘਟਨਾ ਮਗਰੋਂ ਮੁਲਜ਼ਮਾਂ ਨੂੰ ਫੜ੍ਹਨ ਦੀਆਂ ਨਾਕਾਮ ਕੋਸ਼ਿਸ਼ਾਂ ਦਾ ਜ਼ਿਕਰ ਹੋਇਆ ਸੀ।
ਇਸ ਘਟਨਾਂ ਦੀ 25ਵੀਂ ਬਰਸੀ ਮੌਕੇ ਕੈਨੇਡਾ ਸਰਕਾਰ ਨੇ ਮੁਆਫ਼ੀ ਮੰਗੀ ਸੀ।

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਪੀੜਤ ਪਰਿਵਾਰਾਂ ਨੂੰ ਕਿਹਾ ਸੀ, ''ਤੁਹਾਡੇ ਪਿਆਰਿਆਂ ਲਈ ਸਭ ਤੋਂ ਵਧੀਆ ਯਾਦਗਾਰ ਇਹੀ ਬਣਾਈ ਜਾ ਸਕਦੀ ਹੈ ਕਿ ਮੁੜ ਕੇ ਫਲਾਈਟ 182 ਵਰਗੀ ਘਟਨਾ ਨਾ ਵਾਪਰੇ। ਇਹ ਸਾਡਾ ਤੁਹਾਡੇ ਅਤੇ ਸਾਰੇ ਕੈਨੇਡਾ ਵਾਸੀਆਂ ਪ੍ਰਤੀ ਫਰਜ਼ ਬਣਦਾ ਹੈ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














