ਕੌਣ ਸਨ ਰਿਪੁਦਮਨ ਸਿੰਘ ਮਲਿਕ ਜੋ ਏਅਰ ਇੰਡੀਆ ਕਨਿਸ਼ਕ ਬੰਬ ਧਮਾਕੇ ਮਾਮਲੇ ਵਿੱਚੋਂ ਬਰੀ ਹੋਏ ਸਨ

ਰਿਪੁਦਮਨ ਸਿੰਘ ਮਲਿਕ

ਤਸਵੀਰ ਸਰੋਤ, JEFF VINNICK/GETTY IMAGES

ਤਸਵੀਰ ਕੈਪਸ਼ਨ, ਰਿਪੁਦਮਨ ਸਿੰਘ ਮਲਿਕ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਇੱਕ ਨਾਮੀ ਹਸਤੀ ਸਨ

ਰਿਪੁਦਮਨ ਸਿੰਘ ਮਲਿਕ ਦਾ ਵੀਰਵਾਰ ਨੂੰ ਕੈਨੇਡਾ ਦੇ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਉਹ ਸਾਲ 1985 ਦੇ ਜੂਨ ਮਹੀਨੇ ਦੀ 23 ਤਰੀਕ ਨੂੰ ਵਾਪਰੇ ਏਅਰ ਇੰਡੀਆ 182 ਬੰਬ ਧਮਾਕੇ ਵਿੱਚ ਮੁੱਖ ਮੁਲਜ਼ਮ ਸਨ।

ਹਾਲਾਂਕਿ, ਕੈਨੇਡਾ ਦੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਸਾਲ 2005 ਵਿੱਚ ਸਾਜ਼ਿਸ਼ ਅਤੇ ਕਤਲ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਸੀ।

1947 ਵਿੱਚ ਜੰਮੇ ਮਲਿਕ ਸਾਲ 1972 ਵਿੱਚ ਕੈਨੇਡਾ ਆਏ ਸਨ ਅਤੇ ਉੱਥੇ ਉਨ੍ਹਾਂ ਨੇ ਇੱਕ ਟੈਕਸੀ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ।

ਫਿਰ ਉਹ ਇੱਕ ਸਫ਼ਲ ਕਾਰੋਬਾਰੀ ਵਜੋਂ ਉੱਭਰੇ ਅਤੇ ਵੈਨਕੂਵਰ ਦੀ ਖ਼ਾਲਸਾ ਕ੍ਰੈਡਿਟ ਯੂਨੀਅਨ ਦੀ ਸਥਾਪਨਾ ਕੀਤੀ।

ਰਿਪੁਦਮਨ ਸਿੰਘ ਮਲਿਕ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਇੱਕ ਨਾਮੀ ਹਸਤੀ ਸਨ।

ਕੈਨੇਡਾ ਵਿੱਚ ਗੋਲ਼ੀਆਂ ਮਾਰ ਕੇ ਕਤਲ਼

ਮਲਿਕ ਦਾ ਵੀਰਵਾਰ ਨੂੰ ਕੈਨੇਡਾ ਦੇ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਦਾ ਸਰੀ, ਬੀਸੀ ਦੇ ਇੰਡਸਟਰੀਅਲ ਪਲਾਜ਼ਾ ਵਿੱਚ ਕਾਰੋਬਾਰੀ ਦਫ਼ਤਰ ਸੀ ਜਿਸ ਦੇ ਬਾਹਰ ਉਨ੍ਹਾਂ ਨੂੰ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ ਸਾਢੇ ਨੌਂ ਵਜੇ, ਆਪਣੀ ਕਾਰ ਵਿੱਚ ਬੈਠਿਆਂ ਨੂੰ ਗੋਲੀ ਮਾਰ ਦਿੱਤੀ ਗਈ।

ਰੌਇਲ ਕੈਨੇਡਾ ਮਾਊਂਟਡ ਪੁਲਿਸ ਇਸ ਨੂੰ ਟਾਰਗੇਟਿਡ ਕਿਲਿੰਗ ਦਾ ਮਾਮਲਾ ਦੱਸ ਰਹੀ ਹੈ। ਪੁਲਿਸ ਮੁਤਾਬਕ ਉਨ੍ਹਾਂ ਨੂੰ ਮੌਕੇ ਉੱਪਰ ਮੁੱਢਲਾ ਇਲਾਜ ਦਿੱਤਾ ਗਿਆ ਪਰ ਉਹ ਬਚਾਏ ਨਾ ਜਾ ਸਕੇ।

ਪੁਲਿਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਦੇ ਨੇੜੇ ਹੀ ਇੱਕ ਸ਼ੱਕੀ ਵਾਹਨ ਨੂੰ ਕੁਝ ਹੀ ਪਲਾਂ ਬਾਅਦ ਅੱਗ ਲਗਾ ਦਿੱਤੀ ਗਈ। ਪੁਲਿਸ ਘਟਨਾ ਵਿੱਚ ਵਰਤੇ ਗਏ ਇੱਕ ਹੋਰ ਵਾਹਨ ਅਤੇ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ।

ਰਿਪੁਦਮਨ ਸਿੰਘ ਮਲਿਕ

ਤਸਵੀਰ ਸਰੋਤ, PARAMJIT SINGH SARNA/TWITTER

ਤਸਵੀਰ ਕੈਪਸ਼ਨ, ਮੋਦੀ ਸਰਕਾਰ ਨੇ ਸਤੰਬਰ 2019 ਵਿੱਚ ਉਨ੍ਹਾਂ ਦਾ ਨਾਂਅ 35 ਸਾਲ ਪੁਰਾਣੀ ਬਲੈਕਲਿਸਟ 'ਚੋਂ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਉਹ ਭਾਰਤ ਵੀ ਆਏ ਸਨ

ਪੁੱਤਰ ਨੇ ਕੀ ਕਿਹਾ

ਉਨ੍ਹਾਂ ਦੀ ਮੌਤ ਤੋਂ ਬਾਅਦ, ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਫੇਸਬੁੱਕ ਪੋਸਟ ਵਿੱਚ ਲਿਖਿਆ, ''ਮੇਰੇ ਪਿਤਾ ਰਿਪੁਦਮਨ ਸਿੰਘ ਮਲਿਕ (1947-2022) ਨੇ ਆਪਣਾ ਜੀਵਨ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜਿਨ੍ਹਾਂ ਵਿੱਚ ਪਿਆਰ, ਇਮਾਨਦਾਰੀ ਅਤੇ ਸਰਬੱਤ ਦਾ ਭਲਾ ਦੇ ਪ੍ਰਸਾਰ ਨੂੰ ਸਮਰਪਿਤ ਕੀਤਾ।''

ਵੀਡੀਓ ਕੈਪਸ਼ਨ, ਕਨਿਸ਼ਕ ਕਾਂਡ ਜਾਂ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਕਹਾਣੀ ਜਾਣੋ

ਆਪਣੇ ਪਿਤਾ ਦੁਆਰਾ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਦੀ ਸਥਾਪਨਾ ਦੀ ਗੱਲ ਕਰਦੇ ਹੋਏ ਉਨ੍ਹਾਂ ਲਿਖਿਆ, ''ਮੀਡੀਆ ਉਨ੍ਹਾਂ ਨੂੰ ਹਮੇਸ਼ਾ ਇੱਕ ਅਜਿਹੇ ਵਿਅਕਤੀ ਵਜੋਂ ਯਾਦ ਕਰੇਗਾ ਜਿਸ ਉੱਪਰ ਏਅਰ ਇੰਡੀਆ ਬੰਬ ਧਮਾਕਿਆਂ ਦੇ ਇਲਜ਼ਾਮ ਸਨ।''

''ਉਨ੍ਹਾਂ ਉੱਪਰ ਗਲਤ ਇਲਜ਼ਾਮ ਸਨ ਅਤੇ ਅਦਾਲਤ ਨੇ ਸਿੱਟਾ ਕੱਢਿਆ ਕਿ ਉਨ੍ਹਾਂ ਦੇ ਖਿਲਾਫ਼ ਕੋਈ ਸਬੂਤ ਨਹੀਂ ਸਨ। ਮੀਡੀਆ ਅਤੇ ਕੈਨੇਡੀਅਨ ਮਾਊਂਟਡ ਪੁਲਿਸ ਨੂੰ ਲੱਗਦਾ ਹੈ ਕਦੇ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਨਹੀਂ ਮੰਨਣਗੇ। ਮੈਂ ਅਰਦਾਸ ਕਰਦਾ ਹਾਂ ਕਿ ਅੱਜ ਦਾ ਦੁਖਾਂਤ ਇਸ ਨਾਲ ਸੰਬੰਧਿਤ ਨਹੀਂ ਹੈ।"

"ਮੇਰੇ ਪਿਤਾ ਦੀ ਵਚਨਬੱਧਤਾ ਆਪਣੇ ਭਾਈਚਾਰੇ ਅਤੇ ਪਰਿਵਾਰ ਨਾਲ ਸੀ। ਉਨ੍ਹਾਂ ਦਾ ਮਕਸਦ ਪਰਵਾਸੀ ਸਿੱਖ ਭਾਈਚਾਰੇ ਨੂੰ ਸਿੱਖਿਆ ਅਤੇ ਵਿੱਤੀ ਸੁਰੱਖਿਆ ਰਾਹੀਂ ਪਲੱਰਦੇ ਦੇਖਣਾ ਸੀ। ਉਨ੍ਹਾਂ ਦੀ ਵਿਰਾਸਤ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਰਾਹੀਂ ਜ਼ਿੰਦਾ ਰਹੇਗੀ।"

ਕਈ ਸਕੂਲਾਂ ਦੇ ਸੰਸਥਾਪਕ ਰਹੇ

ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਦੀ ਸੋਸ਼ਲ ਮੀਡੀਆ ਪੋਸਟ ਮੁਤਾਬਕ, ਉਨ੍ਹਾਂ ਦੇ ਪਿਤਾ ਨੇ ਸਾਲ 1986 ਵਿੱਚ ਖਾਲਸਾ ਕ੍ਰੈਡਿਟ ਯੂਨੀਅਨ ਅਤੇ ਖਾਲਸਾ ਸਕੂਲ ਦੀ ਸਥਾਪਨਾ ਕੀਤੀ।

ਉਨ੍ਹਾਂ ਦੇ ਸਕੂਲ ਕੈਨੇਡਾਈ ਪਾਠਕ੍ਰਮ ਪੜ੍ਹਾਉਣ ਦੇ ਨਾਲ-ਨਾਲ ਪੰਜਾਬੀ ਭਾਸ਼ਾ ਅਤੇ ਸਿੱਖ ਇਤਿਹਾਸ ਬਾਰੇ ਵੀ ਸਿੱਖਿਆ ਦਿੰਦੇ ਹਨ।

ਮਲਿਕ ਕੈਨੇਡਾ ਵਿੱਚ ਸਤਨਾਮ ਐਜੂਕੇਸ਼ਨ ਸੋਸਾਇਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਵੀ ਸਨ।

ਇਹ ਵੀ ਪੜ੍ਹੋ:

ਸਾਲ 2005 ਵਿੱਚ ਏਅਰ ਇੰਡੀਆ ਧਮਾਕਿਆਂ ਦੇ ਕੇਸ ਤੋਂ ਬਰੀ ਹੋਣ ਤੋਂ ਬਾਅਦ, ਮਲਿਕ ਵੈਨਕੂਵਰ ਤੋਂ ਦੱਖਣੀ ਸਰੀ ਜਾ ਵਸੇ ਸਨ।

ਖਾਲਸਾ ਕ੍ਰੇਡਿਟ ਯੂਨੀਅਨ ਅਤੇ ਖਾਲਸਾ ਸਕੂਲ ਚਲਾਉਣ ਦੇ ਨਾਲ-ਨਾਲ ਉਨ੍ਹਾਂ ਨੇ ਇਸ ਦੌਰਾਨ ਹੋਰ ਕਾਰੋਬਾਰ ਵੀ ਸ਼ੁਰੂ ਕੀਤੇ, ਜਿਨ੍ਹਾਂ ਵਿੱਚ ਕੱਪੜਿਆਂ ਦਾ ਕਾਰੋਬਾਰ ਵੀ ਸ਼ਾਮਿਲ ਹੈ। ਜਿਸ ਦੇ ਦਫ਼ਤਰ ਦੇ ਬਾਹਰ ਉਨ੍ਹਾਂ ਦਾ ਕਤਲ਼ ਕੀਤਾ ਗਿਆ।

ਮਲਿਕ ਦੇ ਭਾਰਤ ਰਹਿੰਦੇ ਰਿਸ਼ਤੇਦਾਰਾਂ ਨੇ ‘ਅਖ਼ਬਾਰ ਵਾਨਕੂਵਰ ਸਨ’ ਦੇ ਰਿਪੋਰਟਰ ਨੂੰ ਦੱਸਿਆ ਸੀ ਕਿ ਮਲਿਕ ਦਾ ਜਨਮ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ, 5 ਫਰਵਰੀ 1947 ਨੂੰ ਲਾਹੌਰ ਵਿੱਚ ਹੋਇਆ ਸੀ।

ਰਿਸ਼ਤੇਦਾਰਾਂ ਅਨੁਸਾਰ, ਮਲਿਕ ਦੇ ਮਾਪੇ ਉਸ ਨੂੰ ਨਿੱਕੇ ਹੁੰਦੇ ਨੂੰ ਲੈ ਕੇ ਭਾਰਤ ਵਾਲੇ ਪਾਸੇ ਪੰਜਾਬ ਦੇ ਫਿਰੋਜ਼ਪੁਰ ਆ ਵਸੇ ਸਨ।

ਰਿਪੁਦਮਨ ਸਿੰਘ ਮਲਿਕ

ਤਸਵੀਰ ਸਰੋਤ, Jaspreet Singh Malik/FB

1985 ਏਅਰ ਇੰਡੀਆ ਬੰਬ ਧਮਾਕੇ 'ਚ ਸ਼ਾਮਿਲ ਹੋਣ ਦੇ ਲੱਗੇ ਸਨ ਇਲਜ਼ਾਮ

23 ਜੂਨ, 1985 ਨੂੰ ਖਾਲਿਸਤਾਨੀ ਵੱਖਵਾਦੀਆਂ ਨੇ ਮੌਂਟਰੀਅਲ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਕਨਿਸ਼ਕ ਵਿੱਚ ਟਾਈਮ ਬੰਬ ਰੱਖਿਆ, ਜਿਸ ਕਾਰਨ ਜਹਾਜ਼ ਆਇਰਲੈਂਡ ਦੇ ਤੱਟ 'ਤੇ ਫਟ ਗਿਆ ਅਤੇ 329 ਜਣਿਆਂ ਦੀ ਮੌਤ ਹੋ ਗਈ ਸੀ।

ਸਾਲ 2000 ਵਿੱਚ, ਰਿਪੁਦਮਨ ਸਿੰਘ ਮਲਿਕ ਅਤੇ ਅਜੈਬ ਸਿੰਘ ਬਾਗੜੀ ਉੱਪਰ ਇਸ ਧਮਾਕੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਗਏ। ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ, ਉਨ੍ਹਾਂ 'ਤੇ ਕਤਲ (ਫਰਸਟ ਡਿਗਰੀ ਮਰਡਰ) ਸਮੇਤ 8 ਹੋਰ ਚਾਰਜ ਲਗਾਏ ਗਏ ਸਨ।

ਉਨ੍ਹਾਂ ਦੇ ਨਾਲ ਦੋ ਹੋਰ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ।

ਇਹ ਦੂਜੇ ਵਿਅਕਤੀ ਪੁਲਿਸ ਮੁਤਾਬਕ ਇੱਕ ਬੈਗ ਵਿੱਚ ਹੋਰ ਬੰਬ ਲੈ ਕੇ ਜਾ ਰਹੇ ਸਨ, ਜਿਸ ਨਾਲ ਏਅਰ ਇੰਡੀਆ ਦੀ ਇੱਕ ਹੋਰ ਉਡਾਣ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ।

ਹਾਲਾਂਕਿ ਉਨ੍ਹਾਂ ਦਾ ਅਟੈਚੀ ਬੰਬ ਜਪਾਨ ਦੇ ਨਰਿਤਾ ਹਵਾਈ ਅੱਡੇ ਉੱਪਰ ਫਟ ਗਿਆ, ਜਿਸ ਵਿੱਚ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ ਸੀ।

ਕੈਨੇਡਾ ਪੁਲਿਸ ਦੀ ਜਾਂਚ ਲਈ ਆਲੋਚਨਾ ਹੋਈ

ਪਬਲਿਕ ਸੇਫ਼ਟੀ ਕੈਨੇਡਾ ਦੀ ਵੈੱਬਸਾਈਟ 'ਤੇ ਛਪੀ ਜਾਣਕਾਰੀ ਅਨੁਸਾਰ, ਮਲਿਕ ਅਤੇ ਬਾਗੜੀ ਨੂੰ ਬੰਬ ਧਮਾਕਿਆਂ 'ਚ ਸ਼ਾਮਿਲ ਹੋਣ ਦੇ ਇਲਜ਼ਾਮ ਤਹਿਤ 27 ਅਕਤੂਬਰ, 2000 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

16 ਮਾਰਚ, 2005 ਨੂੰ ਕੈਨੇਡਾ ਦੀ ਸੁਪਰੀਮ ਕੋਰਟ (ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ) ਨੇ ਮਲਿਕ ਅਤੇ ਬਾਗੜੀ ਨੂੰ ਨਿਰਦੋਸ਼ ਕਰਾਰ ਦਿੰਦੇ ਹੋਏ ਆਪਣਾ ਫੈਸਲਾ ਸੁਣਾਇਆ।

ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਉਨ੍ਹਾਂ ਦੋਵਾਂ ਦੀ ਅਪਰਾਧ ਵਿੱਚ ਸ਼ਮੂਲੀਅਤ ਨੂੰ ਸਾਬਿਤ ਕਰਨ ਲਈ ਸਬੂਤ ਨਾਕਾਫ਼ੀ ਸਨ।

ਕੈਨੇਡੀਅਨ ਪੁਲਿਸ ਦੀ ਅਜਿਹੀ ਜਾਂਚ ਕਰਨ ਲਈ ਕਾਫ਼ੀ ਆਲੋਚਨਾ ਵੀ ਹੋਈ ਸੀ ਕਿ ਜਿਸ ਵਿੱਚ ਸਿਰਫ਼ ਇੱਕ ਵਿਅਕਤੀ (ਇੰਦਰਜੀਤ ਸਿੰਘ ਰਿਆਤ) ਨੂੰ ਸਜ਼ਾ ਹੋਈ ਸੀ।

ਰਿਆਤ ਨੂੰ ਸਾਲ 2003 ਵਿੱਚ ਕਤਲ ਅਤੇ ਬੰਬ ਬਣਾਉਣ ਲਈ ਸਮੱਗਰੀ ਜੁਟਾਉਣ ਵਿੱਚ ਸਹਾਇਤਾ ਕਰਨ ਦੇ ਇਲਜ਼ਾਮਾਂ ਵਿੱਚ ਦੋਸ਼ੀ ਮੰਨਿਆ ਗਿਆ।

ਸਾਲ 2010 ਵਿੱਚ ਕੈਨੇਡਾ ਸਰਕਾਰ ਨੇ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਤੋਂ ਰਸਮੀ ਮਾਫ਼ੀ ਮੰਗੀ। ਸਰਕਾਰ ਨੇ ਮੰਨਿਆ ਕਿ ਸੁਰੱਖਿਆ ਏਜੰਸੀਆਂ ਉਸ ਸੂਹ ਉੱਪਰ ਸਰਗਰਮ ਪੈਰਵਾਈ ਕਰਨ ਤੋਂ ਉੱਕ ਗਈਆਂ ਜਿਸ ਨਾਲ ਇਹ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ ਜਾਂ ਜ਼ਿੰਮੇਵਾਰਾਂ ਨੂੰ ਫੜਿਆ ਜਾ ਸਕਦਾ ਸੀ।

ਜਹਾਜ਼ ਧਮਾਕਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਇਹ ਹਮਲਾ, 9/11 ਤੋਂ ਪਹਿਲਾਂ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ

'ਉਹ ਜੋ ਦਿਖਾਉਂਦਾ ਸੀ ਉਸ ਤੋਂ ਬਿਲਕੁਲ ਵੱਖ ਸੀ'

ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਸਾਬਕਾ ਡਿਪਟੀ ਕਮਿਸ਼ਨਰ ਗੈਰੀ ਬਾਸ 1985 ਏਅਰ ਇੰਡੀਆ ਧਮਾਕੇ ਸਬੰਧੀ ਅੱਤਵਾਦੀ ਸ਼ਮੂਲੀਅਤ ਦੇ ਜਾਂਚ ਅਧਿਕਾਰੀ ਸਨ।

ਵੈਨਕੂਵਰ ਸਨ ਦੀ ਇੱਕ ਰਿਪੋਰਟ ਮੁਤਾਬਕ, ਬਾਸ ਕਹਿੰਦੇ ਹਨ ਇਹ ਕਹਿਣਾ ਔਖਾ ਹੈ ਕਿ ਉਨ੍ਹਾਂ ਦੇ ਕਤਲ ਪਿੱਛੇ ਕਿਸ ਦਾ ਹੱਥ ਹੈ ਪਰ ''ਮੈਨੂੰ ਲੱਗਦਾ ਹੈ ਕਿ ਇਸ ਦੇ ਪਿੱਛੇ ਕਈ ਉਦੇਸ਼ ਹੋ ਸਕਦੇ ਹਨ।''

ਜਦੋਂ ਧਮਾਕੇ ਤੋਂ ਬਾਅਦ ਏਅਰ ਇੰਡੀਆ ਦੇ ਜਾਂਚ ਅਧਿਕਾਰੀਆਂ ਨੇ ਮਲਿਕ ਨਾਲ 7 ਘੰਟੇ ਲੰਮੀ ਪੁੱਛਗਿੱਛ ਕੀਤੀ ਸੀ ਤਾਂ ਗੈਰੀ ਬਾਸ ਨੇ ਉਸ ਸਾਰੀ ਗੱਲਬਾਤ ਨੂੰ ਮਾਨੀਟਰ ਕੀਤਾ ਸੀ।

ਉਸ ਗੱਲਬਾਤ ਨੂੰ ਯਾਦ ਕਰਦਿਆਂ ਬਾਸ ਦੱਸਦੇ ਹਨ, ''ਮੈਂ ਉਹ ਇੰਟਰਵਿਊ ਦੇਖਿਆ ਅਤੇ ਜਿਵੇਂ ਉਹ ਆਪਣੇ ਆਪ ਨੂੰ ਜਨਤਾ ਵਿੱਚ ਦਿਖਾਉਂਦਾ ਹੈ, ਬੇਸ਼ੱਕ ਉਹ ਉਸ ਤੋਂ ਬਿਲਕੁਲ ਵੱਖ ਸੀ।''

ਉਨ੍ਹਾਂ ਦੱਸਿਆ, ''ਉਹ ਹੰਕਾਰੀ ਸੀ। ਉਸ ਨੇ ਆਪਣੀ ਪੱਗ ਉਤਾਰ ਦਿੱਤੀ ਅਤੇ ਆਪਣੇ ਪੈਰ ਮੇਜ਼ 'ਤੇ ਰੱਖ ਦਿੱਤੇ ਅਤੇ ਜਿਵੇਂ ਉਹ ਕੋਈ ਖੇਡ ਜਿਹੀ ਖੇਡ ਰਿਹਾ ਸੀ।''

''ਉਹ ਬੱਸ ਕਬੂਲਣ ਵਾਲਾ ਹੀ ਹੁੰਦਾ ਸੀ ਅਤੇ ਫਿਰ ਪਲਟੀ ਮਾਰ ਜਾਂਦਾ ਸੀ... ਉਹ ਕੋਈ ਧਾਰਮਿਕ ਵਿਅਕਤੀ ਨਹੀਂ ਸੀ ਜਿਵੇਂ ਕਿ ਉਹ ਚਾਹੁੰਦਾ ਸੀ ਕਿ ਹਰ ਕੋਈ ਉਸ ਬਾਰੇ ਸੋਚੇ।''

ਬੱਬਰ ਖ਼ਾਲਸਾ ਨਾਲ ਕਥਿਤ ਤੌਰ 'ਤੇ ਸਬੰਧਿਤ

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਰਿਪੁਦਮਨ ਕਥਿਤ ਤੌਰ 'ਤੇ ਬੱਬਰ ਖ਼ਾਲਸਾ ਨਾਲ ਸਬੰਧਿਤ ਸਨ। ਉਹ ਤਲਵਿੰਦਰ ਸਿੰਘ ਪਰਮਾਰ ਨਾਲ ਵੀ ਸਬੰਧਿਤ ਸਨ। ਪਰਮਾਰ ਏਅਰ ਇੰਡੀਆ ਬੰਬ ਧਮਾਕੇ ਦਾ ਕਥਿਤ ਤੌਰ ’ਤੇ ਮਾਸਟਰਮਾਇੰਡ ਸੀ।

ਪਰਮਾਰ ਬੱਬਰ ਖ਼ਾਲਸਾ ਦੇ ਇੱਕ ਗੁੱਟ ਦਾ ਮੁਖੀ ਵੀ ਰਿਹਾ ਅਤੇ 1992 ਵਿੱਚ ਉਹ ਪੰਜਾਬ ਪੁਲਿਸ ਦੇ ਕਥਿਤ ਐਨਕਾਊਂਟਰ ਵਿੱਚ ਮਾਰਿਆ ਗਿਆ ਸੀ।

ਉਸ ਦੇ ਦੋ ਪਰਿਵਾਰਿਕ ਮੈਂਬਰ ਰਿਪੁਦਮਨ ਦੇ ਇੱਕ ਸਕੂਲ (ਖ਼ਾਲਸਾ ਸਕੂਲ) ਵਿੱਚ ਕੰਮ ਕਰਦੇ ਹਨ।

ਕਿਤਾਬ 'ਬੱਲਡ ਫ਼ਾਰ ਬੱਲਡ ਫ਼ਿਫ਼ਟੀ ਇਅਰਜ਼ ਆਫ਼ ਗਲੋਬਲ ਖਾਲਿਸਤਾਨ ਪ੍ਰੋਜੈਕਟ' ਮੁਤਾਬਕ, ਇਨ੍ਹਾਂ ਬੰਬ ਧਮਾਕਿਆਂ ਬਾਰੇ ਚੱਲ ਮੁਕੱਦਮੇ ਵਿੱਚ, 18 ਸਾਲ ਬਾਅਦ ਮਿਸ ਡੀ (ਇੱਕ ਮਹਿਲਾ) ਨੇ ਮਰਨ ਵਾਲਿਆਂ ਦੇ ਰਿਸ਼ਤੇਦਾਰਾਂ ਸਾਹਮਣੇ ਗਵਾਹੀ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਬੱਬਰ ਖ਼ਾਲਸਾ ਨੂੰ ਧਨ ਦੇਣ ਵਾਲੇ ਰਿਪੁਦਮਨ ਸਿੰਘ ਮਲਿਕ ਨੂੰ ਇਹ ਕਹਿੰਦਿਆਂ ਸੁਣਿਆ ਸੀ ਕਿ ''ਜੇ ਨਰਿਟਾ ਹਵਾਈ ਅੱਡੇ 'ਤੇ ਜਹਾਜ਼ ਸਮੇਂ ਸਿਰ ਉਤਰ ਜਾਂਦਾ ਤਾਂ ਕਿਤੇ ਜ਼ਿਆਦਾ ਨੁਕਸਾਨ ਹੁੰਦਾ।''

ਉਨ੍ਹਾਂ ਅੱਗੇ ਦੱਸਿਆ ਸੀ, ''ਕਿਤੇ ਜ਼ਿਆਦਾ ਮੌਤਾਂ ਹੁੰਦੀਆਂ ਅਤੇ ਲੋਕਾਂ ਨੂੰ ਪਤਾ ਲੱਗਦਾ ਕਿ ਅਸੀਂ ਕੀ ਹਾਂ। ਉਨ੍ਹਾਂ ਨੂੰ ਖ਼ਾਲਿਸਤਾਨ ਦੇ ਮਾਅਨੇ ਪਤਾ ਲੱਗਦੇ ਅਤੇ ਉਨ੍ਹਾਂ ਨੂੰ ਇਹ ਅੰਦਾਜ਼ਾ ਲੱਗ ਜਾਂਦਾ ਕਿ ਅਸੀਂ ਕਿਸ ਦੇ ਲਈ ਲੜ ਰਹੇ ਹਾਂ।''

ਭਾਰਤ ਸਰਕਾਰ ਦੀ ਬਲੈਕਲਿਸਟ 'ਚ ਸ਼ਾਮਿਲ

ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਮਲਿਕ ਦਾ ਨਾਂਅ ਭਾਰਤ ਸਰਕਾਰ ਵੱਲੋਂ 'ਬਲੈਕਲਿਸਟ' ਕੀਤੇ ਸਿੱਖਾਂ ਵਿੱਚ ਵੀ ਸ਼ਾਮਿਲ ਸੀ, ਜੋ ਵਿਦੇਸ਼ਾਂ ਵਿੱਚ ਰਹਿੰਦੇ ਹਨ। ਹਾਲਾਂਕਿ, ਮੋਦੀ ਸਰਕਾਰ ਨੇ ਸਤੰਬਰ 2019 ਵਿੱਚ ਉਨ੍ਹਾਂ ਸਮੇਤ 312 ਸਿੱਖਾਂ ਦੇ ਨਾਂਅ ਇਸ 35 ਸਾਲ ਪੁਰਾਣੀ ਲਿਸਟ 'ਚੋਂ ਹਟਾ ਦਿੱਤੇ ਸਨ।

ਇਸ ਤੋਂ ਮਗਰੋਂ, ਦਸੰਬਰ 2019 ਵਿੱਚ ਹੀ, 25 ਸਾਲ ਬਾਅਦ ਮਲਿਕ ਭਾਰਤ ਵੀ ਆਏ ਸਨ।

ਮਲਿਕ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿਖਾਂ ਪ੍ਰਤੀ ਕੀਤੇ ਅਜਿਹੇ ਕੰਮਾਂ ਲਈ ਧੰਨਵਾਦ ਕੀਤਾ ਸੀ ਜੋ 'ਪਹਿਲਾਂ ਕਦੇ ਨਹੀਂ ਕੀਤੇ ਗਏ।'

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)