ਸ਼੍ਰੀਲੰਕਾ: ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਦਿੱਤਾ ਅਸਤੀਫ਼ਾ, ਮੁਜ਼ਾਹਰਾਕਾਰੀ ਮਨਾ ਰਹੇ ਜਸ਼ਨ

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਅਸਤੀਫ਼ਾ ਦੇ ਦਿੱਤਾ ਹੈ। ਸ਼੍ਰੀਲੰਕਾ ਦੀ ਸੰਸਦ ਦੇ ਸਪੀਕਰ ਦੇ ਬੁਲਾਰੇ ਨੇ ਬੀਬੀਸੀ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਰਾਸ਼ਟਰਪਤੀ ਨੇ ਆਪਣਾ ਅਸਤੀਫ਼ਾ ਈ-ਮੇਲ ਰਾਹੀਂ ਸ਼੍ਰੀਲੰਕਾ ਦੀ ਸੰਸਦ ਦੇ ਸਪੀਕਰ ਨੂੰ ਭੇਜਿਆ ਹੈ।

ਹਾਲਾਂਕਿ ਸ਼੍ਰੀਲੰਕਾ ਦੇ ਸਪੀਕਰ ਨੇ ਹਾਲੇ ਤੱਕ ਜਨਤਕ ਤੌਰ 'ਤੇ ਇਸ ਅਸਤੀਫ਼ੇ ਬਾਰੇ ਐਲਾਨ ਨਹੀਂ ਕੀਤਾ ਹੈ।

ਸ਼੍ਰੀਲੰਕਾ ਦੇ ਸੰਵਿਧਾਨ ਮੁਤਾਬਕ ਰਾਸ਼ਟਰਪਤੀ ਵੱਲੋਂ ਅਸਤੀਫ਼ੇ ਉੱਪਰ ਦਸਤਖ਼ਤ ਕਰਨ ਅਤੇ ਉਸ ਨੂੰ ਭੇਜਣ ਤੋਂ ਬਾਅਦ ਅਸਤੀਫ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।

ਪਰ ਉਸ ਦੇ ਬਾਅਦ ਵੀ ਰਨਿਲ ਵਿਕਰਮਸਿੰਘੇ ਸਹੁੰ ਚੁੱਕਣ ਤੱਕ ਰਾਸ਼ਟਰਪਤੀ ਨਹੀਂ ਬਣਨਗੇ। ਉਸ ਸਮੇਂ ਤੱਕ ਉਹ ਕਾਰਜਕਾਰੀ ਰਾਸ਼ਟਰਪਤੀ ਹੀ ਰਹਿਣਗੇ।

ਇੱਕ ਵਾਰ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕੋਲ ਸੰਸਦ ਦੀ ਮਨਜ਼ੂਰੀ ਲੈਣ ਲਈ 30 ਦਿਨ ਦਾ ਸਮਾਂ ਹੋਵੇਗਾ। ਜੇਕਰ ਸੰਸਦ ਇਸ ਨੂੰ ਮਨਜ਼ੂਰ ਨਹੀਂ ਕਰਦੀ ਤਾਂ ਸਾਂਸਦ ਨਵੇਂ ਰਾਸ਼ਟਰਪਤੀ ਦੀ ਚੋਣ ਕਰ ਸਕਦੇ ਹਨ।

ਗੋਟਾਬਾਇਆ ਰਾਜਪਕਸ਼ੇ ਦਾ ਅਸਤੀਫ਼ਾ, ਮੁਜ਼ਾਹਰਾਕਾਰੀਆਂ ਵਿਚਾਲੇ ਜਸ਼ਨ ਸ਼ੁਰੂ

ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੇ ਅਸਤੀਫ਼ੇ ਦੀ ਖ਼ਬਰ ਆਉਣ ਤੋਂ ਬਾਅਦ ਸ਼੍ਰੀਲੰਕਾ ਵਿੱਚ ਮੁਜ਼ਾਹਰਾਕਾਰੀਆਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਤਮਾਮ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਮੁਜ਼ਾਹਰਾਕਾਰੀ ਇੱਕਜੁੱਟ ਹੁੰਦੇ ਨਜ਼ਰ ਆ ਰਹੇ ਹਨ।

ਕੁਝ ਵੀਡੀਓ ਵਿੱਚ ਮੁਜ਼ਾਹਰਾਕਾਰੀ ਗਾਲੇ ਫੇਸ ਪਾਰਕ ਵਿੱਚ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

ਸ਼੍ਰੀਲੰਕਾ ਵਿੱਚ ਮੁਜ਼ਾਹਰੇ ਜਾਰੀ

ਉੱਧਰ ਸ਼੍ਰੀਲੰਕਾ ਵਿੱਚ ਲਗਾਤਾਰ ਵਿਗੜਦੇ ਹਾਲਾਤਾਂ ਨੂੰ ਸੰਭਾਲਣ ਲਈ ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਦੇਸ ਦੀ ਫ਼ੌਜ ਅਤੇ ਪੁਲਿਸ ਨੂੰ ਆਦੇਸ਼ ਦਿੱਤੇ ਹਨ।

ਰਾਨਿਲ ਵਿਕਰਮਾਸਿੰਘੇ ਨੇ ਕਿਹਾ ਹੈ ਕਿ ਦੇਸ਼ ਵਿੱਚ ਅਮਨ ਬਹਾਲ ਕਰਨ ਲਈ ਫ਼ੌਜ ਅਤੇ ਪੁਲਿਸ ਨੂੰ ਸਾਰੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।

ਇਸ ਦੌਰਾਨ ਸ਼੍ਰੀਲੰਕਾ ਦੀ ਫ਼ੌਜ ਨੇ ਲੋਕਾਂ ਨੂੰ ਫ਼ੌਜ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਸਰਕਾਰੀ ਜਾਇਦਾਦਾਂ ਉੱਪਰੋਂ ਕਬਜ਼ੇ ਛੱਡਣ ਦਾ ਐਲਾਨ ਕਰ ਦਿੱਤਾ ਹੈ।

ਵੀਡੀਓ: ਪ੍ਰਦਰਸ਼ਨਕਾਰੀਆਂ ਨੇ ਪੀਐਮ ਦਫ਼ਤਰ ਦੇ ਅੰਦਰ ਇਹ ਕੁਝ ਕੀਤਾ

ਸ਼੍ਰੀਲੰਕਾ ਇਸ ਸਮੇਂ ਗੰਭੀਰ ਆਰਥਿਕ ਅਤੇ ਸਿਆਸੀ ਸੰਕਟ ਵਿੱਚ ਹੈ, ਜਿਸ ਕਾਰਨ ਮੁਲਕ ਵਿਚ ਜ਼ਬਰਦਸਤ ਰੋਸ ਮੁਜ਼ਾਹਰੇ ਹੋ ਰਹੇ ਹਨ।

ਮੁਜ਼ਾਹਰਾਕਾਰੀ ਰਾਸ਼ਟਰਪਤੀ ਭਵਨ ਅਤੇ ਪ੍ਰਧਾਨ ਮੰਤਰੀ ਦਫ਼ਤਰ ਵਿਚ ਦਾਖਲ ਹੋ ਚੁੱਕੇ ਹਨ। ਇਨ੍ਹਾਂ ਸਿਖਰਲੇ ਦਫ਼ਤਰਾਂ ਵਿਚ ਲੋਕ ਪਿਕਨਿਕ ਤੇ ਪਾਰਟੀ ਕਰਨ ਵਾਂਗ ਆ ਰਹੇ ਹਨ।

ਸ਼੍ਰੀਲੰਕਾ ਦੇ ਚੀਫ਼ ਆਫ ਡਿਫੈਂਸ ਸਟਾਫ ਜਨਰਲ ਸ਼ਵੇਂਦਰ ਸਿਲਵਾ ਨੇ ਜਨਤਾ ਨੂੰ ਤਿੰਨਾਂ ਫ਼ੌਜਾਂ ਅਤੇ ਪੁਲਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਸ਼ਵੇਂਦਰ ਸ਼ਿਲਵਾ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੇ ਅਸਤੀਫ਼ੇ ਅਤੇ ਨਵੇਂ ਰਾਸ਼ਟਰਪਤੀ ਦੀ ਚੋਣ ਹੋਣ ਤੱਕ ਦੇਸ਼ ਦੇ ਲੋਕਾਂ ਨੂੰ ਦੇਸ ਵਿੱਚ ਸੁਰੱਖਿਆ ਅਤੇ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਫ਼ੌਜੀ ਦਸਤਿਆਂ ਅਤੇ ਪੁਲਿਸ ਦੀ ਮਦਦ ਕਰਨੀ ਚਾਹੀਦੀ ਹੈ।

  • ਸ਼੍ਰੀਲੰਕਾ ਵਿੱਚ ਲਗਭਗ ਤਿੰਨ ਮਹੀਨੇ ਤੋਂ ਆਰਥਿਕ ਸੰਕਟ ਚੱਲ ਰਿਹਾ ਹੈ।
  • ਦੇਸ ਭਰ ਵਿੱਚ ਲੋਕ ਸੜਕਾਂ ਉੱਪਰ ਹਨ ਅਤੇ ਦੇਸ ਦੀ ਸੱਤਾ ਉੱਪਰ ਦਹਾਕਿਆਂ ਤੋਂ ਕਾਬਜ਼ ਰਾਜਪਕਸ਼ੇ ਪਰਿਵਾਰ ਨੂੰ ਲਾਂਭੇ ਹੋਣ ਲਈ ਕਹਿ ਰਹੇ ਹਨ।
  • ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੀ ਬਹੁਤ ਸਾਰੇ ਲੋਕ ਦੇਸ ਦੀ ਸਭ ਤੋਂ ਮਹਿਫ਼ੂਜ਼ ਸਮਝੀ ਜਾਂਦੀ ਥਾਂ ਰਾਸ਼ਟਰਪਤੀ ਭਵਨ ਵਿੱਚ ਗਏ ਅਤੇ ਉੱਥੇ ਮਨਮਰਜ਼ੀਆਂ ਕੀਤੀਆਂ।
  • ਮਹਿੰਗਾਈ ਦਰ 50% ਤੋਂ ਟੱਪ ਗਈ ਹੈ, ਲੋਕਾਂ ਨੂੰ ਬਿਜਲੀ, ਦਵਾਈਆਂ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
  • ਦੇਸ਼ ਵਿੱਚ ਮੈਡੀਕਲ ਲੋੜਾਂ ਲਈ ਬੱਸਾਂ, ਰੇਲ ਗੱਡੀਆਂ ਅਤੇ ਵਾਹਨਾਂ ਲਈ ਕੋਈ ਬਾਲਣ ਨਹੀਂ ਬਚਿਆ ਹੈ।
  • ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਾਮਦ ਲਈ ਲੋੜੀਂਦਾ ਵਿਦੇਸ਼ੀ ਮੁਦਰਾ ਭੰਡਾਰ ਨਹੀਂ ਬਚਿਆ ਹੈ।
  • ਮੰਨਿਆ ਜਾ ਰਿਹਾ ਹੈ ਕਿ 70 ਦੇ ਦਹਾਕੇ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ।
  • ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਸਪਲਾਈ ਬਚਾਉਣ ਲਈ ਘਰੇਲੂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ।

ਫ਼ੌਜ ਮੁਖੀ ਨੇ ਆਮ ਲੋਕਾਂ ਨੂੰ ਜਨਤਕ ਜਾਂ ਨਿੱਜੀ ਜਾਇਦਾਦ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਅਪੀਲ ਕੀਤੀ ਹੈ।

ਰਾਸ਼ਟਰਪਤੀ ਗੋਟਾਬਾਯਾ ਨੇ ਦੇਸ਼ ਛੱਡਣ ਤੋਂ ਬਾਅਦ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕੀਤਾ ਹੈ।

ਪ੍ਰਦਰਸ਼ਨਕਾਰੀਆਂ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦਫ਼ਤਰ 'ਤੇ ਕਬਜ਼ਾ ਕਰ ਲਿਆ ਸੀ।

ਇਹ ਵੀ ਪੜ੍ਹੋ:

ਇਸ ਦੌਰਾਨ ਸ੍ਰੀਲੰਕਾ ਦੀ ਫ਼ੌਜ ਨੇ ਮੁਜਾਹਰਾਕਾਰੀਆਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਕੋਈ ਗੰਭੀਰ ਯਤਨ ਨਹੀਂ ਕੀਤਾ।

ਇਸ ਦੌਰਾਨ ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਇੱਕ ਹੁਕਮ ਰਾਹੀਂ ਬੁੱਧਵਾਰ ਰਾਤ 12 ਵਜੇ ਤੋਂ ਸਵੇਰੇ 5 ਵਜੇ ਤੱਕ ਦੇਸ਼ ਵਿੱਚ ਕਰਫਿਊ ਲਗਾ ਦਿੱਤਾ ਸੀ।

ਹੁਣ ਤੱਕ ਸ਼੍ਰੀਲੰਕਾ ਵਿੱਚ ਕੀ-ਕੀ ਹੋਇਆ ਹੈ

  • ਬੁੱਧਵਾਰ ਰਾਤ ਨੂੰ ਕਾਰਜਕਾਰੀ ਰਾਸ਼ਟਰਪਤੀ ਨੇ ਫ਼ੌਜ ਅਤੇ ਪੁਲਿਸ ਨੇ ਦੇਸ ਵਿੱਚ ਅਮਨ- ਕਾਨੂੰਨ ਬਹਾਲ ਕਰਨ ਦੇ ਹੁਕਮ ਦਿੱਤੇ ਅਤੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।
  • ਬੁੱਧਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਵੜ ਗਏ, ਜਿਨ੍ਹਾਂ ਨੂੰ ਰੋਕਣ ਲਈ ਫ਼ੌਜ ਵੱਲੋਂ ਕੋਈ ਗੰਭੀਰ ਯਤਨ ਨਹੀਂ ਕੀਤੇ ਗਏ।
  • ਬੁੱਧਵਾਰ ਨੂੰ ਰਾਸ਼ਟਰਪਤੀ ਗੋਟਾਬਾਯਾ ਨੇ ਦੇਸ਼ ਛੱਡਣ ਤੋਂ ਬਾਅਦ ਪ੍ਰਧਾਨ ਮੰਤਰੀ ਰਾਨਿਲ ਵਿਕਰਮਾ ਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣੇ।
  • ਸ਼ਨੀਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਕੋਲੰਬੋ ਵਿੱਚ ਸਥਿਤ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇ ਸਰਕਾਰੀ ਅਵਾਸ ਵਿੱਚ ਵੜ ਗਏ।
  • ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਹਵਾਈ ਫਾਇਰ ਕੀਤੇ ਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ, ਕਈਆਂ ਨੂੰ ਹਸਪਤਾਲ ਵੀ ਭਰਤੀ ਕਰਵਾਉਣਾ ਪਿਆ।
  • ਵੱਡੀ ਗਿਣਤੀ ਵਿੱਚ ਲੋਕ ਪ੍ਰਧਾਨ ਮੰਤਰੀ ਰਾਨਿਲ ਵਿਕਰਮਾ ਸਿੰਘੇ ਦੇ ਘਰ ਵੀ ਵੜ ਗਏ ਤੇ ਉੱਥੇ ਅੱਗ ਲਗਾ ਦਿੱਤੀ।
  • ਸਿਆਸੀ ਪਾਰਟੀਆਂ ਦੀ ਐਮਰਜੈਂਸੀ ਮੀਟਿੰਗ ਸੱਦੀ ਤੇ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਭੈਵਰਦਨਾ ਨੂੰ ਸਰਬਸੰਮਤੀ ਨਾਲ ਅਸਥਾਈ ਰਾਸ਼ਟਰਪਤੀ ਐਲਾਨਿਆ ਗਿਆ।
  • ਇਸ ਤੋਂ ਪਹਿਲਾਂ ਮਈ ਮਹੀਨੇ ਇਸ ਤੋਂ ਪਹਿਲਾਂ ਰਹੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਅਤੇ ਉਨ੍ਹਾਂ ਦੀ ਸਮੁੱਚੀ ਕੈਬਨਿਟ ਵੱਲੋਂ ਅਸਤੀਫ਼ਾ ਦਿੱਤਾ ਸੀ।
  • ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ, ਦੇਸ਼ ਵਿੱਚ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਪਾਬੰਦੀ ਲਗਾਈ ਗਈ ਤੇ ਕਰਫਿਊ ਵੀ ਲਗਾਇਆ ਜਾਂਦਾ ਰਿਹਾ।
  • 31 ਮਾਰਚ ਨੂੰ ਰਾਸ਼ਟਰਪਤੀ ਰਾਜਪਕਸ਼ੇ ਦੇ ਵਿਰੋਧ ਵਿੱਚ ਕਈ ਜਗ੍ਹਾ ਧਰਨਾ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਕਈ ਗੱਡੀਆਂ ਦੀ ਸਾੜ-ਫੂਕ ਵੀ ਕੀਤੀ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ।

ਸ਼੍ਰੀਲੰਕਾ ਬਾਰੇ ਮੁੱਢਲੀ ਜਾਣਕਾਰੀ

ਭਾਰਤ ਦੇ ਦੱਖਣ ਵਿੱਚ ਹਿੰਦ ਮਹਾਂਸਾਗਰ ਵਿੱਚ ਵਸਿਆ ਇੱਕ ਟਾਪੂ ਦੇਸ। ਸਾਲ 1948 ਵਿੱਚ ਬ੍ਰਿਟਿਸ਼ ਰਾਜ ਤੋਂ ਅਜ਼ਾਦ ਹੋਇਆ।

ਇੱਥੇ ਮੁੱਖ ਤੌਰ 'ਤੇ ਤਿੰਨ ਸਿੰਨਹਾਲਾ (ਸਿੰਘਲਾ), ਤਾਮਿਲ ਅਤੇ ਮੁਸਲਿਮ ਭਾਈਚਾਰਿਆਂ ਦਾ ਅਬਾਦੀ ਹੈ। ਦੇਸ ਦੀ ਕੁੱਲ ਅਬਾਦੀ 2.20 ਕਰੋੜ ਹੈ।

ਖੂਨੀ ਗ੍ਰਹਿਯੁੱਧ ਤੋਂ ਵਿੱਚ ਤਾਮਿਲ ਵੱਖਵਾਦੀਆਂ ਨੂੰ ਹਰਾਉਣ ਤੋਂ ਬਾਅਦ ਸਾਲ 2009 ਵਿੱਚ ਮਹਿੰਦਾ ਰਾਜਪਕਸ਼ੇ ਬਹੁਗਿਣਤੀ ਸਿਨਹਾਲਾ ਭਾਈਚਾਰੇ ਵਿੱਚ ਨਾਇਕ ਵਜੋਂ ਉੱਭਰੇ।

ਗੋਟਾਬਾਇਆ ਰਾਜਪਕਸ਼ੇ ਜੋ ਕਿ ਹੁਣ ਦੇਸ ਦੇ ਰਾਸ਼ਟਰਪਤੀ ਹਨ ਸਾਲ 2009 ਵਿੱਚ ਦੇਸ ਦੇ ਰੱਖਿਆ ਮੰਤਰੀ ਸਨ।

ਸ਼੍ਰੀਲੰਕਾ ਇੱਕ ਲੋਕਤੰਤਰੀ ਗਣਰਾਜ ਹੈ ਜਿਸ ਦਾ ਸੰਵਿਧਾਨਿਕ ਮੁਖੀ ਰਾਸ਼ਟਰਪਤੀ ਹੈ ਪਰ ਸੰਸਦ ਵਿੱਚ ਸਰਕਾਰ ਦੀ ਅਗਵਾਈ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਂਦੀ ਹੈ।

'ਕਿਸੇ ਕੋਲ ਜਾਦੂ ਦੀ ਛੜੀ ਨਹੀਂ ਜੋ ਲੋਕਾਂ ਨੂੰ ਸੰਕਟ ਵਿੱਚੋਂ ਕੱਢ ਸਕੇ'

ਸ਼੍ਰੀ ਲੰਕਾ ਦੇ ਤਾਜ਼ਾ ਹਾਲਾਤ ਬਾਰੇ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਦੀ ਗਰਾਊਂਡ ਰਿਪੋਰਟ-

ਅਸੀਂ ਜੂਨ ਦੇ ਪਹਿਲੇ ਹਫ਼ਤੇ ਜਦੋਂ ਇੱਥੇ ਆਏ ਤਾਂ ਮਹਿੰਦਾ ਰਾਜਪਕਸ਼ੇ ਦੇ ਟੈਂਪਲ ਟ੍ਰੀ ਹਾਊਸ ਵਾਲੇ ਘਰ 'ਤੇ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਅਤੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।

ਉਦੋਂ ਜਾਪਦਾ ਸੀ ਕਿ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਬਗਾਵਤ ਦੀ ਵਾਗਡੋਰ ਸੰਭਾਲ ਕੇ ਰਾਨਿਲ ਵਿਕਰਮਾਸਿੰਘੇ ਨੂੰ ਨਿਯੁਕਤ ਕਰਕੇ ਮਾਸਟਰ ਪਲਾਨ ਬਣਾ ਲਿਆ ਹੈ ਤਾਂ ਕਿ ਲੋਕਾਂ ਦਾ ਗੁੱਸਾ ਠੰਢਾ ਹੋ ਜਾਵੇ ਅਤੇ ਉਹ ਖੁਦ ਰਾਸ਼ਟਰਪਤੀ ਅਹੁਦੇ 'ਤੇ ਬਣੇ ਰਹਿਣ।

ਹਾਲਾਂਕਿ ਅਜਿਹਾ ਨਹੀਂ ਹੋਇਆ। ਹੁਣ ਛੇ ਹਫ਼ਤੇ ਹੋ ਗਏ ਹਨ ਅਤੇ ਪ੍ਰਦਰਸ਼ਨਕਾਰੀ ਖੜ੍ਹੇ ਹਨ। ਜਦੋਂ ਗੋਟਾਬਾਯਾ ਬਦਲਾਅ ਲਈ ਸਹਿਮਤ ਨਹੀਂ ਹੋਏ ਤਾਂ ਲੋਕ ਬੱਸਾਂ ਭਰ ਕੇ ਕੋਲੰਬੋ ਪਹੁੰਚ ਗਏ।

ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਬਾਵਜੂਦ ਉਨ੍ਹਾਂ ਦੇ ਉੱਥੇ ਪਹੁੰਚਣ ਦਾ ਸਿਲਸਿਲਾ ਜਾਰੀ ਰਿਹਾ। ਇਸ ਦਾ ਨਤੀਜਾ ਕੀ ਨਿਕਲਿਆ, ਅਸੀਂ ਪਿਛਲੇ ਕੁਝ ਦਿਨਾਂ ਵਿਚ ਸਭ ਤੋਂ ਵੱਧ ਦੇਖਿਆ ਹੈ।

ਬੁੱਧਵਾਰ ਸਵੇਰੇ ਹਜ਼ਾਰਾਂ ਲੋਕ ਕਰਫਿਊ ਦੇ ਬਾਵਜੂਦ ਬਿਨਾਂ ਲਾਈਨ ਤੋੜੇ ਰਾਸ਼ਟਰਪਤੀ ਭਵਨ ਦੇ ਅੰਦਰ ਜਾ ਰਹੇ ਹਨ।

ਇੱਕ ਵੱਡੀ ਤਬਦੀਲੀ ਜੋ ਪਿਛਲੇ ਇੱਕ ਮਹੀਨੇ ਵਿੱਚ ਦਿਖਾਈ ਦੇ ਰਹੀ ਹੈ ਉਹ ਇਹ ਹੈ ਕਿ ਇੱਥੇ ਫ਼ੌਜ ਅਤੇ ਪੁਲਿਸ ਦੀ ਮੌਜੂਦਗੀ ਬਹੁਤ ਘੱਟ ਗਈ ਹੈ, ਕੋਈ ਵੀ ਕਹਿ ਸਕਦਾ ਹੈ, ਇਹ ਨਾਂਹ ਦੇ ਬਰਾਬਰ ਹੈ।

ਪਿਛਲੀ ਵਾਰ ਹਰ ਪਾਸੇ ਬੈਰੀਕੇਡਿੰਗ ਸੀ, ਪਛਾਣ ਪੱਤਰ ਚੈੱਕ ਕੀਤੇ ਜਾ ਰਹੇ ਸਨ, ਹਰ ਪਾਸੇ ਗਾਰਡ ਸਨ ਪਰ ਇਸ ਵਾਰ ਇਹ ਸਭ ਕੁਝ ਨਜ਼ਰ ਨਹੀਂ ਆ ਰਿਹਾ।

ਬੁੱਧਵਾਰ ਨੂੰ ਜਦੋਂ ਲੋਕਾਂ ਨੇ ਪੀਐੱਮ ਦੇ ਘਰ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਬੁਲੇਟ ਪਰੂਫ ਗੇਟ ਤੋੜ ਦਿੱਤਾ। ਸੁਰੱਖਿਆ ਦਸਤਿਆਂ ਨੇ ਪਹਿਲਾਂ ਤਾਂ ਅੱਥਰੂ ਗੈਸ ਦੇ ਗੋਲੇ ਛੱਡੇ ਪਰ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਤਾਕਤ ਦੀ ਵਰਤੋਂ ਨਹੀਂ ਕੀਤੀ।

ਲੋਕ ਅਜੇ ਵੀ ਖੁਸ਼ ਨਜ਼ਰ ਨਹੀਂ ਆ ਰਹੇ

ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਬੁੱਧਵਾਰ ਸਵੇਰੇ ਦੇਸ ਛੱਡ ਕੇ ਮਾਲਦੀਵ ਚਲੇ ਗਏ, ਰਾਨਿਲ ਵਿਕਰਮਸਿੰਘੇ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ ਹੈ, ਪਰ ਲੋਕਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ।

ਵਿਰੋਧ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ, ਬਾਹਰੋਂ ਲੋਕਾਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ। ਪੁਲਿਸ ਅਤੇ ਫ਼ੌਜ ਤਾਕਤ ਦੀ ਵਰਤੋਂ ਕਰਨ ਤੋਂ ਝਿਜਕ ਰਹੀ ਹੈ।

ਸਮੱਸਿਆਵਾਂ ਖਤਮ ਨਹੀਂ ਹੋ ਰਹੀਆਂ

ਇਸੇ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ, ਪਹਿਲਾਂ ਪੈਟਰੋਲ ਲਈ 10 ਘੰਟੇ ਕਤਾਰ 'ਚ ਲੱਗਣਾ ਪੈਂਦਾ ਸੀ, ਹੁਣ 24 ਘੰਟੇ। ਕਿਸੇ ਵਿਅਕਤੀ ਨੂੰ 12 ਲੀਟਰ ਤੋਂ ਵੱਧ ਪੈਟਰੋਲ ਜਾਂ ਡੀਜ਼ਲ ਨਹੀਂ ਦਿੱਤਾ ਜਾ ਰਿਹਾ ਹੈ। ਲੋਕ ਪੈਦਲ ਅਤੇ ਸਾਈਕਲ 'ਤੇ ਜਾਂਦੇ ਦੇਖੇ ਜਾਂਦੇ ਹਨ।

ਦਵਾਈਆਂ ਦੀ ਵੀ ਵੱਡੀ ਘਾਟ ਹੈ, ਕੈਂਸਰ ਤੇ ਟੀ.ਬੀ ਵਰਗੀਆਂ ਬਿਮਾਰੀਆਂ ਲਈ ਦਵਾਈਆਂ ਦੀ ਵੀ ਵੱਡੀ ਘਾਟ ਹੈ, ਖਾਣ-ਪੀਣ ਦੀਆਂ ਵਸਤਾਂ ਦੀ ਘਾਟ ਦਾ ਵੀ ਡਰ ਬਣਿਆ ਹੋਇਆ ਹੈ।

ਲੋਕ ਸਮੱਸਿਆ ਦਾ ਹੱਲ ਲੱਭ ਰਹੇ ਹਨ, ਪਰ ਕਿਸੇ ਕੋਲ ਇਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ, ਕੋਈ ਜਾਦੂ ਦੀ ਛੜੀ ਨਹੀਂ ਜੋ ਲੋਕਾਂ ਨੂੰ ਮੁਸੀਬਤ ਵਿੱਚੋਂ ਕੱਢ ਸਕੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)