ਕੈਨੇਡਾ ਦਾ ਕਾਲੀ ਦੇਵੀ ਪੋਸਟਰ ਵਿਵਾਦ: ਲੀਨਾ ਮਨੀਮੇਕਲਾਈ ਫਿਲਮਕਾਰ ਕੌਣ ਹੈ ਤੇ ਕੀ ਹੈ ਉਸਦੀ ਦਲੀਲ

    • ਲੇਖਕ, ਨੰਦਿਨੀ ਵੈਲਾਇਸਾਮੀ
    • ਰੋਲ, ਬੀਬੀਸੀ ਪੱਤਰਕਾਰ

ਤਮਿਲ ਦਸਤਾਵੇਜ਼ੀ ਫਿਲਮੇਕਰ ਲੀਨਾ ਮਨੀਮੇਕਲਾਈ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ 4 ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਇਹ ਸ਼ਿਕਾਇਤ ਉਨ੍ਹਾਂ ਵੱਲੋਂ ਉਨ੍ਹਾਂ ਦੀ ਆਗਾਮੀ ਦਸਤਾਵੇਜ਼ੀ ਫਿਲਮ 'ਕਾਲੀ' ਦਾ ਪੋਸਟਰ ਸ਼ੇਅਰ ਕਰਨ ਤੋਂ ਬਾਅਦ ਦਰਜ ਕਰਵਾਈ ਗਈ।

ਇਸ ਪੋਸਟਰ ਵਿੱਚ ਇੱਕ ਹਿੰਦੂ ਔਰਤ ਹਿੰਦੂ ਦੇਵੀ ਕਾਲੀ ਦੇ ਲਿਬਾਸ ਵਿੱਚ ਸਿਗਰਟ ਪੀਂਦੇ ਹੋਏ ਅਤੇ ਹੱਥ ਵਿੱਚ ਰੇਨਬੋ 'ਪਰਾਈਡ' ਯਾਨਿ ਸਮਲਿੰਗੀਆਂ ਦਾ ਝੰਡਾ ਫੜੀ ਹੋਈ ਨਜ਼ਰ ਆ ਰਹੀ ਹੈ।

ਦਿੱਲੀ ਦੇ ਰਹਿਣ ਵਾਲੇ ਵਕੀਲ ਵਿਨੀਤ ਜਿੰਦਲ ਨੇ ਦਿੱਲੀ ਪੁਲਿਸ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੋਸਟਰ 'ਬਹੁਤ ਹੀ ਇਤਰਾਜ਼ਯੋਗ' ਹੈ।

ਮਨੀਮੇਕਲਾਈ ਜਦੋਂ ਆਪਣੇ ਟਵਿੱਟਰ ਹੈਂਡਲ 'ਤੇ 2 ਜੁਲਾਈ ਨੂੰ ਪੋਸਟਰ ਪਾਇਆ ਸੀ ਤਾਂ ਉਦੋਂ ਤੋਂ ਹੀ ਇਸ 'ਤੇ ਵਿਵਾਦ ਸ਼ੁਰੂ ਹੋ ਗਿਆ ਸੀ।

ਪੂਰੇ ਦੇਸ਼ ਵਿੱਚੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਆਵਾਜ਼ਾਂ ਉੱਠ ਰਹੀਆਂ ਹਨ।

ਲੀਨਾ ਮਨੀਮੇਕਲਾਈਕੌਣ ਹੈ ?

ਲੀਨਾ ਮਨੀਮੇਕਲਾਈ ਇੱਕ ਬਹੁਪ੍ਰਤਿਭਾ ਪੱਖੀ ਸ਼ਖ਼ਸੀਅ ਹੈ, ਤਮਿਲ ਕਵਿੱਤਰੀ, ਦਸਤਾਵੇਜ਼ੀ ਫਿਲਮਕਾਰ ਅਤੇ ਇੱਕ ਆਜ਼ਾਦ ਫਿਲਮ ਡਾਇਰੈਕਟਰ ਵਜੋਂ ਕੰਮ ਕਰਦੇ ਹਨ।

ਉਨ੍ਹਾਂ ਨੇ ਜਿਨਸੀ, ਸਮਾਜਿਕ ਜ਼ੁਲਮ ਅਤੇ ਸ਼੍ਰੀਲੰਕਾ ਦੇ ਘਰੇਲੂ ਯੁੱਧ 'ਤੇ ਫੀਚਰ ਫਿਲਮਾਂ ਅਤੇ ਦਸਤਾਵੇਜ਼ੀ ਫਿਲਮਾਂ ਬਣਾਈਆਂ ਹਨ।

ਉਨ੍ਹਾਂ ਦੀਆਂ ਫਿਲਮਾਂ ਜਿਵੇਂ, 'ਸੇਂਗਾਦਲ' ਅਤੇ 'ਮਾਦਾਥੀ' ਨੇ ਅੰਤਰਰਾਸ਼ਟਰੀ ਧਿਆਨ ਵੀ ਆਪਣੇ ਵੱਲ ਖਿੱਚਿਆ ਅਤੇ ਇਹ ਕਈ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ।

ਮਨੀਮੇਕਲਾਈ ਇਨ੍ਹਾਂ ਲਈ ਪੁਰਸਕਾਰ ਵੀ ਜਿੱਤ ਚੁੱਕੇ ਹਨ।

ਕਾਲੀ ਅਤੇ ਵਿਵਾਦ

ਮਨੀਮੇਕਲਾਈ ਨੇ 2 ਜੁਲਾਈ ਨੂੰ ਆਪਣੀ 'ਪ੍ਰਫਾਰਮੈਂਸ ਡਾਕੂਮੈਂਟਰੀ' ਦਾ ਪੋਸਟਰ ਟਵੀਟ ਕੀਤਾ ਸੀ। ਕੁਝ ਘੰਟਿਆਂ ਵਿੱਚ ਹੀ ਇਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ।

ਟਵਿੱਟਰ 'ਤੇ ਹੈਸ਼ਟੈਗ 'AreestLeenaManimekalai' ਟ੍ਰੈਂਡਿੰਗ ਸ਼ੁਰੂ ਹੋਇਆ ਅਤੇ ਇਹ ਅਜੇ ਵੀ ਹੈ।

ਇਹ ਵੀ ਪੜ੍ਹੋ-

ਕਈ ਲੋਕ ਕਹਿ ਰਹੇ ਹਨ ਕਿ ਪੋਸਟਰ ਹਿੰਦੂ ਧਰਮ ਦਾ ਨਿਰਾਦਰ ਕਰਦਾ ਹੈ ਅਤੇ ਇਸ ਲਈ ਮਨੀਮੇਕਲਾਈ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

ਹਰਿਆਣਾ ਭਾਜਪਾ ਦੇ ਸੂਬਾ ਇੰਚਾਰਜ ਅਰੁਣ ਯਾਦਵ ਨੇ ਇੱਕ ਵੀਡੀਓ ਟਵੀਟ ਕੀਤਾ ਹੈ।

ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਫਿਲਮ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਹਿੰਦੂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ।

ਕਈ ਟਵਿੱਟਰ ਯੂਜ਼ਰਜ਼ ਉਨ੍ਹਾਂ ਦੇ ਵੀਡੀਓ ਨੂੰ ਰੀਟਵੀਟ ਕਰ ਰਹੇ ਹਨ।

ਵੀਐੱਚਪੀ ਨੇਤਾ ਪ੍ਰਾਚੀ ਸਾਧਵੀ ਨੇ ਟਵੀਟ ਕੀਤਾ, "ਹਿੰਦੂਓ ਜਾਗੋ। ਹਿੰਦੂ ਵਿਰੋਧੀ ਫਿਲਮ ਨਿਰਦੇਸ਼ਕ ਦਾ ਬਾਈਕਾਟ ਕਰੋ।''

ਇਸ ਦੇ ਨਾਲ ਹੀ, ਫਿਲਮ ਨਿਰਮਾਤਾ ਅਸ਼ੋਕ ਪੰਡਿਤ ਅਤੇ ਹਰਿਆਣਾ ਭਾਜਪਾ ਦੇ ਮੀਡੀਆ ਕੋਆਰਡੀਨੇਟਰ ਹਰੀਸ਼ ਸ਼ਰਮਾ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟਸ ਤੋਂ ਪੋਸਟਰ ਦੀ ਨਿੰਦਾ ਕੀਤੀ ਹੈ।

ਲੀਨਾ ਦਾ ਕੀ ਕਹਿਣਾ ਹੈ ?

ਲੀਨਾ ਮਨੀਮੇਕਲਾਈ ਕੈਨੇਡਾ ਵਿੱਚ ਹੈ, ਉਨ੍ਹਾਂ ਨੇ ਫਿਲਮ ਅਤੇ ਵਿਵਾਦ ਬਾਰੇ ਵਿਚਾਰ ਬੀਬੀਸੀ ਨਾਲ ਸਾਂਝੇ ਕੀਤੇ।

ਲੀਨਾ ਕਹਿੰਦੀ ਹੈ, "ਜਿੱਥੋਂ ਤੱਕ ਮੇਰਾ ਸਬੰਧ ਹੈ, ਕਾਲੀ ਇੱਕ ਜੀਵੰਤ, ਮੁੱਢ ਕਦੀਮੀ ਔਰਤ ਹੈ, ਜਿਸ ਕੋਲ ਅਥਾਹ ਸ਼ਕਤੀ ਹੈ, ਜੋ ਆਜ਼ਾਦ ਹੈ। ਉਹ ਹਰ ਉਸ ਚੀਜ਼ 'ਤੇ ਮੋਹਰ ਲਗਾਉਂਦੀ ਹੈ, ਜਿਸ ਨੂੰ ਸਭ ਤੋਂ ਵੱਧ ਸਮਝਿਆ ਜਾਂਦਾ ਹੈ, ਜੋ ਬੁਰਾਈ ਦਾ ਸਿਰ ਕਲਮ ਕਰਦੀ ਹੈ ਅਤੇ ਖ਼ਰਾਬ ਖੂਨ ਵਗਣ ਦਿੰਦੀ ਹੈ।"

"ਫਿਲਮ ਇਹ ਦਰਸਾਉਂਦੀ ਹੈ ਕਿ ਜੇਕਰ ਅਜਿਹੀ ਔਰਤ ਮੇਰੇ ਅੰਦਰ ਦਾਖ਼ਲ ਹੁੰਦੀ ਹੈ ਅਤੇ ਟੋਰਾਂਟੋ ਦੀਆਂ ਗਲੀਆਂ ਵਿੱਚ ਘੁੰਮਦੀ ਹੈ ਤਾਂ ਕੀ ਹੋਵੇਗਾ।"

ਸਮਲਿੰਗੀਆਂ ਬਾਰੇ ਉਨ੍ਹਾਂ ਨੇ ਕਿਹਾ, "ਜਿਵੇਂ ਕਿ ਮੈਂ ਸਮਲਿੰਗੀ ਸਪੈਕਟ੍ਰਮ ਨਾਲ ਸਬੰਧਤ ਹਾਂ ਅਤੇ ਮੈਂ ਇੱਕ ਫਿਲਮ ਨਿਰਮਾਤਾ ਹਾਂ, ਕਾਲੀ ਜੋ ਮੇਰੇ ਅੰਦਰ ਆਉਂਦੀ ਹੈ, ਇੱਕ ਸਤਰੰਗੀ ਝੰਡਾ ਅਤੇ ਇੱਕ ਕੈਮਰਾ ਰੱਖਦੀ ਹੈ। ਮੈਂ ਕੀ ਕਰਾਂ?"

"ਜੋ ਕਾਲੀ ਮੇਰੇ ਅੰਦਰ ਪ੍ਰਵੇਸ਼ ਕਰਦੀ ਹੈ ਉਹ ਕਬਾਇਲੀ ਲੋਕਾਂ, ਅਫਰੀਕਨਾਂ, ਏਸ਼ੀਆਈ ਲੋਕਾਂ, ਯਹੂਦੀਆਂ, ਫਲਸਤੀਨੀਆਂ ਨਾਲ ਮੇਲ ਖਾਂਦੀ ਹੈ ਅਤੇ ਮਨੁੱਖਤਾ ਦਾ ਜਸ਼ਨ ਮਨਾ ਕੇ ਖੁਸ਼ ਹੁੰਦੀ ਹੈ।"

ਉਹ ਅੱਗੇ ਦੱਸਦੇ ਹਨ ਕਿ ਹਾਲਾਂਕਿ, ਕੈਨੇਡਾ ਵਿੱਚ ਗਾਂਜਾ ਕਾਨੂੰਨੀ ਹੈ, ਪਰ ਇਹ ਮਹਿੰਗਾ ਹੈ।

ਉਹ ਅੱਗੇ ਕਹਿੰਦੇ ਹਨ, "ਬੇਘਰੇ, ਗਰੀਬ, ਕਾਲੇ ਮਜ਼ਦੂਰ ਵਰਗ ਦੇ ਲੋਕ ਜੋ ਕੈਨੇਡਾ ਦੇ ਪਾਰਕਾਂ ਵਿੱਚ ਸੌਂਦੇ ਹਨ, ਉਨ੍ਹਾਂ ਕੋਲ ਕਾਲੀ ਨੂੰ ਭੇਟ ਕਰਨ ਲਈ ਸਿਰਫ਼ ਇੱਕ ਸਿਗਰਟ ਹੈ। ਉਹ ਇਸ ਨੂੰ ਪਿਆਰ ਨਾਲ ਸਵੀਕਾਰ ਕਰਦੀ ਹੈ।"

ਗ੍ਰਿਫ਼ਤਾਰੀ ਬਾਰੇ ਲੀਨਾ ਨੇ ਕੀ ਕਿਹਾ

ਗ੍ਰਿਫ਼ਤਾਰੀ ਵਾਲੇ ਹੈਸ਼ਟੇਗ ਬਾਰੇ ਬੋਲਦਿਆਂ ਲੀਨਾ ਨੇ ਇਲਜ਼ਾਮ ਲਾਇਆ ਕਿ ਭਾਰਤ ਸਰਕਾਰ ਕਾਰਕੁਨਾਂ, ਪੱਤਰਕਾਰਾਂ, ਕਲਾਕਾਰਾਂ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਜ਼ੁਲਮ ਕਰ ਰਹੀ ਹੈ। ਇਹ ਲੋਕਤੰਤਰ ਨਹੀਂ ਫਾਸ਼ੀਵਾਦ ਹੈ।

ਲੀਨਾ ਦਾ ਇਹ ਵੀ ਇਲਜ਼ਾਮ ਹੈ ਕਿ ਇਹ ਸਰਕਾਰ ਘੱਟ ਗਿਣਤੀਆਂ 'ਤੇ ਜ਼ੁਲਮ ਕਰ ਰਹੀ ਹੈ ਅਤੇ ਧਰਮ ਦੇ ਨਾਂ 'ਤੇ ਲੋਕਾਂ ਦਾ ਧਰੁਵੀਕਰਨ ਕਰ ਰਹੀ ਹੈ।

ਉਹ ਆਖਦੀ ਹੈ, "ਮੈਂ 17 ਸਾਲਾ ਤੋਂ ਕਲਾ ਨਾਲ ਜੁੜੇ ਕਰੀਅਰ ਵਿੱਚ ਸਭ ਕੁਝ ਦੇਖਿਆ ਹੈ, ਜਾਨੋਂ ਮਾਰਨ ਦੀਆਂ ਧਮਕੀਆਂ, ਬਲਾਤਕਾਰ ਦੀਆਂ ਧਮਕੀਆਂ, ਤੇਜ਼ਾਬੀ ਹਮਲੇ ਦੀਆਂ ਧਮਕੀਆਂ, ਸਿਆਸੀ ਗ੍ਰਿਫਤਾਰੀਆਂ, ਸੈਂਸਰ ਦਖ਼ਲਅੰਦਾਜ਼ੀ, ਬਦਨਾਮੀ, ਪੁਲਿਸ ਸ਼ਿਕਾਇਤਾਂ, ਮੀਟੂ, ਅੰਦੋਲਨ ਦੌਰਾਨ ਜਿਨਸੀ ਸ਼ੋਸ਼ਣ ਖ਼ਿਲਾਫ਼ ਬੋਲਣ ਦੇ ਮਾਮਲੇ, ਮੇਰਾ ਪਾਸਪੋਰਟ ਬਲਾਕ ਕੀਤਾ ਗਿਆ, ਇਸ ਨੂੰ ਰੱਦ ਕਰਨ ਲਈ ਸੰਘਰਸ਼ ਹੋਇਆ।"

"ਮੇਰੇ ਕੋਲ ਗੁਆਉਣ ਲਈ ਕੁਝ ਨਹੀਂ ਹੈ। ਜਦੋਂ ਤੱਕ ਮੈਂ ਜਿਉਂਦੀ ਹਾਂ, ਮੈਂ ਬਿਨਾਂ ਡਰੇ ਆਪਣੇ ਮਨ ਦੀ ਗੱਲ ਕਰਨਾ ਚਾਹੁੰਦੀ ਹਾਂ। ਜੇ ਮੇਰੀ ਜਾਨ ਇਸ ਦੀ ਕੀਮਤ ਹੈ ਤਾਂ ਮੈਂ ਨਿਸ਼ਾਵਰ ਕਰ ਦਿਆਂਗੀ।"

'ਕਲਾ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਤੱਕ ਆਪਣਾ ਰਾਹ ਲੱਭ ਲਵੇਗੀ'

ਲੀਨਾ ਆਖਦੀ ਹੈ, "ਜਦੋਂ ਮੈਂ ਰਚਨਾਤਮਕ ਤੌਰ 'ਤੇ ਪ੍ਰੇਰਿਤ ਹੁੰਦੀ ਹਾਂ, ਤਾਂ ਮੈਂ ਕਿਸੇ ਹੋਰ ਵਿਚਾਰ ਨੂੰ ਦਖ਼ਲ ਦੇਣ ਦੀ ਇਜਾਜ਼ਤ ਨਹੀਂ ਦਿੰਦੀ। ਕਲਾ ਲਈ ਸਵੈ-ਸੈਂਸਰਸ਼ਿਪ ਤੋਂ ਵੱਡੀ ਕੋਈ ਰੁਕਾਵਟ ਨਹੀਂ ਹੈ।"

"ਜੇਕਰ ਉਹ ਫਿਲਮ ਦੇਖਦੇ ਹਨ, ਤਾਂ ਇਹ ਹੈਸ਼ਟੈਗ ਲੋਕਾਂ ਦੇ ਦਿਮਾਗ਼ ਬਦਲ ਸਕਦੇ ਹਨ। ਇਸ ਲਈ ਉਹ ਇਸ 'ਤੇ ਪਾਬੰਦੀ ਚਾਹੁੰਦੇ ਹਨ।"

ਉਹ ਕਹਿੰਦੀ ਹੈ ਕਿ ਇਸ ਡਿਜੀਟਲ ਯੁੱਗ ਵਿੱਚ, ਤਾਨਾਸ਼ਾਹ ਸਰਕਾਰਾਂ ਵੀ ਆਪਣੇ ਭੇਦ ਨਹੀਂ ਰੱਖ ਸਕਦੀਆਂ। ਕਲਾ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਤੱਕ ਆਪਣਾ ਰਾਹ ਲੱਭ ਲਵੇਗੀ।

ਉਨ੍ਹਾਂ ਮੁਤਾਬਕ, "ਮੇਰੀਆਂ ਪਹਿਲੀਆਂ ਰਚਨਾਵਾਂ, ਭਾਵੇਂ ਉਹ ਕਵਿਤਾਵਾਂ ਹੋਣ ਜਾਂ ਫਿਲਮਾਂ, ਉਨ੍ਹਾਂ ਨੇ ਵੀ ਰੁਕਾਵਟਾਂ ਦਾ ਸਾਹਮਣਾ ਕੀਤਾ ਹੈ। ਪਰ ਉਹ ਅਣਦੇਖੇ ਨਹੀਂ ਰਹੇ।"

ਲੀਨਾ ਦਾ ਮੌਜੂਦਾ ਸਰਕਾਰ ਉੱਤੇ ਕਾਨੂੰਨ ਦੀ ਉਲੰਘਣਾ ਦਾ ਇਲਜ਼ਾਮ ਲਾਉਂਦੇ ਹੋਏ ਕਹਿੰਦੀ ਹੈ, "ਇਹ ਸਾਰੀ ਦੁਨੀਆਂ ਜਾਣਦੀ ਹੈ। ਇਸ ਲਈ, ਲੋਕ ਸਾਹ ਲੈਣ ਜਾਂ ਕੰਮ ਕਰਨਾ ਬੰਦ ਨਹੀਂ ਕਰ ਸਕਦੇ। ਕੀ ਉਹ ਕਰ ਸਕਦੇ ਹਨ? ਉਹ ਡਰ ਬੀਜ ਸਕਦੇ ਹਨ। ਕੀ ਕਲਾਕਾਰ ਇਸ ਦੀ ਵਾਢੀ ਨਹੀਂ ਕਰਨਗੇ।"

ਲੀਨਾ ਮੁਤਾਬਕ ਕਾਲੀ ਦੀ ਜਨਮ ਕਿਵੇਂ ਹੋਇਆ

ਲੀਨਾ ਨੇ ਦੱਸਿਆ, "ਕੈਨੇਡਾ ਦੀ ਯਾਰਕ ਯੂਨੀਵਰਸਿਟੀ ਨੇ ਮੈਨੂੰ ਸੱਦਾ ਦਿੱਤਾ ਕਿਉਂਕਿ ਮੈਂ ਅੰਤਰਰਾਸ਼ਟਰੀ ਖੇਤਰ ਵਿੱਚ ਇੱਕ ਸਰਗਰਮ ਫਿਲਮ ਨਿਰਮਾਤਾ ਸੀ, ਉਨ੍ਹਾਂ ਨੇ ਮੈਨੂੰ ਸਕਾਲਰਸ਼ਿਪ ਦਿੱਤੀ ਅਤੇ ਮੈਨੂੰ ਆਪਣੇ ਹੁਨਰ ਨੂੰ ਨਿਖਾਰਨ ਅਤੇ ਮਾਸਟਰ ਡਿਗਰੀ ਕਰਨ ਦਾ ਮੌਕਾ ਦਿੱਤਾ।"

"ਕੈਨੇਡਾ ਵਿੱਚ ਸਿਨੇਮਾ ਦਾ ਅਧਿਐਨ ਕਰਨ ਵਾਲੇ ਉੱਤਮ ਕਲਾਕਾਰਾਂ ਦੀ ਚੋਣ ਕਰਨ ਵਿੱਚ, ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਮੈਨੂੰ ਬਹੁ-ਸੱਭਿਆਚਾਰਕਤਾ ਉੱਤੇ ਇੱਕ ਫਿਲਮ ਬਣਾਉਣ ਲਈ ਇੱਕ ਕੈਂਪ ਵਿੱਚ ਸ਼ਾਮਲ ਕੀਤਾ। ਇਸ ਤਰ੍ਹਾਂ ਕਾਲੀ ਦਾ ਜਨਮ ਹੋਇਆ।"

ਉਨ੍ਹਾਂ ਨੇ ਕਿਹਾ ਕਿ ਜੋ ਲੋਕ ਇਸ ਫਿਲਮ 'ਤੇ ਪਾਬੰਦੀ ਲਗਾਉਣਾ ਚਾਹੁੰਦੇ ਹਨ ਪਰ ਸਿਰਫ਼ ਕਲਾ ਦੀ ਬੇਅਦਬੀ ਨਹੀਂ ਕਰਨਗੇ ਬਲਕਿ ਅਕਾਦਮੀਆਂ ਦੀ ਵੀ ਕਰਨਗੇ।

"ਮੈਨੂੰ ਆਸ ਹੈ ਕਿ ਦੁਨੀਆਂ ਅਤੇ ਇਸ ਦੇ ਲੋਕ ਇਸ ਨੂੰ ਲੰਬੇ ਸਮੇਂ ਲਈ ਬਰਦਾਸ਼ਤ ਨਹੀਂ ਕਰਨਗੇ।"

"ਕਲਾ ਕਰਨ ਅਤੇ ਮਰਨ ਦੇ ਵਿਚਕਾਰ ਝੂਲਦੀ ਰਹਿੰਦੀ ਹੈ। ਮੇਰੇ ਕੋਲ ਫੜਨ ਲਈ ਹੋਰ ਕੁਝ ਨਹੀਂ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)