ਭਾਰਤ ਦੇ ਰਾਸ਼ਟਰਪਤੀ: ਦ੍ਰੌਪਦੀ ਮੁਰਮੂ ਨੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਤਸਵੀਰ ਸਰੋਤ, Doordarshan
ਉਡੀਸਾ ਤੋਂ ਭਾਰਤੀ ਜਨਤਾ ਪਾਰਟੀ ਦੀ ਆਦਿਵਾਸੀ ਆਗੂ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਹ ਭਾਰਤ ਦੇ ਪਹਿਲੇ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣੇ ਹਨ।
ਮੁਰਮੂ ਉਡੀਸਾ ਵਿਧਾਨ ਸਭਾ ਦੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਉਹ ਝਾਰਖੰਡ ਦੇ ਸਾਬਕਾ ਰਾਜਪਾਲ ਵੀ ਰਹੇ ਹਨ।
ਭਾਰਤ ਦੇ ਸੱਤਾਧਾਰੀ ਗਠਜੋੜ ਐੱਨਡੀਏ ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਦ੍ਰੋਪਦੀ ਮੁਰਮੂ ਨੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾਇਆ ਸੀ।
ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਤੀਜਾ ਗੇੜ ਖ਼ਤਮ ਹੋਣ ਤੱਕ ਜਿੱਤ ਲਈ ਲੋੜੀਂਦਾ 50 ਫੀਸਦੀ ਵੋਟਾਂ ਦਾ ਅੰਕੜਾ ਪਾਰ ਕਰ ਲਿਆ ਸੀ।
ਰਾਜ ਸਭਾ ਦੇ ਜਨਰਲ ਸਕੱਤਰ ਪੀਸੀ ਮੋਦੀ ਮੁਤਾਬਕ, "ਯਸ਼ਵੰਤ ਸਿਨਹਾ ਨੂੰ ਪਹਿਲੀ ਤਰਜੀਹੀ ਦੇ 1,877 ਵੋਟ ਮਿਲੇ, ਜਿਸ ਦਾ ਮੁੱਲ 3,80,177 ਰਿਹਾ।"
"ਦ੍ਰੌਪਦੀ ਮੁਰਮੂ ਨੂੰ ਪਹਿਲੀ ਤਰਜੀਹੀ ਦੇ ਵੋਟ, ਚੁਣੇ ਜਾਣ ਲਈ ਜ਼ਰੂਰੀ ਕੋਟੇ ਤੋਂ ਜ਼ਿਆਦਾ ਸਨ, ਇਸ ਲਈ ਰਿਟਰਨਿੰਗ ਅਫਸਰ ਵਜੋਂ ਮੈਂ ਐਲਾਨ ਕਰਦਾ ਹਾਂ ਕਿ ਉਹ ਭਾਰਤ ਦੇ ਰਾਸ਼ਟਰਪਤੀ ਅਹੁਦੇ ਲਈ ਚੁਣ ਲਏ ਗਏ ਹਨ।"
ਉਨ੍ਹਾਂ ਨੇ ਅੱਗੇ ਦੱਸਿਆ ਸੀ , "ਨਤੀਜੇ ਦੇ ਐਲਾਨ ਦੇ ਨਾਲ ਹੀ ਰਾਸ਼ਟਰਪਤੀ ਦੀ ਚੋਣ ਹੁਣ ਪੂਰੀ ਹੋ ਗਈ। ਇਸ ਚੋਣ ਵਿੱਚ ਕੁੱਲ 4,754 ਵੋਟਾਂ ਪਈਆਂ ਹਨ, ਜਿਸ ਵਿੱਚ 4,701 ਵੋਟ ਯੋਗ ਸਨ, ਜਦ ਕਿ 53 ਅਯੋਗ ਸਨ।"
ਉਨ੍ਹਾਂ ਮੁਤਾਬਕ, "ਦ੍ਰੌਪਦੀ ਮੁਰਮੂ ਨੂੰ ਇਸ ਵਿੱਚੋਂ ਪਹਿਲੀ ਤਰਜੀਹੀ ਵਾਲੇ 2,824 ਵੋਟ ਮਿਲੇ, ਜਿਸ ਦਾ ਮੁੱਲ 6,76,802 ਰਿਹਾ। ਉੱਥੇ ਹੀ ਰਾਸ਼ਟਰਪਤੀ ਚੁਣੇ ਜਾਣ ਲਈ ਕਿਸੇ ਉਮੀਦਵਾਰ ਨੂੰ 5,28,491 ਮੁੱਲ ਦੇ ਵੋਟ ਹਾਸਲ ਕਰਨੇ ਸਨ।"
ਪੀਸੀ ਮੋਦੀ ਨੇ ਦੱਸਿਆ ਇਨ੍ਹਾਂ ਚੋਣਾਂ ਵਿੱਚ ਦ੍ਰੌਪਦੀ ਮੁਰਮੂ ਨੂੰ ਕੁੱਲ 64 ਫੀਸਦ ਵੋਟ ਮਿਲੇ, ਜਦ ਕਿ ਉਨ੍ਹਾਂ ਦੇ ਵਿਰੋਧੀ ਯਸ਼ਵੰਤ ਸਿਨਹਾ ਨੂੰ 36 ਫੀਸਦ ਵੋਟ ਮਿਲੇ ਸਨ ।
ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਰਨ ਵਾਲੇ ਇਲੈਕਟੋਰਲ ਕਾਲਜ ਵਿੱਚ ਵੋਟਾਂ ਦਾ ਕੁੱਲ ਮੁੱਲ 10,86,431 ਹੈ।ਇਸ ਚੋਣ ਵਿੱਚ ਦੋ ਉਮੀਦਵਾਰ ਸਨ, ਇਸ ਲਈ ਜੇਕਰ ਕੋਈ ਵੀ ਉਮੀਦਵਾਰ ਅੱਧੇ ਤੋਂ ਵੱਧ ਵੋਟਾਂ ਹਾਸਲ ਕਰ ਲੈਂਦਾ ਹੈ ਤਾਂ ਉਸ ਦੀ ਜਿੱਤ ਤੈਅ ਹੁੰਦੀ ਹੈ।
ਦੌਪਦੀ ਮੁਰਮੂ ਨੂੰ ਮਿਲ ਰਹੀਆਂ ਵਧਾਈਆਂ ਤੇ ਜਸ਼ਨ
ਰਾਸ਼ਟਰਪਤੀ ਦੀ ਚੋਣ ਹਾਰੇ ਯਸ਼ਵੰਤ ਸਿਨਹਾ ਨੇ ਇੱਕ ਟਵੀਟ ਰਾਹੀ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਚੋਣ ਜਿੱਤਣ ਦੀ ਵਧਾਈ ਦਿੱਤੀ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਦਿੱਲੀ ਵਿਚ ਦ੍ਰੌਪਦੀ ਮੁਰਮੂ ਦੇ ਘਰ ਅੱਗੇ ਕੇਂਦਰ ਸਰਕਾਰ ਦੇ ਲਗਭਗ ਸਾਰੇ ਮੰਤਰੀ ਅਤੇ ਐੱਨਡੀਏ ਦੇ ਸੀਨੀਅਰ ਆਗੂ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ ਸਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਰਮੂ ਦੇ ਘਰ ਜਾ ਕੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਜਿੱਤ ਦੀ ਵਧਾਈ ਦਿੱਤੀ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਦਿੱਲੀ ਤੋਂ ਲੈਕੇ ਮੁਰਮੂ ਦੇ ਉਡੀਸ਼ਾ ਵਿਚਲੇ ਪਿੰਡ ਸੰਥਾਲ ਤੱਕ ਜਸ਼ਨ ਮਨਾਏ ਜਾ ਰਹੇ ਹਨ। ਉਨ੍ਹਾਂ ਦੀ ਜਿੱਤ ਨੂੰ ਆਦਿਵਾਸੀ ਭਾਈਚਾਰੇ ਲਈ ਮਾਣ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

- ਦ੍ਰੌਪਦੀ ਮੁਰਮੂ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਤੋਂ ਹਨ ਅਤੇ ਸੰਥਾਲ ਆਦਿਵਾਸੀ ਭਾਈਚਾਰੇ ਤੋਂ ਹਨ।
- 1979 ਵਿੱਚ ਉਨ੍ਹਾਂ ਨੇ ਭੁਵਨੇਸ਼ਵਰ ਦੇ ਰਮਾਦੇਵੀ ਕਾਲਜ ਤੋਂ ਬੀਏ ਪਾਸ ਕੀਤੀ ਸੀ।
- ਆਪਣਾ ਪੇਸ਼ਵਰ ਜੀਵਨ ਉਨ੍ਹਾਂ ਨੇ ਸਿੰਜਾਈ ਅਤੇ ਊਰਜਾ ਵਿਭਾਗ ਵਿੱਚ ਕਲਰਕ ਵਜੋਂ ਸ਼ੁਰੂ ਕੀਤਾ।
- ਸਾਲ 1997 ਵਿੱਚ ਕੌਂਸਲਰ ਦੀ ਚੋਣ ਜਿੱਤ ਕੇ ਉਹ ਓਡੀਸ਼ਾ ਵਿੱਚ ਰਾਇਰੰਗਪੁਰ ਦੇ ਉਪ-ਸਰਪੰਚ ਬਣੇ ਸਨ।
- ਇਸੇ ਸਾਲ ਉਨ੍ਹਾਂ ਨੂੰ ਭਾਜਪਾ ਦੇ ਐੱਸਟੀ ਮੋਰਚਾ ਦਾ ਸੂਬਾ ਪ੍ਰਧਾਨ ਚੁਣਿਆ ਗਿਆ ਸੀ।
- ਉਹ ਮਯੂਰਭੰਜ ਦੇ ਰਾਇਰੰਗਪੁਰ ਤੋਂ ਭਾਜਪਾ ਦੀ ਟਿਕਟ ਉੱਤੇ ਦੋ ਵਾਰ (2000-2009) ਵਿੱਚ ਵਿਧਾਇਕ ਬਣੇ ਸਨ।
- ਉਹ 2000 ਤੋਂ 2004 ਤੱਕ ਨਵੀਨ ਪਟਨਾਇਕ ਦੇ ਮੰਤਰੀ ਮੰਡਲ ਵਿੱਚ ਵੀ ਰਹੇ।
- ਦ੍ਰੌਪਦੀ ਮੁਰਮੂ 2015 ਤੋਂ 2021 ਤੱਕ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਉਹ ਵੀ ਆਦਿਵਾਸੀ ਭਾਈਚਾਰੇ ਤੋਂ ਰਹੇ।

ਕੀ ਖਾਸ ਹੈ ਦ੍ਰੌਪਦੀ ਮੁਰਮੂ ਵਿੱਚ
21 ਜੂਨ ਦੀ ਦੇਰ ਸ਼ਾਮ ਜਦੋਂ ਬੀਜੇਪੀ ਨੇ ਰਾਸ਼ਟਰਪਤੀ ਚੋਣਾਂ ਲਈ ਐੱਨਡੀਏ ਦੇ ਉਮੀਦਵਾਰ ਵਜੋਂ ਦ੍ਰੌਪਦੀ ਮੁਰਮੂ ਦੇ ਨਾਮ ਦਾ ਐਲਾਨ ਕੀਤਾ ਤਾਂ ਉਹ ਨਵੀਂ ਦਿੱਲੀ ਤੋਂ ਲਗਭਗ 1600 ਕਿੱਲੋਮੀਟਰ ਰਾਇਗੰਜ (ਓਡੀਸ਼ਾ) ਦੇ ਆਪਣੇ ਘਰ ਵਿੱਚ ਸਨ।
ਇਸ ਤੋਂ ਇੱਕ ਦਿਨ ਪਹਿਲਾਂ 20 ਜੂਨ ਨੂੰ ਉਨ੍ਹਾਂ ਨੇ ਆਪਣਾ 64ਵਾਂ ਜਨਮ ਦਿਨ ਬੜੀ ਸਾਦਗੀ ਨਾਲ ਮਨਾਇਆ ਸੀ। ਉਸ ਸਮੇਂ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮਹਿਜ਼ 24 ਘੰਟਿਆਂ ਬਾਅਦ ਉਹ ਦੇਸ ਦੇ ਸਭ ਤੋਂ ਵੱਡੇ ਅਹੁਦੇ ਲਈ ਸੱਤਾਧਾਰੀ ਪੱਖ ਵੱਲੋਂ ਉਮੀਦਵਾਰ ਬਣਾਏ ਗਏ ਹਨ।
ਆਪਣੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਮੀਡੀਆ ਨੂੰ ਕਿਹਾ, ''ਮੈਂ ਹੈਰਾਨ ਹਾਂ ਅਤੇ ਖੁਸ਼ ਵੀ ਕਿਉਂਕਿ ਮੈਨੂੰ ਰਾਸ਼ਟਰਪਤੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਹੈ। ਮੈਨੂੰ ਟੈਲੀਵਿਜ਼ਨ ਦੇਖ ਕੇ ਇਸ ਵਾਰੇ ਪਤਾ ਲੱਗਿਆ। ਰਾਸ਼ਟਰਪਤੀ ਇੱਕ ਸੰਵਿਧਾਨਕ ਅਹੁਦਾ ਹੈ ਅਤੇ ਜੇ ਮੈਂ ਇਸ ਲਈ ਚੁਣੀ ਗਈ ਤਾਂ ਮੈਂ ਸਿਆਸਤ ਤੋਂ ਵੱਖ ਹੋ ਕੇ ਦੇਸ ਦੇ ਲੋਕਾਂ ਲਈ ਕੰਮ ਕਰਾਂਗੀ। ਇਸ ਅਹੁਦੇ ਲਈ ਜੋ ਸੰਵਿਧਾਨਕ ਵਿਵਸਥਾਵਾਂ ਅਤੇ ਹੱਕ ਹਨ, ਮੈਂ ਉਨ੍ਹਾਂ ਦੇ ਮੁਤਾਬਕ ਕੰਮ ਕਰਨਾ ਚਾਹਾਂਗੀ। ਇਸ ਤੋਂ ਜ਼ਿਆਦਾ ਮੈਂ ਹੋਰ ਕੁਝ ਨਹੀਂ ਕਹਿ ਸਕਦੀ।''
ਹਾਲਾਂਕਿ ਸਿਆਸੀ ਗਲਿਆਰਿਆਂ ਅਤੇ ਮੀਡੀਆ ਵਿੱਚ ਉਨ੍ਹਾਂ ਦੇ ਨਾਮ ਦੀਆਂ ਚਰਚਾਵਾਂ ਕਈ ਦਿਨਾਂ ਤੋਂ ਚੱਲ ਰਹੀਆਂ ਸਨ।
ਸਾਲ 2017 ਵਿੱਤ ਹੋਏ ਰਾਸ਼ਟਰਪਤੀ ਚੋਣਾਂ ਲਈ ਵੀ ਉਨ੍ਹਾਂ ਦੇ ਨਾਮ ਦੀ ਚਰਚਾ ਹੋਈ ਸੀ ਪਰ ਆਖਰੀ ਸਮੇਂ ਉੱਪਰ ਬੀਜੇਪੀ ਨੇ ਉਸ ਸਮੇਂ ਬਿਹਾਰ ਦੇ ਰਾਜਪਾਲ ਰਹੇ ਰਾਮਨਾਥ ਕੋਵਿੰਦ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ।
ਰਾਮਨਾਥ ਕੋਵਿੰਦ ਉਹ ਚੋਣ ਜਿੱਤੇ ਵੀ ਅਤੇ ਬਤੌਰ ਰਾਸ਼ਟਰਪਤੀ ਉਨ੍ਹਾਂ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ।

ਤਸਵੀਰ ਸਰੋਤ, Iprd
ਕਦੇ ਕਲਰਕ ਵੀ ਰਹੇ ਹਨ ਦ੍ਰੌਪਦੀ ਮੁਰਮੂ
ਸਾਲ 1979 ਵਿੱਚ ਭੁਵਨੇਸ਼ਵਰ ਦੇ ਰਮਾਦੇਵੀ ਮਹਿਲਾ ਕਾਲਜ ਤੋਂ ਬੀਏ ਕਰਨ ਵਾਲੇ ਦ੍ਰੌਪਦੀ ਮੁਰਮੂ ਨੇ ਆਪਣੀ ਪੇਸ਼ਵਰ ਜਿੰਦਗੀ ਦੀ ਸ਼ੁਰੂਆਤ ਓਡੀਸਾ ਸਰਕਾਰ ਲਈ ਕਲਰਕ ਦੀ ਨੌਕਰੀ ਵਜੋਂ ਕੀਤੀ।
ਉਸ ਸਮੇਂ ਉਹ ਸਿੰਚਾਈ ਅਤੇ ਊਰਜਾ ਵਿਭਾਗ ਵਿੱਚ ਜੂਨੀਅਰ ਸਹਾਇਕ ਸਨ। ਬਾਅਦ ਵਿੱਚ ਕਈ ਸਾਲ ਉਨ੍ਹਾਂ ਨੇ ਅਧਿਆਪਨ ਵੀ ਕੀਤਾ।
ਉਨ੍ਹਾਂ ਨੇ ਰਾਇਸ਼ੰਕਰ ਦੇ ਸ਼੍ਰੀ ਅਰਬਿੰਦੋ ਇੰਟੀਗ੍ਰਲ ਐਜੂਕੇਸ਼ਨ ਐਂਡ ਰਿਸਰਚ ਸੈਂਟਰ ਵਿੱਚ ਔਨਰੇਰੀ ਅਧਿਆਪਕ ਵਜੋਂ ਪੜ੍ਹਾਇਆ। ਨੌਕਰੀ ਦੇ ਦਿਨਾਂ ਵਿੱਚ ਉਨ੍ਹਾਂ ਦੀ ਪਛਾਣ ਇੱਕ ਮਿਹਨਤੀ ਕਰਮਚਾਰੀ ਵਾਲੀ ਸੀ।
ਸਿਆਸੀ ਜੀਵਨ
ਦ੍ਰੌਪਦੀ ਮੁਰਮੁਰ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਵਾਰਡ ਕਾਊਂਸਲਰ ਵਜੋਂ ਸਾਲ 1997 ਵਿੱਚ ਕੀਤੀ ਸੀ। ਉਸ ਸਮੇਂ ਉਹ ਰਾਇਰੰਗਪੁਰ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਐਮਸੀ ਚੁਣੇ ਗਏ ਅਤੇ ਫਿਰ ਨਗਰ ਪੰਚਾਇਤ ਵਿੱਚ ਉਪ-ਸਰਪੰਚ ਚੁਣ ਲਏ ਗਏ।
ਉਸ ਤੋਂ ਬਾਅਦ ਉਹ ਸਿਆਸਤ ਵਿੱਚ ਲਗਾਤਾਰ ਅੱਗੇ ਵਧਦੇ ਚਲੇ ਗਏ ਅਤੇ ਰਾਏਰੰਗਪੁਰ ਵਿਧਾਨ ਸਭਾ ਸੀਟ ਤੋਂ ਬੀਜੇਪੀ ਦੇ ਟਿਕਟ ਉੱਪਰ ਦੋ ਵੀਰ ਵਿਧਾਇਕ (ਸਾਲ 2000 ਅਤੇ 2009) ਬਣੇ। ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਉਹ ਸਾਲ 2000 ਤੋਂ 2004 ਤੱਕ ਨਵੀਨ ਪਟਨਾਇਕ ਦੀ ਕੈਬਨਿਟ ਵਿੱਚ ਸੁਤੰਤਰ ਪ੍ਰਭਾਰ ਦੇ ਰਾਜਮੰਤਰੀ ਰਹੇ।
ਉਨ੍ਹਾਂ ਨੇ ਮੰਤਰੀ ਵਜੋਂ ਦੋ-ਦੋ ਸਾਲ ਤੱਕ ਵਣਜ ਅਤੇ ਟਰਾਂਸਪੋਰਟ ਵਿਭਾਗ ਅਤੇ ਮੱਛੀ ਪਾਲਣ ਤੋਂ ਇਲਾਵਾ ਪਸ਼ੂ ਰਿਸਰਚ ਵਿਭਾਗ ਸੰਭਾਲਿਆ। ਉਸ ਸਮੇਂ ਨਵੀਨ ਪਟਨਾਇਕ ਦੀ ਪਾਰਟੀ ਬੀਜੂ ਜਨਤਾ ਦਲ ਬੀਜੇਪੀ ਨਾਲ ਸਮਝੌਤਾ ਸਰਕਾਰ ਚਲਾ ਰਹੀ ਸੀ।

ਤਸਵੀਰ ਸਰੋਤ, IPRD
ਸਾਲ 2009 ਵਿੱਚ ਜਦੋਂ ਉਹ ਦੂਜੀ ਵਾਰ ਵਿਧਾਇਕ ਬਣੇ ਤਾਂ ਉਨ੍ਹਾਂ ਕੋਲ ਗੱਡੀ ਵੀ ਨਹੀਂ ਸੀ। ਉਨ੍ਹਾਂ ਦੀ ਕੁੱਲ ਜਮ੍ਹਾਂ ਪੂੰਜੀ ਉਸ ਸਮੇਂ ਸਿਰਫ਼ ਨੌਂ ਲੱਖ ਅਤੇ ਦੇਣਦਾਰੀਆਂ ਚਾਰ ਲੱਖ ਦੀਆਂ ਸਨ।
ਉਨ੍ਹਾਂ ਦੇ ਚੋਣ ਹਲਫੀਆ ਬਿਆਨ ਦੇ ਮੁਤਾਬਕ ਉਨ੍ਹਾਂ ਦੇ ਪਤੀ ਸ਼ਿਆਮ ਚਰਣ ਮੁਰਮੂ ਦੇ ਨਾਮ ਇੱਕ ਬਜਾਜ ਚੇਤਕ ਸਕੂਟਰ ਅਤੇ ਇੱਕ ਸਕਾਰਪੀਓ ਗੱਡੀ ਸੀ। ਇਸ ਤੋਂ ਪਹਿਲਾਂ ਉਹ ਚਾਰ ਸਾਲ ਤੱਕ ਮੰਤਰੀ ਰਹਿ ਚੁੱਕੇ ਸਨ।
ਉਨ੍ਹਾਂ ਨੂੰ ਓਡੀਸ਼ਾ ਵਿੱਚ ਸਰਬੋਤਮ ਵਿਧਾਇਕਾਂ ਨੂੰ ਮਿਲਣ ਵਾਲਾ ਨੀਲਕੰਠ ਪੁਰਸਕਾਰ ਵੀ ਮਿਲ ਚੁੱਕਿਆ ਹੈ।
ਸਾਲ 2015 ਵਿੱਚ ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਰਾਜਪਾਲ ਬਣਾਇਆ ਗਿਆ, ਉਸ ਤੋਂ ਐਨ ਪਹਿਲਾਂ ਤੱਕ ਉਹ ਭਾਜਪਾ ਦੇ ਮਯੂਰਭੰਜ ਜ਼ਿਲ੍ਹੇ ਦੇ ਪ੍ਰਧਾਨ ਵੀ ਸਨ।
ਉਹ ਸਾਲ 2006 ਤੋਂ 2009 ਤੱਕ ਭਾਜਪਾ ਦੇ ਐੱਸਟੀ ਮੋਰਚੇ ਦੇ ਓਡੀਸ਼ਾ ਸਟੇਟ ਪ੍ਰਧਾਨ ਵੀ ਰਹਿ ਚੁੱਕੇ ਹਨ।
ਉਹ ਦੋ ਵਾਰ ਭਾਜਪਾ ਐੱਸਟੀ ਮੋਰਚੇ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਸਾਲ 2002 ਤੋਂ 2009 ਅਤੇ ਸਾਲ 2013 ਤੋਂ ਅਪ੍ਰੈਲ 2015 ਤੱਕ ਇਸ ਮੋਰਚੇ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਵੀ ਰਹੇ।
ਇਸ ਤੋਂ ਬਾਅਦ ਉਹ ਝਾਰਖੰਡ ਦੇ ਰਾਜਪਾਲ ਨਾਮਜ਼ਦ ਕਰ ਦਿੱਤੇ ਗਏ ਅਤੇ ਉਹ ਭਾਜਪਾ ਦੀ ਸਰਗਰਮ ਸਿਆਸਤ ਤੋਂ ਵੱਖ ਹੋ ਗਏ।
ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ
18 ਮਈ 2015 ਨੂੰ ਉਨ੍ਹਾਂ ਨੇ ਝਾਰਖੰਡ ਦੀ ਪਹਿਲੀ ਮਹਿਲਾ ਤੇ ਕਬਾਇਲੀ ਰਾਜਪਾਲ ਵਜੋਂ ਸਹੁੰ ਚੁੱਕੀ। ਉਹ ਛੇ ਸਾਲ, ਇੱਕ ਮਹੀਨਾ ਅਤੇ 18 ਦਿਨ ਇਸ ਅਹੁਦੇ ਉੱਪਰ ਰਹੇ।
ਉਹ ਝਾਰਖੰਡ ਦੀ ਪਹਿਲੀ ਰਾਜਪਾਲ ਹਨ ਜਿਨ੍ਹਾਂ ਨੂੰ ਪੰਜ ਸਾਲ ਦਾ ਕਾਰਜਕਾਲ ਤੋਂ ਬਾਅਦ ਵੀ ਅਹੁਦੇ ਤੋਂ ਹਟਾਇਆ ਨਹੀਂ ਗਿਆ।
ਰਾਜਪਾਲ ਹੁੰਦਿਆਂ ਉਹ ਉਥੋਂ ਦੇ ਲੋਕਾਂ ਵਿੱਚ ਕਾਫ਼ੀ ਪਸੰਦ ਕੀਤੇ ਗਏ ਸਨ ਅਤੇ ਸੱਤਾ ਅਤੇ ਵਿਰੋਧੀ ਦੋਵਾਂ ਧਿਰਾਂ ਵਿੱਚ ਉਨ੍ਹਾਂ ਦਾ ਰਸੂਖ ਸੀ।
ਆਪਣੇ ਕਾਰਜਕਾਲ ਦੇ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਫ਼ੈਸਲੇ ਲਏ। ਹਾਲ ਹੀ ਦੇ ਸਾਲਾਂ ਵਿੱਚ ਕੁਝ ਰਾਜਪਾਲਾਂ ਉੱਪਰ ਸਿਆਸੀ ਏਜੰਟ ਵਜੋਂ ਕੰਮ ਕਰਨ ਦਾ ਇਲਜ਼ਾਮ ਲੱਗਦੇ ਰਹੇ ਹਨ।
ਦ੍ਰੌਪਦੀ ਮੁਰਮੂ ਨੇ ਰਾਜਪਾਲ ਰਹਿੰਦਿਆਂ ਆਪਣੇ-ਆਪ ਨੂੰ ਅਜਿਹੇ ਵਿਵਾਦਾਂ ਤੋਂ ਦੂਰ ਰੱਖਿਆ।
ਉਨ੍ਹਾਂ ਨੇ ਇਸ ਦੌਰਾਨ ਲਏ ਗਏ ਆਪਣੇ ਕੁਝ ਫ਼ੈਸਲਿਆਂ ਨਾਲ ਭਾਜਪਾ ਗਠਜੋੜ ਦੀ ਪਿਛਲੀ ਰਘੁਬਰ ਦਾਸ ਸਰਕਾਰ ਅਤੇ ਝਾਰਖੰਡ ਮੁਕਤੀ ਮੋਰਚਾ ਗਠਬੰਧਨ ਦੀ ਮੌਜੂਦਾ ਹੇਮੰਤ ਸੋਰੇਨ ਦੀਆਂ ਸਰਕਾਰਾਂ ਨੂੰ ਆਪਣੇ ਕੁਝ ਫ਼ੈਸਲਿਆਂ ਉੱਪਰ ਮੁੜ ਵਿਚਾਰ ਕਰਨ ਦੀ ਨਸੀਹਤ ਦਿੱਤੀ ਸੀ।
ਸਰਕਰਾਂ ਵੱਲੋਂ ਭੇਜੇ ਗਏ ਕੁਝ ਬਿਲ ਉਨ੍ਹਾਂ ਨੇ ਬਿਨਾਂ ਕਿਸੇ ਬਹਾਨੇ ਦੇ ਵਾਪਸ ਮੋੜ ਦਿੱਤੇ ਸਨ।

ਤਸਵੀਰ ਸਰੋਤ, DROUPADI MURMU FAMILY
ਜਦੋਂ ਮੋੜਿਆ ਸੀਐਨਟੀ-ਐਸਪੀਟੀ ਐਕਟ ਸੋਧ ਬਿਲ
ਉਹ ਸਾਲ 2017 ਦੇ ਸ਼ੁਰੂਆਤੀ ਮਹੀਨੇ ਸਨ। ਝਾਰਖੰਡ ਵਿੱਚ ਭਾਜਪਾ ਦੀ ਅਗਵਾਈ ਵਾਲੀ ਰਘੁਬਰ ਦਾਸ ਸਰਕਾਰ ਸੀ ਅਤੇ ਉਨ੍ਹਾਂ ਦੇ ਸੰਬੰਧ ਤਤਕਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਤਤਕਾਲੀ ਪ੍ਰਧਾਨ ਅਮਿਤ ਸ਼ਾਹ ਨਾਲ ਕਾਫ਼ੀ ਮਜ਼ਬੂਤ ਮੰਨੇ ਜਾਂਦੇ ਸਨ।
ਉਸ ਸਰਕਾਰ ਨੇ ਆਦਿਵਾਸੀਆਂ ਦੀਆਂ ਜ਼ਮੀਨਾਂ ਦੀ ਸੁਰੱਖਿਆ ਲਈ ਬ੍ਰਿਟਿਸ਼ ਸਰਕਾਰ ਦੇ ਸਮੇਂ ਬਣੇ ਛੋਟਾਨਾਗਪੁਰ ਕਾਸ਼ਤਕਾਰੀ ਕਾਨੂੰਨ (ਸੀਐਨਟੀ ਐਕਟ) ਅਤੇ ਸੰਥਾਲ ਪਰਗਨਾ ਕਾਸ਼ਤਕਾਰੀ ਕਾਨੂੰਨ (ਐਸਪੀਟੀ ਐਕਟ) ਦੀਆਂ ਕੁਝ ਵਿਵਾਸਥਾਵਾਂ ਵਿੱਚ ਸੋਧ ਦੀ ਤਜਵੀਜ਼ ਤਿਆਰ ਕੀਤੀ।
ਵਿਰੋਧੀ ਧਿਰ ਦੇ ਹੰਗਾਮੇ ਅਤੇ ਵਾਕਆਊਟ ਦੇ ਬਾਵਜੂਦ ਰਘੁਬਰ ਦਾਸ ਦੀ ਸਰਕਾਰ ਨੇ ਉਸ ਸੋਧ ਬਿਲ ਨੂੰ ਝਾਰਖੰਡ ਵਿਧਾਨ ਸਭਾ ਤੋਂ ਪਾਸ ਕਰਵਾ ਲਿਆ।
ਫਿਰ ਇਸ ਨੂੰ ਰਾਜਪਾਲ ਦੀ ਮਨਜ਼ੂਰੀ ਲਈ ਭੇਜਿਆ ਗਿਆ। ਉਸ ਸਮੇਂ ਰਾਜਪਾਲ ਦ੍ਰੌਪਦੀ ਮੁਰਮੂ ਨੇ ਮਈ 2017 ਵਿੱਚ ਇਹ ਬਿਲ ਬਿਨਾਂ ਦਸਤਖ਼ਤ ਕੀਤਿਆਂ ਵਾਪਸ ਸਰਕਾਰ ਨੂੰ ਭੇਜ ਦਿੱਤਾ।
ਉਨ੍ਹਾਂ ਨੇ ਸਰਕਾਰ ਨੂੰ ਪੁੱਛਿਆ ਕਿ ਇਸ ਨਾਲ ਆਦਿਵਾਸੀਆਂ ਨੂੰ ਕੀ ਲਾਭ ਮਿਲੇਗਾ। ਸਰਕਾਰ ਇਸ ਦਾ ਜਵਾਬ ਨਹੀਂ ਦੇ ਸਕਦੀ ਅਤੇ ਉਹ ਬਿਲ ਕਾਨੂੰਨ ਨਹੀਂ ਬਣ ਸਕਿਆ।
ਉਸ ਸਮੇਂ ਭਾਜਪਾ ਵਿੱਚ ਹੀ ਆਗੂ ਅਤੇ ਲੋਕ ਸਭਾ ਦੇ ਸਾਬਕਾ ਉਪਚੇਅਰਮੈਨ ਕੜੀਆ ਮੁੰਡਾ ਅਤੇ ਸਾਬਕਾ ਮੁੱਖ ਮੰਤਰੀ (ਮੌਜੂਦਾ ਕੇਂਦਰੀ ਮੰਤਰੀ) ਅਰਜੁਨ ਮੁੰਡਾ ਨੇ ਇਸ ਬਿਲ ਦਾ ਵਿਰੋਧ ਕੀਤਾ ਸੀ ਅਤਮ ਰਾਜਪਾਲ ਨੂੰ ਚਿੱਠੀ ਲਿਖੀ ਸੀ।
ਉਸੇ ਦੌਰਾਨ ਜਮਸ਼ੇਦਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਇਸ ਸੋਧ ਬਿਲ ਦੇ ਖਿਲਾਫ਼ ਰਾਜ ਭਵਨ ਨੂੰ ਕਰੀਬ 200 ਇਤਰਾਜ਼ ਮਿਲੇ ਸਨ।
ਇਸ ਵਜ੍ਹਾ ਤੋਂ ਉਸ ਉੱਪਰ ਸਹੀ ਪਾਉਣ ਦਾ ਸਵਾਲ ਹੀ ਨਹੀਂ ਸੀ। ਉਸ ਸਮੇਂ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੂੰ ਕੁਝ ਗੱਲਾਂ ਸਪਸ਼ਟ ਕਰਨ ਲਈ ਕਿਹਾ ਗਿਆ ਹੈ।

ਤਸਵੀਰ ਸਰੋਤ, DROUPADI MURMU FAMILY
ਉਸੇ ਦੌਰਾਨ ਉਹ ਦਿੱਲੀ ਗਏ ਅਤੇ ਉੱਥੇ ਪ੍ਰਧਾਨ ਮੰਤਰੀ ਸਮੇਤ ਕੁਝ ਅਹਿਮ ਮੰਤਰੀਆਂ ਨਾਲ ਵੀ ਮਿਲੇ।
ਇਸ ਤੋਂ ਪਹਿਲਾਂ ਤਤਕਾਲੀ ਮੁੱਖ ਸਕੱਤਰ ਰਾਜਬਾਲਾ ਵਰਮਾਨੇ ਤਿੰਨ ਜੂਨ ਨੂੰ ਅਤੇ ਉਦੋਂ ਦੇ ਮੁੱਖ ਮੰਤਰੀ ਰਘੁਬਰ ਦਾਸ ਨੇ 20 ਜੂਨ ਨੂੰ ਰਾਜਪਾਲ ਨਾਲ ਮੁਲਾਕਾਤ ਕਰਨ ਦੀ ਕੋਸਿਸ਼ ਕੀਤੀ ਪਰ ਦ੍ਰੌਪਦੀ ਮੁਰਮੂ ਉੱਪਰ ਕੋਈ ਅਸਰ ਨਹੀਂ ਹੋਇਆ। ਉਹ ਆਪਣੇ ਫ਼ੈਸਲੇ ਟਿਕੇ ਰਹੇ।
ਉਸੇ ਸਰਕਾਰ ਦੇ ਕਾਰਜਕਾਲ ਦੌਰਾਨ ਜਦਗੋਂ ਪੱਥਲਗਾੜੀ ਵਿਵਾਦ ਹੋਇਆ ਤਾਂ ਦ੍ਰੌਪਦੀ ਮੁਰਮੂ ਨੇ ਆਦਿਵਾਸੀ ਸਵੈਸ਼ਾਸਨ ਪ੍ਰਣਾਲੀ ਦੇ ਤਹਿਤ ਬਣੇ ਗ੍ਰਾਮ ਪ੍ਰਧਾਨਾਂ ਅਤੇ ਮਾਨਕੀ, ਮੁਡਿਆਂ ਨੂੰ ਰਾਜ ਭਵਨ ਸੱਦ ਕੇ ਗੱਲਬਾਤ ਕੀਤੀ ਅਤੇ ਇਸ ਮਾਮਲੇ ਦੇ ਹੱਲ ਦੀ ਕੋਸ਼ਿਸ਼ ਕੀਤੀ।
ਦਸੰਬਰ 2019 ਵਿੱਚ ਰਘੁਬਰ ਦਾਸ ਸਰਕਾਰ ਦੇ ਪਤਨ ਤੋਂ ਬਾਅਦ ਜੇਐੱਮਐੱਮ ਆਗੂ ਹੇਮੰਤ ਸੋਰੇਨ ਝਾਰਖੰਡ ਦੇ ਮੁੱਖ ਮੰਤਰੀ ਬਣੇ।
ਕੁਝ ਮਹੀਨਿਆਂ ਬਾਅਦ, ਉਸੇ ਸਰਕਾਰ ਨੇ ਰਾਜਪਾਲ ਦੀ ਸਹਿਮਤੀ ਲਈ ਕਬਾਇਲੀ ਸਲਾਹਕਾਰ ਕਮੇਟੀ (ਟੀਏਸੀ) ਦੇ ਸੰਵਿਧਾਨ ਵਿੱਚ ਸੋਧ ਕਰਨ ਲਈ ਇੱਕ ਬਿੱਲ ਭੇਜਿਆ, ਪਰ ਦ੍ਰੌਪਦੀ ਮੁਰਮੂ ਨੇ ਬਿੱਲ ਨੂੰ ਸਰਕਾਰ ਨੂੰ ਵਾਪਸ ਕਰ ਦਿੱਤਾ। ਬਿੱਲ ਟੀਏਸੀ ਦੇ ਗਠਨ ਵਿੱਚ ਰਾਜਪਾਲ ਦੀ ਭੂਮਿਕਾ ਨੂੰ ਖ਼ਤਮ ਕਰ ਰਿਹਾ ਸੀ।
ਗਵਰਨਰ ਹੁੰਦਿਆਂ ਉਹ ਸਕੂਲਾਂ-ਕਾਲਜਾਂ ਦਾ ਦੌਰਾ ਕਰਦੇ ਰਹਿੰਦੇ ਸਨ। ਇਸ ਕਾਰਨ ਕਸਤੂਰਬਾ ਸਕੂਲਾਂ ਦੀ ਹਾਲਤ ਸੁਧਰੀ। ਸਾਲ 2016 ਵਿੱਚ, ਉਨ੍ਹਾਂ ਨੇ ਯੂਨੀਵਰਸਿਟੀਆਂ ਲਈ ਲੋਕ ਅਦਾਲਤ ਲਗਾਈ ਅਤੇ ਵਿਰੋਧ ਦੇ ਬਾਵਜੂਦ ਚਾਂਸਲਰ ਦਾ ਪੋਰਟਲ ਸ਼ੁਰੂ ਕੀਤਾ।
ਇਸ ਨਾਲ ਯੂਨੀਵਰਸਿਟੀਆਂ ਵਿੱਚ ਦਾਖਲੇ ਸਮੇਤ ਬਾਕੀ ਪ੍ਰਕਿਰਿਆਵਾਂ ਨੂੰ ਆਨਲਾਈਨ ਕਰਨ ਦਾ ਰਾਹ ਖੁੱਲ੍ਹ ਗਿਆ। ਉਹ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਉਪ ਕੁਲਪਤੀਆਂ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਸਨ।
ਉਹ ਕਬਾਇਲੀ ਭਾਸ਼ਾਵਾਂ ਦੇ ਅਧਿਐਨ ਸਬੰਧੀ ਲਗਾਤਾਰ ਹਦਾਇਤਾਂ ਦਿੰਦੇ ਰਹਿੰਦੇ। ਇਸ ਕਾਰਨ ਯੂਨੀਵਰਸਿਟੀਆਂ ਵਿੱਚ ਲੰਮੇ ਸਮੇਂ ਤੋਂ ਬੰਦ ਪਏ ਝਾਰਖੰਡ ਦੀਆਂ ਆਦਿਵਾਸੀ ਅਤੇ ਖੇਤਰੀ ਭਾਸ਼ਾਵਾਂ ਦੇ ਅਧਿਆਪਕ ਮੁੜ ਨਿਯੁਕਤ ਕੀਤੇ ਜਾਣ ਲੱਗੇ ਹਨ।
ਰਾਜਪਾਲ ਹੁੰਦਿਆਂ ਦ੍ਰੋਪਦੀ ਮੁਰਮੂ ਨੇ ਰਾਜ ਭਵਨ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਦਾਖਲਾ ਦਿੱਤਾ। ਉਨ੍ਹਾਂ ਨੂੰ ਮਿਲਣ ਵਾਲਿਆਂ ਵਿੱਚ ਜੇਕਰ ਹਿੰਦੂ ਧਰਮ ਦੇ ਲੋਕ ਸ਼ਾਮਲ ਹੁੰਦੇ ਤਾਂ ਉਨ੍ਹਾਂ ਨੇ ਰਾਜ ਭਵਨ ਵਿੱਚ ਮੁਸਲਮਾਨਾਂ, ਸਿੱਖਾਂ ਅਤੇ ਇਸਾਈਆਂ ਨੂੰ ਵੀ ਬਰਾਬਰ ਦਾ ਸਤਿਕਾਰ ਦਿੱਤਾ।

ਤਸਵੀਰ ਸਰੋਤ, DROUPADI MURMU FAMILY
ਸੰਘਰਸ਼ਮਈ ਜ਼ਿੰਦਗੀ
ਰਾਏਰੰਗਪੁਰ (ਓਡੀਸ਼ਾ) ਤੋਂ ਰਾਇਸੀਨਾ ਹਿਲਜ਼ (ਰਾਸ਼ਟਰਪਤੀ ਭਵਨ) ਤੱਕ ਪਹੁੰਚਣ ਦੀ ਦੌੜ ਵਿੱਚ ਸ਼ਾਮਲ ਦ੍ਰੋਪਦੀ ਮੁਰਮੂ ਦੀ ਸ਼ੁਰੂਆਤੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਸੀ।
ਉਹ ਭਾਰਤ ਦੀ ਆਜ਼ਾਦੀ ਤੋਂ ਲਗਭਗ 11 ਸਾਲ ਬਾਅਦ, ਮਯੂਰਭੰਜ ਜ਼ਿਲ੍ਹੇ ਦੇ ਪਿੰਡ ਬੈਦਾਪੋਸੀ ਵਿੱਚ 20 ਜੂਨ 1958 ਨੂੰ ਬਿਰਾਂਚੀ ਨਰਾਇਣ ਟੁਡੂ ਦੀ ਧੀ ਵਜੋਂ ਪੈਦਾ ਹੋਏ ਸਨ।
ਉਹ ਸੰਥਾਲ ਆਦਿਵਾਸੀ ਹਨ ਅਤੇ ਉਨ੍ਹਾਂ ਦੇ ਪਿਤਾ ਉਸ ਪੰਚਾਇਤ ਦੇ ਮੁਖੀ ਰਹੇ ਹਨ। ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ, ਤਾਂ ਉਹ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੀ ਪਹਿਲੀ ਰਾਸ਼ਟਰਪਤੀ ਹੋਣਗੇ।
ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਜਨਤਕ ਨਹੀਂ ਹਨ। ਉਨ੍ਹਾਂ ਦਾ ਵਿਆਹ ਸ਼ਿਆਮ ਚਰਨ ਮੁਰਮੂ ਨਾਲ ਹੋਇਆ ਸੀ ਪਰ ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਉਨ੍ਹਾਂ ਦੇ ਤਿੰਨ ਬੱਚੇ ਸਨ ਪਰ ਇਨ੍ਹਾਂ ਦੋਹਾਂ ਪੁੱਤਰਾਂ ਦੀ ਵੀ ਬੇਵਕਤੀ ਮੌਤ ਹੋ ਗਈ।
ਉਨ੍ਹਾਂ ਦੇ ਇੱਕ ਪੁੱਤਰ, ਲਕਸ਼ਮਣ ਮੁਰਮੂ ਦੀ ਅਕਤੂਬਰ 2009 ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ।
ਉਦੋਂ ਉਹ ਸਿਰਫ਼ 25 ਸਾਲਾਂ ਦਾ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਆਪਣੀ ਮੌਤ ਤੋਂ ਇੱਕ ਰਾਤ ਪਹਿਲਾਂ, ਉਹ ਆਪਣੇ ਦੋਸਤਾਂ ਨਾਲ ਭੁਵਨੇਸ਼ਵਰ ਦੇ ਇੱਕ ਹੋਟਲ ਵਿੱਚ ਡਿਨਰ ਕਰਨ ਗਿਆ ਸੀ।
ਉਥੋਂ ਵਾਪਸ ਆਉਣ ਤੋਂ ਬਾਅਦ ਸਿਹਤ ਵਿਗੜ ਗਈ। ਉਸ ਸਮੇਂ ਉਹ ਆਪਣੇ ਚਾਚੇ ਦੇ ਘਰ ਰਹਿੰਦਾ ਸੀ। ਘਰ ਆ ਕੇ ਉਸ ਨੇ ਕੇ ਸੌਣ ਦੀ ਇੱਛਾ ਪ੍ਰਗਟਾਈ ਅਤੇ ਸੌਣ ਦਿੱਤਾ ਗਿਆ।
ਜਦੋਂ ਦੇਰ ਰਾਤ ਤੱਕ ਉਸ ਦੇ ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਪਰਿਵਾਰਕ ਮੈਂਬਰ ਉਸ ਨੂੰ ਪਹਿਲਾਂ ਨਿੱਜੀ ਹਸਪਤਾਲ ਅਤੇ ਬਾਅਦ ਵਿੱਚ ਰਾਜਧਾਨੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦ੍ਰੌਪਦੀ ਮੁਰਮੂ ਦੀ ਇੱਕਲੌਤੀ ਜੀਵਤ ਸੰਤਾਨ ਧੀ, ਇਤਿਸ਼੍ਰੀ ਮੁਰਮੂ ਹੈ, ਜੋ ਰਾਂਚੀ ਵਿੱਚ ਰਹਿੰਦੀ ਹੈ। ਇਤਿਸ਼੍ਰੀ ਦਾ ਵਿਆਹ ਗਣੇਸ਼ ਚੰਦਰ ਹੇਮਬਰਮ ਨਾਲ ਹੋਇਆ ਹੈ।
ਉਹ ਰਾਇਰੰਗਪੁਰ ਦੇ ਵਾਸੀ ਹਨ ਅਤੇ ਜੋੜੇ ਦੀ ਇੱਕ ਬੇਟੀ ਆਦਯਸ਼੍ਰੀ ਹੈ।
ਰਾਜਪਾਲ ਹੁੰਦਿਆਂ ਦ੍ਰੋਪਦੀ ਮੁਰਮੂ ਨੇ ਆਪਣੀ ਬੇਟੀ ਅਤੇ ਜਵਾਈ ਨਾਲ ਕੁਝ ਪਰਿਵਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਉਹ ਜ਼ਿਆਦਾਤਰ ਮੰਦਰਾਂ ਵਿੱਚ ਜਾਂਦੇ ਸਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














