ਅਗਨੀਪਥ ਵਰਗੀਆਂ ਥੋੜੇ ਸਮੇਂ ਦੀਆਂ ਭਰਤੀ ਸਕੀਮਾਂ ਕਿਹੜੇ ਹੋਰ ਮੁਲਕਾਂ ਵਿਚ ਹਨ ਤੇ ਉੱਥੇ ਕੀ ਨਿਯਮ ਹਨ

ਭਾਰਤੀ ਫ਼ੌਜ

ਤਸਵੀਰ ਸਰੋਤ, NurPhoto/getty images

ਭਾਰਤ ਦੀ ਕੇਂਦਰ ਸਰਕਾਰ ਨੇ ਬੀਤੇ ਦਿਨੀ ਨੂੰ ਫ਼ੌਜ 'ਚ ਥੋੜੇ ਸਮੇਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ। ਸਰਕਾਰ ਨੇ ਇਸ ਨੂੰ ਅਗਨੀਪਥ ਯੋਜਨਾ ਦਾ ਨਾਮ ਦਿੱਤਾ ਹੈ। ਇਸ ਯੋਜਨਾ ਮੁਤਾਬਕ ਨੌਜਵਾਨਾਂ ਨੂੰ ਚਾਰ ਸਾਲ ਦੇ ਅਰਸੇ ਲਈ ਫ਼ੌਜ 'ਚ ਭਰਤੀ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ 'ਅਗਨੀਵੀਰ' ਕਿਹਾ ਜਾਵੇਗਾ।

ਇਸ ਯੋਜਨਾ ਦੇ ਤਹਿਤ ਭਰਤੀ ਕੀਤੇ ਗਏ 25% ਨੌਜਵਾਨਾਂ ਨੂੰ ਚਾਰ ਸਾਲਾਂ ਬਾਅਦ ਭਾਰਤੀ ਫ਼ੌਜ ਵਿੱਚ ਅੱਗੇ ਵਧਣ ਦਾ ਮੌਕਾ ਮਿਲੇਗਾ, ਜਦਕਿ ਬਾਕੀਆਂ ਨੂੰ ਨੌਕਰੀ ਛੱਡਣੀ ਪਵੇਗੀ।

ਅਗਨੀਪਥ ਯੋਜਨਾ ਦੇ ਐਲਾਨ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ 'ਚ ਨੌਜਵਾਨ ਇਸ ਦਾ ਸਖ਼ਤ ਵਿਰੋਧ ਕਰ ਰਹੇ ਹਨ। ਕਈ ਸੂਬਿਆਂ ਵਿੱਚ ਤਾਂ ਅਗਜ਼ਨੀ, ਪੱਥਰਬਾਜ਼ੀ ਵਰਗੀਆਂ ਹਿੰਸਕ ਘਟਨਾਵਾਂ ਵੀ ਵਾਪਰੀਆਂ ਹਨ।

ਭਾਰਤ ਪਹਿਲੀ ਵਾਰ ਫੌਜ ਵਿੱਚ ਘੱਟ ਸਮੇਂ ਲਈ ਨੌਜਵਾਨਾਂ ਦੀ ਭਰਤੀ ਕਰਨ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਵਿਦੇਸ਼ਾਂ 'ਚ ਵੀ ਫ਼ੌਜ 'ਚ ਅਜਿਹੀਆਂ ਭਰਤੀਆਂ ਹੁੰਦੀਆਂ ਰਹੀਆਂ ਹਨ।

ਭਾਰਤ ਦੀ ਤਰ੍ਹਾਂ ਹੀ ਦੁਨੀਆਂ ਦੇ ਹੋਰ ਕਈ ਦੇਸ਼ ਹਨ, ਜਿੱਥੇ ਘੱਟ ਸਮੇਂ ਲਈ ਫ਼ੌਜ ਵਿੱਚ ਭਰਤੀਆਂ ਹੁੰਦੀਆਂ ਹਨ।

ਹਾਲਾਂਕਿ ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਸਾਰਿਆਂ ਲਈ ਬਾਲਗ ਹੋਣ ਤੋਂ ਬਾਅਦ ਫ਼ੌਜ ਵਿੱਚ ਜਾਣਾ ਲਾਜ਼ਮੀ ਹੈ।

ਇਸ ਲਈ ਕਾਨੂੰਨ ਵੀ ਬਣਿਆ ਹੋਇਆ ਹੈ ਜਦਕਿ 'ਅਗਨੀਪਥ ਯੋਜਨਾ' ਵਿਚ ਅਜਿਹਾ ਕੁਝ ਵੀ ਨਹੀਂ ਹੈ।

ਦੇਸ਼ਾਂ ਦੇ ਨਾਮ

ਆਓ ਜਾਣਦੇ ਹਾਂ ਕਿ ਕਿਹੜੇ ਦੇਸ਼ਾਂ 'ਚ ਲਾਜ਼ਮੀ ਤੌਰ 'ਤੇ ਫੌਜੀ ਸੇਵਾ ਦੀ ਵਿਵਸਥਾ ਮੌਜੂਦ ਹੈ।

ਇਜ਼ਰਾਈਲ

ਇਜ਼ਰਾਈਲ 'ਚ ਫੌਜੀ ਸੇਵਾ ਮਰਦਾਂ ਅਤੇ ਔਰਤਾਂ ਦੋਵਾਂ ਲਈ ਹੀ ਲਾਜ਼ਮੀ ਹੈ। ਮਰਦ ਇਜ਼ਰਾਈਲੀ ਡਿਫੈਂਸ ਫੋਰਸ 'ਚ ਤਿੰਨ ਸਾਲ ਅਤੇ ਔਰਤਾਂ ਲਗਭਗ ਦੋ ਸਾਲਾਂ ਲਈ ਸੇਵਾ ਨਿਭਾਉਂਦੀਆਂ ਹਨ।

ਇਹ ਕਾਨੂੰਨ ਦੇਸ਼ ਅਤੇ ਵਿਦੇਸ਼ 'ਚ ਇਜ਼ਰਾਈਲੀ ਨਾਗਰਿਕਾਂ 'ਤੇ ਲਾਗੂ ਹੁੰਦਾ ਹੈ।

ਨਵੇਂ ਪਰਵਾਸੀਆਂ ਅਤੇ ਕੁਝ ਧਾਰਮਿਕ ਭਾਈਚਾਰਿਆਂ ਦੇ ਮੈਂਬਰਾਂ ਨੂੰ ਮੈਡੀਕਲ ਆਧਾਰ 'ਤੇ ਇਸ ਨਿਯਮ ਤੋਂ ਛੋਟ ਜ਼ਰੂਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਵਿਸ਼ੇਸ਼ ਸਥਿਤੀਆਂ 'ਚ ਐਥਲੀਟ ਘੱਟ ਸਮੇਂ ਲਈ ਆਪਣੀਆਂ ਸੇਵਾਵਾਂ ਦੇ ਸਕਦੇ ਹਨ।

ਦੱਖਣੀ ਕੋਰੀਆ

ਦੱਖਣੀ ਕੋਰੀਆ ਦੇ ਸੈਨਿਕ

ਤਸਵੀਰ ਸਰੋਤ, Getty Images

ਦੱਖਣੀ ਕੋਰੀਆ 'ਚ ਫ਼ੌਜੀ ਸੇਵਾ ਦੇ ਲਈ ਮਜ਼ਬੂਤ ਪ੍ਰਣਾਲੀ ਮੌਜੂਦ ਹੈ। ਸਰੀਰਕ ਤੌਰ 'ਤੇ ਸਮਰੱਥ ਸਾਰੇ ਹੀ ਮਰਦਾਂ ਲਈ ਫ਼ੌਜ ਵਿੱਚ 21 ਮਹੀਨੇ, ਜਲ ਸੈਨਾ ਵਿੱਚ 23 ਮਹੀਨੇ ਜਾਂ ਫਿਰ ਹਵਾਈ ਸੈਨਾ ਵਿੱਚ 24 ਮਹੀਨੇ ਲਈ ਆਪਣੀਆਂ ਸੇਵਾਵਾਂ ਦੇਣਾ ਲਾਜ਼ਮੀ ਹੈ।

ਇਸ ਤੋਂ ਇਲਾਵਾ ਦੱਖਣੀ ਕੋਰੀਆ ਵਿੱਚ ਪੁਲਿਸ, ਤੱਟ ਰੱਖਿਅਕ, ਅੱਗ ਬਝਾਊ ਦਸਤੇ ਵਿੱਚ ਅਤੇ ਕੁਝ ਖਾਸ ਮਾਮਲਿਆਂ ਵਿੱਚ ਸਰਕਾਰੀ ਵਿਭਾਗਾਂ ਵਿੱਚ ਨੌਕਰੀ ਕਰਨ ਦਾ ਵਿਕਲਪ ਵੀ ਮਿਲਦਾ ਹੈ।

ਹਾਲਾਂਕਿ ਓਲੰਪਿਕ ਜਾਂ ਏਸ਼ੀਆਈ ਖੇਡਾਂ 'ਚ ਗੋਲਡ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਫ਼ੌਜ ਵਿੱਚ ਲਾਜ਼ਮੀ ਤੌਰ ਉੱਤਤੇ ਸੇਵਾ ਕਰਨ ਤੋਂ ਛੋਟ ਦਿੱਤੀ ਗਈ ਹੈ।

ਮੈਡਲ ਨਾ ਜਿੱਤਣ ਵਾਲੇ ਖਿਡਾਰੀਆਂ ਨੂੰ ਵਾਪਸ ਆ ਕੇ ਮੁੜ ਫ਼ੌਜ 'ਚ ਆਪਣੀਆਂ ਸੇਵਾਵਾਂ ਦੇਣੀਆਂ ਪੈਂਦੀਆਂ ਹਨ।

ਇਹ ਵੀ ਪੜ੍ਹੋ:

ਉੱਤਰੀ ਕੋਰੀਆ

ਉੱਤਰੀ ਕੋਰੀਆ ਵਿੱਚ ਸਭ ਤੋਂ ਲੰਬੀ ਲਾਜ਼ਮੀ ਫੌਜੀ ਸੇਵਾ ਦੀ ਵਿਵਸਥਾ ਹੈ। ਇਸ ਦੇਸ਼ 'ਚ ਮਰਦਾਂ ਨੂੰ 11 ਸਾਲ ਅਤੇ ਔਰਤਾਂ ਨੂੰ ਸੱਤ ਸਾਲ ਫ਼ੌਜ ਦੀ ਨੌਕਰੀ ਕਰਨੀ ਹੀ ਪੈਂਦੀ ਹੈ।

ਇਰੀਟਰੀਆ

ਅਫ਼ਰੀਕੀ ਦੇਸ਼ ਇਰੀਟਰੀਆ ਵਿੱਚ ਵੀ ਫ਼ੌਜ ਵਿੱਚ ਲਾਜ਼ਮੀ ਸੇਵਾ ਦਾ ਪ੍ਰਬੰਧ ਹੈ। ਇਸ ਦੇਸ਼ 'ਚ ਮਰਦਾਂ, ਨੌਜਵਾਨਾਂ ਅਤੇ ਅਣਵਿਆਹੀਆਂ ਕੁੜੀਆਂ ਨੂੰ 18 ਮਹੀਨੇ ਦੇਸ਼ ਦੀ ਫ਼ੌਜ ਵਿੱਚ ਕੰਮ ਕਰਨਾ ਪੈਂਦਾ ਹੈ।

ਮਨੁੱਖੀ ਅਧਿਕਾਰ ਸੰਗਠਨਾਂ ਦੇ ਅਨੁਸਾਰ, ਇੱਥੇ 18 ਮਹੀਨਿਆਂ ਦੀ ਸੇਵਾ ਨੂੰ ਅਕਸਰ ਹੀ ਕੁਝ ਸਾਲਾਂ ਲਈ ਵਧਾਅ ਦਿੱਤਾ ਜਾਂਦਾ ਹੈ।

ਕਈ ਵਾਰ ਤਾਂ ਇਹ ਅਣਮਿੱਥੇ ਸਮੇਂ ਲਈ ਜਾਰੀ ਰਹਿੰਦੀ ਹੈ। ਅਜਿਹੇ ਫ਼ੈਸਲਿਆਂ ਦੇ ਕਾਰਨ ਹੀ ਇੱਥੋਂ ਦੇ ਨੌਜਵਾਨ ਦੇਸ਼ ਛੱਡ ਕੇ ਭੱਜ ਰਹੇ ਹਨ।

ਕਈ ਲੋਕਾਂ ਨੇ ਬ੍ਰਿਟੇਨ ਵਿੱਚ ਸ਼ਰਨ ਵੀ ਮੰਗੀ ਹੈ ਕਿਉਂਕਿ ਉਹ ਫੌਜ ਵਿੱਚ ਲਾਜ਼ਮੀ ਸੇਵਾ ਨਹੀਂ ਕਰਨਾ ਚਾਹੁੰਦੇ ਹਨ।

ਸਵਿਟਜ਼ਰਲੈਂਡ ਦੀ ਫ਼ੌਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਵਿਟਜ਼ਰਲੈਂਡ ਦੀ ਫ਼ੌਜ

ਸਵਿਟਜ਼ਰਲੈਂਡ

ਸਵਿਟਜ਼ਰਲੈਂਡ ਵਿੱਚ 18 ਤੋਂ 34 ਸਾਲ ਦੀ ਉਮਰ ਦੇ ਮਰਦਾਂ ਲਈ ਫ਼ੌਜੀ ਸੇਵਾ ਲਾਜ਼ਮੀ ਹੈ। ਸਵਿਟਜ਼ਰਲੈਂਡ ਨੇ 2013 ਵਿੱਚ ਇਸਨੂੰ ਖਤਮ ਕਰਨ ਲਈ ਵੋਟਿੰਗ ਕਰਵਾਈ ਗਈ ਸੀ।

ਸਾਲ 2013 ਵਿੱਚ ਤੀਜੀ ਵਾਰ ਇਸ ਮੁੱਦੇ ਨੂੰ ਆਮ ਰਾਇਸ਼ੁਮਾਰੀ ਲਈ ਰੱਖਿਆ ਗਿਆ ਸੀ।

ਸਵਿਟਜ਼ਰਲੈਂਡ ਵਿੱਚ ਲਾਜ਼ਮੀ ਫੌਜੀ ਸੇਵਾ 21 ਹਫ਼ਤਿਆਂ ਦੀ ਹੈ, ਇਸਦੇ ਬਾਅਦ ਸਾਲਾਨਾ ਵਾਧੂ ਸਿਖਲਾਈ ਦਿੱਤੀ ਜਾਂਦੀ ਹੈ।

ਫ਼ੌਜ ਵਿੱਚ ਲਾਜ਼ਮੀ ਭਰਤੀ ਹੋਣ ਦਾ ਨਿਯਮ ਦੇਸ਼ ਵਿਚ ਔਰਤਾਂ 'ਤੇ ਲਾਗੂ ਨਹੀਂ ਹੁੰਦਾ, ਪਰ ਉਹ ਆਪਣੀ ਮਰਜ਼ੀ ਨਾਲ ਫ਼ੌਜ ਵਿਚ ਸ਼ਾਮਲ ਹੋ ਸਕਦੀਆਂ ਹਨ।

ਬ੍ਰਾਜ਼ੀਲ

ਬ੍ਰਾਜ਼ੀਲ ਦੇ ਫ਼ੌਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬ੍ਰਾਜ਼ੀਲ ਦੇ ਫ਼ੌਜੀ

ਬ੍ਰਾਜ਼ੀਲ 'ਚ 18 ਸਾਲ ਦੇ ਨੌਜਵਾਨਾਂ ਲਈ ਫ਼ੌਜੀ ਸੇਵਾ ਲਾਜ਼ਮੀ ਹੈ ਅਤੇ ਇਹ ਲਾਜ਼ਮੀ ਸੇਵਾ 10 ਤੋਂ 12 ਮਹੀਨਿਆਂ ਦੇ ਅਰਸੇ ਲਈ ਹੁੰਦੀ ਹੈ।

ਸਿਹਤ ਕਾਰਨਾਂ ਦੇ ਕਰਕੇ ਫੌਜ ਵਿੱਚ ਲਾਜ਼ਮੀ ਸੇਵਾ ਕਰਨ ਤੋਂ ਛੋਟ ਮਿਲ ਸਕਦੀ ਹੈ।

ਜੇਕਰ ਕੋਈ ਨੌਜਵਾਨ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਹੈ ਤਾਂ ਉਸ ਨੂੰ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਲਾਜ਼ਮੀ ਸੇਵਾ ਲਈ ਜਾਣਾ ਹੀ ਪਵੇਗਾ।

ਇਸ ਦੇ ਲਈ ਫੌ਼ਜੀਆਂ ਨੂੰ ਘੱਟ ਤਨਖਾਹ, ਭੋਜਨ ਅਤੇ ਰਹਿਣ ਲਈ ਬੈਰਕਾਂ ਮਿਲਦੀਆਂ ਹਨ।

ਸੀਰੀਆ

ਸੀਰੀਆ ਦੇ ਫ਼ੌਜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੀਰੀਆ ਦੇ ਫ਼ੌਜੀ

ਸੀਰੀਆ ਵਿੱਚ ਮਰਦਾਂ ਲਈ ਫ਼ੌਜੀ ਸੇਵਾ ਲਾਜ਼ਮੀ ਹੈ। ਮਾਰਚ 2011 ਵਿੱਚ ਰਾਸ਼ਟਰਪਤੀ ਬਸ਼ਰ-ਅਲ-ਅਸਦ ਨੇ ਲਾਜ਼ਮੀ ਫ਼ੌਜੀ ਸੇਵਾ ਨੂੰ 21 ਮਹੀਨਿਆਂ ਤੋਂ ਘਟਾ ਕੇ18 ਮਹੀਨਿਆਂ ਲਈ ਕਰਨ ਦਾ ਫ਼ੈਸਲਾ ਕੀਤਾ ਸੀ।

ਜਿਹੜੇ ਲੋਕ ਸਰਕਾਰੀ ਨੌਕਰੀ ਕਰਦੇ ਹਨ ਅਤੇ ਜੇਕਰ ਉਹ ਲਾਜ਼ਮੀ ਫ਼ੌਜੀ ਸੇਵਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੀ ਨੌਕਰੀ ਤੱਕ ਜਾ ਸਕਦੀ ਹੈ।

ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਲਾਜ਼ਮੀ ਫ਼ੌਜੀ ਸੇਵਾ ਤੋਂ ਬਚਣ ਵਾਲਿਆਂ ਨੂੰ 15 ਸਾਲ ਦੀ ਕੈਦ ਦਾ ਸਾਹਮਣਾ ਕਰਨਾ ਪੈਂਦਾ ਹੈ।

ਜੌਰਜੀਆ

ਜੌਰਜੀਆ ਦੇ ਫ਼ੌਜੀ

ਤਸਵੀਰ ਸਰੋਤ, Getty Images

ਜੌਰਜੀਆ ਵਿੱਚ ਇੱਕ ਸਾਲ ਲਈ ਲਾਜ਼ਮੀ ਫ਼ੌਜੀ ਸੇਵਾ ਦਾ ਪ੍ਰਬੰਧ ਹੈ। ਇਸ ਵਿੱਚ ਤਿੰਨ ਮਹੀਨਿਆਂ ਲਈ ਜੰਗੀ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਬਾਕੀ ਦੇ 9 ਮਹੀਨਿਆਂ ਲਈ ਡਿਊਟੀ ਅਫ਼ਸਰ ਵੱਜੋਂ ਕੰਮ ਕਰਨਾ ਪੈਂਦਾ ਹੈ, ਜੋ ਕਿ ਪੇਸ਼ੇਵਰ ਫ਼ੌਜ ਦੀ ਮਦਦ ਕਰਦੇ ਹਨ।

ਜੌਰਜੀਆ ਨੇ ਪਹਿਲਾਂ ਲਾਜ਼ਮੀ ਫੌਜੀ ਸੇਵਾ ਨੂੰ ਬੰਦ ਕਰ ਦਿੱਤਾ ਸੀ ਪਰ 8 ਮਹੀਨੇ ਬਾਅਦ ਹੀ ਇਸ ਨੂੰ ਸਾਲ 2017 ਵਿੱਚ ਮੁੜ ਸ਼ੁਰੂ ਕਰ ਦਿੱਤਾ ਗਿਆ।

ਲਿਥੁਆਨੀਆ

ਲਿਥੁਆਨੀਆ ਵਿੱਚ ਲਾਜ਼ਮੀ ਫੌਜੀ ਸੇਵਾ ਨੂੰ 2008 ਵਿੱਚ ਖਤਮ ਕਰ ਦਿੱਤਾ ਗਿਆ ਸੀ। 2016 ਵਿੱਚ, ਲਿਥੁਆਨੀਆ ਦੀ ਸਰਕਾਰ ਨੇ ਇਸਨੂੰ ਪੰਜ ਸਾਲਾਂ ਲਈ ਦੁਬਾਰਾ ਸ਼ੁਰੂ ਕੀਤਾ।

ਸਰਕਾਰ ਨੇ ਕਿਹਾ ਕਿ ਰੂਸੀ ਫ਼ੌਜੀ ਧਮਕੀਆਂ ਦੇ ਵਧਦੇ ਦਬਾਅ ਦੇ ਮੱਦੇ ਨਜ਼ਰ ਅਜਿਹਾ ਕੀਤਾ ਗਿਆ।

ਸਾਲ 2016 ਵਿੱਚ ਇਸਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ। ਇੱਥੇ 18 ਤੋਂ 26 ਸਾਲ ਦੇ ਮਰਦਾਂ ਨੂੰ ਲਾਜ਼ਮੀ ਤੌਰ 'ਤੇ ਇੱਕ ਸਾਲ ਲਈ ਫ਼ੌਜ ਵਿੱਚ ਸੇਵਾ ਕਰਨੀ ਪੈਂਦੀ ਹੈ।

ਇਸ ਵਿੱਚ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਸਿੰਗਲ ਪਿਤਾ ਨੂੰ ਨਿਯਮ ਤੋਂ ਛੋਟ ਦਿੱਤੀ ਗਈ ਹੈ।

2016 'ਚ ਇਸ ਨੂੰ ਲਾਗੂ ਕਰਦੇ ਹੋਏ ਰਾਸ਼ਟਰਪਤੀ ਦੇ ਦਫ਼ਤਰ ਨੇ ਕਿਹਾ ਸੀ ਕਿ ਉਮੀਦ ਹੈ ਕਿ 3500 ਲੋਕਾਂ ਨੂੰ ਸਾਲਾਨਾ ਡਿਊਟੀ ਲਈ ਬੁਲਾਇਆ ਜਾਵੇਗਾ।

ਸਵੀਡਨ

ਸਵੀਡਨ ਦੇ ਫ਼ੌਜੀ

ਤਸਵੀਰ ਸਰੋਤ, Getty Images

ਸਵੀਡਨ ਨੇ 100 ਸਾਲਾਂ ਬਾਅਦ 2010 ਵਿੱਚ ਲਾਜ਼ਮੀ ਫ਼ੌਜੀ ਸੇਵਾ ਨੂੰ ਖਤਮ ਕਰ ਦਿੱਤਾ ਸੀ। ਸਾਲ 2017 ਵਿੱਚ ਇਸ ਨੂੰ ਮੁੜ ਸ਼ੁਰੂ ਕਰਨ ਲਈ ਵੋਟਿੰਗ ਹੋਈ ਸੀ।

ਇਸ ਫ਼ੈਸਲੇ ਤੋਂ ਬਾਅਦ ਜਨਵਰੀ 2018 ਤੋਂ 4000 ਮਰਦਾਂ ਅਤੇ ਔਰਤਾਂ ਨੂੰ ਲਾਜ਼ਮੀ ਫੌਜੀ ਸੇਵਾ ਵਿੱਚ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ।

ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਸਾਲ 2025 ਤੱਕ 8 ਹਜ਼ਾਰ ਮਰਦਾਂ ਅਤੇ ਔਰਤਾਂ ਨੂੰ ਲਾਜ਼ਮੀ ਫ਼ੌਜੀ ਸੇਵਾ ਲਈ ਭਰਤੀ ਕੀਤਾ ਜਾਵੇਗਾ।

ਇਸ ਤੋਂ ਇਲਾਵਾ, ਤੁਰਕੀ ਵਿੱਚ 20 ਸਾਲ ਤੋਂ ਵੱਡੇ ਸਾਰੇ ਮਰਦਾਂ ਲਈ ਫ਼ੌਜੀ ਸੇਵਾ ਲਾਜ਼ਮੀ ਹੈ। ਉਨ੍ਹਾਂ ਨੂੰ 6 ਤੋਂ 15 ਮਹੀਨੇ ਫ਼ੌਜ ਵਿੱਚ ਸੇਵਾ ਕਰਨੀ ਪੈਂਦੀ ਹੈ।

ਗਰੀਸ ਵਿੱਚ 19 ਸਾਲ ਦੇ ਨੌਜਵਾਨਾਂ ਲਈ 9 ਮਹੀਨੇ ਦੀ ਫ਼ੌਜੀ ਸੇਵਾ ਲਾਜ਼ਮੀ ਹੈ।

ਇਸ ਤੋਂ ਇਲਾਵਾ, ਈਰਾਨ ਵਿੱਚ 18 ਸਾਲ ਤੋਂ ਵੱਧ ਉਮਰ ਦੇ ਮਰਦਾਂ ਨੂੰ 24 ਮਹੀਨਿਆਂ ਲਈ ਫ਼ੌਜ ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਪੈਂਦੀਆਂ ਹਨ।

ਕਿਊਬਾ ਵਿੱਚ 17 ਤੋਂ 28 ਸਾਲ ਦੀ ਉਮਰ ਵਾਲੇ ਮਰਦਾਂ ਨੂੰ 2 ਸਾਲ ਤੱਕ ਲਾਜ਼ਮੀ ਫ਼ੌਜੀ ਸੇਵਾ ਕਰਨੀ ਹੀ ਪੈਂਦੀ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)