ਕੋਰੋਨਾਵਇਰਸ: ਇਹ ਔਰਤ ਮ੍ਰਿਤਕਾਂ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਕਿਉਂ ਲੜ ਰਹੀ ਹੈ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਅਧਿਕਾਰਤ ਤੌਰ 'ਤੇ ਭਾਰਤ ਵਿੱਚ ਕੋਵਿਡ-19 ਕਾਰਨ ਪੰਜ ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਅਸਲ ਅੰਕੜਾ 10 ਗੁਣਾ ਵੱਧ ਹੋ ਸਕਦਾ ਹੈ।

ਮਹਾਂਮਾਰੀ ਨੂੰ ਸ਼ੁਰੂ ਹੋਏ ਦੋ ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਆਪਣੇ ਗੁਆ ਚੁੱਕੇ ਲੋਕਾਂ ਦੇ ਘਾਟੇ ਨਾਲ ਜੂਝ ਰਹੇ ਹਨ। ਕੀ ਭਾਰਤ ਮਹਾਂਮਾਰੀ ਦੀਆਂ ਯਾਦਾਂ ਨੂੰ ਦਫ਼ਨਾਉਣ ਦੀ ਕਾਹਲੀ ਵਿੱਚ ਹੈ?

ਕੋਲਕਾਤਾ ਵਿੱਚ ਇੱਕ ਸਾਲ ਪਹਿਲਾਂ ਇੱਕ ਜੋੜਾ ਇੱਕੋ ਹਸਪਤਾਲ ਦੀਆਂ ਵੱਖ-ਵੱਖ ਮੰਜ਼ਿਲਾਂ 'ਤੇ ਕੋਵਿਡ-19 ਖ਼ਿਲਾਫ਼ ਲੜਾਈ ਲੜ ਰਿਹਾ ਸੀ।

ਪਪਰੀ ਚੌਧਰੀ ਦੇ ਪਤੀ ਦੀ ਹਾਲਤ ਆਈਸੀਯੂ ਵਿੱਚ ਖਰਾਬ ਹੋ ਰਹੀ ਸੀ ਤੇ ਖ਼ੁਦ ਪਪਰੀ ਬੁਖ਼ਾਰ ਦੀ ਹਾਲਤ ਵਿੱਚ ਕਮਜ਼ੋਰ ਸਨ। ਉਨ੍ਹਾਂ ਆਪਣੇ ਹੱਥਾਂ ਦੀ ਨਾੜੀ ਦੀ ਲਾਈਨ ਨੂੰ ਬੰਦ ਕੀਤਾ ਅਤੇ ਪਤੀ ਨੂੰ ਮਿਲਣ ਲਈ ਨਰਸਾਂ ਨੂੰ ਬੇਨਤੀ ਕੀਤੀ।

ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਨੂੰ ਸੁਰੱਖਿਆ ਲਈ ਫੇਸ ਸ਼ੀਲਡ, ਦਸਤਾਨੇ ਅਤੇ ਹੋਰ ਸਮਾਨ ਨਾਲ ਲੈਸ ਕੀਤਾ ਅਤੇ ਵ੍ਹੀਲਚੇਅਰ ਉੱਤੇ ਬਿਠਾ ਕੇ ਆਈਸੀਯੂ ਅੰਦਰ ਲੈ ਗਏ।

ਅਰੂਪ ਪ੍ਰਕਾਸ਼ ਚੌਧਰੀ ਨੱਕ ਦੇ ਮਾਸਕ ਰਾਹੀਂ ਸਾਹ ਲੈਣ ਵਾਲੀ ਮਸ਼ੀਨ ਨਾਲ ਬੰਨ੍ਹੇ ਹੋਏ ਸਨ। ਉਨ੍ਹਾਂ ਕਿਹਾ, ''ਹੁਣ ਮੈਂ ਸਾਹ ਵੀ ਨਹੀਂ ਲੈ ਸਕਦਾ।''

ਅਰੂਪ ਰੋਣ ਲੱਗੇ ਅਤੇ ਬੇਝਿਜਕ ਆਪਣੀ ਪਤਨੀ ਦਾ ਦਸਤਾਨੇ ਵਾਲਾ ਹੱਥ ਫੜ ਲਿਆ।

ਪਤਨੀ ਪਪਰੀ ਚੌਧਰੀ ਨੂੰ ਆਪਣੇ 58 ਸਾਲਾ ਪਤੀ ਵੱਲ ਦੇਖਣਾ ਯਾਦ ਹੈ।

ਨਰਸ ਨੇ ਪਪਰੀ ਨੂੰ ਕਿਹਾ, ''ਇਹ ਫਾਈਟਰ ਹਨ ਅਤੇ ਜਿੱਤਣਗੇ।''

ਪਰ ਉਹ ਜਿੱਤ ਨਹੀਂ ਸਕੇ।

ਚਾਰ ਦਿਨਾਂ ਬਾਅਦ ਹੀ ਸਰਕਾਰੀ ਇੰਜੀਨੀਅਰ, ਇੱਕ ਕਮਾਲ ਦੇ ਤੈਰਾਕ ਤੇ 23 ਸਾਲਾ ਧੀ ਦੇ ਪਿਤਾ ਅਰੂਪ ਦੀ ਮੌਤ ਹੋ ਗਈ।

ਇੱਕ ਸਾਲ ਬਾਅਦ ਉਨ੍ਹਾਂ ਦੀ ਪਤਨੀ ਪਪਰੀ ਚੌਧਰੀ ਕਹਿੰਦੇ ਹਨ ਕਿ ਉਹ ਡੂੰਘੇ ਸਦਮੇ ਵਿੱਚ ਡੁੱਬ ਗਏ ਹਨ।

ਯਾਦਗਾਰ ਉਸਾਰਨ ਦੀ ਲੋੜ ਮਹਿਸੂਸ ਹੋਈ

ਪਪਰੀ, ਕਿਸੇ ਸਮੇਂ ਨਾਸਤਿਕ ਸਨ, ਪਰ ਪਤੀ ਦੀ ਮੌਤ ਤੋਂ ਬਾਅਦ ਉਹ ਅਧਿਆਤਮ ਅਤੇ ਜ਼ਿੰਦਗੀ ਵਿੱਚ ਵਿਸ਼ਵਾਸ ਰੱਖਣ ਵਾਲੇ ਬਣ ਗਏ ਹਨ। ਉਨ੍ਹਾਂ ਕਈ ਘਾਟੇ ਦੇਖੇ ਹਨ - 20ਵਿਆਂ ਦੀ ਉਮਰ ਵਿੱਚ ਉਨ੍ਹਾਂ ਆਪਣੇ ਪਿਤਾ ਨੂੰ ਖੋਹ ਦਿੱਤਾ, ਇਸ ਤੋਂ ਬਾਅਦ ਇੱਕ ਬਿਮਾਰੀ ਕਾਰਨ ਮਾਂ ਦੀ ਮੌਤ ਹੋ ਗਈ।

ਪਪਰੀ ਕਹਿੰਦੇ ਹਨ, ''ਪਰ ਅਰੂਪ ਮੇਰੀ ਕੰਧ ਸਨ, ਉਹ ਮੇਰਾ ਸੂਰਜ ਸਨ। ਕੰਧ ਢਹਿ ਗਈ ਹੈ ਅਤੇ ਸੂਰਜ ਬੁੱਝ ਗਿਆ ਹੈ।''

48 ਸਾਲਾਂ ਦੇ ਪਪਰੀ ਚੌਧਰੀ ਨੇ ਸਜਨਾ-ਸਵਰਨਾ, ਆਪਣਾ ਪਸੰਦੀਦਾ ਭੋਜਨ ਖਾਣਾ ਅਤੇ ਪ੍ਰੋਗਰਾਮਾਂ ਉੱਤੇ ਜਾਣਾ ਬੰਦ ਕਰ ਦਿੱਤਾ ਹੈ। ਇੱਕ ਲਾਕੇਟ ਵਿੱਚ ਉਹ ਆਪਣੇ ਪਤੀ ਦੀਆਂ ਅਸਥੀਆਂ ਪਹਿਨਦੇ ਹਨ।

ਨਹਾਉਂਦੇ ਹੋਏ ਉਹ ਕਹਿੰਦੇ ਹਨ, ''ਉਨ੍ਹਾਂ ਨੂੰ ਆਖਰੀ ਵਾਰ ਮੈਨੂੰ ਜੱਫ਼ੀ ਪਾਉਣ ਲਈ ਆਖਣਾ।''

ਉਹ ਅੱਗੇ ਕਹਿੰਦੇ ਹਨ, ''ਮੈਂ ਆਪਣਾ ਦੁੱਖ ਢੋਹ ਰਹੀ ਹਾਂ, ਇਸ ਨਾਲ ਨਜਿੱਠ ਨਹੀਂ ਰਹੀ। ਮੈਂ ਆਪਣੇ ਦਿਲ ਅੰਦਰ ਇੱਕ ਟੋਆ ਪੁੱਟਿਆ ਹੈ ਅਤੇ ਉਸ ਵਿੱਚ ਆਪਣੇ ਪਤੀ ਨੂੰ ਰੱਖਿਆ ਹੈ।''

ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਦੁੱਖਾਂ ਦੇ ਜ਼ੁਲਮ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਪਰ ਉਨ੍ਹਾਂ ਨੇ ਜ਼ਿੰਦਗੀ ਦਾ ਪੱਲਾ ਨਹੀਂ ਛੱਡਿਆ। ਉਨ੍ਹਾਂ ਨੇ ਮਨੋਵਿਗਿਆਨ ਵਿੱਚ ਸ਼ਾਮ ਦੀਆਂ ਕਲਾਸਾਂ ਲਈ ਸਾਈਨ ਅੱਪ ਕੀਤਾ ਹੈ, ਤਾਂ ਜੋ ਉਹ ਇੱਕ ਯੋਗਤਾ ਪ੍ਰਾਪਤ ਥੈਰੇਪਿਸਟ ਬਣ ਸਕਦੇ ਹਨ।

ਉਹ ਫ਼ੋਨ 'ਤੇ ਉਨ੍ਹਾਂ ਲੋਕਾਂ ਨੂੰ ਸਲਾਹ ਦਿੰਦੇ ਹਨ ਜਿਨ੍ਹਾਂ ਨੂੰ ਉਨ੍ਹਾਂ ਵਾਂਗ ਹੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਦੁਖੀ ਵਿਧਵਾ ਨੂੰ ਮੈਸੈਜ ਭੇਜਿਆ, ''ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਬਾਹਰ ਕੋਈ ਕੰਮ ਲੱਭੋ। ਪਤਾ ਲਗਾਓ ਕਿ ਤੁਹਾਡੇ ਜੀਵਨ ਵਿੱਚ ਕਿਹੜਾ ਅਧੂਰਾ ਕੰਮ ਹੈ।"

ਪਪਰੀ ਆਪਣੇ ਤਿੰਨ ਦਹਾਕਿਆਂ ਦੇ ਵਿਆਹੁਤਾ ਜੀਵਨ ਬਾਰੇ ਲਿਖ ਰਹੇ ਹਨ ਅਤੇ ਕਿਵੇਂ ਵਾਇਰਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ। ਉਹ ਉਨ੍ਹਾਂ ਭਾਰਤੀਆਂ ਲਈ ਇੱਕ ਯਾਦਗਾਰ ਦੀ ਉਸਾਰੀ ਲਈ ਦਿਲਚਸਪੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਹੁਣ ਤੱਕ ਮਹਾਂਮਾਰੀ ਨਾਲ ਅਧਿਕਾਰਤ ਤੌਰ 'ਤੇ ਮਰ ਚੁੱਕੇ ਹਨ।

ਇਹ ਵੀ ਪੜ੍ਹੋ:

ਪਪਰੀ ਕਹਿੰਦੇ ਹਨ, "ਲੋਕ ਮਹਾਂਮਾਰੀ ਦੀ ਭਿਆਨਕਤਾ ਨੂੰ ਭੁੱਲਦੇ ਜਾਪਦੇ ਹਨ। ਉਹ ਸੋਚਦੇ ਹਨ ਕਿ ਜੋ ਹੋਇਆ ਉਹ ਕਿਸਮਤ ਸੀ। ਪੀੜਤਾਂ ਲਈ ਇੱਕ ਯਾਦਗਾਰ ਅਹਿਮ ਹੈ।"

ਫਰਵਰੀ ਵਿੱਚ ਉਨ੍ਹਾਂ ਆਪਣੇ ਪਤੀ ਦੀਆਂ ਕੁਝ ਯਾਦਾਂ ਨੂੰ ਵਰਚੂਅਲ ਯਾਦਗਾਰ ਲਈ ਭੇਜਿਆ। ਇਹ ਯਾਦਗਾਰ ਕੁਝ ਡਾਕਟਰਾਂ ਅਤੇ ਸਮਾਜਿਕ ਕਾਰਕੁੰਨਾ ਨੇ ਸ਼ੁਰੂ ਕੀਤੀ ਹੈ।

ਪਪਰੀ ਨੇ ਲਿਖਿਆ, "ਇੰਝ ਲੱਗਦਾ ਹੈ ਜਿਵੇਂ ਕਿਸੇ ਨੇ ਮੇਰੇ ਗਲੇ ਵਿੱਚ ਚਾਕੂ ਮਾਰ ਦਿੱਤਾ ਹੋਵੇ, ਨਾ ਮੈਂ ਇਸ ਨਾਲ ਜੀਅ ਸਕਦੀ ਹਾਂ ਤੇ ਨਾ ਮਰ ਸਕਦੀ ਹਾਂ।"

ਇੱਕ ਸਾਲ ਬਾਅਦ, ਮਹਾਂਮਾਰੀ ਕਾਰਨ ਮਰਨ ਵਾਲੇ ਸਿਰਫ਼ 300 ਭਾਰਤੀ ਹੀ ਯਾਦਗਾਰ ਵਿੱਚ ਸੂਚੀਬੱਧ ਹਨ।

ਫਰਵਰੀ ਵਿੱਚ ਪ੍ਰਬੰਧਕਾਂ ਨੇ ਭਾਰਤ ਦੇ 29 ਸੂਬਿਆਂ ਨੂੰ ਸੂਚਨਾ ਦੇ ਅਧਿਕਾਰ ਤਹਿਤ ਗੁਜ਼ਾਰਿਸ਼ ਕੀਤੀ ਤਾਂ ਜੋ ਉਨ੍ਹਾਂ ਲੋਕਾਂ ਦੇ ਨਾਮ ਦਿੱਤੇ ਜਾਣ ਜਿਨ੍ਹਾਂ ਲਈ ਕੋਵਿਡ -19 ਕਾਰਨ ਮੌਤ ਤੋਂ ਬਾਅਦ ਸਰਕਾਰੀ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ। ਸਿਰਫ 11 ਸੂਬਿਆਂ ਨੇ ਜਵਾਬ ਦਿੱਤਾ ਤੇ ਸਿਰਫ 182 ਨਾਮ ਹੀ ਦਿੱਤੇ ਗਏ।

ਯਾਦਗਾਰ ਨਾਲ ਜੁੜੇ ਡਾਕਟਰ ਅਭੀਜੀਤ ਚੌਧਰੀ ਕਹਿੰਦੇ ਹਨ, ''ਮਰ ਚੁੱਕੇ ਲੋਕਾਂ ਦੇ ਨਾਮ ਪ੍ਰਾਪਤ ਕਰਨਾ ਵੀ ਔਖਾ ਹੈ। ਮੇਰਾ ਖ਼ਿਆਲ ਹੈ ਕਿ ਅਸੀਂ ਛੇਤੀ ਭੁੱਲਣਾ ਚਾਹੁੰਦੇ ਹਾਂ। ਇਹ ਥਕਾਵਟ ਜਾਂ 'ਜੋ ਗਿਆ ਸੋ ਗਿਆ' ਵਿਵਹਾਰ ਕਾਰਨ ਹੋ ਸਕਦਾ ਹੈ।''

ਉਹ ਕਹਿੰਦੇ ਹਨ, ''ਕੀ ਸਾਡੀਆਂ ਯਾਦਾਂ ਥੋੜ੍ਹੇ ਸਮੇਂ ਲਈ ਰਹਿੰਦੀਆਂ ਹਨ ਜਾਂ ਅਸੀਂ ਇਨਕਾਰ ਵਿੱਚ ਜਿਉਂਦੇ ਹਾਂ?''

ਇਹ ਕਹਿਣਾ ਔਖਾ ਹੈ। ਲੱਖਾਂ ਭਾਰਤੀ ਅਜੇ ਵੀ ਆਪਣੇ ਅਜੀਜ਼ਾਂ ਦੇ ਗੁਆਚਣ ਦਾ ਸੋਗ ਮਨਾ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਸਮੇਂ ਤੋਂ ਪਹਿਲਾਂ ਅਤੇ ਅਚਾਨਕ ਚਲੇ ਗਏ ਸਨ।

‘ਇਨਕਾਰੀ ਹੋਣਾ ਭੁੱਲਣਾ ਸੌਖਾ ਬਣਾਉਂਦਾ ਹੈ’

ਸਿਹਤ ਪ੍ਰਣਾਲੀ ਦੇ ਪਤਨ - ਹਸਪਤਾਲ ਵਿੱਚ ਬੈੱਡ, ਜ਼ਰੂਰੀ ਦਵਾਈਆਂ, ਇੱਥੋਂ ਤੱਕ ਕਿ ਆਕਸੀਜਨ ਦੀ ਘਾਟ - ਮਹਾਂਮਾਰੀ ਦੇ ਦੌਰਾਨ ਬਹੁਤ ਸਾਰੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ। ਲੋਕ ਇਕੱਲਤਾ ਵਿਚ ਮਰ ਗਏ ਅਤੇ ਪਰਿਵਾਰ ਲੌਕਡਾਊਨ ਪ੍ਰੋਟੋਕੋਲ ਕਾਰਨ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ।

ਡਾ. ਚੌਧਰੀ ਕਹਿੰਦੇ ਹਨ, ''ਬਹੁਤ ਸਾਰੇ ਦੁਖੀ ਰਿਸ਼ਤੇਦਾਰਾਂ ਲਈ, ਭਾਰਤ ਇਸ ਗੱਲ ਤੋਂ ਇਨਕਾਰ ਕਰਕੇ ਸੰਕਟ ਨੂੰ ਪਾਰ ਕਰਨ ਲਈ ਕਾਹਲੀ ਵਿੱਚ ਜਾਪਦਾ ਹੈ ਕਿ ਮ੍ਰਿਤਕਾਂ ਦੀ ਕਾਫ਼ੀ ਘੱਟ ਗਿਣਤੀ ਕੀਤੀ ਗਈ ਸੀ। "ਇਨਕਾਰੀ ਹੋਣਾ ਭੁੱਲਣਾ ਸੌਖਾ ਬਣਾਉਂਦਾ ਹੈ।"

ਫਿਰ ਵੀ, ਸੋਗ ਦਾ ਸੁਭਾਅ ਬਦਲ ਰਿਹਾ ਹੈ। ਜਿਵੇਂ ਕਿ ਜ਼ਿਆਦਾ ਭਾਰਤੀ ਸ਼ਹਿਰਾਂ ਤੇ ਇਕੱਲੇ ਪਰਿਵਾਰਾਂ ਵਿੱਚ ਚਲੇ ਗਏ ਹਨ, ਸੋਗ ਵਧੇਰੇ ਨਿੱਜੀ, ਨਜ਼ਦੀਕੀ ਅਤੇ ਘੱਟ ਫਿਰਕੂ ਅਤੇ ਪ੍ਰਦਰਸ਼ਨਕਾਰੀ ਬਣ ਗਿਆ ਹੈ।

ਆਪਣਿਆਂ ਨੂੰ ਗੁਆਉਣ ਤੋਂ ਬਾਅਦ ਇਕੱਲਤਾ ਅਤੇ ਗੁੱਸੇ ਨਾਲ ਸੰਘਰਸ਼ ਕਰ ਰਹੇ ਪਰਿਵਾਰ ਸੋਗ ਅਤੇ ਚਿੰਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਲਈ ਨਵੇਂ ਤਰੀਕੇ ਲੱਭ ਰਹੇ ਹਨ।

ਕੁਝ ਲੋਕ ਸਹਾਇਤਾ ਸਮੂਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਣੇ ਵਿੱਚ ਕੋਵਿਡ-19 ਨਾਲ ਰਜਨੀ ਜਗਤਾਪ ਦੇ 59 ਸਾਲਾ ਡਾਕਟਰ ਪਤੀ ਸ਼੍ਰੀਧਰ ਦੀ ਮੌਤ ਤੋਂ ਇੱਕ ਮਹੀਨੇ ਬਾਅਦ ਖ਼ੁਦ ਪੇਸ਼ੇ ਵਜੋਂ ਡਾਕਟਰ ਰਜਨੀ ਨੇ ਆਪਣਿਆਂ ਨੂੰ ਗੁਆਉਣ ਵਾਲੇ ਲੋਕਾਂ ਨੂੰ ਹਮਦਰਦੀ ਦੇਣ ਲਈ ਇੱਕ ਆਨਲਾਈਨ ਸਹਾਇਤਾ ਸਮੂਹ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ‘ਸਟੇਇੰਗ ਅਲਾਈਵ’ ਕਿਹਾ ਜਾਂਦਾ ਹੈ।

ਅੱਜ ਇਸ ਦੇ 60 ਮੈਂਬਰ ਹਨ, ਜਿਸ ਵਿੱਚ ਇੱਕ ਆਰਟ ਥੈਰੇਪਿਸਟ, ਇੱਕ ਕਲੀਨਿਕਲ ਮਨੋਵਿਗਿਆਨੀ, ਇੱਕ ਵਕੀਲ ਅਤੇ ਇੱਕ ਯੋਗਾ ਇੰਸਟ੍ਰਕਟਰ ਸ਼ਾਮਲ ਹਨ।

ਜ਼ਿਆਦਾਤਰ ਮੈਂਬਰ ਔਰਤਾਂ ਹਨ: ਇੱਕ ਨੇ ਆਪਣੇ ਬੱਚੇ ਨੂੰ ਗੁਆਉਣ ਤੋਂ ਕੁਝ ਸਾਲਾਂ ਬਾਅਦ ਹੀ ਆਪਣੇ ਪਤੀ ਨੂੰ ਵਾਇਰਸ ਕਾਰਨ ਗੁਆ ਦਿੱਤਾ।

ਇੱਕ ਹੋਰ ਨੇ ਉਸੇ ਦਿਨ ਉਸੇ ਹਸਪਤਾਲ ਵਿੱਚ ਆਪਣੇ ਪਤੀ ਅਤੇ ਪਤੀ ਦੇ ਭਰਾ ਦੀ ਪਤਨੀ ਨੂੰ ਗੁਆ ਦਿੱਤਾ। ਕਈਆਂ ਨੇ, ਜਿਵੇਂ ਕਿ ਡਾ. ਜਗਤਾਪ ਨੇ ਖੁਦ ਪਤੀ ਦੀ ਮੌਤ ਦੇ ਇੱਕ ਸਾਲ ਬਾਅਦ ਕਿਸੇ ਤਰ੍ਹਾਂ ਦੇ 'ਬੰਦ' ਹੋਣ ਦਾ ਅਨੁਭਵ ਕੀਤਾ।

ਕਈਆਂ ਕੋਲ ਸੋਗ ਲਈ ਸਮਾਂ ਨਹੀਂ

ਡਾ. ਰਜਨੀ ਜਗਤਾਪ ਕਹਿੰਦੇ ਹਨ, ''ਤਜਰਬੇ ਇੱਕੋ ਜਿਹੇ ਹੀ ਹਨ। ਸਿਹਤ ਪ੍ਰਣਾਲੀ ਤੋਂ ਨਿਰਾਸ਼ਾ ਹੈ ਜੋ ਆਪਣਿਆਂ ਨੂੰ ਬਚਾਉਣ ਵਿੱਚ ਅਸਫਲ ਰਹੀ ਹੈ, ਕੁਝ ਡਾਕਟਰਾਂ ਨੂੰ ਦੋਸ਼ੀ ਠਹਿਰਾਉਂਦੇ ਹਨ।”

“ਬਹੁਤ ਸਾਰੀਆਂ ਔਰਤਾਂ ਆਪਣੇ ਸਹੁਰਿਆਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰਦੀਆਂ ਹਨ। ਆਮ ਤੌਰ 'ਤੇ ਗੁੱਸਾ ਹੁੰਦਾ ਹੈ: ''ਮੇਰੇ ਨਾਲ ਅਜਿਹਾ ਕਿਉਂ ਹੋਇਆ?''

''ਪਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਭੁੱਲੇ ਹਾਂ। ਪਰਿਵਾਰ ਜ਼ਿਆਦਾ ਖ਼ਿਆਲ ਰੱਖਣ ਵਾਲੇ ਹਨ। ਯਾਦਗਾਰ ਨਿਸ਼ਚਤ ਤੌਰ 'ਤੇ ਚੰਗਾ ਆਈਡੀਆ ਹੈ।''

ਮਨੋਵਿਗਿਆਨੀ ਸੌਮਿਤਰਾ ਪਠਾਰੇ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਸੋਗ ਵੀ ਬਹੁਤ ਸਾਰੇ ਲੋਕਾਂ ਲਈ ਇੱਕ ਸਨਮਾਨ ਹੈ।

"ਜ਼ਿਆਦਾਤਰ ਭਾਰਤੀਆਂ ਲਈ ਸੋਗ ਕਰਨ ਦਾ ਕੋਈ ਸਮਾਂ ਨਹੀਂ ਹੈ। ਅਮੀਰ, ਵਿਸ਼ੇਸ਼ ਅਧਿਕਾਰ ਪ੍ਰਾਪਤ, ਸ਼ਹਿਰੀ ਲੋਕਾਂ ਕੋਲ ਸਮਾਂ ਹੁੰਦਾ ਹੈ। ਹੋਰਾਂ ਲਈ ਸੋਗ ਕਰਨਾ ਇੱਕ ਰੀਤੀ ਰਿਵਾਜ ਹੈ ਜੋ ਤੁਸੀਂ ਜਲਦੀ ਖਤਮ ਕਰਦੇ ਹੋ ਅਤੇ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਹੋ ਕਿਉਂਕਿ ਜਿਉਣ ਦੀਆਂ ਚੁਣੌਤੀਆਂ ਬਹੁਤ ਔਖੀਆਂ ਹੁੰਦੀਆਂ ਹਨ।"

''ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਦੁੱਖ ਮਹਿਸੂਸ ਨਹੀਂ ਹੁੰਦਾ, ਬਸ ਤੁਹਾਡੇ ਕੋਲ ਸੋਗ ਕਰਨਾ ਸਮਾਂ ਨਹੀਂ ਹੈ।''

ਦੁੱਖ ਆਪਣੇ ਨਾਲ ਨਵੇਂ ਡਰ ਲੈ ਕੇ ਆਉਂਦਾ ਹੈ

ਅਖੀਰ ਵਿੱਚ ਇੱਕ ਡੂੰਘਾ ਨੁਕਸਾਨ ਬਹੁਤ ਨਿੱਜੀ ਹੈ। ਜਦੋਂ ਪਿਛਲੇ ਸਾਲ ਗਰਮੀਆਂ ਦੀ ਰਾਤ ਨੂੰ ਹਸਪਤਾਲ ਤੋਂ ਡਰਾਉਣਾ ਫ਼ੋਨ ਆਇਆ ਤਾਂ ਪਪਰੀ ਚੌਧਰੀ ਨੇ ਆਪਣੀ ਧੀ ਤਨਵੀਸ਼ਾ ਨੂੰ ਫ਼ੋਨ ਚੁੱਕਣ ਲਈ ਕਿਹਾ। ਉਹ ਫ਼ੋਨ ਲੈ ਕੇ ਕਮਰੇ ਤੋਂ ਬਾਹਰ ਚਲੀ ਗਈ।

ਥੋੜੀ ਦੇਰ ਬਾਅਦ ਉਹ ਬੇਰੰਗ ਪਰਤ ਆਈ।

ਉਸ ਨੇ ਕਿਹਾ, ''ਡੈਡੀ ਹੁਣ ਨਹੀਂ ਰਹੇ।"

ਪਪਰੀ ਚੌਧਰੀ ਦੱਸਦੇ ਹਨ ਕਿ ਉਹ ਆਪਣੀ ਧੀ ਦੇ ਵਾਲਾਂ ਉੱਤੇ ਹੱਥ ਫੇਰਦੇ ਹੋਏ ਸੁੰਨ ਹੋ ਕੇ ਬੈਠੇ ਸਨ।

ਤਨਵੀਸ਼ਾ ਨੇ ਪੁੱਛਿਆ, "ਮੰਮੀ, ਕੀ ਹੁਣ ਤੁਸੀਂ ਆਪਣੀ ਮਾਂ ਵਰਗੀ ਬਣੋਗੇ?"

ਦੁੱਖ ਆਪਣੇ ਨਾਲ ਨਵੇਂ ਡਰ ਲੈ ਕੇ ਆਉਂਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)