ਕੋਰੋਨਾਵਾਇਰਸ: ਲੈਂਸੇਟ ਸਟੱਡੀ ਦਾ ਦਾਅਵਾ ਕਿ ਭਾਰਤ ਵਿੱਚ ਕੋਵਿਡ ਮੌਤਾਂ ਦੀ ਸੰਖਿਆ ਰਿਪੋਰਟ ਕੀਤੇ ਗਏ ਅੰਕੜਿਆਂ ਨਾਲੋਂ 8 ਗੁਣਾ ਵੱਧ - ਪ੍ਰੈੱਸ ਰਿਵੀਊ

ਲੈਂਸੇਟ ਸਟੱਡੀ ਮੁਤਾਬਕ 2020 ਅਤੇ 2021 ਦੇ ਵਿਚਕਾਰ ਵਿਸ਼ਵ ਪੱਧਰ 'ਤੇ ਕੋਵਿਡ ਸਬੰਧੀ ਸਾਰੀਆਂ ਵਾਧੂ ਮੌਤਾਂ ਵਿੱਚੋਂ 22 ਪ੍ਰਤੀਸ਼ਤ ਸਿਰਫ ਭਾਰਤ ਵਿੱਚ ਹੋਈਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਲੈਂਸੇਟ ਦਾ ਅਨੁਮਾਨ ਹੈ ਕਿ ਮੁਲਾਂਕਣ ਵਾਲੇ ਸਮੇਂ ਵਿਚਕਾਰ ਭਾਰਤ ਵਿੱਚ 40 ਲੱਖ ਮੌਤਾਂ ਹੋਈਆਂ ਹਨ, ਜਦਕਿ ਅਧਿਕਾਰਤ ਤੌਰ 'ਤੇ ਰਿਪੋਰਟ ਕੀਤੀਆਂ ਗਈਆਂ ਕੋਵਿਡ ਮੌਤਾਂ 4,80,000 ਹਨ, ਜੋ ਕਿ ਲੈਂਸੇਟ ਦੇ ਅੰਕੜਿਆਂ ਤੋਂ ਲਗਭਗ ਅੱਠ ਗੁਣਾ ਘੱਟ ਹਨ।

ਲੈਂਸੇਟ ਦਾ ਅੰਦਾਜ਼ਾ ਹੈ ਕਿ ਹਾਲਾਂਕਿ ਵਿਸ਼ਵ ਪੱਧਰ 'ਤੇ 1 ਜਨਵਰੀ, 2020 ਅਤੇ 31 ਦਸੰਬਰ, 2021 ਦੇ ਵਿਚਕਾਰ ਕੁੱਲ 59.4 ਲੱਖ ਕੋਵਿਡ ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ, ਪਰ ਅਸਲ 'ਚ 1.82 ਕਰੋੜ ਲੋਕਾਂ ਦੀ ਮੌਤ ਹੋਈ ਸੀ।

ਇਸ ਸਟੱਡੀ ਅਨੁਸਾਰ ਕੋਵਿਡ ਕਾਰਨ ਸਭ ਤੋਂ ਵੱਧ ਕਿਊਮਲੇਟਵ ਵਾਧੂ ਮੌਤਾਂ ਦਾ ਅਨੁਮਾਨ ਭਾਰਤ ਵਿੱਚ ਲਗਭਗ 40.7 ਲੱਖ ਹੈ।

ਹਾਲਾਂਕਿ, ਸ਼ੁੱਕਰਵਾਰ ਨੂੰ ਸਰਕਾਰ ਵੱਲੋਂ ਇਨ੍ਹਾਂ ਦਾਅਵਿਆਂ ਦਾ ਸਖਤ ਖੰਡਨ ਕੀਤਾ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਮੌਤ ਦਰ ਦਾ ਮੁਲਾਂਕਣ ਪਾਰਦਰਸ਼ੀ ਸੀ ਅਤੇ ਲੈਂਸੇਟ ਦਾ ਦਾਅਵਾ ਕਾਲਪਨਿਕ ਹੈ।

ਇਹ ਵੀ ਪੜ੍ਹੋ:

ਕੈਪਟਨ ਅਮਰਿੰਦਰ ਸਿੰਘ ਦਾ ਕਾਂਗਰਸ ਲੀਡਰਸ਼ਿਪ 'ਤੇ ਨਿਸ਼ਾਨਾ: "ਕਦੇ ਨਹੀਂ ਸਿੱਖਣਗੇ"

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਹੂੰਝਾ ਫੇਰਨ ਅਤੇ ਪੰਜਾਬ ਕਾਂਗਰਸ ਦੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਸਾਢੇ ਚਾਰ ਸਾਲ ਦੇ ਮੁੱਖ ਮੰਤਰੀ ਦੇ ਕਾਰਜਕਾਲ 'ਤੇ ਇਲਜ਼ਾਮ ਲਗਾਉਣ ਕਾਰਨ ਪਾਰਟੀ ਦੀ ਆਲੋਚਨਾ ਕੀਤੀ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਦਾਅਵਾ ਕੀਤਾ ਹੈ ਕਿ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 4.5 ਸਾਲਾਂ ਦੀ ਸੱਤਾ ਵਿਰੋਧੀ ਸਰਕਾਰ ਕਾਰਨ ਉਨ੍ਹਾਂ ਦੀ ਪਾਰਟੀ ਹਾਰ ਗਈ ਹੈ।

ਇਸ ਦੇ ਜਵਾਬ ਵਿੱਚ ਕਿ ਕੈਪਟਨ ਨੇ ਕਿਹਾ ਕਿ ਕਾਂਗਰਸ ਲੀਡਰਸ਼ਿਪ "ਕਦੇ ਨਹੀਂ ਸਿੱਖੇਗੀ"।

ਇੱਕ ਟਵੀਟ ਕਰਦਿਆਂ ਕੈਪਟਨ ਨੇ ਸਵਾਲ ਕੀਤਾ, ''ਯੂਪੀ 'ਚ ਕਾਂਗਰਸ ਦੀ ਸ਼ਰਮਨਾਕ ਹਾਰ ਲਈ ਕੌਣ ਜ਼ਿੰਮੇਵਾਰ? ਮਨੀਪੁਰ, ਗੋਆ, ਉੱਤਰਾਖੰਡ ਬਾਰੇ ਕੀ?

''ਜਵਾਬ ਕੰਧ 'ਤੇ ਮੋਟੇ-ਮੋਟੇ ਅੱਖਰਾਂ ਵਿੱਚ ਲਿਖਿਆ ਹੈ ਪਰ ਹਮੇਸ਼ਾ ਦੀ ਤਰ੍ਹਾਂ ਮੈਂ ਮੰਨਦਾ ਹਾਂ ਕਿ ਉਹ ਇਸਨੂੰ ਪੜ੍ਹਨ ਤੋਂ ਬਚਣਗੇ।''

ਜੀ23 ਮੈਂਬਰਾਂ ਨੇ ਕਾਂਗਰਸ ਦੇ ਨਵੇਂ ਮੁਖੀ ਦੀ ਕੀਤੀ ਮੰਗ

ਵਿਧਾਨ ਸਭ ਚੋਣਾਂ ਵਿੱਚ ਪੰਜ ਸੂਬਿਆਂ 'ਚ ਪਾਰਟੀ ਦੀ ਹਾਰ ਤੋਂ ਬਾਅਦ ਜੀ23 ਮੈਂਬਰਾਂ ਨੇ "ਜਲਦੀ ਤੋਂ ਜਲਦੀ" ਕਾਂਗਰਸ ਦੇ ਨਵੇਂ ਪ੍ਰਧਾਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਦੇ ਲਈ ਚੋਣ ਪ੍ਰਕਿਰਿਆ ਨੂੰ ਵੀ ਤੇਜ਼ ਕਰਨ ਲਈ ਕਿਹਾ ਹੈ।

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, 'ਜੀ23' ਜਾਂ ਅਸਹਿਮਤੀ ਵਾਲੇ 23 ਮੈਂਬਰਾਂ ਦੇ ਸਮੂਹ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਐਮਰਜੈਂਸੀ ਬੈਠਕ ਬੁਲਾਉਣ ਲਈ ਕਿਹਾ ਹੈ, ਤਾਂ ਜੋ ਹਾਲ ਹੀ ਦੀਆਂ ਚੋਣਾਂ ਵਿੱਚ ਹੋਈ ਹਾਰ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ।

ਇਸ ਦੌਰਾਨ, ਪਾਰਟੀ ਦੇ ਸੰਸਦ ਮੈਂਬਰਾਂ ਕਪਿਲ ਸਿੱਬਲ ਅਤੇ ਮਨੀਸ਼ ਤਿਵਾਰੀ ਨੇ ਸ਼ੁੱਕਰਵਾਰ ਨੂੰ ਗੁਲਾਮ ਨਬੀ ਆਜ਼ਾਦ ਦੇ ਘਰ ਬੈਠਕ ਕੀਤੀ।

ਜਾਣਕਾਰੀ ਅਨੁਸਾਰ, ਉਨ੍ਹਾਂ ਨੇ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਅਤੇ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕੀਤੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)