ਮਲੌਟ 'ਚ ਦਲਿਤ ਬੱਚੇ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਕੌਮੀ ਐੱਸਸੀ ਕਮਿਸ਼ਨ ਨੇ ਮੰਗੀ ਰਿਪੋਰਟ - ਪ੍ਰੈੱਸ ਰੀਵਿਊ

ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਮਲੋਟ ਵਿੱਚ ਇੱਕ ਵਿਅਕਤੀ ਦੁਆਰਾ ਇੱਕ ਦਲਿਤ ਮੁੰਡੇ ਦੇ ਕਥਿਤ ਤੌਰ ਕੱਪੜੇ ਉਤਾਰਨ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਮਾਮਲੇ ਵਿੱਚ ਅਨੁਸੂਚਿਤ ਜਾਤੀਆਂ ਲਈ ਬਣੇ ਕੌਮੀ ਕਮਿਸ਼ਨ (ਐੱਨਸੀਐੱਸਸੀ), ਪੰਜਾਬ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਜ਼ ਅਤੇ ਪੰਜਾਬ ਸਟੇਟ ਹਿਊਮਨ ਰਾਈਟਜ਼ ਕਮਿਸ਼ਨ ਨੇ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਹੈ।

ਇਸ ਦੇ ਲਈ ਫਿਰੋਜ਼ਪੁਰ ਦੇ ਡਿਵੀਜ਼ਨਲ ਕਮਿਸ਼ਨਰ, ਮੁਕਤਸਰ ਦੇ ਡਿਪਟੀ ਕਮਿਸ਼ਨਰ, ਫਰੀਦਕੋਟ ਦੇ ਆਈਜੀਪੀ ਅਤੇ ਮੁਕਤਸਰ ਦੇ ਐੱਸਐੱਸਪੀ ਨੂੰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸ ਮਾਮਲੇ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਪੀੜਿਤ ਮੁੰਡੇ ਦੀ ਮਾਂ ਨੇ ਇਸ ਸਬੰਧੀ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਰਾਵਾਂ ਬੋਲਦਾ ਪਿੰਡ ਦੇ ਇੱਕ ਵਿਅਕਤੀ ਨੇ ਮਹਿਲਾ ਤੇ ਉਸ ਦੇ 12 ਸਾਲਾ ਪੁੱਤਰ ਨਾਲ ਕੁੱਟਮਾਰ ਕੀਤੀ।

ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਨੂੰ ਮਲੋਟ ਸਿਟੀ ਪੁਲਿਸ ਦੁਆਰਾ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਤੋਤਾ ਸਿੰਘ ਨਹੀਂ ਰਹੇ...

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੋਤਾ ਸਿੰਘ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ 'ਚ 81 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਆਗੂ ਸੁਖਬੀਰ ਸਿੰਘ ਬਾਦਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਸੁਖਬੀਰ ਬਾਦਲ ਨੇ ਅਫਸੋਸ ਜਤਾਉਂਦਿਆਂ ਆਪਣੀ ਫੇਸਬੁੱਕ ਪੇਸਟ 'ਚ ਲਿਖਿਆ, ''ਜੱਥੇਦਾਰ ਤੋਤਾ ਸਿੰਘ ਜੀ ਦੇ ਅਕਾਲ ਚਲਾਣੇ ਦਾ ਮੈਂ ਸਮੂਹ ਪਰਿਵਾਰ ਤੇ ਪਾਰਟੀ ਨਾਲ ਦੁੱਖ ਸਾਂਝਾ ਕਰਦਾ ਹਾਂ। ਉਨ੍ਹਾਂ ਦੇ ਜਾਣ ਨਾਲ ਜਿੱਥੇ ਪੰਜਾਬ ਤੇ ਪਾਰਟੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਮੈਨੂੰ ਵੀ ਨਿੱਜੀ ਤੌਰ 'ਤੇ ਇੱਕ ਚੰਗੇ ਮਾਰਗਦਰਸ਼ਕ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।''

ਜੱਥੇਦਾਰ ਤੋਤਾ ਸਿੰਘ ਦਾ ਜਨਮ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਹੋਇਆ ਸੀ।

ਤੋਤਾ ਸਿੰਘ ਪੰਜਾਬ ਦੇ ਮਾਲਵੇ ਖਿੱਤੇ ਦੇ ਸੀਨੀਅਰ ਅਕਾਲੀ ਆਗੂ ਰਹੇ ਸਨ ਜੋ ਪ੍ਰਕਾਸ਼ ਸਿੰਘ ਬਾਦਲ ਦੇ ਭਰੋਸੇਮੰਦ ਮੰਨੇ ਜਾਂਦੇ ਸਨ। ਪੰਜਾਬ ਵਿੱਚ ਅਕਾਲੀ ਦਲ ਦੇ ਸ਼ਾਸਨਕਾਲ ਵੇਲੇ ਬਾਦਲ ਨੇ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਸੀ।

ਉਹ ਸਿੱਖ ਰਾਜਨੀਤੀ ਵਿਚ ਟਕਸਾਲੀ ਅਕਾਲੀ ਦੇ ਤੌਰ 'ਤੇ ਜਾਣੇ ਜਾਂਦੇ ਸਨ।

ਉਨ੍ਹਾਂ ਨੇ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਦੇ ਦੌਰਾਨ ਸੀਨੀਅਰ ਮੀਤ ਪ੍ਰਧਾਨ ਅਤੇ ਐੱਸਜੀਪੀਸੀ ਦੇ ਜਨਰਲ ਸਕੱਤਰ ਵਜੋਂ ਵੀ ਕੰਮ ਕੀਤਾ।

ਇਹ ਵੀ ਪੜ੍ਹੋ:

ਅਗਲੇ ਸਾਲ ਆਈਪੀਐੱਲ ਖੇਡਣ ਬਾਰੇ ਕੀ ਬੋਲੇ ਮਹਿੰਦਰ ਸਿੰਘ ਧੋਨੀ

ਇਸ ਸਾਲ ਦੇ ਆਈਪੀਐੱਲ 'ਚੋਂ ਚੇੱਨਈ ਸੁਪਰ ਕਿੰਗਜ਼ ਬਾਹਰ ਹੋ ਚੁੱਕੀ ਹੈ। ਟੀਮ ਨੇ ਆਪਣਾ ਆਖ਼ਿਰੀ ਮੈਚ ਰਾਜਸਥਾਨ ਰਾਇਲਜ਼ ਦੇ ਖਿਲਾਫ ਖੇਡਿਆ ਅਤੇ ਹਾਰ ਗਈ।

ਪਰ ਇਸ ਦੌਰਾਨ ਇੱਕ ਅਹਿਮ ਸਵਾਲ ਇਹ ਰਿਹਾ ਕਿ ਕੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਉਂਦੇ ਸਾਲ, ਭਾਵ 2023 ਦਾ ਆਈਪੀਐੱਲ ਵੀ ਖੇਡਣਗੇ ਜਾਂ ਨਹੀਂ। ਧੋਨੀ ਨੇ ਇਸ ਸਵਾਲ ਦਾ ਜਵਾਬ ਵੀ ਦਿੱਤਾ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਮੈਚ ਤੋਂ ਪਹਿਲਾਂ ਟਾਸ ਦੇ ਦੌਰਾਨ ਧੋਨੀ ਨੇ ਆਪਈਪੀਐੱਲ 'ਚ ਆਪਣੇ ਭਵਿੱਖ ਬਾਰੇ ਜਵਾਬ ਦਿੰਦਿਆਂ ਕਿਹਾ ਕਿ ਉਹ ਅਗਲੇ ਸੀਜ਼ਨ 'ਚ ਵਾਪਸੀ ਲਈ ਸਖ਼ਤ ਮਿਹਨਤ ਕਰਨਗੇ।

ਧੋਨੀ ਨੇ ਅੱਗੇ ਕਿਹਾ, ''ਇਹ ਮੇਰਾ ਆਖਰੀ ਸਾਲ ਹੋਵੇਗਾ ਜਾਂ ਨਹੀਂ ਇਹ ਇੱਕ ਵੱਡਾ ਸਵਾਲ ਹੈ, ਕਿਉਂਕਿ ਅਸੀਂ ਕਿਸੇ ਅਜਿਹੀ ਚੀਜ਼ ਬਾਰੇ ਭਵਿੱਖਬਾਣੀ ਨਹੀਂ ਕਰ ਸਕਦੇ ਜਿਸ 'ਚ ਅਜੇ ਦੋ ਸਾਲ ਪਏ ਹਨ, ਪਰ ਯਕੀਨੀ ਤੌਰ 'ਤੇ ਮੈਂ ਅਗਲੇ ਸਾਲ ਮਜ਼ਬੂਤੀ ਨਾਲ ਵਾਪਸੀ ਲਈ ਸਖ਼ਤ ਮਿਹਨਤ ਕਰਾਂਗਾ।''

ਦੱਸ ਦੇਈਏ ਕਿ ਅਗਸਤ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਈਪੀਐੱਲ ਇੱਕੋ-ਇੱਕ ਫਾਰਮੈਟ ਹੈ ਜਿਸ 'ਚ ਧੋਨੀ ਖੇਡ ਰਹੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)